ਯੂਕੇ ਦੇ ਪਹਿਲੇ ਸਿੱਖ ਐਮਪੀ ਢੇਸੀ ਦੀ ਪੰਜਾਬ ਵਿਚਲੀ ਜੱਦੀ ਜ਼ਮੀਨ ‘ਤੇ ਕਬਜ਼ਾ

ss1

ਯੂਕੇ ਦੇ ਪਹਿਲੇ ਸਿੱਖ ਐਮਪੀ ਢੇਸੀ ਦੀ ਪੰਜਾਬ ਵਿਚਲੀ ਜੱਦੀ ਜ਼ਮੀਨ ‘ਤੇ ਕਬਜ਼ਾ

ਜਲੰਧਰ: ਬ੍ਰਿਟੇਨ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਦੀ ਪੰਜਾਬ ਵਿਚਲੀ ਜੱਦੀ ਜਾਇਦਾਦ ‘ਤੇ ਕਬਜ਼ਾ ਹੋ ਗਿਆ ਹੈ। ਇਸ ਮਸਲੇ ਦੇ ਹੱਲ ਲਈ ਉਹ ਪੰਜਾਬ ਆਏ ਹਨ। ‘ਏਬੀਪੀ’ ਸਾਂਝਾ ਨਾਲ ਗੱਬਾਤ ਕਰਦਿਆਂ ਉਨ੍ਹਾਂ ਪੰਜਾਬ ਸਰਕਾਰ ਨੂੰ ਮਦਦ ਦੀ ਅਪੀਲ ਵੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਲੰਡਨ ਵਿੱਚ ਹੋਈ ‘ਰੈਫਰੰਡਮ 2020’ ਰੈਲੀ ‘ਤੇ ਆਪਣਾ ਤੇ ਯੂਕੇ ਸਰਕਾਰ ਦਾ ਪੱਖ ਵੀ ਰੱਖਿਆ ਤੇ ਆਪ੍ਰੇਸ਼ਨ ਬਲੂ ਸਟਾਰ ਵਿੱਚ ਬਰਤਾਨੀਆ ਦੀ ਭੂਮਿਕਾ ਉਜਾਗਰ ਕਰਨ ਲਈ ਯਤਨਸ਼ੀਲ ਰਹਿਣ ਦੀ ਗੱਲ ਵੀ ਕਹੀ।

ਤਨਮਨਜੀਤ ਸਿੰਘ ਖ਼ੁਦ ਪੰਜਾਬ ਵਿੱਚ ਪ੍ਰਵਾਸੀ ਪੰਜਾਬੀਆਂ ਦੀਆਂ ਜ਼ਮੀਨਾਂ ਦੇ ਮੁੱਦੇ ਚੁੱਕਦੇ ਰਹੇ ਹਨ। ਢੇਸੀ ਨੇ ‘ਏਬੀਪੀ ਸਾਂਝਾ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਪਰਿਵਾਰ ਨੇ ਵੀ ਕਬਜ਼ੇ ਖਿਲਾਫ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਸ਼ਾਸਨ ‘ਤੇ ਪੂਰੀ ਆਸ ਹੈ ਕਿ ਨਿਆਂ ਮਿਲੇਗਾ। ਢੇਸੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਮਸਲੇ ਬਾਰੇ ਆਵਾਜ਼ ਚੁੱਕਣ ਵਿੱਚ ਸਮਰੱਥ ਹਨ ਤੇ ਉਹ ਇਸ ਦੀ ਪੂਰੀ ਪੈਰਵੀ ਕਰਨਗੇ।

ਢੇਸੀ ਨੇ ‘ਏਬੀਪੀ ਸਾਂਝਾ’ ਨੂੰ ਬੀਤੀ 12 ਅਗਸਤ ਨੂੰ ਹੋਈ ‘ਰੈਫਰੰਡਮ 2020’ ਰੈਲੀ ਬਾਰੇ ਦੱਸਿਆ ਕਿ ਯੂਕੇ ਵਿੱਚ ਸਾਰਿਆਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਜਨਤਾ ਤੈਅ ਕਰੇਗੀ ਕਿ ਉਹ ਰੈਫਰੰਡਮ ਦੇ ਹੱਕ ਵਿੱਚ ਹੈ ਜਾਂ ਨਹੀਂ। ਹਾਲਾਂਕਿ, ਢੇਸੀ ਨੇ ਕਿਹਾ ਕਿ ਦੇਸ਼ ਦੀ ਤਰੱਕੀ ਦੀਆਂ ਗੱਲਾਂ ਨੂੰ ਤਰਜੀਹ ਦੇਣੀ ਚਾਹੀਦੀ। ਉਨ੍ਹਾਂ ਕਿਹਾ ਕਿ ਨਸ਼ੇ ਨਾਲ ਵੀ ਦੇਸ਼ ਦੀਆਂ ਨੌਜਵਾਨ ਪੀੜ੍ਹੀਆਂ ਨੂੰ ਤੋੜਿਆ ਜਾ ਰਿਹਾ ਹੈ।

ਯੂਕੇ ਦੇ ਐਮਪੀ ਨੇ ਪੰਜਾਬ ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਬਾਰੇ ਕੈਪਟਨ ਸਰਕਾਰ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਸੇ ਪਾਰਟੀ ਦਾ ਨਾਂ ਲਏ ਬਗ਼ੈਰ ਕਿਹਾ ਕਿ ਵੱਖ-ਵੱਖ ਸਮੇਂ ਕਈ ਪਾਰਟੀਆਂ ਨੇ ਆਪਣੇ ਪੰਥਕ ਹੋਣ ਦਾ ਦਾਅਵਾ ਕੀਤਾ ਸੀ। ਵਿਦੇਸ਼ਾਂ ਵਿੱਚ ਦਸਤਾਰ ਦੀ ਬੇਅਦਬੀ ਬਾਰੇ ਢੇਸੀ ਨੇ ‘ਏਬੀਪੀ ਸਾਂਝਾ’ ਨੂੰ ਦੱਸਿਆ ਕਿ ਮੇਰੇ ਮਹਿਮਾਨਾਂ ਦੀ ਵੀ ਯੂਕੇ ਵਿੱਚ ਦਸਤਾਰ ਲਾਹ ਦਿੱਤੀ ਗਈ ਸੀ। ਹਾਲਾਂਕਿ, ਇਸ ਘਟਨਾ ‘ਤੇ ਯੂਕੇ ਦੀ ਪਾਰਲੀਮੈਂਟ ਵਿੱਚ ਮੁਆਫੀ ਵੀ ਮੰਗੀ ਗਈ ਸੀ।

ਦੇਸ਼ ਦੇ ਵਧ ਰਹੀਆਂ ਮੌਬ ਲਿੰਚਿੰਗ ਤੇ ਬਲਾਤਕਾਰ ਦੀਆਂ ਘਟਨਾਵਾਂ ਬਾਰੇ ਢੇਸੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਦੁਨੀਆ ਵਿੱਚ ਭਾਰਤ ਦਾ ਅਕਸ ਖਰਾਬ ਹੁੰਦਾ ਤੇ ਬਲਾਤਕਾਰ ਦੇ ਮਾਮਲਿਆਂ ਕਾਰਨ ਸੈਰ-ਸਪਾਟੇ ‘ਤੇ ਬਹੁਤ ਅਸਰ ਪੈਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਘੱਟ ਗਿਣਤੀਆਂ ਨਾਲ ਵਿਤਕਰੇ ਕਾਰਨ ਮਾੜਾ ਸੰਦੇਸ਼ ਜਾਂਦਾ ਹੈ।

ਪੰਜਾਬ ਤੇ ਯੂਕੇ ਦਰਮਿਆਨ ਵਧੇ ਹਵਾਈ ਸੰਪਰਕ ਬਾਰੇ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਬਰਮਿੰਘਮ ਤੋਂ ਅੰਮ੍ਰਿਤਸਰ ਦੀ ਸਿੱਧੀ ਉਡਾਣ ਬੇਹੱਦ ਕਾਮਯਾਬ ਰਹੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਲੰਡਨ ਦੀ ਫਲਾਇਟ ਵੀ ਜਲਦ ਸ਼ੁਰੂ ਹੋ ਸਕਦੀ ਹੈ, ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ਦੇ ਸੈਰ ਸਪਾਟੇ ਨੂੰ ਹੁਲਾਰਾ ਮਿਲੇਗਾ।

print
Share Button
Print Friendly, PDF & Email