ਐੱਸ.ਐੱਸ.ਏ/ਰਮਸਾ ਅਧਿਆਪਕ ਯੂਨੀਅਨ ਨੇ ਅਗਲੇ ਸੰਘਰਸ਼ ਦਾ ਕੀਤਾ ਐਲਾਨ

ss1

ਐੱਸ.ਐੱਸ.ਏ/ਰਮਸਾ ਅਧਿਆਪਕ ਯੂਨੀਅਨ ਨੇ ਅਗਲੇ ਸੰਘਰਸ਼ ਦਾ ਕੀਤਾ ਐਲਾਨ
22 ਜੂਨ ਨੂੰ ਜ਼ਿਲਾ ਪੱਧਰ ਤੇ ਹੋਵੇਗੀ ਇੱਕ ਰੋਜ਼ਾ ਭੁੱਖ ਹੜਤਾਲ

17 ਜੁਲਾਈ ਨੂੰ ਰੋਪੜ ਵਿਖੇ ਹੋਵੇਗੀ ਸੂਬਾ ਪੱਧਰੀ ਰੈਲੀ

 

ਬਰਨਾਲਾ, 17 ਜੂਨ (ਨਰੇਸ਼ ਗਰਗ)ਪਿਛਲੇ ਅੱਠ ਸਾਲਾਂ ਤੋਂ ਆਪਣੇ ਠੇਕਾ ਆਧਾਰਿਤ ਰੁਜ਼ਗਾਰ ਨੂੰ ਸਥਾਈ ਕਰਵਾਉਣ ਲਈ ਸੰਘਰਸ਼ ਕਰਦੇ ਆ ਰਹੇ 12000 ਦਾ ਕਰੀਬ ਐੱਸ.ਐੱਸ.ਏ/ਰਮਸਾ/ਸੀ.ਐੱਸ.ਐੱਸ(ਉਰਦੂ) ਅਧਿਆਪਕਾਂ,ਹੈਡਮਾਸਟਰਾਂ ਤੇ ਲੈਬ ਅਟੈਂਡੈਟਾਂ ਵੱਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਦੀ ਲੜੀ ਨੂੰ ਜਾਰੀ ਰੱਖਦਿਆਂ ਅਗਲੇ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਹੈ ।
ਇਸ ਸੰਬੰਧੀ ਪ੍ਰੈੱਸ ਨੋਟ ਰਾਂਹੀ ਜਾਣਕਾਰੀ ਦਿੰਦਿਆਂ ਜ਼ਿਲਾ ਪ੍ਰਧਾਨ ਨਿਰਮਲ ਚੁਹਾਣਕੇ ਤੇ ਜ਼ਿਲਾ ਜਨਰਲ ਸਕੱਤਰ ਸੁਖਦੀਪ ਤਪਾ ਨੇ ਦੱਸਿਆ ਕਿ ਸਰਕਾਰ ਦੀ ਅਣਦੇਖੀ ਕਰਕੇ ਸਰਵ ਸਿੱਖਿਆ ਅਭਿਆਨ,ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਤੇ ਸੈਂਟਰ ਸਪਾਂਸਰਡ ਸਕੀਮ (ਸੀ.ਐੱਸ.ਐੱਸ. ਉਰਦੂ) ਅਧੀਨ ਭਰਤੀ 12000 ਦੇ ਕਰੀਬ ਅਧਿਆਪਕ,ਹੈਡਮਾਸਟਰ ਤੇ ਲੈਬ ਅਟੈਂਡੈਟ ਅੱਠ ਸਾਲਾਂ ਤੋਂ ਨਿਯਮਾਂ ਤਹਿਤ ਭਰਤੀ ਹੋਣ ਦੇ ਬਾਵਜੂਦ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਸੰਘਰਸ਼ ਕਰਦੇ ਆ ਰਹੇ ਹਨ। ਸਿੱਖਿਆ ਵਿਭਾਗ ਵਿੱਚ ਤਿੰਨ ਸਾਲਾਂ ਬਾਅਦ ਰੈਗੂਲਰ ਕਰਨ ਦੀ ਨੀਤੀ ਹੋਣ ਦੇ ਬਾਵਜੂਦ ਐੱਸ.ਐੱਸ.ਏ ਰਮਸਾ ਅਧਿਆਪਕਾਂ,ਹੈਡਮਾਸਟਰਾਂ ਤੇ ਲੈਬ ਅਟੈਂਡੈਟਾਂ ਨੂੰ ਅੱਠ ਸਾਲ ਬੀਤਣ ਤੇ ਵੀ ਰੈਗੂਲਰ ਨਹੀਂ ਕੀਤਾ ਗਿਆ।ਜਿਸ ਕਰਕੇ ਸਮੂਹ ਅਧਿਆਪਕਾਂ ,ਹੈਡਮਾਸਟਰਾਂ ਤੇ ਲੈਬ ਅਟੈਂਡੈਟਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਹੈ।ਉਹਨਾਂ ਦੱਸਿਆ ਕਿ ਸਰਕਾਰ ਦੇ ਅਜਿਹੇ ਰਵੱਈਏ ਖਿਲਾਫ ਜੱਥੇਬੰਦੀ ਵੱਲੋਂ ਸੰਘਰਸ਼ ਨੁੰ ਜਾਰੀ ਰੱਖਦਿਆਂ ਬੀਤੀ 09 ਜੂਨ ਨੂੰ ਲੁਧਿਆਣਾ ਵਿਖੇ ਹੋਈ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਅਗਲੇ ਸੰਘਰਸ਼ ਦਾ ਐੱਲਾਨ ਕਰ ਦਿੱਤਾ ਗਿਆ ਹੈ ।ਜਿਸ ਤਹਿਤ 16 ਜੂਨ ਤੋਂ 30 ਜੂਨ ਤੱਕ ਸੂਬੇ ਭਰ ਵਿੱਚ ਜ਼ਿਲਾ ਪੱਧਰ ਤੇ ਇੱਕ ਰੋਜ਼ਾ ਭੁੱਖ ਹੜਤਾਲ ਦੀ ਲੜੀ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ।ਉਹਨਾਂ ਦੱਸਿਆ ਕਿ ਸੂਬਾ ਕਮੇਟੀ ਵੱਲੋਂ ਬਣਾਈ ਸਮਾਂ ਸਾਰਣੀ ਅਨੁਸਾਰ ਐੱਸ.ਐੱਸ.ਏ/ਰਮਸਾ ਅਧਿਆਪਕ ਯੂਨੀਅਨ ਬਰਨਾਲਾ ਵੱਲੋਂ 22 ਜੂਨ ਨੁੰ ਡੀ ਸੀ ਦਫ਼ਤਰ ਬਰਨਾਲਾ ਅੱਗੇ ਵੱਡੀ ਗਿਣਤੀ ਸਮੇਤ ਜ਼ਿਲਾ ਪੱਧਰੀ ਇੱਕ ਰੋਜ਼ਾ ਭੁੱਖ ਹੜਤਾਲ ਕੀਤੀ ਜਾਵੇਗੀ।ਜਿਸ ਵਿੱਚ ਅਧਿਆਪਕ ਪਰਿਵਾਰਾਂ ਸਮੇਤ ਸ਼ਾਮਲ ਹੋਣਗੇ ਤੇ ਇਸ ਇੱਕ ਰੋਜ਼ਾ ਭੁੱਖ ਹੜਤਾਲ ਦੀਆਂ ਤਿਆਰੀਆਂ ਲਈ ਡਿਊਟੀਆਂ ਦੀ ਵੰਡ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ 29 ਜੂਨ ਨੂੂੂੰ ਜੱਥੇਬੰਦੀ ਦੀ ਮੁੱਖ ਮੰਤਰੀ ਪੰਜਾਬ ਨਾਲ ਹੋਣ ਵਾਲੀ ਪੈੱਨਲ ਮੀਟਿੰਗ ਵਿੱਚ ਜੇਕਰ ਮੰਗਾਂ ਦਾ ਕੋਈ ਠੋਸ ਹੱਲ ਨਾ ਕੀਤਾ ਗਿਆ ਤਾਂ ਅਗਲੀ ਉਲੀਕੀ ਰਣਨੀਤੀ ਅਨੁਸਾਰ 17 ਜੁਲਾਈ ਨੂੰ ਸਿੱਖਿਆ ਮੰਤਰੀ ਦੇ ਹਲਕੇ ਰੋਪੜ ਵਿਖੇ ਸੂਬਾ ਪੱਧਰੀ ਵਿਸ਼ਾਲ ਰੈਲੀ ਕੀਤੀ ਜਾਵੇਗੀ।ਜਿਸ ਲਈ ਸੂਬਾ ਕਮੇਟੀ ਦੀ ਅਗਲੀ ਰੀਵਿਊ ਮੀਟਿੰਗ 29 ਜੂਨ ਨੂੰ ਮੁੱਖ ਮੰਤਰੀ ਪੰਜਾਬ ਨਾਲ ਚੰਡੀਗੜ ਵਿਖੇ ਹੋਣ ਵਾਲੀ ਮੀਟਿੰਗ ਤੋਂ ਬਾਅਦ ਚੰਡੀਗੜ ਵਿਖੇ ਕੀਤੀ ਜਾਵੇਗੀ।
ਸੂਬਾ ਕਮੇਟੀ ਮੈਂਬਰ ਰਜਿੰਦਰ ਮੂਲੋਵਾਲ ਅਤੇ ਜ਼ਿਲਾ ਮੀਤ ਪ੍ਰਧਾਨ ਕੁਲਦੀਪ ਸੰਘੇੜਾ ਨੇ ਕਿਹਾ ਕਿ 22 ਜੂਨ ਦੀ ਜ਼ਿਲਾ ਪੱਧਰੀ ਭੁੱਖ ਹੜਤਾਲ ਤੇ 17 ਜੁਲਾਈ ਦੀ ਰੋਪੜ ਰੈਲੀ ਦੀ ਤਿਆਰੀ ਲਈ ਪੂਰੇ ਜ਼ਿਲੇ ਵਿੱਚ ‘ਸੰਪਰਕ ਮੁਹਿੰਮ’ ਚਲਾ ਕੇ ਅਧਿਆਪਕਾਂ ਨੂੰ ਅਗਲੇਰੇ ਸੰਘਰਸ਼ ਲਈ ਲਾਮਬੰਦ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਜਿੱਥੇ ਇਕ ਪਾਸੇ ਸ਼ਾਂਤਮਈ ਸੰਘਰਸ਼ਾਂ ਦੌਰਾਨ ਬਠਿੰਡਾ ਅਤੇ ਰੋਪੜ ਵਿਖੇ ਅਧਿਆਪਕਾਂ ’ਤੇ ਦਰਜ ਝੂਠੇ ਪੁਲਿਸ ਕੇਸਾਂ ਨੂੰ ਰੱਦ ਕਰਨ ਵਿੱਚ ਸਰਕਾਰ ਵੱਲੋ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਉਥੇ ਹੀ ਐੱਸ.ਐੱਸ.ਏ/ਰਮਸਾ/ਸੀ.ਐੱਸ.ਐੱਸ.(ਉਰਦੂ) ਅਧਿਆਪਕਾਂ ਦੀਆਂ ਤਨਖਾਹਾਂ ਨਾ ਤਾਂ ਸਹੀ ਸਮੇਂ ’ਤੇ ਦਿੱਤੀਆਂ ਜਾ ਰਹੀਆਂ ਹਨ ਅਤੇ ਨਾ ਹੀ ਅਧਿਆਪਕਾਂ ਦੀਆਂ ਤਨਖਾਹਾਂ ਦੇ ਰੁਕੇ ਬਕਾਏ ਜਾਰੀ ਕੀਤੇ ਜਾ ਰਹੇ ਹਨ ਇਥੋਂ ਤੱਕ ਕਿ ਰਮਸਾ ਅਧੀਨ ਨਿਯੁਕਤ ਲੈਬ ਅਟੈਂਡੇਟਾਂ ਨੂੰ ਤਾਂ ਪਿਛਲੇ 15 ਮਹੀਨੇ ਤੋਂ ਤਨਖਾਹ ਦਿੱਤੀ ਹੀ ਨਹੀਂ ਗਈ ਹੈ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐੱਸ.ਐੱਸ.ਏ/ਰਮਸਾ/ਸੀ.ਐੱਸ.ਐੱਸ.(ਉਰਦੂ) ਅਧਿਆਪਕਾਂ,ਹੈਡਮਾਸਟਰਾਂ ਤੇ ਲੈਬ ਅਟੈਂਡੈਟਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਨੋਟੀਫੀਕੇਸ਼ਨ ਜਾਰੀ ਨਾ ਕਰਨ ਕਰਕੇ ਜੱਥੇਬੰਦੀ ਵੱਲੋਂ ਕੈਬਨਿਟ ਮੰਤਰੀਆਂ,ਐੱਮ.ਐੱਲ.ਏ,ਐੱਮ.ਪੀ,ਸੰਸਦੀ ਸਕੱਤਰਾਂ,ਹਲਕਾਂ ਇੰਚਾਰਜਾਂ ਤੇ ਸਰਕਾਰ ਦੇ ਹੋਰਨਾਂ ਨੁਮਾਇੰਦਿਆਂ ਨੂੰ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਮਿਲ ਕੇ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਯਾਦ ਕਰਵਾਉਣ ਲਈ 01 ਜੁਲਾਈ ਤੋਂ 10 ਜੁਲਾਈ ਤੱਕ ਮੁੱਖ ਮੰਤਰੀ ਪੰਜਾਬ ਦੇ ਨਾਂ ‘ਯਾਦ ਪੱਤਰ’ ਦਿੱਤੇ ਜਾਣਗੇ ਅਤੇ ਸੂਬੇ ਭਰ ਵਿੱਚ ਮੁੱਖ ਮੰਤਰੀ,ਉੱਪ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਦਾ ‘ਸੰਗਤ ਦਰਸ਼ਨਾਂ’ ਦੌਰਾਨ ਘਿਰਾਓ ਕੀਤਾ ਜਾਵੇਗਾ ਅਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਉਜਾਗਰ ਕਰਨ ਲਈ ਪਰਚਾ ਵੰਡ ਮੁਹਿੰਮ ਵੀ ਜਲਦ ਹੀ ਸ਼ੁਰੂ ਕੀਤੀ ਜਾਵੇਗੀ।ਉਹਨਾਂ ਕਿਹਾ ਕਿ 22 ਜੂਨ ਦੀ ਜ਼ਿਲਾ ਪੱਧਰੀ ਭੁੱਖ ਹੜਤਾਲ ਦੀਆਂ ਤਿਆਰੀਆਂ ਦਾ ਜ਼ਾਇਜ਼ਾ ਲੈਣ ਲਈ ਜ਼ਿਲਾ ਕਮੇਟੀ ਦੀ ਅਗਲੀ ਮੀਟਿੰਗ 18 ਜੂਨ ਨੂੰ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਜੇਕਰ ਸਰਕਾਰ ਫੇਰ ਵੀ ਮੰਗਾਂ ਨੁੰ ਅਣਗੌਲਿਆਂ ਕਰਦੀ ਹੈ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *