ਸਬ ਤਹਿਸੀਲ ਸਾਦਿਕ ’ਚ ‘ਧਰਤੀ ਬਚਾਓ ਦਿਵਸ’ ’ਤੇ ਲਾਏ 101 ਬੂਟੇ

ss1

ਸਬ ਤਹਿਸੀਲ ਸਾਦਿਕ ’ਚ ‘ਧਰਤੀ ਬਚਾਓ ਦਿਵਸ’ ’ਤੇ ਲਾਏ 101 ਬੂਟੇ

13-16
ਸਾਦਿਕ, 12 ਜੂਨ (ਗੁਲਜ਼ਾਰ ਮਦੀਨਾ)-ਇੱਥੇ ਜੰਡ ਸਾਹਿਬ ਰੋਡ ’ਤੇ ਬਣੀ ਸਬ-ਤਹਿਸੀਲ ਸਾਦਿਕ ਵਿਖੇ ‘ਧਰਤੀ ਬਚਾਓ ਦਿਵਸ’ ਨੂੰ ਮੱਦੇਨਜ਼ਰ ਰੱਖਦਿਆਂ ਨਾਇਬ ਤਹਿਸੀਲਦਾਰ ਸ੍ਰੀ ਨੰਦ ਕਿਸ਼ੋਰ, ਰੀਡਰ ਗੁਰਵਿੰਦਰ ਸਿੰਘ ਵਿਰਕ ਅਤੇ ਸਮੂਹ ਮੁਲਾਜ਼ਮਾਂ ਵੱਲੋਂ 101 ਬੂਟੇ ਲਾਏ ਗਏ। ਦੱਸਣਯੋਗ ਹੈ ਕਿ ਸ੍ਰੀ ਨੰਦ ਕਿਸ਼ੋਰ ਇੱਕ ਅਜਿਹੇ ਇਨਸਾਨ ਹਨ ਜੋ ਕੁਦਰਤ ਨੂੰ ਬਹੁਤ ਪਿਆਰ ਕਰਦੇ ਹਨ। ਕੁਝ ਕੁ ਮਹੀਨੇ ਪਹਿਲਾਂ ਸਾਦਿਕ ਤਹਿਸੀਲ ਵਿੱਚ ਕੋਈ ਵੀ ਫ਼ਲ, ਫ਼ੁੱਲ ਜਾਂ ਛਾਂਦਾਰ ਬੂਟਾ ਨਹੀਂ ਸੀ ਪਰ ਸ੍ਰੀ ਨੰਦ ਕਿਸ਼ੋਰ ਦੇ ਯਤਨਾਂ ਸਦਕਾ ਹੁਣ ਸਬ-ਤਹਿਸੀਲ ਵਿੱਚ ਦੋ ਬਹੁਤ ਹੀ ਖ਼ੂਬਸੂਰਤ ਪਾਰਕ ਅਤੇ ਅਨੇਕਾਂ ਹੀ ਫੁੱਲ ਬੂਟੇ ਲੱਗੇ ਹੋਏ ਹਨ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਨੰਦ ਕਿਸ਼ੋਰ ਨੇ ਕਿਹਾ ਕਿ ਸਾਨੂੰ ਕੁਦਰਤ ਨਾਲ ਕਦੇ ਵੀ ਖਿਲਵਾੜ ਨਹੀਂ ਕਰਨਾ ਚਾਹੀਦਾ ਸਗੋਂ ਆਪਣੇ ਬੱਚਿਆਂ ਵਾਂਗ ਪਿਆਰ ਕਰਨਾ ਚਾਹੀਦਾ ਹੈ ਕਿਉਂਕਿ ਛਾਂਦਾਰ ਬੂਟੇ ਬਹੁਤ ਸਾਰੀਆਂ ਬਿਮਾਰੀਆਂ ਦਾ ਤੋੜ ਵੀ ਹਨ। ਇਨਾਂ ਨਾਲ ਹੀ ਬਾਰਿਸ਼ ਹੁੰਦੀ ਹੈ ਅਤੇ ਵਾਤਾਵਰਨ ਵੀ ਅਨੁਕੂਲ ਰਹਿੰਦਾ ਹੈ। ਇਸੇ ਮਕਸਦ ਤਹਿਤ ਅੱਜ ਅਸੀਂ ਸਬ-ਤਹਿਸੀਲ ਵਿੱਚ ਛਾਂਦਾਰ ਅਤੇ ਖ਼ੂਸ਼ਬੂਦਾਰ ਬੂਟੇ ਲਾ ਰਹੇ ਹਾਂ।

ਉਨਾਂ ਨਸੀਹਤ ਦਿੱਤੀ ਕਿ ਸਾਨੂੰ ਸਿਰਫ਼ ਬੂਟੇ ਲਾਉਣੇ ਹੀ ਨਹੀਂ ਚਾਹੀਦੇ ਬਲਕਿ ਇਨਾਂ ਦੀ ਸਾਂਭ-ਸੰਭਾਲ ਲਈ ਵੀ ਸਮਾਂ ਕੱਢਣਾ ਚਾਹੀਦਾ ਹੈ ਤਾਂ ਕਿ ਅੱਗੇ ਜਾ ਕੇ ਅਸੀਂ ਇਨਾਂ ਬੂਟਿਆਂ ਤੋਂ ਬਹੁਤ ਸਾਰੇ ਲਾਭ ਪ੍ਰਾਪਤ ਕਰ ਸਕੀਏ। ਨਾਇਬ ਤਹਿਸੀਲਦਾਰ ਸ੍ਰੀ ਨੰਦ ਕਿਸ਼ੋਰ ਨਾਲ ਸਹਿਮਤ ਹੁੰਦਿਆਂ ਡੀ.ਸੀ. ਇੰਪਲਾਈਜ਼ ਐਸੋਸੀਏਸ਼ਨ, ਫ਼ਰੀਦਕੋਟ ਦੇ ਜ਼ਿਲਾ ਪ੍ਰਧਾਨ ਅਤੇ ਰੀਡਰ ਸ੍ਰੀ ਗੁਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਸਾਨੂੰ ਬੱਚਿਆਂ ਦੇ ਜਨਮ ਦਿਨ ’ਤੇ ਹੋਰ ਵਾਧੂ ਖ਼ਰਚਾ ਕਰਨ ਦੀ ਬਜਾਇ ਬੂਟੇ ਲਾਉਣੇ ਚਾਹੀਦੇ ਹਨ ਅਤੇ ਉਸੇ ਬੱਚੇ ਦੇ ਹਰ ਜਨਮ ਦਿਨ ’ਤੇ ਬੱਚੇ ਦੇ ਨਾਲ-ਨਾਲ ਬੂਟੇ ਨੂੰ ਵੀ ਪਾਲ ਕੇ ਵੱਡਾ ਹੁੰਦਿਆਂ ਦੇਖਣਾ ਚਾਹੀਦਾ ਹੈ ਤਾਂ ਜੋ ਓਹੀ ਬੱਚੇ ਉਨਾਂ ਬੂਟਿਆਂ ਦੀ ਛਾਂ ਜਾਂ ਉਨਾਂ ਦੇ ਫ਼ਲਾਂ ਦਾ ਆਨੰਦ ਮਾਣ ਸਕਣ। ਇਸ ਮੌਕੇ ਸੁਖਮੰਦਰ ਸਿੰਘ ਸੰਗਤਪੁਰਾ, ਨਿਰਭੈ ਸਿੰਘ ਪਟਵਾਰੀ, ਕਿਰਨਦੀਪ ਕੌਰ ਏ.ਐਸ.ਐਮ., ਫ਼ਰਦ ਕੇਂਦਰ, ਰਮਨਦੀਪ ਕੌਰ, ਰਵਿੰਦਰ ਸਿੰਘ ਰਵੀ, ਸੁਰਿੰਦਰ ਕੁਮਾਰ, ਸੁਰਿੰਦਰ ਸਿੰਘ, ਮਨੋਜ ਕੁਮਾਰ ਅਤੇ ਪੱਪੂ ਸਿੰਘ ਤੋਂ ਇਲਾਵਾ ਹੋਰ ਵੀ ਸਟਾਫ਼ ਮੈਂਬਰ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *