ਸਾਫ਼ ਸੁਥਰੀ ਕਾਮੇਡੀ ਵਾਲੀ ਮਨੋਰੰਜਨ ਭਰਪੂਰ ਪਰਿਵਾਰਕ ਫ਼ਿਲਮ ਕੁੜਮਾਈਆਂ

ss1

ਸਾਫ਼ ਸੁਥਰੀ ਕਾਮੇਡੀ ਵਾਲੀ ਮਨੋਰੰਜਨ ਭਰਪੂਰ ਪਰਿਵਾਰਕ ਫ਼ਿਲਮ ਕੁੜਮਾਈਆਂ

ਪੰਜਾਬੀ ਸਿਨਮੇ ਰਾਹੀਂ ਕਾਮੇਡੀ ਦੇ ਨਾਂ ‘ਤੇ ਦੋਅਰਥੀ ਡਾਇਲਾਗਾਂ ਅਤੇ ਘਟੀਆਂ ਪੱਧਰ ਦੀਆਂ ਹਰਕਤਾਂ ਵਾਲੀ ਅਦਾਕਾਰੀ ਨੂੰ ਕਾਮੇਡੀ ਦਾ ਨਾਂ ਦੇ ਕੇ ਪਰਿਵਾਰਕ ਦਰਸ਼ਕਾਂ ਦੀ ਮਾਨਸਿਕਤਾ ਨਾਲ ਖਿਲਵਾੜ ਕਰਨ ਵਾਲੀਆਂ ਪੰਜਾਬੀ ਫ਼ਿਲਮਾਂ ਤੋਂ ਚੰਗੇ ਦਰਸ਼ਕਾਂ ਨੇ ਮੂੰਹ ਮੋੜ ਲਿਆ ਸੀ। ਅੱਜ ਦਾ ਦਰਸ਼ਕ ਬਹੁਤ ਸਮਝਦਾਰ ਹੈ ਤੇ ਉਸਨੂੰ ਚੰਗੇ-ਮਾੜੇ ਦੀ ਪਰਖ ਵੀ ਹੈ । ਅੱਜ ਤਾਂ ਸੋਸ਼ਲ ਮੀਡੀਏ ਦਾ ਦੌਰ ਹੈ ਜਿੱਥੇ ਤੁਹਾਡੇ ਚੰਗੇ ਮਾੜੇ ਕੰਮ ਦੀ ਚਰਚਾ ਪਲਾਂ ਵਿੱਚ ਹੀ ਚਾਰੇ ਪਾਸੇ ਫੈਲ ਜਾਂਦੀ ਹੈ। ਉਪਰੋਕਤ ਵਿਚਾਰ ਪੰਜਾਬੀ ਫ਼ਿਲਮ ‘ਕੁੜਮਾਈਆਂ’ ਦੇ ਨਿਰਮਾਤਾ ਤੇ ਅਦਾਕਾਰ ਗੁਰਮੀਤ ਸਾਜਨ ਨੇ ਇੱਕ ਮੁਲਾਕਾਤ ਦੌਰਾਨ ਸਾਂਝੇ ਕੀਤੇ। ਉਨਾਂ ਕਿਹਾ ਕਿ ਵਿਨਰਜ਼ ਫ਼ਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਕੁੜਮਾਈਆਂ’ ਅੱਜ ਤੋਂ ਪੱਚੀ ਸਾਲ ਪਹਿਲਾਂ ਦੇ ਮੋਬਾਇਲ ਮੁਕਤ ਪੰਜਾਬ ਦੇ ਪਿੰਡਾਂ ਦੀ ਕਹਾਣੀ ਹੈ ਜਦੋਂ ਸਾਂਝੇ ਪਰਿਵਾਰਾਂ ਤੇ ਸਾਂਝੇ ਕੰਮਾਂ-ਕਾਰਾਂ ਦਾ ਦੌਰ ਸੀ। ਪੈਸੇ ਨਾਲੋਂ ਵੱਧ ਰਿਸ਼ਤਿਆਂ ਨੂੰ ਅਹਿਮੀਅਤ ਦਿੱਤੀ ਜਾਂਦੀ ਸੀ। ਆਸ਼ਿਕ ਰੂਹਾਂ ਪਿਆਰ ਮੁਹੱਬਤ ਉਂਦੋ ਵੀ ਕਰਿਆ ਕਰਦੀਆਂ ਸੀ ਪਰ ਵਿਆਹ ਘਰਦਿਆਂ ਦੀ ਮਰਜ਼ੀ ਨਾਲ ਹੁੰਦਾ ਸੀ। ਸੋ ਇਹ ਫ਼ਿਲਮ ‘ਕੁੜਮਾਈਆਂ’ ਆਮ ਫ਼ਿਲਮਾਂ ਤੋਂ ਹਟਕੇ ਬਹੁਤ ਹੀ ਪਰਿਵਾਰਕ ਜਿਹੇ ਵਿਸ਼ੇ ਦੀ ਹੈ ਜੋ ਦਰਸ਼ਕਾਂ ਨੂੰ ਪੁਰਾਣੇ ਪੇਂਡੂ ਮਾਹੌਲ ਦੇ ਕਲਚਰ, ਬੋਲੀ ਪਹਿਰਾਵੇ ਬਾਰੇ ਜਾਣੂੰ ਵੀ ਕਰਵਾਏਗੀ ਤੇ ਸਿਹਤਮੰਦ ਕਾਮੇਡੀ ਨਾਲ ਹਸਾਏਗੀ ਵੀ।

14 ਸਤੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਵਿੱਚ ਪੰਜਾਬੀ ਗਾਇਕੀ ਦੇ ਨਾਮੀਂ ਹਰਜੀਤ ਹਰਮਨ ਤੇ ਅਦਾਕਾਰਾ ਜਪੁਜੀ ਖਹਿਰਾ ਦੀ ਰੁਮਾਂਟਿਕ ਜੋੜੀ ਤੋਂ ਇਲਾਵਾ ਗੀਤਕਾਰ ਤੇ ਗਾਇਕ ਵੀਤ ਬਲਜੀਤ, ਰਾਖੀ ਹੁੰਦਲ,ਗੁਰਮੀਤ ਸਾਜਨ, ਪਰਮਿੰਦਰ ਕੌਰ ਗਿੱਲ ਨਿਰਮਲ ਰਿਸ਼ੀ, ਅਨੀਤਾ ਦੇਵਗਨ,ਹਰਬੀ ਸੰਘਾ,ਹੌਬੀ ਧਾਲੀਵਾਲ, ਹਰਦੀਪ ਗਿੱਲ,ਜਸ਼ਨਜੀਤ ਗੋਸ਼ਾ, ਅਮਨ ਸੇਖੋਂ,ਬਾਲ ਕਲਾਕਾਰ ਅਨਮੋਲ ਵਰਮਾ, ਪਰਕਾਸ਼ ਗਾਧੂ ਰਮਣੀਕ ਸੰਧੂ ਆਦਿ ਕਲਾਕਾਰਾਂ ਨੇ ਫ਼ਿਲਮ ਵਿੱਚ ਅਹਿਮ ਕਿਰਦਾਰ ਨਿਭਾਏ ਹਨ। ਗੁਰਮੀਤ ਸਿੰਘ, ਅਤੁਲ ਸ਼ਰਮਾਂ ਤੇ ਮਿੱਕਸ ਸਿੰਘ ਨੇ ਫ਼ਿਲਮ ਦਾ ਗੀਤ ਸੰਗੀਤ ਬਹੁਤ ਹੀ ਕਮਾਲ ਦਾ ਤਿਆਰ ਕੀਤਾ ਹੈ। ਨਾਮੀਂ ਗੀਤਕਾਰਾਂ ਬਚਨ ਬੇਦਿਲ, ਵਿੱਕੀ ਧਾਲੀਵਾਲ ਗੁਰਮੇਲ ਬਰਾੜ ਤੇ ਰਾਜੂ ਵਰਮਾ ਨੇ ਇਸ ਫ਼ਿਲਮ ਲਈ ਗੀਤ ਲਿਖੇ ਹਨ ਜਿੰਨਾ ਨੂੰ ਹਰਜੀਤ ਹਰਮਨ , ਰਜ਼ਾ ਹੀਰ, ਨਛੱਤਰ ਗਿੱਲ,ਗੁਰਨਾਮ ਭੁੱਲਰ, ਮੰਨਤ ਨੂਰ, ਜਸਪਿੰਦਰ ਨਰੂਲਾ ਅਤੇ ਗੁਰਮੇਲ ਬਰਾੜ ਨੇ ਪਲੇਅ ਬੈਕ ਗਾਇਆ ਹੈ। ਮਨਜੀਤ ਟੋਨੀ ਦੀ ਲਿਖੀ ਕਹਾਣੀ ਲਈ ਸਕਰੀਨ ਪਲੇਅ ਰਾਜੂ ਵਰਮਾ ਨੇ ਤਿਾਰ ਕੀਤਾ ਹੈ ਜਦਕਿ ਡਾਇਲਾਗ ਗੁਰਮੀਤ ਸਾਜਨ ਨੇ ਲਿਖੇ ਹਨ। ਫ਼ਿਲਮ ਦੇ ਨਿਰਮਾਤਾ ਗੁਰਮੀਤ ਸਾਜਨ ਤੇ ਗੁਰਮੇਲ ਬਰਾੜ ਹਨ। ਐੱਸ ਐੱਸ ਬੱਤਰਾ ਤੇ ਗੁਰਮੀਤ ਫੋਟੋਜੈਨਿਕ ਇਸ ਫ਼ਿਲਮ ਦੇ ਸਹਿ ਨਿਰਮਾਤਾ ਹਨ। ਫ਼ਿਲਮ ਦਾ ਨਿਰਦੇਸ਼ਨ ਗੁਰਮੀਤ ਸਾਜਨ ਤੇ ਮਨਜੀਤ ਟੋਨੀ ਨੇ ਦਿੱਤਾ ਹੈ।
ਅਦਾਕਾਰ ਹਰਜੀਤ ਹਰਮਨ ਨੇ ਦੱਸਿਆ ਕਿ ਗਾਇਕੀ ਵਿੱਚ ਪੈਰ ਜਮਾਉਣ ਤੋਂ ਬਾਅਦ ਫਿਲਮਾਂ ਵੱਲ ਨਾਇਕ ਵਜੋਂ ਆਉਣਾ ਉਸਦਾ ਵੱਡਾ ਸੁਪਨਾ ਸੀ ਪਰ ਉਸਨੂੰ ਚੰਗੇ ਕਿਰਦਾਰਾਂ ਦੀ ਤਲਾਸ਼ ਸੀ ਜੋ ਉਸਦੇ ਗੀਤਾਂ ਵਾਂਗ ਸੱਭਿਆਚਾਰ ਤੇ ਪਰਿਵਾਰਕ ਰਿਸ਼ਤਿਆਂ ਦੇ ਹਾਣ ਦੀ ਗੱਲ ਕਰਦੀ ਹੋਵੇ। ਜਦ ਮੈਨੂੰ ਗੁਰਮੀਤ ਸਾਜਨ ਜੀ ਨੇ ‘ਕੁੜਮਾਈਆਂ’ ਫ਼ਿਲਮ ਦੀ ਸਕਰਿਪਟ ਅਤੇ ਮੇਰੇ ਕਿਰਦਾਰ ਬਾਰੇ ਦੱਸਿਆ ਤਾਂ ਮੈਨੂੰ ਬਹੁਤ ਪਸੰਦ ਆਇਆ , ਸੋ ਮੈਂ ਇਸ ਫਿਲ਼ਮ ਲਈ ਝੱਟ ਹਾਂ ਕਰ ਦਿੱਤੀ। ‘ਕੁੜਮਾਈਆਂ’ ਮੇਰੀਆਂ ਸੋਚਾਂ ਦੀ ਅਸਲ ਤਸਵੀਰ ਬਿਆਨਦੀ ਹੈ। ਬਤੌਰ ਨਾਇਕ ਇਹ ਮੇਰੀ ਪਹਿਲੀ ਫ਼ਿਲਮ ਹੈ। ਜਪੁਜੀ ਖਹਿਰਾ ਪੰਜਾਬੀ ਫ਼ਿਲਮਾਂ ਦੀ ਇੱਕ ਬੇਹਤਰੀਨ ਅਦਾਕਾਰਾ ਹੈ ਜਿਸ ਨਾਲ ਮੇਰੀ ਰੁਮਾਂਟਿਕ ਜੋੜੀ ਨੂੰ ਦਰਸ਼ਕ ਬਹੁਤ ਪਸੰਦ ਕਰਨਗੇ। ਇਸ ਫ਼ਿਲਮ ਵਿੱਚ ਕਾਮੇਡੀ ਦੇ ਨਾਲ ਨਾਲ ਪਰਿਵਾਰਕ ਰਿਸ਼ਤਿਆਂ ਦੀ ਮਹਿਕ, ਦੋ ਦਿਲਾਂ ਵਿਚਲੇ ਪਿਆਰ ਦੀ ਖਿੱਚ, ਵਿਆਹ ਦੀਆਂ ਰਸਮਾਂ ਦੀ ਤਾਜ਼ਗੀ ਅਤੇ ਪੁਰਾਤਨ ਸੰਗੀਤ ਦੇ ਮਾਹੌਲ ਨੂੰ ਵਿਖਾਇਆ ਗਿਆ ਹੈ। ਦੋ ਰੁਮਾਂਟਿਕ ਟਰੈਕ ਹੋਣ ਕਰਕੇ ਫ਼ਿਲਮ ਵਿੱਚ ਸਸਪੈਂਸ ਵੀ ਬਹੁਤ ਹੈ। ਇੱਕ ਪਾਸੇ ਉਹ ਹਰਜੀਤ ਹਰਮਨ ਤੇ ਜਪੁਜੀ ਖਹਿਰਾ ਨੂੰ ਪਿਆਰ ਦੀਆਂ ਪੀਂਘਾਂ ਝੂਟਦੇ ਵੇਖਣਗੇ ਦੂਸਰੇ ਪਾਸੇ ਫ਼ਿਲਮ ਦੀ ਇੱਕ ਹੋਰ ਅਦਾਕਾਰਾ ਨਾਲ ਉਸਦੇ ਚੱਕਰ ਦੇ ਚਰਚੇ ਦਰਸ਼ਕਾਂ ਨੂੰ ਚੱਕਰਾਂ ਵਿੱਚ ਪਾਈ ਰੱਖਣਗੇ। ਫ਼ਿਲਮ ਦੇ ਅਖੀਰ ਵਿੱਚ ਹੀ ਪਤਾ ਲੱਗੇਗਾ ਕਿ ਕੁੜਮਾਈ ਕੀਹਦੇ ਨਾਲ ਹੁੰਦੀ ਹੈ।
ਜਪੁਜੀ ਖਹਿਰਾ ਪੰਜਾਬੀ ਫ਼ਿਲਮਾਂ ਦੀ ਪਰਪੱਕ ਅਦਾਕਾਰਾ ਹੈ । ‘ਮਿੱਟੀ ਆਵਾਜ਼ਾ ਮਾਰਦੀ’ ਫੇਰ ਮਾਮਾਲਾ ਗੜਬੜ ਗੜਬੜ’,ਇਸ਼ਕ ਬਰਾਂਡੀ ਫ਼ਿਲਮਾਂ ਵਿੱਚ ਦਰਸ਼ਕਾਂ ਦੇ ਦਿਲਾਂ ‘ਤੇ ਜਾਦੂ ਕਰਨ ਵਾਲੀ ਜਪੁਜੀ ਇਸ ਫ਼ਿਲਮ ਵਿੱਚ ਹਰਜੀਤ ਹਰਮਨ ਦੀ ਨਇਕਾ ਬਣ ਕੇ ਬਹੁਤ ਖੁਸ਼ ਨਜ਼ਰ ਆ ਰਹੀ ਹੈ। ਉਸਦਾ ਕਹਿਣਾ ਹੈ ਕਿ ਇਸ ਫਿਲ਼ਮ ਵਿੱਚ ਉਸਦਾ ਕਿਰਦਾਰ ਇੱਕ ਸਧਾਰਣ ਦਿੱਖ ਵਾਲੀ ਪੇਂਡੂ ਪੰਜਾਬਣ ਕੁੜੀ ਦਾ ਹੈ। ਨਿਰੋਲ ਪੰਜਾਬੀ ਪਹਿਰਾਵੇ ਵਿੱਚ ਉਸਦਾ ਕਿਰਦਾਰ ਬਹੁਤ ਨਿੱਖਰਿਆ ਹੈ।
ਫ਼ਿਲਮ ਦੇ ਕਰਤਾ ਧਰਤਾ ਗੁਰਮੀਤ ਸਾਜਨ, ਗੁਰਮੇਲ ਬਰਾੜ ਤੇ ਮਨਜੀਤ ਟੋਨੀ ਨੇ ਦੱਸਿਆ ‘ਕੁੜਮਾਈਆਂ’ ਆਮ ਫ਼ਿਲਮਾਂ ਤੋਂ ਹਟਕੇ ਬਣੀ ਪੰਜਾਬੀ ਸੱਭਿਆਚਾਰ ਤੇ ਵਿਰਾਸਤੀ ਦਸਤਾਵੇਜ ਨੂੰ ਸਾਂਭਦੀ ਫ਼ਿਲਮ ਹੈ ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ।

ਸੁਰਜੀਤ ਜੱਸਲ
9814607737

print
Share Button
Print Friendly, PDF & Email

Leave a Reply

Your email address will not be published. Required fields are marked *