ਅਦਿੱਖ ਮੂਰਤ 

ss1

ਅਦਿੱਖ ਮੂਰਤ

ਜੋ ਨਜ਼ਰ ਆਉਂਦਾ ਹੈ ਉਸ ਦਾ ਚੰਗਾ ਲੱਗਣਾ ਜਾਂ ਉਸ ਨਾਲ ਪਿਆਰ ਹੋ ਜਾਣਾ ਸੁਭਾਵਿਕ ਹੈ ਪਰ ਜੋ ਨਜ਼ਰ ਨਹੀਂ ਆਉਂਦਾ ਉਞ ਨਜ਼ਰ ‘ਚ ਹੈ ਉਸਨੂੰ ਪਿਆਰਨ ਲਈ ਵੀ ਮਨ ਤਸਵੀਰਾਂ ਘੜਦਾ। ਉਹ ਤਸਵੀਰਾਂ ਜੋ ￰ਅੱਖਾਂ ਨੂੰ ਨਹੀਂ ਦਿਲ ਨੂੰ ਦਿਸਦੀਆਂ ਨੇ। ਜਿਵੇਂ ਖਾਲੀਪਣ ਵਿਚ ਕੁੱਝ ਨਹੀਂ ਹੁੰਦਾ ਪਰ ਖਾਲੀਪਣ ਹੁੰਦਾ ਹੈ। ਅਜਿਹਾ ਨਹੀਂ ਹੈ ਕਿ ਜੋ ਨਜ਼ਰ ਨਹੀਂ ਆਉਂਦਾ, ਉਹ ਨਹੀਂ ਹੈ ਜਾਂ ਫਿਰ ਉਸਦੀ ਹੋਂਦ ਨਹੀਂ ਹੈ। ਮਨੁੱਖ ਓਨੀ ਹੀ ਕਲਪਨਾ ਕਰ ਸਕਦਾ ਹੈ ਜਿੱਥੇ ਤੱਕ ਉਸਦੀ ਕਲਪਨਾ ਪਹੁੰਚਦੀ ਹੈ। ਇਹ ਕਲਪਨਾ ਵੇਖੀਆਂ ਜਾਂ ਜਾਣੀਆਂ ਚੀਜ਼ਾਂ ਦਾ ਅਧਾਰ ਲੈ ਕੇ ਸ਼ੁਰੂ ਹੁੰਦੀ ਹੈ ਤੇ ਇਹਨਾਂ ਨਾਲ ਮਿਲਦੀ-ਜੁਲਦੀ ਵੀ ਹੁੰਦੀ ਹੈ। ਜੋ ਅਦਿੱਖ ਮੂਰਤ ਜਗਤ ਦੇ ਅੰਦਰ ਵਿਦਮਾਨ ਹੈ ਉਹ ਬਾਹਰ ਵੀ ਹੈ,ਇਸ ਜਗਤ ਤੋਂ ਪਰੇ ਵੀ ਹੈ ਪਰ ਸਾਡੀ ਕਲਪਨਾ ਸ਼ਕਤੀ ਉਸ ਪਰੇ ਬਾਰੇ ਵਿਚਾਰ ਤਾਂ ਕਰਦੀ ਹੈ, ਉਸ ਤੱਕ ਪਹੁੰਚ ਨਹੀਂ ਪਾਉਂਦੀ ਕਿਉਂਕਿ ਕੁਦਰਤ ਦੇ ਜੋ ਰੰਗ ਦਿਖਾਈ ਦਿੰਦੇ ਹਨ, ਉਹ ਤਾਂ ਸਮਝੇ ਜਾ ਸਕਦੇ ਹਨ ਪਰ ਜੋ ਦਿਖਾਈ ਹੀ ਨਹੀਂ ਦਿੰਦਾ। ਉਸ ਬਾਰੇ ਤਾਂ ਸਹਿਮਤੀ ਹੀ ਪ੍ਰਗਟਾਈ ਜਾ ਸਕਦੀ ਹੈ ਕਿ ਕੋਈ ਪਰੇ ਦੀ ਦੁਨੀਆਂ ਵੀ ਹੈ ਜਾਂ ਦੁਨੀਆਂ ਤੋਂ ਪਰੇ ਵੀ ਕੁੱਝ ਹੈ। ਕਲਪਨਾ ਦੁਨੀਆਂ ਦੇ ਘੇਰੇ ਅੰਦਰ ਕਿਸੇ ਬੰਦ ਕਮਰੇ ਦੀਆਂ ਕੰਧਾਂ ਵਾਂਗ ਟਕਰਾਉਂਦੀ ਹੈ ਤੇ ਕਦੇ ਮੁੜ ਸਾਡੇ ਕੋਲ ਆ ਜਾਂਦੀ ਹੈ ਪਰ ਇਸ ਘੇਰੇ ਤੋਂ ਬਾਹਰ ਨਹੀਂ ਪਹੁੰਚ ਪਾਉਂਦੀ ਕਿਉਂਕਿ ਉਸਨੂੰ ਬਾਹਰ ਵੀ ਜਾਂ ਤਾਂ ਇਸੇ ਜਗਤ ਵਰਗਾ ਨਜ਼ਰ ਆਉਂਦਾ ਹੈ ਜਾਂ ਫਿਰ ਕੁੱਝ ਨਜ਼ਰ ਨਹੀਂ ਆਉਂਦਾ
ਜਿਸਨੇ ਉਹ ਪਰੇ ਦੇ ਜਗਤ ਨੂੰ ਵੇਖ ਲਿਆ  ਜਾਂ ਪਾ ਲਿਆ, ਉਹ ਉਸੇ ਦਾ ਹੀ ਹੋ ਕੇ ਰਹਿ ਗਿਆ। ਉਹ ਉਸਦਾ ਵਰਨਣ ਵੀ ਪੂਰਨ ਰੂਪ ਚ ਨਹੀਂ ਕਰ ਸਕਿਆ ਕਿਉਂਕਿ ਵਰਨਣ ਕਰਨ ਵਾਲੀ ਸ਼ਬਦਾਵਲੀ ਵੀ ਤਾਂ ਖੁਦ ਨੂੰ ਛੋਟਾ ਮਹਿਸੂਸ ਕਰਦੀ ਹੈ। ਉਸ ਰਹੱਸ ਨੂੰ ਜਾਨਣ ਲਈ ਸੋਚ ਤਾਂ ਉਸੇ ਕੁਦਰਤੀ ਰੰਗਾਂ ਚੋਂ ਗੁਜਰਕੇ ਲੰਘਦੀ ਹੈ ਜਿਸ ਵਿੱਚ ਉਹ ਹੈ ਵੀ ਤੇ ਨਹੀਂ ਵੀ ਹੈ। ਸ਼ਾਇਦ ਉਸਨੂੰ ਲੁਕਣ ਮਚੀਚੀ ਖੇਡਣਾ ਬਹੁਤ ਪਸੰਦ ਹੈ ਜੋ ਸਾਰਿਆਂ ਨਾਲ ਖੇਡਦਾ ਹੈ ਵਿਰਲੇ ਹੀ ਉਸਨੂੰ ਲੱਭਦੇ ਹਨ ਜੋ ਲੱਭਦੇ ਹਨ ਉਹ ਆਪ ਵੀ ਆਪ ਨਹੀਂ ਰਹਿੰਦੇ। ਕੁੱਝ ਥੱਕ ਹਾਰ ਕੇ ਭਿਆਂ ਕਰ ਦਿੰਦੇ ਹਨ ਪਰ ਕੁੱਝ ਲੁਕਣ ਮਚੀਚੀ ਖੇਡਣ ਦਾ ਯਤਨ ਹੀ ਨਹੀਂ ਕਰਦੇ। ਹਰ ਵਾਰ ਗੱਲ ਇਸੇ ਗੱਲ ‘ਤੇ ਆ ਕੇ ਮੁੱਕ ਜਾਂਦੀ ਹੈ ਕਿ ਉਹ ਪਰੇ ਵਾਲਾ ਸੰਗੀ ਦਿਖਾਈ ਕਿਵੇਂ ਦੇਵੇਗਾ।

ਹਰਪ੍ਰੀਤ ਕੌਰ ਘੁੰਨਸ  
ਮੋ:- 97795 -20194

print
Share Button
Print Friendly, PDF & Email