ਧੌਲਾ ਵਾਸੀਆਂ ਵਲੋਂ ਸਕੂਲ ਅਪਗ੍ਰੇਡ ਕਰਵਾਉਣ ਲਈ ਆਰ ਪਾਰ ਦੀ ਲੜਾਈ ਦਾ ਐਲਾਨ

ss1

ਧੌਲਾ ਵਾਸੀਆਂ ਵਲੋਂ ਸਕੂਲ ਅਪਗ੍ਰੇਡ ਕਰਵਾਉਣ ਲਈ ਆਰ ਪਾਰ ਦੀ ਲੜਾਈ ਦਾ ਐਲਾਨ

ਪੰਚਾਂ ’ਤੇ ਦਰਜ ਹੋਏ ਝੂਠੇ ਪਰਚੇ ਰੱਦ ਕਰਨ ਦੀ ਮੰਗ
ਡੀ.ਸੀ ਬਰਨਾਲਾ ਨੂੰ ਮੰਗ ਪੱਤਰ ਦੇ ਕੇ ਪ੍ਰਬੰਧਕ ਲਾਉਣ ਦੀ ਕੀਤੀ ਮੰਗ29-1

ਤਪਾ ਮੰਡੀ, 29 ਅਪ੍ਰੈਲ (ਨਰੇਸ਼ ਗਰਗ)-ਇਥੋਂ ਨੇੜਲੇ ਪਿੰਡ ਧੌਲਾ ਦੇ  ਹਾਈ ਸਕੂਲ ਨੂੰ ਅਪਗ੍ਰੇਡ ਕਰਵਾਉਣ ਲਈ ਸਕੂਲ ਐਕਸ਼ਨ ਕਮੇਟੀ ਅਤੇ ਧੌਲਾ ਵਾਸੀਆਂ ਸਾਂਝੇ ਤੌਰ ’ਤੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਖਿਲਾਫ ਆਰ -ਪਾਰ ਦੀ ਲੜਾਈ ਲੜਨ ਦਾ ਐਲਾਨ ਕੀਤਾ ਹੈ। ਸਕੂਲ ਐਕਸ਼ਨ ਕਮੇਟੀ ਆਗੂ ਰੂਪ ਸਿੰਘ ਧੌਲਾ, ਮਾ. ਜਗਰਾਜ ਧੌਲਾ, ਗੁਰਮੇਲ ਸਿੰਘ ਕਾਟੂ, ਕਲੱਬ ਪ੍ਰਧਾਨ ਸੰਦੀਪ ਬਾਵਾ, ਗੁਰਸੇਵਕ ਸਿੰਘ ਧੌਲਾ, ਨਿਰਮਲ ਸਿੰਘ ਨਿੰਮਾ ਆਦਿ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਸਕੂਲ ਅਪਗ੍ਰੇਡ ਲਈ ਸੰਘਰਸ਼ ਕਰ ਰਹੇ ਹਨ।ਜਿਸ ਲਈ ਸਾਰਾ ਪਿੰਡ 23 ਦਿਨਾਂ ਲਗਾਤਾਰ ਲੜੀਵਾਰ ਭੁੱਖ ਹੜਤਾਲ ’ਤੇ ਬੈਠਾ ਹੈ।ਪਰ ਪੰਜਾਬ ਸਰਕਾਰ ਅਤੇ ਕਿਸੇ ਪ੍ਰਸ਼ਾਨਿਕ ਅਧਿਕਾਰੀ ਦੇ ਕੰਨ ’ਤੇ  ਜੂੰ ਨਹੀਂ ਸਰਕੀ ਹੈ। ਸਰਕਾਰ ਅਤੇ ਪ੍ਰਸ਼ਾਸਨ ਦੀ ਨੀਂਦ ਤੋੜਨ ਲਈ ਹੁਣ ਪੂਰੇ ਪਿੰਡ ਦੀ ਮੀਟਿੰਗ ਕਰਕੇ ਆਉਣ ਵਾਲੇ ਇੱਕ ਦੋ ਦਿਨਾਂ ਅੰਦਰ ਹੀ ਵੱਡਾ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਸ ਦੀ ਗੁਪਤ ਰੂਪ ਰੇਖਾ ਉਲੀਕੀ ਗਈ ਹੈ।ਇਹ ਐਕਸ਼ਨ ਸਰਕਾਰ ਦੀ ਨੀਂਦ ਨੂੰ ਤੋੜ ਕੇ ਰੱਖ ਦੇਵਾਗਾਂ ਅਤੇ ਸਰਕਾਰ ਨੂੰ ਲੋਕ ਰੋਹ ਅੱਗੇ ਝੁਕਦਿਆਂ ਸਕੂਲ ਨੂੰ ਅਪਗ੍ਰੇਡ ਕਰਨਾ ਪਵੇਗਾ।

ਮੀਟਿੰਗ ਵਿਚ ਪੂਰੇ ਪਿੰਡ ਵਾਸੀਆਂ ਨੇ ਕਿਹਾ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਪੰਚਾਂ ’ਤੇ ਸਰਕਾਰੀ ਸ਼ਹਿ ’ਤੇ ਝੂਠੇ ਪਰਚੇ ਦਰਜ ਕਰਕੇ ਸਕੂਲ਼ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ। ਪਰ ਪਿੰਡ ਦੇ ਲੋਕ ਹੁਣ ਇਨਾਂ ਗੱਲਾਂ ਤੋਂ ਨਹੀਂ ਡਰਦੇ ਅਤੇ ਉਹ ਸਕੂਲ ਨੂੰ ਅਪਗ੍ਰੇਡ ਕਰਵਾਉਣ ਲਈ ਬਜਿੱਦ ਹਨ।ਬੀ.ਕੇ.ਯੂ ਉਗਰਾਹਾਂ ਦੇ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਇਕਾਈ ਧੌਲਾ ਦੇ ਪ੍ਰਧਾਨ ਗੁਰਮੇਲ ਸਿੰਘ, ਡਕੌਂਦਾ ਦੇ ਜ਼ਿਲਾਂ ਜਨਰਲ ਸਕੱਤਰ ਬਲਜੀਤ ਸਿੰਘ, ਇਕਾਈ ਧੌਲਾ ਦੇ ਪ੍ਰਧਾਨ ਗੁਰਨੈਬ ਸਿੰਘ, ਕਾਕਾ ਕੰਮੀਆਣਾ ਆਦਿ ਆਗੂਆਂ ਨੇ ਕਿਹਾ ਕਿ ਪੰਚਾਇਤ ਸੈਕਟਰੀ ਅਤੇ ਗ੍ਰਾਮ ਪੰਚਾਇਤ ਧੌਲਾ ਦਾ ਸਰਪੰਚ ਜਬਰਦਸ਼ਤੀ ਤੇ ਧੱਕੇਸ਼ਾਹੀ ਨਾਲ ਉਨਾਂ ਬਹੁਸੰਮਤੀ ਪੰਚਾਂ ਤੋਂ ਕਾਰਵਾਈ ਰਜਿਸਟਰ ਦੇ ਖਾਲੀ ਪੰਨਿਆਂ ’ਤੇ ਦਸਤਖਤ ਕਰਵਾਉਣਾ ਚਾਹੁੰਦਾ ਸੀ, ਜੋ ਸਕੂਲ ਸੰਘਰਸ਼ ਨੂੰ ਹਮਾਇਤ ਕਰ ਰਹੇ ਹਨ।ਜਦੋਂ ਪੰਚਾਂ ਅਤੇ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਤਾਂ ਉਕਤ ਦੋਵੇਂ ਕਾਰਵਾਈ ਰਜਿਸਟਰ ਨੂੰ ਸੁੱਟ ਕੇ ਭੱਜ ਗਏ।ਜਿਸ ਨੂੰ ਪਿੰਡ ਵਾਸੀਆਂ ਨੇ ਸੰਭਾਲਿਆ।ਪਰ ਉਲਟਾ ਪੁਲਿਸ ਨੇ ਪੰਚਾਂ ਤੇ ਪਰਚਾ ਦਰਜ ਕਰ ਦਿੱਤਾ।ਉਨਾਂ ਪੁਲਿਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਨਾਂ ਪਰਚਿਆਂ ਨੂੰ ਰੱਦ ਕੀਤਾ ਜਾਵੇ।ਇਸ ਘਟਨਾ ਦੇ ਜਿੰਮੇਵਾਰ ਉਕਤ ਸਕੱਤਰ ਅਤੇ ਸਰਪੰਚ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਭੁਪਿੰਦਰ ਸਿੰਘ ਰਾਏ ਨੂੰ ਮੰਗ ਪੱਤਰ ਦੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਚਲਾਉਣ ਲਈ ਪ੍ਰਬੰਧਕ ਲਗਾਉਣ ਦੀ ਅਪੀਲ ਕੀਤੀ ਹੈ। ਹਲਕਾ ਭਦੌੜ ਤੋਂ ਸੀਨੀਅਰ ਕਾਂਗਰਸੀ ਆਗੂ ਬੀਬੀ ਸੁਰਿੰਦਰ ਕੌਰ ਬਾਲੀਆ ਨੇ ਕਿਹਾ ਕਿ ਧੌਲਾ ਪਿੰਡ ਦੇ ਸਕੂਲ ਨੂੰ ਅਪਗ੍ਰੇਡ ਕਰਵਾਉਣ ਲਈ ਉਹ ਪਿੰਡ ਵਾਸੀਆਂ ਦੇ ਹਮੇਸ਼ਾ ਨਾਲ ਹਨ। ਉਨਾਂ ਕਿਹਾ ਕਿ ਜਦੋਂ ਪਿੰਡ ਦੇ ਸਰਪੰਚ ਕੋਲ ਮੈਂਬਰਾਂ ਦਾ ਬਹੁਮਤ ਹੀ ਨਹੀਂ ਫੇਰ ਉਥੇ ਪ੍ਰਬੰਧਕ ਲਗਾਉਣਾ ਚਾਹੀਦਾ ਹੈ। ਇਸ ਸੰਬੰਧੀ ਜਦੋਂ ਡਿਪਟੀ ਕਮਿਸ਼ਨਰ ਬਰਨਾਲਾ ਭੁਪਿੰਦਰ ਸਿੰਘ ਰਾਏ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਉਹ ਇਸ ਦੀ ਪੜਤਾਲ ਕਰਵਾਕੇ ਬਣਦੀ ਕਾਰਵਾਈ ਕਰਨਗੇ।

print
Share Button
Print Friendly, PDF & Email

Leave a Reply

Your email address will not be published. Required fields are marked *