ਵੋਟਰ ਗਰੀਬ ਤੇ ਨੇਤਾ ਅਮੀਰ ਹੀ ਭਾਰਤੀ ਲੋਕਤੰਤਰ ਹੈ

ss1

ਵੋਟਰ ਗਰੀਬ ਤੇ ਨੇਤਾ ਅਮੀਰ ਹੀ ਭਾਰਤੀ ਲੋਕਤੰਤਰ ਹੈ

ਕੁੱਤੇ ਖਾਂਦੇ ਮੁਰਗ ਮੁਸੱਲਮ, ਮਿਹਨਤੀਆਂ ਲਈ ਸੁੱਕੀ ਰੋਟੀ,
ਭਾਗ ਚਮਕਦੇ ਲੁੱਟਖੋਰਾਂ ਦੇ, ਇੰਡੀਆਂ ਦੀ ਕਿਸਮਤ ਖੋਟੀ।
”ਕਹਿੰਦੇ ਨੇ ਕਿ ਸੇਵਾ ਕਰਾਂਗੇ ਤੇ ਤੁਹਾਡੇ ਕੋਲੋਂ ਖੋਹ ਕੇ ਆਪਣੀਆਂ ਕੋਠੀਆਂ ਭਰਾਂਗੇ” ਕੋਠੀਆਂ ਭਰਾਂਗੇ ਦੀ ਆਸ ਲੈ ਕੇ ਹੋ ਰਹੀਆਂ ਚੋਣਾਂ ‘ਤੇ ਪੂਰਾ ਸਮਾਜ ਦਾ
ਕਿੰਨਾਂ ਖਰਚ ਹੁੰਦਾ ਹੈ ਤੇ ਉਸ ਦਾ ਬੋਝ ਕਿਸ ‘ਤੇ ਪੈਂਦਾ ਹੈ ਦੀ ਸੋਚ ਮਨ ਵਿੱਚ ਲਿਆਉਂਣਾ ਜਾਂ ਇਸ ਗੰਭੀਰ ਵਿਸ਼ੇ ‘ਤੇ ਵਿਚਾਰ ਕਰਨਾ ਤਾਂ ਕਿਸੇ ਦੇ ਧਿਆਨ ਵਿੱਚ ਹੀ ਨਹੀਂ ਆਉਂਦਾ। ਪਰ ਅੱਜ ਫ਼ੋਕੀ ਚੌਧਰ ਦੀ ਬਹਿਜਾ-ਬਹਿਜਾ ਦੇਖ ਕੇ ਹਰ ਕੋਈ ਆਪਣੇ ਬੱਚੇ ਨੂੰ ਨੇਤਾ ਜਾਂ ਗੁੰਡਾ ਬਦਮਾਸ਼ ਬਣਾਉਂਣ ਵਿੱਚ ਹੀ ਫ਼ਖ਼ਰ ਮਹਿਸੂਸ ਕਰਦਾ ਹੈ। ਇਸ ਵਿੱਚ ਹੀ ਉਹ ਆਪਣਾ ਮਾਣ ਸਮਝਦਾ ਹੈ। ਅੱਜ ਸਾਡੇ ਸਮਾਜ ਲਈ ਇਹ ਕਿੰਨੀ ਤਰਾਸਦੀ ਦੀ ਗੱਲ ਹੈ ਕਿ ਅੱਜ ਦੇ ਮਾਂ-ਬਾਪ ਆਪਣੇ ਕੁੱਕੜੀ-ਘੜੈਂ ਨੂੰ ਇਨਸਾਨ ਬਣਨ ਦੀ ਬਜਾਇ ਨੇਤਾ ਬਣਨ ਦੀ ਗੁੜਤੀ ਪਿਲਾਉਂਣ ਵਿੱਚ ਜ਼ਿਆਦਾ ਫ਼ਖਰ ਮਹਿਸੂਸ ਕਰਦੇ ਹਨ। ਅਜਿਹੀ ਸੋਚ ਹੀ ਲੋਕਤੰਤਰ ਨੂੰ ਢਾਅ
ਲਾਉਣ ਲਈ ਜੁੰਮੇਵਾਰ ਹੈ।
ਸਾਰਾ ਕੁਝ ਮੈਨੂੰ ਮਿਲ ਜਾਏ। ਮੈਂ ਦੁਨੀਆਂ ਦਾ ਮਾਲਕ ਹੋ ਜਾਵਾਂ। ਫਿਰ ਜਿਸ ਮਾਲਕ ਨੇ ਭੇਜਿਆ ਹੈ ਉਸ ਨੂੰ ਵੀ ਭੁੱਲ ਜਾਣਾ ਕਿੰਨਾਂ ਵੱਡਾ ਚਿੰਤਾ ਦਾ ਵਿਸ਼ਾ ਬਣਦਾ ਹੈ। ‘ਲੁੱਚਾ ਲੰਡਾ ਚੌਧਰੀ, ਗੁੰਡੀ ਰੰਨ ਪ੍ਰਧਾਨ’ ਜਿਹੀ ਕੜੀ ਘੋਲ ਸੋਚ ਅਤੇ ਜ਼ਮੀਰ ਵਿਕਣ ਨਾਲ ਸਮਾਜ ਦਾ ਵਿਕਾਸ ਹੋਣ ਨਾਲੋਂ ਕਿਤੇ ਵੱਧ ਕੇ ਲੋਕਾਂ ਦਾ ਧਿਆਨ ਫ਼ੁਕਰਿਆਂ ਅਤੇ ਆਵਾਰਾ ਨਸਲ ਦੇ ਨੇਤਾਵਾਂ ਦੇ ਵਿਕਾਸ ਵੱਲ ਕੇਂਦਰਿਤ ਰਹਿੰਦਾ ਹੈ। ਕਿਸੇ ਵੀ ਮੱਜ਼ਬ ਵਿੱਚ ਕਿਸੇ ਨਾਲ ਵੈਰ ਰੱਖਣਾ ਨਹੀਂ ਸਿਖਾਇਆ ਜਾਂਦਾ ਪਰ ਏਥੇ ਮੱਜ਼ਬਾਂ ਦੀ ਦੁਹਾਈ ਪਾਉਣ ਵਾਲੇ ਆਪਣੇ ਆਪ ਨੂੰ ਦੂਜਿਆਂ ਤੋਂ ਉੱਚਾ ਮੰਨ ਕੇ ਆਪਣੇ ਮੱਜ਼ਬ ਦਾ ਹੀ ਅਪਮਾਨ ਕਰਨ ਵਿੱਚ ਤੁਲੇ ਹੋਏ ਬੈਠੇ ਹਨ। ਧਰਮ ਕੋਈ ਵੀ ਮਾੜਾ ਨਹੀਂ ਹੁੰਦਾ ਮਾੜੀ ਸੋਚ ਦੇ ਧਾਰਨੀਆਂ ਦਾ ਧਰਮ ‘ਤੇ ਕਬਜ਼ਾ ਹੋਣਾ ਧਰਮ ਲਈ ਕਲੰਕ ਦਾ ਕਾਰਨ ਬਣ ਜਾਂਦਾ ਹੈ ਤੇ ਧਰਮ ਨੂੰ ਮਾੜਾ ਗਰਦਾਨੇ ਜਾਣ ਵਿਚ ਸਹਾਈ ਹੁੰਦਾ ਹੈ। ਧਰਮ ਦੀ ਕੱਟੜ ਦੁਸ਼ਮਣ ਰਾਜਨੀਤੀ ਧਰਮ ਵਿਚ ਪ੍ਰਵੇਸ਼ ਕਰਕੇ ਸੱਤਿਆਨਾਸ਼ ਕਰ ਛੱਡਦੀ ਹੈ।
ਸ਼ਕਲਾਂ ਚਾਹੇ ਇੱਕੋ ਜਿਹੀਆਂ ਸਭ ਇਕੋ ਜਿਹੇ ਇਨਸਾਨ,  ਇਕ ਦੂਜੇ ਨੂੰ ਠੇਸ ਪਹੁੰਚਾਵਣ, ਬਣਦੇ ਕਿਉਂ ਬੇਈਮਾਨ।
ਹਰ ਕੋਈ ਭਾਂਡਾ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਮੰਨ ਕੇ ਮਨ-ਆਈ ਕਰਨ ‘ਤੇ ਤੁਲਿਆ ਹੋਇਆ ਹੈ। ਇਹ ਸੋਚ ਕਿਸੇ ਦੇ ਮਨ ਵਿਚ ਨਹੀਂ ਆਉਂਦੀ ਕਿ ਸਮਾਜ ਦੀ ਤਰੱਕੀ, ਸਮਾਜ ਦਾ ਵਿਕਾਸ ਇਕਜੁੱਟ ਹੋ ਕੇ ਕਾਰਜ ਕਰਨ ਵਿਚ ਹੈ। ਏਥੇ ਉਲਟੀ ਚੱਕੀ ਚਲਦੀ ਦਿਖਾਈ ਦੇ ਰਹੀ ਹੈ। ਆਪਣੇ ਆਪਨੂੰ ਗੁਰੂ ਦੇ ਸੇਵਕ ਮੰਨਣ ਵਾਲੇ ਆਪਣੇ ਆਪ ਨੂੰ ਆਪਣੇ ਗੁਰੂਆਂ-ਪੀਰਾਂ ਦਾ ਵੀ ਮਾਲਕ ਐਲਾਨਣ ਵਿਚ ਕਸਰ ਨਹੀਂ ਛੱਡ ਰਹੇ। ਮਾਲਕ ਨੌਕਰ ਦਾ ਝਗੜਾ ਏਨਾਂ ਵੱਧ ਚੁੱਕਾ ਹੈ ਕਿ ਜ਼ਮੀਰ ਦੇ ਮਰਨ ਨਾਲ ਏਥੇ ਮਾਨਵਤਾ ਖ਼ਤਮ ਹੋ ਚੁੱਕੀ ਹੈ। ਢਾਈ ਤੋਤੜੂ ਆਪਣੇ ਆਪ ਨੂੰ ਸਮਾਜ ਦੇ ਮਾਲਕ ਘੋਸ਼ਿਤ ਕਰਕੇ ਕੁਦਰਤੀ ਸਾਧਨਾਂ ‘ਤੇ ਵੀ ਕਬਜ਼ਾ ਕਰਨ ਵਿੱਚ ਲੱਗੇ ਹੋਏ ਹਨ। ਰਾਜਨੀਤੀ ਦੇ ਜਨਮ ਲੈਣ ਨਾਲ ਜਿਹੜਾ ਜ਼ਿਆਦਾ ਲੁੱਚਾ ਲੰਡਾ ਹੋਵੇ ਉਹ ਚੌਧਰੀ ਬਣ ਕੇ ਰਾਜ ਕਰਨ ਲੱਗਦਾ ਹੈ ਤੇ ਬਾਕੀ ਉਸ ਦੇ ਚਮਚੇ ਤੇ ਸੇਵਕ ਬਣ ਜਾਂਦੇ ਹਨ। ਤਾਹੀਂ ਤਾਂ ਇੱਕ ਕਹਾਵਤ ਆਮ ਮਸ਼ਹੂਰ ਹੈ ”ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ”। ਜੋ ਜਿਹੜਾ ਬੱਚਾ ਤੁਰੇ ਜਾਂਦੇ ਦਾ ਪਹੁੰਚਾ ਜ਼ਿਆਦਾ ਪਾੜਦਾ ਹੈ, ਉਸ ਬਾਰੇ ਆਪ-ਮੁਹਾਰੇ ਮੂੰਹੋਂ ਨਿਕਲ ਜਾਂਦਾ ਹੈ ਕਿ ਵਈ ”ਇਹ ਵੱਡਾ ਹੋ ਕੇ ਨੇਤਾ ਬਣੇਗਾ।” ਫਿਰ ਕੀ ਜੀ ਉਸਨੂੰ ਵੱਡੇ ਹੋਏ ਨੂੰ ਫਿਰ ਇਲੈੱਕਸ਼ਨਾਂ ‘ਤੇ ਖੜਾ ਦਿੱਤਾ ਜਾਂਦਾ ਹੈ ਤੇ ਫਿਰ ਚੋਣਾਂ ਵਿੱਚ ਚੁਣ ਵੀ ਲਿਆ ਜਾਂਦਾ ਹੈ ਤੇ ਉਸ ਅਵਾਰਾ ਕਿਸਮ ਦੇ ‘ਚਿਚੜੀ-ਚੂੰਅ’ ਦੇ ਲੋਕ ਪੈਰ
ਧੋ-ਧੋ ਕੇ ਪੀਣ ਲੱਗਦੇ ਹਨ ਤੇ ਜਿਸ ਥਾਲੀ ਵਿੱਚ ਖਾਂਦਾ ਹੈ ਉਸੇ ਥਾਲੀ ਵਿੱਚ ਪੋਟੀ ਕਰਨ ਵਾਲੇ ਨੂੰ ਆਪਣਾ ਮਸੀਹਾ ਮੰਨ ਲੈਂਦੇ ਹਨ।
ਗੱਲ ਕੀ ਜੀ ਹੁਣ ਜੇਕਰ ਕੁੱਤਾ ਰਾਜ ਬਿਠਾ ਦਿੱਤਾ ਜਾਵੇ ਤਾਂ ਉਹ ਆਪਣੀ ਨਸਲ ਭੁੱਲ ਕੇ ਮਾਲਕ ਬਣ ਬੈਠਦਾ ਹੈ। ਅਸਲ ਵਿੱਚ ਘਰ ਦਾ ਪਾਲ਼ਿਆ ਹੋਇਆ ਕੁੱਤਾ ਵੀ ਪਾਲਤੂ ਜਾਂ ਵਫ਼ਾਦਾਰ ਨਾ ਹੋ ਕੇ ਅਵਾਰਾ ਹੋਣ ‘ਤੇ ਮਾਣ ਮਹਿਸੂਸ ਕਰਨ ਲੱਗ ਜਾਂਦਾ ਹੈ। ਇਸ ਵਿੱਚ ਦੋਸ਼ ਉਸ ਕੁੱਤੇ ਦਾ ਹੋਵੇਗਾ ਜਾਂ ਫਿਰ ਵੋਟਾਂ ਦੇ ਰੂਪ ਵਿੱਚ ਮੁਫ਼ਤ ਦੀ ਰੋਟੀ ਪਾਉਂਣ ਵਾਲੇ ਦਾ। ਇਹ ਗੱਲ ਅੱਜ ਬਹੁਤ ਸੋਚਣ ਤੇ ਵਿਚਾਰ ਕਰਨ ਦਾ ਵਿਸ਼ਾ ਹੈ। ਪਰ ਸੂਝਵਾਨਾਂ ਦੇ ਖਿੰਡ ਕੇ ਰਹਿਣ ਤੇ ਭੇਡਾਂ ਬੱਕਰੀਆਂ ਤੇ ਅਵਾਰਾਂ ਪਸ਼ੂਆਂ ਦੇ ਬੱਗ ਦੇ ਬੱਗ ਜੁੜ ਕੇ ਬੈਠਣਾ ਹੀ ਸਾਰਾ ਪੁਆੜੇ ਦੀ ਜੜ ਹੋ ਨਿਬੜਦਾ ਹੈ।
ਸਮਾਜ ਦੇ ਵਿਕਾਸ ਲਈ ਚੁਨਾਵ-ਪ੍ਰਣਾਲੀ ਦਾ ਆਰੰਭ ਹੋਇਆ ਸੀ ਤੇ ਭਾਰਤ ਦੇਸ਼ ਨੂੰ ਲੋਕਤੰਤਰ ਐਲਾਨਿਆਂ ਗਿਆ ਸੀ ਪਰ ਏਥੇ ਉਲਟਾ ਕੜੀ ਘੁਲ ਗਈ ਹੈ ਏਥੇ ਲੋਕਤੰਤਰ ਨਾਂ ਦੀ ਸ਼ੈਅ ਕਿਧਰੇ ਛੂਅ-ਮੰਤਰ ਹੋ ਗਈ ਹੈ ਤੇ ਏਥੇ ਗੁੰਡੇ ਤੇ ਮਵਾਲੀਆਂ ਦਾ ਰਾਜ ਹੋ ਗਿਆ ਹੈ। ਪੜਿਆਂ ਲਿਖਿਆਂ ਨੂੰ ਡਾਂਗਾਂ ਤੇ ਅਨਪੜਾਂ ਮੂਰਖ਼ਾਂ ਨੂੰ ਮਾਸਟਰ ਕਹਿ ਕੇ ਸਲਾਹਿਆ ਜਾਂਦਾ ਹੈ।
ਨਸ਼ਿਆਂ ਦੀ ਭਰਮਾਰ ਹੈ, ਸਿੱਖਿਆ ਨੂੰ ਨਿਰ-ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਗਧੇ ਦੀ ਸੋਚ ਨੂੰ ਸਲਾਮ ਹੋ ਰਹੀ ਹੈ। ਆਵਾਰਾ ਨੇਤਾਵਾਂ ਨੂੰ ਲੋਕਾਂ ਦਾ ਮਸੀਹਾ ਐਲਾਨਿਆਂ ਜਾ ਰਿਹਾ ਹੈ। ਆਪਣੇ ਤੱਕ ਹੀ ਸੀਮਿਤ ਵੋਟਰ ਦੁਆਰਾ ਆਵਾਰਾ ਲੀਡਰਾਂ ਦੀ ਕਹਿਣੀ ‘ਤੇ ਕਥਨੀ ‘ਤੇ ਫੁੱਲ ਚੜਾਏ ਜਾਂਦੇ ਹਨ। ਫ਼ੁਕਰਿਆਂ ਦਾ ਇਕੱਠ ਹੋ ਜਾਂਦਾ ਹੈ ਪਰ ਸਮਝਦਾਰ ਲੋਕ ਕਦੀ ਵੀ ਜੁੜ ਕੇ ਨਹੀਂ ਬੈਠਦੇ।
ਵੋਟਾਂ ਦੀ ਭੀਖ ਮੰਗਣ ਵਾਲੇ ਭਿਖਾਰੀ ਨੇਤਾ ਗਿਰਾਵਟ ਦੀਆਂ ਹੱਦਾਂ ਪਾਰ ਕਰ ਜਾਂਦੇ ਹਨ ਇਨਾਂ ਦੀ ਚਤੁਰ-ਚਾਲਾਕੀ ਨੂੰ ਨਾ ਸਮਝਦੇ ਹੋਏ ਭੋਲੇ-ਭਾਲੇ ਨਾ-ਸਮਝ ਲੋਕ ਫ਼ੁਕਰਿਆਂ ਨੂੰ ਮਾਈ-ਬਾਪ ਬਣਾ ਕੇ ਇਨਾਂ ਆਵਾਰਾਂ ਕਿਸਮ ਦੇ ਡੰਗਰਾਂ ਦੇ ਮੁਰਦਿਆਂ ਤੱਕ ਦੀ ਵੀ ਪੂਜਾ ਆਰੰਭ ਕਰ ਦਿੰਦੇ ਹਨ। ਬੀੜਿਆਂ-ਸਿਗਰਟਾਂ ਜਾਂ ਹੋਰ ਕਿਸੇ ਨਸ਼ੇ ‘ਤੇ ਵਿਕ ਕੇ ਆਪਣੇ ਆਪ ਨੂੰ ਗੁਲਾਮ ਘੋਸ਼ਿਤ ਕਰਨਾ ਕਿਸ ਸਮਝਦਾਰੀ ਦਾ ਕੰਮ ਹੈ। ਜਿਹੜਾ ਸਕੂਲ ਮਗਰੋਂ ਦੀ ਕੱਟਾ ਨਾ ਲੈ ਕੇ ਲੰਘਿਆ ਹੋਵੇ ਉਹ ਸਿੱਖਿਆ ਮੰਤਰੀ, ਜਿਸ ਦੀ ਔਕਾਤ ਗੱਡੀ ਦੇ ਪਿੱਛੇ ਬੰਨ ਕੇ ਘਸੀਟੇ ਜਾਣ ਦੀ ਹੋਵੇ ਉਸ ਨੂੰ ਰੇਲ ਮੰਤਰੀ ਬਣਾ ਦਿਓ। ਇਸ ਤਰਾਂ ਬਹੁਤ ਸਾਰੀਆਂ ਚੁੱਭਵੀਂਆਂ ਗੱਲਾਂ ਹਨ। ਜਿਹੜੀਆਂ ਇਨਾਂ ਫ਼ੁਕਰੇ ਨੇਤਾਵਾਂ ਦੇ ਚਲੂਣੇ ਤੇ ਖ਼ੁਰਕ ਲੜਾਉਣ ਦਾ ਕਾਰਨ ਹਨ।
ਵੋਟਰ ਕਿਸੇ ਨਾ ਕਿਸੇ ਲਾਲਚ ਵਿਚ ਆ ਕੇ ਚੰਗੇ-ਬੁਰੇ ਦੀ ਪਛਾਣ ਭੁੱਲ ਕੇ, ਜਾਂ ਫਿਰ ਆਪਣੀ ਹੀ ਬੱਕਰੀ ਕੋਠੇ ‘ਤੇ ਚਾੜਨ ਦੀ ਆਸ ਲੈ ਕੇ ਕਾਰਜ ਕਰਦੇ ਹਨ। ਜਿਸ ਕਰਕੇ ਲਾਈਨਾਂ ਵਿੱਚ ਖੜੇ ਹੋਣ ਵਾਲੇ ਲਾਈਨ ‘ਚ ਖੜੇ ਹੋਣ ਯੋਗ ਹੀ ਬਣ ਕੇ ਰਹਿ ਜਾਂਦੇ ਹਨ। ਕਈਆਂ ਦੇ ਘਰ ਤਾਂ ਚੁੱਲਾ ਤੱਕ ਵੀ ਨਹੀਂ ਬਲਦਾ। ਸਾਰਾ ਜੀਵਨ ਅਵਾਰਾ ਕੁੱਤਿਆਂ ਦੇ ਇਸ਼ਾਰੇ ‘ਤੇ ਨਾਚ ਨੱਚਦੇ ਰਹਿੰਦੇ ਹਨ। ‘ਗੁੰਡੇ-ਮਵਾਲੀਆਂ ਦੇ ਵਿਕਾਸ ਵਿਚ ਸਮਾਜ ਦਾ ਵਿਕਾਸ’ ਦੀ ਸੋਚ ਨੇ ਭਾਰਤ ਵਿਚ ਵੋਟਰ ਗਰੀਬ ਤੇ ਅਵਾਰਾ ਨੇਤਾਵਾਂ ਨੂੰ ਅਮੀਰ ਭਾਰਤੀ ਲੋਕਤੰਤਰ ਥਾਪ ਦਿੱਤਾ ਹੈ। ਇਹੀ ਇਕੋ ਇਕ ਕਾਰਨ ਹੈ ਕਿ ਵੋਟਰਾਂ ਦੀ ਕੀਤੀ ਹੋਈ ਨਾ-ਸਮਝੀ ਉਨਾਂ ਨੂੰ ਜਿੱਥੇ ਗ਼ੁਲਾਮ ਗਰਦਾਨਦੀ ਹੈ ਉੱਥੇ ਨਾਲ ਦੀ ਨਾਲ ਉਹ ਸਾਰਾ ਜੀਵਨ ਗਰੀਬੀ ਦਾ ਜੀਵਨ ਹੀ ਬਤੀਤ ਕਰਨ ਯੋਗ ਰਹਿ ਜਾਂਦੇ ਹਨ ਤੇ ਆਪਣੀ ਆਉਂਣ ਵਾਲੀ ਪੀੜੀ ਨੂੰ ਵੀ ਗ਼ੁਲਾਮੀਆਂ ਦੀਆਂ ਬੇੜੀਆਂ ਵਿਚ ਜਕੜ ਜਾਂਦੇ ਹਨ।
ਪੀੜੀ-ਦਰ-ਪੀੜੀ ਚਲੀ ਆ ਰਹੀ ਪਿਰਤ ਹੀ ਸਮਾਜ ਵਿਚ ਮਾਨਵਤਾ, ਦੀਨ, ਧਰਮ, ਈਮਾਨ ਦੀ ਕੱਟੜ ਦੁਸ਼ਮਣ ਬਣ ਕੇ ਸਾਹਮਣੇ ਆਣ ਖਲੋ ਰਹੀ ਹੈ। ਇਸ ਪਿਰਤ ਨੂੰ ਬਦਲ ਦਿੱਤਾ ਜਾਵੇ ਤਾਂ ਕੋਈ ਵੀ ਗਰੀਬ ਨਹੀਂ ਹੋਵੇਗਾ। ਮੁਫ਼ਤ ਦੇ ਬਣੇ ਚੌਧਰੀ ਤੇ ਧਰਮਾਂ ਦੇ ਬਣੇ ਠੇਕੇਦਾਰ ਆਪਣੇ-ਆਪਣੇ ਗੁਰੂਆਂ-ਪੀਰਾਂ ਦੀ ਜੀਵਨ-ਜਾਚ ਸਿਖਾਉਣ ਵਾਲੀ ਬਾਣੀ ਪੜ ਕੇ ਉਸ ‘ਤੇ ਅਮਲ ਕਰ ਲੈਣ ਤੇ ਰਾਜਨੀਤੀ ਨੂੰ ਤਿਆਗ਼ ਕੇ ਇਨਸਾਨੀਅਤ ਦਾ ਜਾਮਾ ਧਾਰਨ ਕਰ ਲੈਣ ਅਤੇ ਨਾਲ ਹੀ ਆਪਣੇ ਗੁਰੂਆਂ, ਉਨਾਂ ਦੀ ਬਾਣੀ ਅਤੇ ਆਪਣੇ ਧਰਮ ਦਾ ਸਤਿਕਾਰ ਕਰਨ ਦੇ ਕਾਬਲ ਹੋ ਜਾਣ।
ਨਹੀਂ ਤਾਂ ਇੰਝ ਹੀ ਅਮੀਰ-ਗਰੀਬ ਦਾ ਪਾੜਾ ਵਧਦਾ ਜਾਏਗਾ। ਕੁਝ ਇਕ ਚਤੁਰ ਸੋਚ ਦੇ ਧਾਰਨੀ ਨੇਤਾ ਅਮੀਰ ਬਣਦੇ ਰਹਿਣਗੇ ਤੇ ਬਾਕੀ ਇਨਾਂ ਦੀ ਗ਼ੁਲਾਮੀ ਵਿਚ ਫਸ ਕੇ ਇਨਾਂ ਦੀ ਘਟੀਆ ਸੋਚ ‘ਤੇ ਫੁੱਲ ਚੜਾ ਕੇ ਆਪ ਸਦੀਆਂ-ਸਦੀਆਂ ਲਈ ਗ਼ੁਲਾਮੀ ਦੀਆਂ ਬੇੜੀਆਂ ਸਹੇੜ ਲੈਣਗੇ।
ਮੱਝ ਬੱਕਰੀ ਵਾਲੀ ਮੈਂ-ਮੈਂ ਛੱਡ ਕੇ ਦੂਜੇ ਨੂੰ ਇਨਸਾਨ ਸਮਝਣ ਨਾਲ ਸਹੀ ਮਾਇਨੇ ਵਿਚ ਸਹੀ ਲੋਕਤੰਤਰ ਸਿਰਜਿਆ ਜਾ ਸਕਦਾ ਹੈ। ਆਪਣੀ ਸੋਚ ਨੂੰ ਬਦਲੋ, ਆਪਣੇ ਨਾਲ-ਨਾਲ ਦੂਜੇ ਦਾ ਸਤਿਕਾਰ ਕਰਨਾ ਵੀ ਸਿੱਖੋ।

ਪਰਸ਼ੋਤਮ ਲਾਲ ਸਰੋਏ,

ਮੋਬਾ : 91-92175-44348

print
Share Button
Print Friendly, PDF & Email

Leave a Reply

Your email address will not be published. Required fields are marked *