ਵਿਕਾਸ ਦੀ ਝੁਲਦੀ ਹਨੇਰੀ ‘ਚ ਧੂੜ ਦੇ ਕਿਨਕਾ ਮਾਤਰ ਨੂੰ ਤਰਸਦੇ ਮਲੋਟ ਜੀਵਨ ਨਗਰ ਵਾਸੀ

ss1

ਵਿਕਾਸ ਦੀ ਝੁਲਦੀ ਹਨੇਰੀ ‘ਚ ਧੂੜ ਦੇ ਕਿਨਕਾ ਮਾਤਰ ਨੂੰ ਤਰਸਦੇ ਮਲੋਟ ਜੀਵਨ ਨਗਰ ਵਾਸੀ

11-28 (3)
ਮਲੋਟ, 10 ਜੂਨ (ਆਰਤੀ ਕਮਲ) : ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਵਿਕਾਸ ਕਾਰਜਾਂ ਦੀ ਹਨੇਰੀ ਝੁਲਾ ਦੇਣ ਦੇ ਦਮਗੱਜੇ ਲਗਾਤਾਰ ਮਾਰੇ ਜਾ ਰਹੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਮੁੱਖ ਮੁੱਦਾ ਵੀ ਵਿਕਾਸ ਹੀ ਬਣਾਇਆ ਜਾ ਰਿਹਾ ਹੈ ਪਰ ਦੂਜੇ ਪਾਸੇ ਜ਼ਮੀਨੀ ਹਕੀਕਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ । ਮਲੋਟ ਜੀਵਨ ਨਗਰ ਵਾਰਡ ਨੰ: 11 ਦੇ ਮੁਹੱਲਾ ਵਾਸੀਆਂ ਬਾਬਾ ਜਸਵੰਤ ਸਿੰਘ, ਮਿਸਤਰੀ ਸਤਨਾਮ ਸਿੰਘ, ਰਣਧੀਰ ਸਿੰਘ, ਸਾਹਿਬ ਸਿੰਘ, ਜਸਕਰਨ ਸਿੰਘ, ਛਿੰਦਰ ਕੌਰ, ਵਿਨੋਦ ਸਿੰਘ, ਬਲਵਾਨ, ਕਿਰਨਦੀਪ, ਨਿਰਮਲ ਕੌਰ, ਕੁਲਦੀਪ ਕੌਰ, ਗੁਰਦੇਵ ਕੌਰ, ਸੀਤਾ ਰਾਣੀ ਅਤੇ ਅਵਤਾਰ ਸਿੰਘ ਆਦਿ ਨੇ ਆਪਣੀ ਵਿਥਿਆ ਸੁਣਾਉਂਦਿਆਂ ਭਰੇ ਮਨ ਨਾਲ ਦੱਸਿਆ ਕਿ ਸਾਲਾਂ ਤੋਂ ਚਲਦੀ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਦੀ ਹਨੇਰੀ ਦਾ ਕਿਨਕਾ ਮਾਤਰ ਵੀ ਉਨਾਂ ਦੇ ਨੇੜੇ-ਤੇੜੇ ਨਜ਼ਰ ਨਹੀਂ ਆਇਆ। ਉਹ ਸੀਵਰੇਜ ਵਿਵਸਥਾ, ਪੱਕੀਆਂ ਗਲੀਆਂ ਅਤੇ ਸ਼ਹਿਰ ਨੂੰ ਜਾਣ ਵਾਲੇ ਰਸਤੇ ਨੂੰ ਤਰਸ ਰਹੇ ਹਨ। ਉਹਨਾਂ ਦੱਸਿਆ ਕਿ 4-5 ਸਾਲਾਂ ਪਹਿਲਾਂ ਇਸ ਮੁਹੱਲੇ ਵਿਚ ਸੀਵਰੇੇਜ ਪਾਇਆ ਗਿਆ ਸੀ। ਪਰ ਇਸ ਸੀਵਰੇਜ ਨੂੰ ਨਿਕਾਸੀ ਲਈ ਅੱਗੇ ਨਾ ਜੋੜਿਆ ਗਿਆ ਜਿਸ ਕਾਰਨ ਇਹ ਠੱਪ ਹੋ ਕੇ ਰਹਿ ਗਿਆ । ਸੀਵਰੇਜ ਠੱਪ ਹੋਣ ਕਾਰਨ ਗੰਦਾ ਪਾਣੀ ਖਾਲੀ ਪਲਾਟਾਂ ਵਿਚ ਭਰ ਗਿਆ ਹੈ ਤੇ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ।

ਸੜਕ ਦੀ ਥਾਂ ਟੋਏ ਟਿੱਬੇ ਹੋਣ ਕਾਰਨ ਮੁਹੱਲਾ ਨਿਵਾਸੀ ਜਾਣ ਜੋਖਮ ‘ਚ ਪਾ ਰੇਲਵੇ ਲਾਈਨ ਪਾਰ ਕਰਕੇ ਲੰਘਦੇ ਹਨ । ਉਹਨਾਂ ਦੱਸਿਆ ਕਿ ਇਸ ਸਮੱਸਿਆ ਨਾਲ ਜੂਝ ਰਹੇ ਮੁਹੱਲਾ ਵਾਸੀਆਂ ਨੇ ਅੱਕਦੇ ਹੋਏ ਹੁਣ ਇਹ ਫ਼ੈਸਲਾ ਕੀਤਾ ਹੈ ਕਿ ਕੋਈ ਵੀ ਸਿਆਸੀ ਆਗੂ ਉਨਾਂ ਤੋਂ ਵੋਟਾਂ ਦੀ ਆਸ ਨਾ ਲਾਵੇ ਅਤੇ ਵੋਟਾਂ ਮੰਗਣ ਆਏ ਆਗੂਆਂ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸਮੱਸਿਆ ਸਬੰਧੀ ਮੁਹੱਲਾ ਵਾਸੀਆਂ ਨੇ ਇਕ ਮੰਗ ਪੱਤਰ ਕਰੀਬ ਹਫ਼ਤਾ ਪਹਿਲਾਂ ਐਸ.ਡੀ.ਐਮ ਸ੍ਰੀ ਵਿਸ਼ੇਸ਼ ਸਾਰੰਗਲ ਨੂੰ ਦਿੱਤਾ ਸੀ ਪਰ ਫਿਰ ਵੀ ਸਮੱਸਿਆ ਦੇ ਹੱਲ ਦੀ ਆਸ ਨਜ਼ਰ ਨਾ ਆਈ। ਸੀਵਰੇਜ ਵਿਵਸਥਾ ਸਬੰਧੀ ਜਦ ਸੀਵਰੇਜ ਬੋਰਡ ਦੇ ਐਸ.ਡੀ.ਓ ਅਸ਼ਵਨੀ ਗੋਇਲ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਇਸ ਮੁਹੱਲੇ ਦਾ ਸੀਵਰੇਜ ਸਿਸਟਮ ਡੈਮੇਜ ਹੋ ਗਿਆ ਹੈ ਅਤੇ ਦੁਬਾਰਾ ਟੈਂਡਰ ਲਾਏ ਗਏ ਹਨ। ਜਲਦੀ ਸੀਵਰੇਜ਼ ਵਿਵਸਥਾ ਦਰੁਸਤ ਹੋ ਜਾਵੇਗੀ। ਜਦ ਉਕਤ ਮੁਹੱਲੇ ਦੀਆਂ ਗਲੀਆਂ ਪੱਕੀਆਂ ਨਾ ਹੋਣ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਜਗਸੀਰ ਸਿੰਘ ਧਾਲੀਵਾਲ ਨਾਲ ਗੱਲ ਕੀਤੀ ਤਾਂ ਉਹਨਾਂ ਕਿ ਇਹ ਸਮੱਸਿਆ ਜਲਦੀ ਹੱਲ ਕਰਵਾ ਦਿਆਂਗੇ।

print
Share Button
Print Friendly, PDF & Email