‘ਲਾਸ਼ ਦਾ ਭਾਰ’

ss1

‘ਲਾਸ਼ ਦਾ ਭਾਰ’

   ਵੱਡੇ ਤੜਕੇ ਨਾਜਰ ਦੇ ਘਰੋਂ ਉਠਦੀਆਂ ਚੀਕਾਂ, ਕੁਰਲਾਹਟ ਨੇ ਦੱਸ ਦਿੱਤਾ ਸੀ ਕਿ ਭਾਣਾ ਵਰਤ ਗਿਆ।ਨਾਜਰ ਕੋਈ ਛੇ ਮਹੀਨਿਆਂ ਤੋਂ ਮੰਜੇ ਤੇ ਪਿਆ ਸੀ। ਕੈਂਸਰ ਵਰਗੀ ਲੱਖਾਂ ਦੇ ਖਰਚ ਵਾਲੀ ਬਿਮਾਰੀ ਦਾ ਉਸ ਗਰੀਬ ਪਰਿਵਾਰ ਤੋਂ ਕੀ ਇਲਾਜ ਹੋਣਾ ਸੀ।ਬਸ ਦਿਨਾਂ ਦੀ ਗਿਣਤੀ ਹੀ ਕੀਤੀ ਜਾ ਸਕਦੀ ਸੀ ਕਿੰਨੇ ਦਿਨ…।ਨਾਜਰ ਦਾ ਘਰ ਵੀ ਕੀ ਸੀ, ਢਾਈ-ਤਿੰਨ ਮਰਲੇ ਥਾਂ, ਨਿੱਕੇ ਨਿੱਕੇ ਦੋ ਕਮਰੇ ਜੋ ਸ਼ਾਇਦ ਉਸ ਦੇ ਪਿਉ ਦੇ ਕਮਾਉਂਦਿਆਂ ਪੈ ਗਏ ਸਨ।ਗਲੀ ਉੱਚੀ ਹੋਣ ਕਰਕੇ ਵਿਹੜੇ ਵਿੱਚ ਭਰਤ ਪੈ ਗਈ ਸੀ ਅਤੇ ਕਮਰੇ ਡੇਢ ਦੋ ਫੁੱਟ ਵਿਹੜੇ ਨਾਲੋਂ ਨੀਵੇਂ..।ਆਸੇ ਪਾਸੇ ਤੋਂ ਫੜ ਪੱਲੀਆਂ ਜੋੜ ਵਿਹੜੇ ਵਿੱਚ ਬੈਠਣ ਵਾਸਤੇ ਛਾਂ ਕੀਤੀ ਗਈ ਸੀ ਜੋ ਸਿਰਫ਼ ਛਾਂ ਦਾ ਭੁਲੇਖਾ ਹੀ ਪਾਉਂਦੀ ਸੀ।ਸਾਹਮਣੇ ਨਾਜਰ ਦੀ ਲਾਸ਼ ਟੁੱਟੀ ਜਿਹੀ ਮੰਜੀ ਤੇ ਪਈ ਸੀ।ਔਰਤਾਂ ਦਿਲ ਚੀਰਵਾਂ ਵਿਰਲਾਪ ਕਰ ਰਹੀਆਂ ਸਨ, ਬਾਰਾਂ-ਪੰਦਰਾਂ ਬੰਦੇ ਗਰੁੱਪਾਂ ਵਿੱਚ ਹੋ ਆਪੋ ਆਪਣੀਆਂ ਗੱਲਾਂ ਕਰ ਰਹੇ ਸਨ।ਹਰ ਕੋਈ ਨਾਜਰ ਦੇ ਨਿੱਘੇ ਸੁਭਾਅ ਅਤੇ ਘੋਰ ਗਰੀਬੀ ਨੂੰ ਫਰੋਲ ਰਿਹਾ ਸੀ।ਨਾਜਰ ਦਾ ਮੁੰਡਾ ਬੇਤਹਾਸ਼ਾ ਰੋ ਰਿਹਾ ਸੀ, ਮੈਂ ਕੋਲ ਜਾ ਹੌਸਲਾ ਦਿੰਦਿਆਂ ਕਿਹਾ ,”ਜੀਤਿਆ ਜੇ ਤੂੰ ਵੀ ਇਸ ਤਰ੍ਹਾਂ ਰੋਦਾਂ ਰਿਹਾ ਤਾਂ ਪਰਿਵਾਰ ਕਿਵੇਂ ਹੌਸਲਾ ਕਰੂ,ਦੁੱਖ ਤਾਂ ਹੁੰਦਾ ਪਿਉ ਗਏ ਦਾ..ਚੱਲ ਉਠ..ਸਸਕਾਰ ਦੀ ਤਿਆਰੀ ਕਰੀਏ।”ਜੀਤਾ ਹਟਕੌਰੇ ਲੈਦਿਆਂ ਬੋਲਿਆ,”ਕੀ ਕਰਾਂ ਬਾਈ!ਅੱਗੇ ਸੌ ਪੰਜਾਹ ਦੀ ਦਵਾਈ ਲਿਆ ਦਿੰਦਾ ਸੀ..ਨਾਲ ਘਰ ਦਾ ਗੁਜਾਰਾ ਚਲੀ ਜਾਂਦਾ ਸੀ।ਹੁਣ ਸਸਕਾਰ ਲਈ, ਭੋਗ ਲਈ ਕਿੱਥੋਂ ਲਿਆਵਾਂ..ਕੀਹਤੋ ਮੰਗਾਂ।”ਜੀਤਾ ਫਿਰ ਉੱਚੀ ਉੱਚੀ ਰੋਣ ਲੱਗਾ।ਸਾਹਮਣੇ ਪਈ ਲਾਸ਼ ਦਾ ਭਾਰ ਚੁੱਕਣਾ ਉਸ ਲਈ ਅਸਹਿ ਦਿਸ ਰਿਹਾ ਸੀ।

ਗੁਰਮੀਤ ਸਿੰਘ ਮਰਾੜ੍ਹ
9501400397

print
Share Button
Print Friendly, PDF & Email