ਅਕਾਲੀ ਦਲ ਯੂ.ਪੀ ‘ਚ ਹਮਖਆਲੀ ਪਾਰਟੀਆਂ ਨਾਲ ਮਿਲਕੇ ਲੜੇਗਾ ਵਿਧਾਨ ਸਭਾ ਚੋਣਾ-ਸੁਖਬੀਰ

ss1

ਯੂ.ਪੀ. ‘ਚ ਸਿੱਖਾਂ ਤੇ ਪੰਜਾਬੀ ਭਾਈਚਾਰੇ ਨੂੰ ਬਣਦਾ ਮਾਣ ਯਕੀਨੀ ਬਣਾਇਆ ਜਾਵੇਗਾ

ਅਕਾਲੀ ਦਲ ਯੂ.ਪੀ ‘ਚ ਹਮਖਆਲੀ ਪਾਰਟੀਆਂ ਨਾਲ ਮਿਲਕੇ ਲੜੇਗਾ ਵਿਧਾਨ ਸਭਾ ਚੋਣਾ-ਸੁਖਬੀਰ

2-30

ਚੰਡੀਗੜ੍ਹ 2 ਮਈ (ਪ੍ਰਿੰਸ)- ) : ਸ਼੍ਰੋਮਣੀ ਅਕਾਲੀ ਦਲ ਵਲੋਂ ਸਿਆਸੀ ਪੱਖੋਂ ਭਾਰਤ ਦੇ ਸਭ ਤੋਂ ਮਹੱਤਵਪੁਰਣ ਸੂਬੇ ਉਤਰ ਪ੍ਰਦੇਸ਼ (ਯੂ.ਪੀ) ਵਿਚ ਆਪਣਾ ਸੰਗਠਨਾਤਮਕ ਢਾਂਚਾ ਮਜਬੂਤ ਕਰਨ ਅਤੇ ਆਪਣਾ ਪ੍ਰਭਾਵ ਖੇਤਰ ਵਧਾਉਣ ਲਈ ਕਮਰ ਕਸੇ ਕਸ ਲਈ ਗਏ ਹਨ। ਸ਼੍ਰੋਮਣੀ ਅਕਾਲੀ ਦਲ ਸਾਲ 2017 ਦੀਆਂ ਯੂ.ਪੀ ਅਸੈਂਬਲੀ ਚੋਣਾਂ ਹਮਖਿਆਲੀ ਪਾਰਟੀਆਂ ਨਾਲ ਮਿਲਕੇ ਲੜਨ ਦੀ ਤਿਆਰੀ ਵਿਚ ਹੈ ਤਾਂ ਜੋ ਯੂ.ਪੀ. ਵਿਚ ਵਸਦੇ ਸਿੱਖਾਂ ਅਤੇ ਪੰਜਾਬੀ ਭਾਈਚਾਰੇ ਨੂੰ ਬਣਦਾ ਮਾਣ-ਸਨਮਾਨ ਮਿਲ ਸਕੇ।
ਦਿੱਲੀ ਵਿਚ ਅੱਜ ਹੋਈ ਇਕ ਮੀਟਿੰਗ ਦੋਰਾਨ ਯੂ.ਪੀ. ਬਾਬਤ ਏਜੰਡੇ ਦਾ ਖੁਲਾਸਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਯੂ.ਪੀ. ਵਿਚ ਇਕ ਸਿਲਸਿਲੇਵਾਰ ਮੁਹਿੰਮ ਵਿੱਢੀ ਜਾਵੇਗੀ ਤਾਂ ਜੋ ਉਥੇ ਰਹਿੰਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਅਤੇ ਸਿੱਖਾਂਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਯੋਜਨਾਬੰਦੀ ਕੀਤੀ ਜਾ ਸਕੇ। ਇਸ ਮਕਸਦ ਲਈ ਯੂ.ਪੀ. ਵਿਚ ਇਕ ਮਜਬੂਤ ਸੰਗਠਨਾਤਮਕ ਢਾਂਚੇ ਦੀ ਲੋੜ ਨੂੰ ਵੀ ਛੇਤੀ ਹੀ ਪੂਰਾ ਕਰ ਦਿੱਤਾ ਜਾਵੇਗਾ।
ਉਪ ਮੁੱਖ ਮੰਤਰੀ ਨੇ ਇਸ ਮੌਕੇ ਇਕ ਪੰਜ ਮੈਂਬਰੀ ਕਮੇਟੀ ਦੇ ਗਠਨ ਦਾ ਐਲਾਨ ਵੀ ਕੀਤਾ ਜੋ ਕਿ ਯੂ.ਪੀ. ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਤੌਰ ‘ਤੇ ਮਜਬੂਤ ਕਰਨ ਤੋਂ ਇਲਾਵਾ ਆਉਂਦਿਆਂ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ 40-45 ਅਜਿਹੀਆਂ ਸੀਟਾਂ ਦੀ ਭਾਲ ਕਰੇਗਾ ਜਿੱਥੇ ਸਿੱਖਾਂ ਅਤੇ ਪੰਜਾਬੀ ਭਾਈਚਾਰੇ ਦੀ ਬਹੁਗਿਣਤੀ ਹੋਵੇ ਅਤੇ ਜਿਥੋਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰਾਂ ਦੀ ਜਿੱਤ ਦੀ ਵੱਧ ਸੰਭਾਵਨਾ ਹੋਵੇ। ਇਸ ਕਮੇਟੀ ਵਿਚ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਮੈਂਬਰ ਪਾਰਲੀਮੈਂਟ (ਸ਼੍ਰੀ ਅਨੰਦਪੁਰ ਸਾਹਿਬ) ਪ੍ਰੋ. ਪ੍ਰੇਮ ਸਿੰਘ ਚੰਦੁਮਾਜਰਾ, ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ, ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਸੀਨੀਅਰ ਆਗੂ ਅਵਤਾਰ ਸਿੰਘ ਹਿੱਤ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਕਿ ਦੋ ਹਫਤਿਆਂ ਦੇ ਅੰਦਰ-ਅੰਦਰ ਆਪਣੀ ਰਿਪੋਰਟ ਪੇਸ਼ ਕਰਨਗੇ।
ਇਸ ਮੌਕੇ ਸਾਰੀਆਂ ਕਿਆਸਅਰਾਈਆਂ ‘ਤੇ ਵਿਰਾਮਚਿੰਨ੍ਹ ਲਾਉਂਦੇ ਹੋਏ ਸ. ਬਾਦਲ ਨੇ ਕਿਹਾ ਕਿ ਬੀ.ਜੀ.ਪੀ. ਨਾਲ ਗੱਠਜੋੜ ਬਿਲਕੁਲ ਮਜਬੂਤ ਹੈ ਅਤੇ ਅੱਗੇ ਵੀ ਕਾਇਮ ਰਹੇਗਾ। ਉਨ੍ਹਾਂ ਇਸ ਮੌਕੇ ਯੂ.ਪੀ. ਦੇ ਸਾਬਕਾ ਮੁੱਖ ਸਕੱਤਰ ਸ਼੍ਰੀ ਰਾਏ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਯੂ.ਪੀ. ਮਾਮਲਿਆਂ ਦਾ ਇੰਚਾਰਜ ਵੀ ਨਿਯੁਕਤ ਕੀਤਾ।
ਹੋਰ ਵੇਰਵੇ ਦਿੰਦੇ ਹੋਏ ਸ. ਬਾਦਲ ਨੇ ਕਿਹਾ ਕਿ ਸਿੱਖਾਂ ਅਤੇ ਪੰਜਾਬੀ ਭਾਈਚਾਰੇ ਦੇ ਯੂ.ਪੀ. ਦੇ ਵਿਕਾਸ ਵਿਚ ਹਰ ਢੰਗ ਨਾਲ ਮੋਹਰੀ ਹੋ ਕੇ ਬਣਦਾ ਯੋਗਦਾਨ ਪਾਇਆ ਹੈ ਪਰ ਪੰਜਾਬੀ ਭਾਈਚਾਰੇ ਨੂੰ ਯੂ.ਕੇ ਵਿਚ ਅਜੇ ਵੀ ਬਣਦਾ ਮਾਨ ਸਤਿਕਾਰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਸੇ ਕਾਰਨ ਹੀ ਸ਼੍ਰੋਮਣੀ ਅਕਾਲੀ ਦਲ ਦੀ ਯੂ.ਪੀ.ਇਕਾਈ ਨੂੰ ਮਜਬੂਤ ਕਰਨ ਵੱਲ ਵਿਸੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੁਹਰਾਇਆ ਕਿ ਸ਼੍ਰੋਮਣੀ ਅਕਾਲੀ ਦਲ ਸਭਨਾਂ ਧਰਮਾਂ ਦੇ ਰੀਤੀ ਰਿਵਾਜਾਂ ਅਤੇ ਇਨ੍ਹਾਂ ਨੂੰ ਮੰਨਣ ਵਾਲੇ ਲੋਕਾਂ ਦੇ ਹੱਕਾਂ ਦੀ ਬਾਤ ਹਮੇਸ਼ਾਂ ਪਾਉਂਦਾ ਰਿਹਾ ਹੈ ਅਤੇ ਸਿੱਖਾਂ ਦੀ ਤਾਂ ਸ਼੍ਰੋਮਣੀ ਅਕਾਲੀ ਦਲ ਇਕੋ ਇਕ ਅਵਾਜ ਬਣਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਦੇਸ਼ ਦੀ ਸਿਆਸਤ ਵਿਚ ਦੂਜੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਸ਼ਾਨਾਮਤਾ ਰਿਹਾ ਹੈ ਅਤੇ ਅਜਾਦੀ ਦੀ ਲੜਾਈ ਵਿਚ ਭਰਵਾਂ ਯੋਗਦਾਨ ਦੇਣ ਤੋਂ ਇਲਾਵਾ ਪਾਰਟੀ ਨੇ ਅਜਾਦੀ ਤੋਂ ਬਾਅਦ ਵੀ ਪੰਜਾਬੀਆਂ, ਸਿੱਖਾਂ ਅਤੇ ਹੋਰ ਸਭਨਾ ਭਾਈਚਾਰਿਆਂ ਦੇ ਹੱਕਾਂ ਦੀ ਅਵਾਜ ਬੁਲੰਦ ਕੀਤੀ ਹੈ ਜਿਸ ਤੋਂ ਪਾਰਟੀ ਦਾ ਧਰਮ ਨਿਰਪੱਖ ਅਕਸ ਸਾਫ ਝਲਕਦਾ ਹੈ।’
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਅੱਗੇ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੀ ਇੱਛਾ ਹੈ ਕਿ ਯੂ.ਪੀ. ਵਿਚ ਵਸਦੇ ਪੰਜਾਬੀਆਂ ਅਤੇ ਸਿੱਖਾਂ ਦੀ ਕਾਬਲੀਅਤ ਨੂੰ ਪਾਰਟੀ ਦੇ ਝੰਡੇ ਹੇਠਾਂ ਇਕੱਠਿਆਂ ਕੀਤਾ ਜਾਵੇ ਕਿਉਂਜੋ ਹੁਣ ਤੱਕ ਵੱਖੋ-ਵੱਖਰੇ ਸਿਆਸੀ ਦਲਾਂ ਨੇ ਇਨ੍ਹਾਂ ਨੂੰ ਵੋਟ ਬੈਂਕ ਦੇ ਤੌਰ ‘ਤੇ ਵਰਤਣ ਲਈ ਝੂਠੇ ਵਾਅਦੇ ਕੀਤੇ ਹਨ ਅਤੇ ਮਤਲਬ ਨਿਕਲ ਜਾਣ ‘ਤੇ ਇਨ੍ਹਾਂ ਦੀ ਸਾਰ ਵੀ ਨਹੀਂ ਲਈ।
ਇਸ ਮੌਕੇ ਸ. ਬਾਦਲ ਨੇ ਯੂ.ਪੀ. ਕਾਂਗਰਸ ਦੇ ਆਗੂ ਤੇਜਵੰਤ ਸਿੰਘ ਅਤੇ ਸਮਾਜਵਾਦੀ ਪਾਰਟੀ ਦੇ ਆਗੂ ਹਰਜੀਤ ਸਿੰਘ ਵਲੋਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰਨ ‘ਤੇ ਖੁਸ਼ੀ ਜਾਹਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਕੱਦਾਵਰ ਆਗੂਆਂ ਦੀ ਮੌਜੂਦਗੀ ਦਾ ਪਾਰਟੀ ਨੂੰ 2017 ਚੋਣਾਂ ਵਿਚ ਬੇਮਿਸਾਲ ਫਾਇਦਾ ਹੋਵੇਗਾ।
ਇਸ ਸਮੇਂ ਯੂ.ਪੀ. ਵਿਚਲੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਨੇ ਸ. ਬਾਦਲ ਨੂੰ ਆਪਣੀਆਂ ਮੁਸ਼ਕਿਲਾਂ ਤੋਂ ਜਾਣੂੰ ਕਰਵਾਉਦੇ ਹੋਏ ਸੂਬੇ ਵਿਚ ਪਾਰਟੀ ਦੀ ਮਜਬੂਤੀ ਦੀ ਮੰਗ ਕੀਤੀ ਜਿਸ ‘ਤੇ ਸ. ਬਾਦਲ ਨੇ ਕਿਹਾ ਕਿ ਮਾਂ ਪਾਰਟੀ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਹਮੇਸ਼ਾਂ ਹੀ ਯੂ.ਪੀ. ਦੇ ਸਿੱਖਾਂ ਅਤੇ ਪੰਜਾਬੀ ਭਾਈਚਾਰੇ ਦੀ ਭਲਾਈ ਲਈ ਕੰਮ ਕਰਦੀ ਰਹੇਗੀ।
ਇਸ ਮੌਕੇ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਉਪ ਮੁੱਖ ਮੰਤਰੀ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ, ਸ਼੍ਰੋਮਣੀ ਅਕਾਲੀ ਦਲ ਆਗੂ ਅਵਤਾਰ ਸਿੰਘ ਹਿੱਤ ਅਤੇ ਓਂਕਾਰ ਸਿੰਘ ਥਾਪਰ ਤੋਂ ਇਲਾਵਾ ਜੀਤ ਸਿੰਘ ਨਾਨਕਮੱਤਾ, ਲੱਛਮਣ ਸਿੰਘ ਖਾਲਸਾ ਲਖਨਊ, ਦਲਜੀਤ ਸਿੰਘ ਕਥੂਰੀਆ ਆਗਰਾ, ਭੁਪਿੰਦਰ ਸਿੰਘ ਗਾਜੀਆਬਾਦ, ਸਤਨਾਮ ਸਿੰਘ ਹੰਸਪਾਲ, ਜਗਤਾਰ ਸਿੰਘ ਪੱਟੀ ਅਤੇ ਗੁਰਪ੍ਰੀਤ ਸਿੰਘ ਬੱਗਾ ਵੀ ਸ਼ਾਮਲ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *