ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਕਿਸਾਨਾ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਤੇ ਡੂੰਘੀ ਚਿੰਤਾ ਜਤਾਈ

ss1

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਕਿਸਾਨਾ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਤੇ  ਡੂੰਘੀ ਚਿੰਤਾ ਜਤਾਈ

2-19

ਚੰਡੀਗੜ੍ਹ 02 ਮਈ 2016 : ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਦੀ ਯੂਨੀਅਨ ਦੇ ਪ੍ਰਧਾਨ ਸ. ਬਲਬੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪੰਜਾਬ ਵਿੱਚ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਉੱਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਗਈ। ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਰਕਾਰ ਤੋਂ ਕਿਸਾਨਾਂ ਦੇ ਕਰਜੇ ਉੱਤੇ ਲਕੀਰ ਫੇਰਨ ਦੀ ਮੰਗ ਕਰਦਿਆਂ ਕਿਹਾ ਗਿਆ ਕਿ ਲੰਬੇ ਸਮੇਂ ਤੋਂ ਭਾਰਤ ਸਰਕਾਰ ਵੱਲੋਂ ਗਿਣੀ ਮਿਥੀ ਨੀਤੀ ਅਧੀਨ ਖੇਤੀ ਜਿਣਸਾਂ ਦੇ ਭਾਅ ਘੱਟ ਮਿੱਥ ਕੇ ਕਿਸਾਨਾਂ ਨੂੰ ਕਰਜੇ ਦੇ ਜਾਲ ਵਿੱਚ ਫਸਾਇਆ ਗਿਆ ਹੈ। ਕਿਸਾਨਾਂ ਨੂੰ ਖੁਦਕੁਸ਼ੀਆਂ ਨਾ ਕਰਨ ਦੀ ਅਪੀਲ ਕਰਦਿਆਂ ਫੈਸਲਾ ਕੀਤਾ ਗਿਆ ਕਿ ਇਸ ਸਬੰਧੀ ਪੰਜਾਬ ਵਿੱਚ ਇੱਕ ਮੁਹਿੰਮ ਚਲਾਈ ਜਾਵੇ। ਸਾਰੇ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਰਾਹੀਂ ਸਰਕਾਰ ਨੂੰ ਮੈਮੋਰੰਡਮ ਦੇ ਕੇ ਸਰਕਾਰ ਦੀ ਕਿਸਾਨਾਂ ਦੀ ਆਰਥਿਕ ਮੰਦਹਾਲੀ ਦੀ ਗੰਭੀਰ ਸਮੱਸਿਆ ਉੱਤੇ ਬੇਰੁਖੀ ਵਾਲੇ ਵਤੀਰੇ ਦੀ ਘੋਰ ਨਿੰਦਾ ਕੀਤੀ ਜਾਵੇਗੀ। ਕਿਸਾਨਾਂ ਦੇ ਕਰਜੇ ਮੁਆਫ ਕਰਨ ਦੇ ਨਾਲ ਉਨ੍ਹਾਂ ਦਾ ਬੁਢਾਪਾ ਸੁਰੱਖਿਅਤ ਕਰਨ ਲਈ ਸਰਕਾਰੀ ਕਰਮਚਾਰੀਆਂ ਵਾਂਗ ਪੈਨਸ਼ਨ ਦੀ ਵੀ ਮੰਗ ਕੀਤੀ ਜਾਵੇਗੀ। ਮੀਟਿੰਗ ਵਿੱਚ ਜਿੱਥੇ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਦਾ ਮਤਾ ਪਾਸ ਕੀਤਾ ਗਿਆ, ਉੱਥੇ ਇਹ ਵੀ ਮੰਗ ਕੀਤੀ ਗਈ ਕਿ ਸਰਕਾਰ ਕਿਸਾਨਾਂ ਲਈ ਇੱਕ ਆਮਦਨ ਕਮਿਸ਼ਨ ਬਣਾਵੇ ਜੋ ਕਿਸਾਨਾਂ ਦੀ ਸਰਕਾਰ ਦੇ ਤੀਜਾ ਦਰਜਾ ਕਰਮਚਾਰੀ (ਕਲਰਕ) ਦੀ ਤਨਖਾਹ ਦੇ ਬਰਾਬਰ ਆਮਦਨ ਯਕੀਨੀ ਬਣਾਉਣ ਲਈ ਸੁਝਾਅ ਦੇਵੇ ਅਤੇ ਸਰਕਾਰ ਉਸਨੂੰ ਲਾਗੂ ਕਰਕੇ ਯਕੀਨੀ ਬਣਾਵੇ। ਸਰਕਾਰ ਵਾਰ ਵਾਰ ਡੀਜ਼ਲ ਪੈਟਰੌਲ ਦੇ ਰੇਟ ਵਧਾਈ ਜਾ ਰਹੀ ਹੈ, ਜਿਸ ਉੱਤੇ ਘੱਟੋ ਘੱਟ ਅੱਧਾ ਸਰਕਾਰਾਂ ਦੇ ਟੈਕਸਾਂ ਦਾ ਬੋਝ ਹੈ। ਅੱਜ ਡੀਜ਼ਲ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ ਕਿਸਾਨਾਂ ਨੂੰ ਟੈਕਸ ਮੁਕਤ ਡੀਜ਼ਲ ਸਪਲਾਈ ਕੀਤਾ ਜਾਵੇ।
ਬਰਨਾਲੇ ਦੇ ਜੋਧਪੁਰ ਪਿੰਡ ਦੀਆਂ ਮਾਂ ਪੁੱਤ ਦੀਆਂ ਖੁਦਕੁਸ਼ੀਆਂ ਉੱਤੇ ਰਾਜਨੀਤੀ ਕਰਨ ਲਈ ਪੰਜਾਬ ਮੰਡੀ ਬੋਰਡ ਦੇ ਵਾਈਸ ਚੇਅਰਮੈਨ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸ. ਰਵਿੰਦਰ ਸਿੰਘ ਚੀਮਾ ਦੇ ਕਿਸਾਨ ਵਿਰੋਧੀ ਬਿਆਨ ਦੀ ਸਰਬਸੰਮਤੀ ਨਾਲ ਘੋਰ ਨਿੰਦਾ ਕੀਤੀ ਗਈ। ਮਤੇ ਵਿੱਚ ਕਿਹਾ ਗਿਆ ਕਿ ਸ. ਚੀਮਾ ਨੇ ਸਰਕਾਰ ਨੂੰ ਖੁਦਕੁਸ਼ੀ ਕਰਨ ਵਾਲੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਬੰਦ ਕਰਨ ਦੀ ਮੰਗ ਦਾ ਗੰਭੀਰ ਨੋਟਿਸ ਲਿਆ। ਯੂਨੀਅਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਸ. ਰਵਿੰਦਰ ਸਿੰਘ ਚੀਮਾ ਕਿਸਾਨਾਂ ਅਤੇ ਆੜ੍ਹਤੀਆਂ ਵਿੱਚ ਟਕਰਾਓ ਪੈਦਾ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਰਹੇ ਹਨ। ਇਸ ਲਈ ਉਨ੍ਹਾਂ ਨੂੰ ਤੁਰੰਤ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਮਤੇ ਵਿੱਚ ਕਿਹਾ ਗਿਆ ਕਿ ਜਿਵੇਂ ਸ. ਚੀਮਾ ਕਹਿੰਦੇ ਹਨ ਕਿ ਕਿਸਾਨ ਖੁਦਕੁਸ਼ੀ ਤੋਂ ਬਾਅਦ ਪਰਿਵਾਰ ਨੂੰ ਆਰਥਿਕ ਮੱਦਦ ਮਿਲਣ ਨਾਲ ਖੁਦਕੁਸ਼ੀਆਂ ਲਈ ਉਤਸ਼ਾਹਿਤ ਹੁੰਦੇ ਹਨ, ਇਸ ਦੇ ਜਵਾਬ ਵਿੱਚ ਯੂਨੀਅਨ ਨੇ ਸ. ਚੀਮਾ ਨੂੰ ਕਿਹਾ ਕਿ ਪੈਸਿਆਂ ਲਈ ਉਹ ਖੁਦ ਖੁਦਕੁਸ਼ੀ ਕਰ ਲੈਣ ਤਾਂ ਭਾਰਤੀ ਕਿਸਾਨ ਯੂਨੀਅਨ ਉਨ੍ਹਾਂ ਦੇ ਪਰਿਵਾਰ ਨੂੰ 20 ਲੱਖ ਰੁਪਏ ਦੇਵੇਗੀ। ਯੂਨੀਅਨ ਮਹਿਸੂਸ ਕਰਦੀ ਹੈ ਕਿ ਅਸਲ ਵਿੱਚ ਸ. ਚੀਮਾ ਕਿਸਾਨ ਵਿਰੋਧੀ ਮਾਨਸਿਕਤਾ ਦੇ ਧਾਰਨੀ ਹਨ। ਇਸੇ ਲਈ ਉਹ ਕਿਸਾਨਾਂ ਅਤੇ ਆੜ੍ਹਤੀਆਂ ਦਾ ਟਕਰਾਓ ਕਰਵਾਉਣਾ ਚਾਹੁੰਦੇ ਹਨ। ਜੇਕਰ ਸਰਕਾਰ ਨੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਤਾਂ ਭਾਰਤੀ ਕਿਸਾਨ ਯੂਨੀਅਨ ਸਖਤ ਕਦਮ ਚੁੱਕਣ ਲਈ ਮਜ਼ਬੂਰ ਹੋਵੇਗੀ।
ਕਿਸਾਨ ਖੁਦਕੁਸ਼ੀਆਂ ਅਤੇ ਕਰਜੇ ਦੇ ਮੁੱਦੇ ਉੱਤੇ ਸਾਰੇ ਪੰਜਾਬ ਵਿੱਚ ਜ਼ਿਲ੍ਹੇਵਾਰ ਧਰਨੇ ਦੇਣ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ। ਇਸ ਲੜੀ ਤਹਿਤ 4 ਮਈ ਨੂੰ ਮੁਕਤਸਰ ਸਾਹਿਰ, 6 ਮਈ ਸੰਗਰੂਰ, 12 ਮਈ ਨੂੰ ਫਿਰੋਜਪੁਰ, 13 ਮਈ ਨੂੰ ਪਟਿਆਲਾ, 16 ਮਈ ਨੂੰ ਗੁਰਦਾਸਪੁਰ ਅਤੇ ਹੁਸ਼ਿਆਰਪੁਰ, 17 ਮਈ ਨੂੰ ਅੰਮ੍ਰਿਤਸਰ ਅਤੇ ਫਤਹਿਗੜ੍ਹ ਸਾਹਿਬ, 18 ਮਈ ਨੂੰ ਮੋਗਾ ਅਤੇ ਲੁਧਿਆਣਾ, 19 ਮਈ ਨੂੰ ਕਪੂਰਥਲਾ ਅਤੇ 20 ਮਈ ਨੂੰ ਬਰਨਾਲਾ ਅਤੇ ਫਰੀਦਕੋਟ ਵਿਖੇ ਧਰਨੇ ਦੇ ਕੇ ਡਿਪਟੀ ਕਮਿਸ਼ਨਰਾਂ ਰਾਹੀਂ ਸਰਕਾਰ ਨੂੰ ਮੈਮੋਰੰਡਮ ਦਿੱਤੇ ਜਾਣਗੇ। ਇਸ ਤੋਂ ਬਾਅਦ ਰਾਜ ਪੱਧਰ ਦਾ ਇੱਕ ਧਰਨਾ ਚੰਡੀਗੜ੍ਹ ਅਤੇ ਦੂਜੇ ਰਾਜਾਂ ਨਾਲ ਮਿਲਕੇ ਨਵੀਂ ਦਿੱਲੀ ਵਿਖੇ ਵੀ ਦਿੱਤਾ ਜਾਵੇਗਾ।
ਪੰਜਾਬ ਵਿੱਚ ਪ੍ਰਾਈਵੇਟ ਅਤੇ ਸਰਕਾਰੀ ਕਮਰਸ਼ੀਅਲ ਬੈਂਕਾਂ ਵੱਲੋਂ ਕਿਸਾਨਾਂ ਨੂੰ ਕਰਜੇ ਦੇਣ ਤੋਂ ਬਾਅਦ ਪ੍ਰੋਸੈਸਿੰਗ ਫੀਸ, ਸਰਵਿਸ ਚਾਰਜ ਅਤੇ ਬੀਮਾਂ ਆਦਿ ਦੇ ਨਾਂਓ ਤੇ ਕਿਸਾਨਾਂ ਦੇ ਖਾਤਿਆਂ ਵਿੱਚ ਵੱਡੀਆਂ ਰਕਮਾਂ ਪਾਈਆਂ ਜਾ ਰਹੀਆਂ ਹਨ ਅਤੇ ਜਬਰੀ ਵਸੂਲੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਬੈਂਕਾਂ ਦੇ ਵਕੀਲਾਂ ਦੀ ਫੀਸ ਵੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾ ਰਹੀ ਹੈ। ਇੰਨੀ ਲੁੱਟ ਮਚੀ ਹੋਈ ਹੈ ਕਿ ਸਾਰੀਆਂ ਬੈਂਕਾਂ ਕਿਸਾਨਾਂ ਦੀ ਮਜਬੂਰੀ ਦਾ ਰੱਜ ਕੇ ਲਾਭ ਉਠਾਉਣਾ ਚਾਹੁੰਦੀਆਂ ਹਨ। ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਲਗਾਤਾਰ ਕਿਸਾਨਾਂ ਲਈ ਜਾਗਰੂਕਤਾ ਮੁਹਿੰਮ ਚਲਾ ਕੇ ਪਿੰਡਾਂ ਵਿੱਚ ਮਾਰਚ ਕੱਢੇ ਜਾਣ। ਇਸ ਤੋਂ ਇਲਾਵਾ ਕਿਸਾਨਾਂ ਦੀਆਂ ਮੰਗਾਂ ਲਈ ਨਾਅਰੇ ਵੀ ਪਿੰਡਾਂ ਵਿੱਚ ਲਿਖਣ ਦਾ ਫੈਸਲਾ ਕੀਤਾ ਗਿਆ।
ਅੱਜ ਦੀ ਇਸ ਮੀਟਿੰਗ ਵਿੱਚ ਸਾਰੇ ਜ਼ਿਲ੍ਹਾ ਪ੍ਰਧਾਨਾਂ ਤੋਂ ਇਲਾਵਾ ਸ. ਨੇਕ ਸਿੰਘ ਖੋਖ ਸੀਨੀਅਰ ਮੀਤ ਪ੍ਰਧਾਨ, ਓਂਕਾਰ ਸਿੰਘ ਅਗੌਲ ਜਨਰਲ ਸਕੱਤਰ, ਸ. ਲਾਭ ਸਿੰਘ ਕੁੜੈਲ, ਸ. ਮਲਕੀਤ ਸਿੰਘ ਲਖਮੀਰਵਾਲਾ ਦੋਵੇਂ ਸਕੱਤਰ, ਸ. ਕਰਨੈਲ ਸਿੰਘ ਡਡਿਆਣਾ ਮੀਤ ਪ੍ਰਧਾਨ ਨੇ ਵੀ ਭਾਗ ਲਿਆ।

print
Share Button
Print Friendly, PDF & Email

Leave a Reply

Your email address will not be published. Required fields are marked *