ਆਰਥਕ ਵਾਧਾ-ਦਰ: ਸਭ ਤੋਂ ਵੱਧ ਡਾ. ਮਨਮੋਹਨ ਸਿੰਘ ਦੇ ਸਮੇਂ ਦੌਰਾਨ ਰਹੀ!

ss1

ਆਰਥਕ ਵਾਧਾ-ਦਰ: ਸਭ ਤੋਂ ਵੱਧ ਡਾ. ਮਨਮੋਹਨ ਸਿੰਘ ਦੇ ਸਮੇਂ ਦੌਰਾਨ ਰਹੀ!

ਦੇਸ਼ ਦੀ ਆਰਥਕਤਾ ਦੀ ਵਾਧਾ ਦਰ ਦਾ ਅੰਕੜਾ 2006-2007 ਵਿੱਚ 10.08 ਪ੍ਰਤੀਸ਼ਤ ਰਿਹਾ, ਜੋ ਕਿ ਉਦਾਰੀਕਰਣ ਸ਼ੁਰੂ ਹੋਣ ਤੋਂ ਬਾਅਦ ਦਾ ਸਭ ਤੋਂ ਵੱਧ ਵਾਧੇ ਦਾ ਅੰਕੜਾ ਹੈ। ਇਹ ਅੰਕੜਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਕਾਰਜ-ਕਾਲ ਦੌਰਾਨ ਦਾ ਹੈ। ਇਹ ਜਾਣਕਾਰੀ ਅਧਿਕਾਰਤ ਅੰਕੜਿਆਂ ਵਿੱਚ ਦਿੱਤੀ ਗਈ। ਦਸਿਆ ਜਾਂਦਾ ਹੈ ਕਿ ਅਜ਼ਾਦੀ ਤੋਂ ਬਾਅਦ ਦੇ ਅੰਕੜਿਆਂ ਨੂੰ ਵੇਖਿਆ ਜਾਏ ਤਾਂ ਸਭ ਤੋਂ ਵੱਧ, 10.02 ਪ੍ਰਤੀਸ਼ਤ ਆਰਥਕ ਵਾਧਾ ਦਰ ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਕਾਲ (1988-1989) ਦੌਰਾਨ ਰਹੀ। ਨੈਸ਼ਨਲ ਸਟੈਟਿਕਸ ਕਮਿਸ਼ਨ ਵਲੋਂ ਗਠਿਤ ‘ਕਮੇਟੀ ਆਫ ਰੀਅਲ ਸੈਕਟਰ ਸਟੈਟਿਕਸ’ ਨੇ ਪਿਛਲੀ ਕੜੀ (2004-05) ਦੇ ਅਧਾਰ ਤੇ ਜੀਡੀਪੀ ਅੰਕੜਾ ਤਿਆਰ ਕੀਤਾ ਹੈ। ਇਹ ਰਿਪੋਰਟ ਸਟੈਟਿਕਸ ਅਤੇ ਪ੍ਰੋਗਰਾਮ ਤੇ ਅਮਲ ਕਰਨ ਵਾਲੇ ਵਿਭਾਗ ਦੀ ਵੈੱਬਸਾਈਟ ਤੇ ਜਾਰੀ ਕੀਤੀ ਗਈ ਹੈ। ਦਸਿਆ ਜਾਂਦਾ ਹੈ ਕਿ ਇਸ ਆਰਥਕ ਵਾਧਾ ਦਰ ਦੇ ਆਮ ਲੋਕਾਂ ਦੀ ਚਰਚਾ ਵਿੱਚ ਆ ਜਾਣ ਤੇ ਇਸ ਜਾਣਕਾਰੀ ਨੂੰ ਸੰਬੰਧਤ ਸਰਕਾਰੀ ਵੈੱਬਸਾਈਟ ਤੋਂ ਹਟਾ ਦਿੱਤਾ ਗਿਆ ਹੈ।
ਦਾਗੀ ਨੇਤਾ ਬਨਾਮ ਚੋਣਾਂ : ਭਾਰਤ ਸਰਕਾਰ ਨੇ ਅਟਾਰਨੀ ਜਨਰਲ ਕੇਕੇ ਵੇਣੂਗੋਪਾਲ ਰਾਹੀਂ ਸੁਪ੍ਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਵਲੋਂ ਪੁਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਸਨੂੰ ਦਸਿਆ ਕਿ ਕਿਸੇ ਵੀ ਦਾਗੀ ਨੇਤਾ ਨੂੰ ਚੋਣ ਲੜਨ ਤੋਂ ਵਾਝਿਆਂ ਕਰਨਾ, ਅਸੰਵਿਧਾਨਕ ਤੇ ਗੈਰ-ਕਾਨੂੰਨੀ ਹੋਵੇਗਾ, ਕਿਉਂਕਿ ਸੰਵਿਧਾਨ ਵਿੱਚ ਇਹ ਪ੍ਰਾਵਧਾਨ ਹੈ ਕਿ ਦੋਸ਼ੀ ਠਹਿਰਾ, ਸਜ਼ਾ ਦਿੱਤੇ ਜਾਣ ਤਕ ਹਰ ਵਿਅਕਤੀ ਬੇਗੁਨਾਹ ਮੰਨਿਆ ਜਾਂਦਾ ਹੈ। ਦਸਿਆ ਜਾਂਦਾ ਹੈ ਕਿ ਸੁਪ੍ਰੀਮ ਕੋਰਟ ਦਾ ਇਹ ਬੈਂਚ ਦੋਸ਼ੀ ਨੇਤਾਵਾਂ ਨੂੰ ਚੋਣਾਂ ਲੜਨ ਤੋਂ ਵਾਂਝਿਆ ਕੀਤੇ ਜਾਣ ਦੀਆਂ ਅਪੀਲਾਂ ਪੁਰ ਵਿਚਾਰ ਕਰ ਰਿਹਾ ਹੈ। ਬੈਂਚ ਨੇ ਸਵਾਲ ਕੀਤਾ ਸੀ ਕਿ ਕੀ ਚੋਣ ਕਮਿਸ਼ਨ ਆਪ ਆਪਣੇ ਫਾਰਮ 6-ਏ ਵਿੱਚ ਇਹ ਵਾਧੂ ਪ੍ਰਾਵਧਾਨ ਕਰ ਸਕਦਾ ਹੈ ਕਿ ਜੇ ਪਾਰਟੀ ਕਿਸੇ ਅਪਰਾਧਕ ਪਿਛੋਕੜ ਵਾਲੇ ਵਿਅਕਤੀ ਨੂੰ ਚੋਣ ਮੈਦਾਨ ਵਿੱਚ ਉਤਾਰਦੀ ਹੈ ਤਾਂ ਚੋਣ ਕਮਿਸ਼ਨ ਵਲੋਂ ਉਸਨੂੰ ਸੰਬੰਧਤ ਪਾਰਟੀ ਦਾ ਚੋਣ ਚਿੰਨ੍ਹ ਨਹੀਂ ਦਿੱਤਾ ਜਾਇਗਾ। ਇਸ ਸੁਆਲ ਦੇ ਜਵਾਬ ਵਿੱਚ ਅਟਾਰਨੀ ਜਨਰਲ ਨੇ ਕਿਹਾ ਕਿ ਨੇਤਾਵਾਂ ਦੀ ਅਯੋਗਤਾ ਦੇ ਸੰਬੰਧ ਵਿੱਚ ਸੰਵਿਧਾਨ ਅਤੇ ਜਨ-ਪ੍ਰਤੀਨਿਧ ਕਾਨੂੰਨ-1950 ਵਿੱਚ ਵਿਸਥਾਰਤ ਪ੍ਰਾਵਧਾਨ ਹਨ। ਇਨ੍ਹਾਂ ਤੋਂ ਇਲਾਵਾ ਕਿਸੇ ਹੋਰ ਢੰਗ ਨਾਲ ਉਨ੍ਹਾਂ ਨੂੰ ਅਯੋਗ ਨਹੀਂ ਠਹਿਰਾਇਆ ਜਾ ਸਕਦਾ। ਸੁਪ੍ਰੀਮ ਕੋਰਟ ਵਲੋਂ ਵੀ ਇਸ ਸੰਬੰਧ ਵਿੱਚ ਕੋਈ ਆਦੇਸ਼ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਜੋ ਸੰਵਿਧਾਨ (ਕਾਨੂੰਨ) ਵਿੱਚ ਨਹੀਂ, ਉਸਨੂੰ ਅਦਾਲਤੀ ਆਦੇਸ਼ ਰਾਹੀਂ ਲਾਗੂ ਨਹੀਂ ਕਰਵਾਇਆ ਜਾ ਸਕਦਾ।
ਵਿਅੰਗ ਵੀ ਇੱਕ ਕਲਾ: ਵਿਅੰਗਕਾਰ ਉਰਮਿਲ ਥਪਲਿਆਲ ਨੇ ਦਸਿਆ ਕਿ ਬੀਤੇ ਦਿਨੀਂ ਇੱਕ ਚਰਚਾ ਦੌਰਾਨ ਇੱਕ ਗੰਭੀਰ ਅਤੇ ਚਿੜਚਿੜੇ ਜਿਹੇ ਅਲੋਚਕ ਨੇ ਕਿਹਾ ਕਿ ਵਿਅੰਗ ਵਿੱਚਲੀ ਛੁਪੀ ਚੁਟਕੀ, ਚੂੰਢੀ ਅਤੇ ਖਿਚਾਈ ਦਾ ਬੜਬੋਲਾਪਨ ਉਸਨੂੰ ਪਤ੍ਰਕਾਰਤਾ ਦੇ ਨੇੜੇ ਲੈ ਆਂਦਾ ਹੈ। ਜੁਮਲੇਬਾਜ਼ੀ ਤਾਂ ਹੁਣ ਰਾਜਨੀਤੀ ਦਾ ਹਿਸਾ ਬਣ ਕੇ ਰਹਿ ਗਈ ਹੈ ਤੇ ਵਿਅੰਗ ਦੀ ਨਿਊਸੈਂਸ ਵੈਲਯੂ ਰਾਜਸੀ ਦਲਾਂ ਕੋਲ ਚਲੀ ਗਈ ਹੈ। ਉਸਦਾ ਕਹਿਣਾ ਸੀ ਕਿ ਗੁੰਡਈ ਹੁਣ ਥਾਣਿਆਂ ਵਿੱਚ ਹੋਣ ਲਗੀ ਹੈ। ਉਂਜ ਉਥੇ (ਥਾਣਿਆਂ ਵਿੱਚ) ਪਹਿਲਾਂ ਵੀ ਕਿਹੜਾ ‘ਕੀਰਤਨ’ ਹੁੰਦਾ ਸੀ? ਸਿਆਣਿਆਂ ਦਾ ਕਹਿਣਾ ਹੈ ਕਿ ਰਾਜਨੀਤੀ ਵਿੱਚ ਜੋ ਕੁਝ ਹੋ ਰਿਹਾ ਹੈ, (ਪ੍ਰਧਾਨ ਮੰਤਰੀ ਦੇ ਲਾਲ ਕਿਲੇ ਪੁਰ ਦਿੱਤੇ ਭਾਸ਼ਣ ਦੇ ਇੱਕ ਅੰਸ਼ ਅਨੁਸਾਰ) ਉਹ ਸੁਤੇ ਹਾਥੀ ਦੇ ਜਾਗ ਜਾਣ ਕਰਕੇ ਹੀ ਹੋ ਰਿਹਾ ਹੈ। ਵਿਅੰਗ ਵਿੱਚ ਗੰਭੀਰਤਾ ਨੂੰ ‘ਦੋਸ਼’ ਮੰਨਿਆ ਜਾਂਦਾ ਹੈ। ਫਿਰ ਵੀ ਸਾਰੇ ਵਿਅੰਗਕਾਰ ਚਾਹੁੰਦੇ ਹਨ ਕਿ ਲੋਕੀ ਉਨ੍ਹਾਂ ਦੀਆਂ ਗਲਾਂ-ਲਿਖਤਾਂ ਨੂੰ ਗੰਭੀਰਤਾ ਨਾਲ ਲੈਣ। ਸੱਚ ਤਾਂ ਇਹ ਵੀ ਹੈ ਕਿ ਜਿਵੇਂ ਬੀਰਬਲ ਬਾਦਸ਼ਾਹ ਨਹੀਂ ਹੋ ਸਕਦਾ, ਉਸੇ ਤਰ੍ਹਾਂ ਵਿਅੰਗ ਵੀ ਕਦੀ ਇਸ਼ਤਿਹਾਰ ਨਹੀਂ ਹੋ ਸਕਦਾ। ਵਿਅੰਗ ਤਾਂ ਜੀਵਨ ਵਾਂਗ ਪਲ ਭਰ ਦੇ ਨੇਤਾਵਾਂ ਦੇ ਵਾਇਦਿਆਂ ਵਾਂਗ ਨਾਸ਼ਵਾਨ ਹੈ। ਜਿਸ ਸਰਕਸ ਵਿੱਚ ਜੋਕਰ ਨਾ ਹੋਵੇ, ਉਹ ਨਹੀਂ ਚਲਦਾ। ਹਰ ਅਕਬਰ ਨੂੰ ਇੱਕ ਅਦਦ ਬੀਰਬਲ ਤਾਂ ਚਾਹੀਦਾ ਹੀ ਹੈ। ਵਿਅੰਗ ਤਾਂ ਸਾਹਿਤ ਦੀ ਲਟਕਣ ਹੈ। ਮੁਿਦਆਂ ਦੀ ਸੰਸਦ ਵਿੱਚ ਵੀ ਕਈ ਬਿਲ ਲਟਕੇ ਰਹਿੰਦੇ ਹਨ। ਇਹ ਤੈਅ ਹੈ ਕਿ ਕਿਸੇ ਦੀ ਪ੍ਰਸ਼ੰਸਾ ਵਿੱਚ ਵਿਅੰਗ ਨਹੀਂ ਲਿਖਿਆ ਜਾ ਸਕਦਾ। ਇਹ ਕਲਾ ਤਾਂ ਕਿਸੇ ਨੂੰ ਜ਼ਲੀਲ ਕਰਨ ਦੇ ਹੀ ਕੰਮ ਆਉਂਦੀ ਹੈ। ਕੁਝ ਖਿਝੇ ਹੋਏ ਲੇਖਕਾਂ ਦਾ ਕਹਿਣਾ ਹੈ ਕਿ ਵਿਅੰਗ ਅਜਿਹੀ ਖਟਕਣੀ ਕਲਾ ਹੈ, ਜੋ ਰਾਜਸੀ ਤੇ ਸਮਾਜਕ ਗਲਤੀਆਂ ਅਤੇ ਅਣਗਹਿਲੀਆਂ ਦੀ ਪਰਖ ਨਲੀ ਵਿਚੋਂ ਪੈਦਾ ਹੋਈ ਹੈ। ਕਿਹੜਾ ਮਾਈ ਦਾ ਲਾਲ ਹੈ, ਜਿਸਨੇ ਕਦੀ ਬੋਤਲ ਦਾ ਦੁੱਧ ਨਾ ਪੀਤਾ ਹੋਵੇ? ਵਿਅੰਗ ਤਾਂ ਉਹ ਤੀਜਾ ਮੋਰਚਾ ਹੈ, ਜਿਸਦੀ ਕਿਸਮਤ ਵਿੱਚ ਮਹਾਗਠਬੰਧਨ ਦੀਆਂ ਢਿਲੀਆਂ ਗੰਢਾਂ ਹੀ ਲਿਖੀਆਂ ਹੁੰਦੀਆਂ ਹਨ। ਉਂਜ ਵੀ, ਇਹ ਕਮਜ਼ੋਰਾਂ ਦਾ ਹੀ ਹਥਿਆਰ ਹੈ। ਸੰਪਾਦਕੀ ਵਿੱਚ ਚੁਟਕਲਾ ਅਤੇ ਰਾਜਨੀਤੀ ਵਿੱਚ ਮਸਖਰਾਪਨ ਨਾ ਹੋਵੇ, ਤਾਂ ਫਬਦਾ ਨਹੀਂ। ਜਿਸਤਰ੍ਹਾਂ ਨੇਤਾਵਾਂ ਦੇ ਭਾਸ਼ਣ ਵਿੱਚ ਲੋਕ-ਕਲਿਆਣ ਦੀਆਂ ਗਲਾਂ ਚੰਗੀਆਂ ਨਹੀਂ ਲਗਦੀਆਂ, ਉਸੇ ਤਰ੍ਹਾਂ ਵਿਅੰਗ ਵਿੱਚ ਸ਼ਾਲੀਨਤਾ ਉਧਾਰ ਦੀ ਜੁੱਤੀ ਲਗਦੀ ਹੈ। ਪ੍ਰਤਿਸ਼ਠਾ ਗੁਆ ਰਹੀ ਸੱਤਾ ਅਤੇ ਵਿਵਸਥਾ ਵਿੱਚ ਵਿਅੰਗ ਸਿਰ ਚੜ੍ਹ ਕੇ ਬੋਲਦਾ ਹੈ। ਵਿਅੰਗ ਸੱਚ ਨਹੀਂ ਬੋਲਦਾ ਪਰ ਝੂਠ ਦੀ ਗਲ ਤੇ ਤਮਾਂਚੇ (ਥਪੜ) ਜ਼ਰੂਰ ਜੜਦਾ ਹੈ। ਹਰ ਕੋਈ ਮੰਨਦਾ ਹੈ ਕਿ ਹਰ ਬਿਲ (ਵਿਧੇਅਕ) ਦੀ ਕਿਸਮਤ ਵਿੱਚ ਪਾਸ ਹੋ, ਕਾਨੂੰਨ ਬਣਨਾ ਜ਼ਰੂਰੀ ਨਹੀਂ ਲਿਖਿਆ ਹੁੰਦਾ।
ਵਾਜਪਾਈ ਬਨਾਮ ਸੋਨੀਆ : ਰਾਜੀਵ ਗਾਂਧੀ ਦੀ ਹਤਿਆ ਤੋਂ ਬਾਅਦ ਜਿਥੇ ਇਕ ਪਾਸੇ ਸਾਰੀਆਂ ਕਾਂਗ੍ਰਸ-ਵਿਰੋਧੀ ਸ਼ਕਤੀਆਂ ਸੋਨੀਆ ਗਾਂਧੀ ਨੂੰ ਵਿਦੇਸ਼ੀ ਕਰਾਰ ਦੇ, ਰਾਜਨੀਤੀ ਵਿਚੋਂ ਹੀ ਨਹੀਂ, ਸਗੋਂ ਦੇਸ਼ ਵਿੱਚੋਂ ਵੀ ਬਾਹਰ ਧਕ ਦੇਣ ਤੇ ਉਤਰੀਆਂ ਹੋਈਆਂ ਸਨ। ਉਥੇ ਹੀ ਦੂਸਰੇ ਪਾਸੇ ਕਾਂਗ੍ਰਸ ਪਾਰਟੀ ਦੇ ਆਗੂਆਂ ਦਾ ਵੀ ਇੱਕ ਵਰਗ ਉਨ੍ਹਾਂ ਵਿਰੁਧ ਖੜਾ ਹੋ ਗਿਆ ਹੋਇਆ ਸੀ। ਦਸਿਆ ਗਿਆ ਹੈ ਕਿ ਉਸ ਸਮੇਂ ਜੇ ਕਿਸੇ ਨੇ ਖੁਲ੍ਹ ਕੇ ਸੋਨੀਆ ਗਾਂਧੀ ਦਾ ਸਾਥ ਦਿੱਤਾ ਤਾਂ ਉਹ ਅਟਲ ਬਿਹਾਰੀ ਵਾਜਪਾਈ ਹੀ ਸਨ। ਇਸ ਗਲ ਦਾ ਖੁਲਾਸਾ ਕਿਸੇ ਹੋਰ ਨੇ ਨਹੀਂ, ਸਗੋਂ ਵਾਜਪਾਈ ਜੀ ਨੇ ਆਪ ਕੀਤਾ ਸੀ। ਜਦੋਂ ਵਿਦੇਸ਼ੀ ਕਰਾਰ ਦੇ ਸੋਨੀਆ ਗਾਂਧੀ ਨੂੰ ਦੇਸ਼-ਬਦਰ ਕਰ ਦੇਣ ਦੀਆਂ ਸਰਗਰਮੀਆਂ ਜ਼ੋਰ ਪਕੜ ਰਹੀਆਂ ਸਨ, ਉਨ੍ਹਾਂ ਹੀ ਦਿਨਾਂ ਵਿੱਚ ਜਦੋਂ ਮੀਡੀਆ ਨੇ ਵਾਜਪਾਈ ਜੀ ਤੋਂ ਪੁਛਿਆ ਕਿ ਉਹ ਸੋਨੀਆ ਦੇ ਵਿਦੇਸ਼ੀ ਮੂਲ ਦੇ ਮਾਮਲੇ ਤੇ ਚੁਪ ਕਿਉਂ ਹਨ? ਤਾਂ ਉਨ੍ਹਾਂ ਬਹੁਤ ਹੀ ਭਰੇ ਹੋਏ ਦਿਲ ਨਾਲ ਜਵਾਬ ਦਿੱਤਾ ਕਿ ਅਸੀਂ ਉਨ੍ਹਾਂ ਨੂੰ ਵਿਦੇਸ਼ੀ ਕਿਵੇਂ ਕਹਿ ਸਕਦੇ ਹਾਂ? ਤਕਨੀਕੀ ਰੂਪ ਵਿੱਚ ਤਾਂ ਹੁਣ ਉਹ ਵਿਦੇਸ਼ੀ ਨਹੀਂ, ਭਾਰਤ ਦੀ ਨਾਗਰਿਕ ਹਨ। ਇਸ ਤੋਂ ਬਿਨਾਂ ਵੀ ਕੁਝ ਧਰਮ ਹੈ, ਜਿਸਦਾ ਪਾਲਣ ਜਿਸਤਰ੍ਹਾਂ ਸੋਨੀਆ ਜੀ ਨੇ ਕੀਤਾ ਹੈ, ਕੋਈ ਹੋਰ ਨਹੀਂ ਕਰ ਸਕਦਾ, ਜੇ ਕਰਦਾ ਤਾਂ ਉਹ ਢਿੰਡੋਰਾ ਜ਼ਰੂਰ ਪਿਟਦਾ, ਪਰ ਉਹ ਅੱਜ ਤਕ ਚੁਪ ਹਨ। ਵਾਜਪਾਈ ਜੀ ਨੇ ਦਸਿਆ ਕਿ ਉਹ ਬੀਮਾਰ ਸਨ, ਇਲਾਜ ਲਈ ਅਮਰੀਕਾ ਜਾਣ ਦੀ ਲੋੜ ਸੀ, ਪਰ ਪੈਸਿਆਂ ਦੀ ਘਾਟ ਸੀ। ਉਸ ਸਮੇਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸਨ। ਕਿਸੇ ਤਰ੍ਹਾਂ ਉਨ੍ਹਾਂ (ਵਾਜਪਾਈ ਜੀ) ਦੀ ਬੀਮਾਰੀ ਦਾ ਉਨ੍ਹਾਂ (ਰਾਜੀਵ ਜੀ) ਨੂੰ ਪਤਾ ਚਲ ਗਿਆ। ਉਨ੍ਹਾਂ ਦਾ ਹਾਲ ਪਤਾ ਕਰਨ ਲਈ ਰਾਜੀਵ ਗਾਂਧੀ ਨੇ ਦੋ ਵਾਰ ਸੋਨੀਆ ਗਾਂਧੀ ਨੂੰ ਉਨ੍ਹਾਂ ਦੇ ਘਰ ਭੇਜਿਆ। ਫਿਰ ਬਹਾਨੇ ਨਾਲ ਵਿਦੇਸ਼ ਇਲਾਜ ਕਰਵਾਣ ਲਈ ਵੀ ਭੇਜ ਦਿਤਾ। ਪਰ ਦੋਹਾਂ ਵਿਚੋਂ ਕਿਸੇ ਨੇ ਵੀ ਅਜ ਤਕ ਇਸ ਸੰਬੰਧ ਵਿੱਚ ਕਦੀ ਇੱਕ ਵੀ ਸ਼ਬਦ ਨਹੀਂ ਕਿਹਾ। ਵਾਜਪਾਈ ਜੀ ਨੇ ਕਿਹਾ ਕਿ ਉਹ ਇਸ ਗਲ ਨੂੰ ਕਿਵੇਂ ਭੁਲਾ ਤੇ ਸੋਨੀਆ ਗਾਂਧੀ ਨੂੰ ਵਿਦੇਸ਼ੀ ਕਹਿ ਸਕਦੇ ਹਨ? ਉਨ੍ਹਾਂ ਇਹ ਵੀ ਕਿਹਾ ਕਿ ਦੁਖ ਦੀ ਗਲ ਤਾਂ ਇਹ ਹੈ ਕਿ ਅਜਿਹੇ ਰਿਸ਼ਤੇ ਰਾਜਨੀਤੀ ਅਤੇ ਸਮਾਜ ਵਿਚੋਂ ਲੁਪਤ ਹੁੰਦੇ ਜਾ ਰਹੇ ਹਨ।
…ਅਤੇ ਅੰਤ ਵਿੱਚ : ਇਨ੍ਹਾਂ ਹੀ ਦਿਨਾਂ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੰਭੀਰ ਹੋ ਰਹੀ ਆਰਥਕ ਸਥਿਤੀ ਨੂੰ ਲੈ ਕੇ ਗੁਰਦੁਆਰਾ ਕਮੇਟੀ ਦੇ ਸਾਬਕਾ ਅਤੇ ਵਰਤਮਾਨ ਸੱਤਾਧਾਰੀਆਂ ਵਿੱਚ ਜੋ ਜ਼ਬਾਨੀ ਜੰਗ ਸ਼ੁਰੂ ਹੋਈ ਹੈ, ਉਸਨੇ ਕਿਸੇ ਇੱਕ ਜਾਂ ਦੂਜੀ ਧਿਰ ਦੀ ਹੀ ਨਹੀਂ, ਸਗੋਂ ਸਮੁਚੇ ਰੂਪ ਵਿੱਚ ਸਿੱਖ ਜਗਤ ਦੀ ਸਥਿਤੀ ਨੂੰ ਹਾਸੋਹੀਣਾ ਬਣਾ ਕੇ ਰਖ ਦਿੱਤਾ ਹੈ। ਜੋ ਧਿਰ ਇਹ ਮੰਨ ਕੇ ਚਲ ਰਹੀ ਹੈ ਕਿ ਆਮ ਲੋਕੀ ਉਸਦੇ ਪੱਖ ਨੂੰ ਸਵੀਕਾਰ ਕਰ ਰਹੇ ਹਨ? ਤਾਂ ਉਹ ਬਹੁਤ ਭਾਰੀ ਗਲਤਫਹਿਮੀ ਦੀ ਸ਼ਿਕਾਰ ਹੈ। ਕਿਉਂਕਿ ਇਸ ਦੋਸ਼ ਅਤੇ ਪ੍ਰਤੀ ਦੋਸ਼ ਕੇ ਸਿਲਸਿਲੇ ਨੇ ਆਮ ਲੋਕਾਂ ਤਕ ਇਹ ਸੰਦੇਸ਼ ਪਹੁੰਚਾ ਦਿੱਤਾ ਹੈ ਕਿ ਇਸ ਹਮਾਮ ਵਿੱਚ ਦੋਵੇਂ ਹੀ ਨੰਗੇ ਹਨ। ਆਪੋ-ਆਪਣੇ ਨੰਗੇਜ ਨੂੰ ਛੁਪਾਣ ਲਈ ਦੂਜੇ ਦੇ ਨੰਗਿਆਂ ਹੋਣ ਦਾ ਸ਼ੋਰ ਮਚਾ ਰਹੇ ਹਨ।

ਜਸਵੰਤ ਸਿੰਘ ‘ਅਜੀਤ’
+ 91 95 82 71 98 90
jaswantsinghajit@gmail.com

print
Share Button
Print Friendly, PDF & Email

Leave a Reply

Your email address will not be published. Required fields are marked *