ਰਾਹੁਲ ਗਾਂਧੀ ਵੱਲੋਂ ਆਪਣੇ ਕੰਮਾਂ ਦੀ ਤੁਲਨਾ ਗੁਰੂ ਨਾਨਕ ਦੇਵ ਜੀ ਨਾਲ ਕਰਨ ‘ਤੇ ਸਿੱਖ ਜਗਤ ‘ਚ ਭਾਰੀ ਰੋਸ:ਸਿਰਸਾ

ss1

ਰਾਹੁਲ ਗਾਂਧੀ ਵੱਲੋਂ ਆਪਣੇ ਕੰਮਾਂ ਦੀ ਤੁਲਨਾ ਗੁਰੂ ਨਾਨਕ ਦੇਵ ਜੀ ਨਾਲ ਕਰਨ ‘ਤੇ ਸਿੱਖ ਜਗਤ ‘ਚ ਭਾਰੀ ਰੋਸ:ਸਿਰਸਾ

ਅਕਾਲੀ ਦਲ ਨੇ ਅੱਜ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਸਿੱਖ ਗੁਰੂ ਸਾਹਿਬਾਨ,ਉਹਨਾਂ ਦੀ ਗੁਰਬਾਣੀ ਤੇ ਸਿੱਖ ਭਾਈਚਾਰੇ ‘ਤੇ ਹਮਲੇ ਲਈ ਆਪਣੀ ਪਾਰਟੀ ਦੇ ਆਗੂਆਂ ਦੀ ਅਗਵਾਈ ਕਰ ਰਹੇ ਹਨ ਤੇ ਤਾਜ਼ਾ ਮਾਮਲੇ ਵਿਚ ਉਹਨਾਂ ਵੱਲੋਂ ਆਪਣੇ ਕੰਮਾਂ ਦੀ ਤੁਲਨਾ ਗੁਰੂ ਨਾਨਕ ਦੇਵ ਜੀ ਦੇ ਕੰਮਾਂ ਨਾਲ ਕਰਨ ‘ਤੇ ਸਮੁੱਚੇ ਸਿੱਖ ਜਗਤ ਵਿਚ ਭਾਰੀ ਰੋਹ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਿੱਖ ਭਾਈਚਾਰਾ ਪਿਛਲੇ ਕੁਝ ਦਿਨਾਂ ਤੋਂ ਵੇਖ ਰਿਹਾ ਹੈ ਕਿ ਸਿੱਖ ਗੁਰੂ ਸਾਹਿਬਾਨ, ਉਹਨਾਂ ਦੀਆਂ ਰਚਨਾਵਾਂ ਤੇ ਇਤਿਹਾਸ ਤੇ ਸਿੱਖ ਭਾਈਚਾਰੇ ‘ਤੇ ਹਮਲਿਆਂ ਵਿਚ ਚੋਖਾ ਵਾਧਾ ਹੋਇਆ ਹੈ।ਉਹਨਾਂ ਕਿਹਾ ਕਿ ਹੁਣ ਤਾਜ਼ਾ ਹਮਲਾ ਗਾਂਧੀ ਪਰਿਵਾਰ ਦੇ ਉੱਤਰਾਧਿਕਾਰੀ ਵੱਲੋਂ ਕੀਤਾ ਗਿਆ ਹੈ ਅਤੇ ਹੈਰਾਨੀਜਨਕ ਹੈ ਕਿਉਂਕਿ ਉਹਨਾਂ ਨੇ ਆਪਣੇ ਕੰਮਾਂ ਦੀ ਤੁਲਨਾ ਪਹਿਲੇ ਸਿੱਖ ਗੁਰੂ ਗੁਰੂ ਨਾਨਕ ਦੇਵ ਜੀ ਨਾਲ ਕੀਤੀ ਹੈ।ਪਹਿਲਾਂ ਵੀ ਰਾਹੁਲ ਗਾਂਧੀ ਇਹ ਆਖ ਚੁੱਕੇ ਹਨ ਕਿ ਕਾਂਗਰਸ ਪਾਰਟੀ ਦਾ ਚੋਣ ਨਿਸ਼ਾਨ ‘ਹੱਥ ਪੰਜਾ’ ਗੁਰੂ ਨਾਨਕ ਦੇਵ ਜੀ ਦਾ ਹੱਥ ਪੰਜਾ ਹੈ।ਸਿਰਸਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਇਹ ਕਾਰਵਾਈ ਇਹ ਬਹੁਤ ਹੀ ਸ਼ਰਮਨਾਂਕ ਤੇ ਇਤਰਾਜ਼ਯੋਗ ਹੈ ਜੋ ਸਿੱਖ ਭਾਈਚਾਰੇ ਵੱਲੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਸਿਰਸਾ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਗਾਂਧੀ ਪਰਿਵਾਰ ਦੇ ਉੱਤਰਾਧਿਕਾਰੀ ਆਪਣੇ ਬਜੁਰਗਾਂ ਦੀ ਕਰਣੀ ਅਨੁਸਾਰ ਚਲ ਰਹੇ ਹਨ ਕਿਉਂਕਿ ਉਹਨਾਂ ਦੀ ਦਾਦੀ ਇੰਦਰਾ ਗਾਂਧੀ ਨਾ ਸਿਰਫ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹਮਲਾ ਕੀਤਾ ਬਲਕਿ ਸਿੱਖ ਭਾਈਚਾਰੇ ਖਿਲਾਫ ਨਫਰਤ ਭਰੀ ਮੁਹਿੰਮ ਦੀ ਅਗਵਾਈ ਕੀਤੀ।ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਰਾਜੀਵ ਗਾਂਧੀ ਨੇ ਵੀ ਉਸ ਭੀੜ ਦੀ ਅਗਵਾਈ ਕੀਤੀ ਸੀ ਜਿਸਨੇ ਰਾਸ਼ਟਰੀ ਰਾਜਧਾਨੀ ਤੇ ਦੇਸ਼ ਦੇ ਹੋਰ ਭਾਗਾਂ ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਸੀ ਅਤੇ ਇਸ ਉਪਰੰਤ ਕੇਂਦਰ ਤੇ ਰਾਜਾਂ ਵਿਚ ਸਮੇਂ ਦੀਆਂ ਸਰਕਾਰਾਂ ਨੇ ਯਕੀਨੀ ਬਣਾਇਆ ਕਿ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਕੋਈ ਸਜ਼ਾ ਨਾ ਮਿਲੇ।ਉਹਨਾਂ ਕਿਹਾ ਕਿ ਹੈਰਾਨੀ ਇਹ ਵੀ ਹੈ ਕਿ ਰਾਹੁਲ ਗਾਂਧੀ ਹਾਲੇ ਵੀ ਇਹ ਪ੍ਰਵਾਨ ਕਰਨ ਲਈ ਤਿਆਰ ਨਹੀਂ ਕਿ ਉਹਨਾਂ ਦੀ ਪਾਰਟੀ ਦੇ ਆਗੂਆਂ ਨੇ 1984 ਵਿਚ ਸਿੱਖ ਕਤਲੇਆਮ ਕੀਤਾ।ਉਹਨਾਂ ਕਿਹਾ ਕਿ ਕਾਨੂੰਨ ਦੀ ਪਾਲਣਾ ਕਰਨ ਵਾਲਾ ਹਰ ਵਿਅਕਤੀ ਇਸ ਵਿਚ ਕਾਂਗਰਸ ਦੀ ਭੂਮਿਕਾ ਤੋਂ ਜਾਣੂ ਹੈ।

ਉਹਨਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਵਰਤਾਰਾ ਪੰਜਾਬ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ ਜਿਥੇ ਰਾਜ ਸਰਕਾਰ ਦੇ ਕੈਬਨਿਟ ਮੰਤਰੀ ਵੀ ਗਿਣੇ ਮਿਥੇ ਢੰਗ ਨਾਲ ਗੁਰੂ ਸਾਹਿਬਾਨ ਤੇ ਗੁਰਬਾਣੀ ‘ਤੇ ਹਮਲੇ ਬੋਲ ਰਹੇ ਹਨ।ਉਹਨਾਂ ਕਿਹਾ ਕਿ ਇਕ ਮੰਤਰੀ ਮਨਪ੍ਰੀਤ ਬਾਦਲ ਨੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਹੀ ਕਰਾਰ ਦੇ ਦਿੱਤਾ ਜਦਕਿ ਦੂਜੇ ਮੰਤਰੀ ਨੇ ਪਹਿਲੇ ਸਿੱਖ ਗੁਰੂ ਦੀ ਰਚਨਾ ਤੋੜ ਮਰੋੜ ਕੇ ਪੇਸ਼ ਕੀਤੀ।ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਸਿੱਖ ਭਾਈਚਾਰੇ ਤੇ ਪੰਥਕ ਸੰਸਥਾਵਾਂ ‘ਤੇ ਹਮਲੇ ਵਾਸਤੇ ਵਿਸ਼ੇਸ਼ ਹਦਾਇਤਾਂ ਆਪਣੀ ਲੀਡਰਸ਼ਿਪ ਨੂੰ ਜਾਰੀ ਕੀਤੀਆਂ ਹਨ।

ਸਿਰਸਾ ਨੇ ਕਾਂਗਰਸ ਪ੍ਰਧਾਨ ਨੂੰ ਚੇਤੇ ਕਰਵਾਇਆ ਕਿ ਸਿੱਖ ਕਦੇ ਵੀ ਆਪਣੇ ਗੁਰੂ ਸਾਹਿਬਾਨ ਖਿਲਾਫ ਕੁਝ ਵੀ ਬਰਦਾਸ਼ਤ ਨਹੀਂ ਕਰਦੇ ਤੇ ਕਾਂਗਰਸ ਦੀ ਇਸ ਪ੍ਰਚਾਰ ਮੁਹਿੰਮ ਨੂੰ ਠੱਪ ਕਰਵਾ ਦਿੱਤਾ ਜਾਵੇਗਾ।

print
Share Button
Print Friendly, PDF & Email