ਰੱਖੜੀ : ਭਾਵ, ਮਹੱਤਤਾ ਅਤੇ ਇਤਿਹਾਸਕ ਦੰਦ-ਕਥਾਵਾਂ

ss1

ਰੱਖੜੀ : ਭਾਵ, ਮਹੱਤਤਾ ਅਤੇ ਇਤਿਹਾਸਕ ਦੰਦ-ਕਥਾਵਾਂ

ਭੈਣ ਤੇ ਭਰਾ ਦਾ ਪਿਆਰ ਅਸੀਮਤ ਹੁੰਦਾ ਹੈ। ਇਸ ਪਿਆਰ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੀ ਨਹੀਂ ਸਗੋਂ ਅਤਿਕਠਨ ਵੀ ਹੈ। ਭੈਣ ਭਰਾ ਦੇ ਰਿਸ਼ਤੇ ਨੂੰ ਦੁਨੀਆਂ ਦੇ ਹਰੇਕ ਕੋਨੇ ਵਿੱਚ ਬੜੀ ਮਹੱਤਤਾ ਦਿੱੱਤੀ ਜਾਂਦੀ ਹੈ। ਜਦੋਂ ਇਸ ਰਿਸ਼ਤੇ ਬਾਰੇ ਭਾਰਤੀ ਸਮਾਜ ਵਿੱਚ ਝਾਤੀ ਮਾਰੀਏ ਤਾਂ ਇਸਦੀ ਮਹੱਤਤਾ ਨਿਵੇਕਲੀ ਹੀ ਨਜ਼ਰ ਆਉਂਦੀ ਹੈ। ਭੈਣ ਭਰਾ ਦੇ ਇਸ ਰਿਸ਼ਤੇ ਦੀ ਮਹੱਤਤਾ ਨੂੰ ਦਰਸਾਉਣ ਲਈ ਇਸਨੂੰ ਇੱਕ ਤਿਉਹਾਰ ਦਾ ਨਾਂ ਦਿੱਤਾ ਗਿਆ ਹੈ ਜਿਸਨੂੰ ਪੰਜਾਬੀ ਭਾਸ਼ਾ ਵਿੱਚ ਰੱਖੜੀ ਦਾ ਤਿਉਹਾਰ ਅਤੇ ਹਿੰਦੀ ਭਾਸ਼ਾ ਵਿੱਚ ਰਕਸ਼ਾ ਬੰਧਨ ਕਿਹਾ ਜਾਂਦਾ ਹੈ। ਇਹ ਉਤਰੀ, ਪੱਛਮੀ ਤੇ ਕੇਂਦਰੀ ਭਾਰਤ ਅਤੇ ਨੇਪਾਲ ਦਾ ਪ੍ਰਮੁੱਖ ਤਿਉਹਾਰ ਹੈ। ਇਹ ਤਿਉਹਾਰ ਸਾਉਣ ਜਾਂ ਸਾਵਨ ਮਹੀਨੇ ਦੇ ਆਖਿਰੀ ਦਿਨ ਪੁੰਨਿਆਂ ਜਾਂ ਪੂਰਨਮਾਸੀ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਅੰਗ੍ਰੇਜ਼ੀ ਕੈਲੰਡਰ ਦੇ ਅਗਸਤ ਮਹੀਨੇ ਵਿੱਚ ਆਉਂਦਾ ਹੈ।

ਭਾਰਤੀ ਉਪ-ਮਹਾਦੀਪ ਵਿੱਚ ਭਾਰਤੀ ਸਮਾਜ ਵੱਲੋਂ ਮਨਾਏ ਜਾਂਦੇ ਮੁੱਖ ਤਿਉਹਾਰਾਂ ਵਿੱਚ ਰੱਖੜੀ ਦਾ ਤਿਉਹਾਰ ਸ਼ਾਮਿਲ ਹੈ। ਦੁਨੀਆਂ ਦੇ ਜਿਸ ਦੇਸ ਵਿੱਚ ਵੀ ਭਾਰਤੀ ਸਮਾਜ ਦੇ ਲੋਕ ਵੱਸੇ ਹੋਏ ਹਨ, ਉਨ੍ਹਾਂ ਵੱਲੋਂ ਉਥੇ ਵੀ ਇਹ ਤਿਉਹਾਰ ਜੋਸ਼ੋ-ਖਰੋਸ਼ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਵਾਲੇ ਦਿਨ ਮੁੱਖ ਤੌਰ ‘ਤੇ ਭੈਣਾਂ ਵੱਲੋਂ ਆਪਣੇ ਭਰਾਵਾਂ ਦੇ ਗੁੱਟ ਉਤੇ ਰੱਖੜੀ ਬੰਨ੍ਹੀ ਜਾਂਦੀ ਹੈ, ਪਰ ਕਿਤੇ ਕਿਤੇ ਪੁਜਾਰੀਆਂ ਵੱਲੋਂ ਆਪਣੇ ਸ੍ਰਪਰਸਤਾਂ ਨੂੰ ਰੱਖੜੀ ਬੰਨ੍ਹ ਕੇ ਤੋਹਫੇ ਦੇ ਰੂਪ ਵਿੱੱਚ ਮਾਇਆ ਲਈ ਜਾਂਦੀ ਹੈ। ਭਾਰਤੀ ਉਪ-ਮਹਾਦੀਪ ਦੇ ਕਈ ਰਾਜਾਂ ਵਿੱੱਚ ਇਸਨੂੰ ਵੱਖਰੇ ਵੱਖਰੇ ਢੰਗ ਨਾਲ ਵੀ ਮਨਾਇਆ ਜਾਂਦਾ ਹੈ, ਜਿਵੇਂ :

ਪੱਛਮੀ ਬੰਗਾਲ ਤੇ ਉੜੀਸਾ ਵਿੱਚ ਇਸ ਤਿਉਹਾਰ ਨੂੰ ਝੂਲਨ ਪੂਰਨਿਮਾ ਦੇ ਨਾਂ ਹੇਠ ਮਨਾਇਆ ਜਾਂਦਾ ਹੈ। ਉਥੇ ਲੋਕ ਇਸ ਦਿਨ ਭਗਵਾਨ ਕ੍ਰਿਸ਼ਨ ਅਤੇ ਰਾਧਾ ਦੀ ਪੂਜਾ ਕਰਦੇ ਹਨ। ਭੈਣਾਂ ਆਪਣੇ ਭਰਾਵਾਂ ਦੇ ਗੁੱਟ ਉਤੇ ਰੱਖੜੀ ਬੰਨ੍ਹ ਕੇ ਉਸਦੇ ਸਦਾਚਿਰ ਜੀਵਤ ਰਹਿਣ ਦੀ ਕਾਮਨਾ ਕਰਦੀਆਂ ਹਨ। ਸਿਆਸੀ ਪਾਰਟੀਆਂ, ਦਫਤਰਾਂ, ਦੋਸਤਾਂ, ਸਕੂਲਾਂ, ਕਾਲਿਜਾਂ, ਪਿੰਡਾਂ ਤੇ ਸ਼ਹਿਰਾਂ ਵੱਲੋਂ ਇਹ ਦਿਨ ਆਪਸੀ ਸੁਖਾਵੇਂ ਰਿਸ਼ਤਿਆਂ ਦੀ ਨਵੀਂ ਆਸ ਵਜੋਂ ਮਨਾਇਆ ਜਾਂਦਾ ਹੈ।

ਮਹਾਰਾਸ਼ਟਰ ਵਿੱਚ ਰੱਖੜੀ ਦਾ ਤਿਉਹਾਰ ਨਰਾਲੀ ਪੂਰਨਿਮਾ ਦੇ ਨਾਂ ਨਾਲ ਮਨਾਇਆ ਜਾਂਦਾ ਹੈ। ਇਸ ਰਾਜ ਦੇ ਸਮੁੰਦਰੀ ਤਟ ਉਤੇ ਵੱਸਦੇ ਮਛੇਰਿਆਂ ਦੇ ਸਮਾਜ ਨੂੰ ਕੋਲਜ ਕਿਹਾ ਜਾਂਦਾ ਹੈ। ਇਹ ਲੋਕ ਇਸ ਦਿਨ ਭਗਵਾਨ ਵਰੁਣ ਦਾ ਅਸ਼ੀਰਵਾਦ ਹਾਸਿਲ ਕਰਨ ਲਈ ਉਸ ਦੀ ਪੂਜਾ ਕਰਦੇ ਹਨ। ਭਗਵਾਨ ਵਰੁਣ ਸਮੁੰਦਰ ਦਾ ਹਿੰਦੂ ਦੇਵਤਾ ਹੈ। ਭਗਵਾਨ ਵਰੁਣ ਨੂੰ ਖੁਸ਼ ਕਰਨ ਲਈ ਪੂਜਾ ਦੀਆਂ ਰਸਮਾਂ ਵਜੋਂ ਇਨ੍ਹਾਂ ਲੋਕਾਂ ਵੱਲੋਂ ਸਮੁੰਦਰ ਵਿੱਚ ਨਾਰੀਅਲ ਫਲ ਸੁੱਟੇ ਜਾਂਦੇ ਹਨ। ਲੜਕੀਆਂ ਅਤੇ ਔਰਤਾਂ ਆਪਣੇ ਭਰਾਵਾਂ ਦੇ ਗੁੱਟਾਂ ਉਤੇ ਰੱਖੜੀ ਬੰਨਦੀਆਂ ਹਨ।

ਜੰਮੂ ਵਿੱਚ ਇਸ ਤਿਉਹਾਰ ਦੇ ਮੌਕੇ ਉਤੇ ਅਸਮਾਨ ਵਿੱਚ ਪਤੰਗਾਂ ਉਡਾਈਆਂ ਜਾਂਦੀਆਂ ਹਨ। ਜਨਮ ਅਸ਼ਟਮੀ ਦੇ ਮੌਕੇ ਉਤੇ ਵੀ ਇੱਥੇ ਇਸੇ ਤਰ੍ਹਾਂ ਹੀ ਪਤੰਗਾਂ ਉਡਾਈਆਂ ਜਾਂਦੀਆਂ ਹਨ। ਲੋਕ ਢੇਰ ਸਾਰੀਆਂ ਪਤੰਗਾਂ ਦੇ ਨਾਲ ਮੀਲਾਂ ਲੰਮੀ ਡੋਰ, ਜਿਸਨੂੰ ਗੱਟੂ ਡੋਰ ਕਿਹਾ ਜਾਂਦਾ ਹੈ, ਖਰੀਦਦੇ ਹਨ।

ਹਰਿਆਣੇ ਵਿੱਚ ਲੋਕ ਰੱਖੜੀ ਦਾ ਤਿਉਹਾਰ ਮਨਾਉਣ ਦੇ ਨਾਲ ਨਾਲ ਸਲੋਨੋ ਤਿਉਹਾਰ ਵੀ ਮਨਾਉਂਦੇ ਹਨ। ਸਲੋਨੋ ਤਿਉਹਾਰ ਪੁਜਾਰੀਆਂ ਵੱਲੋਂ ਮਨਾਇਆ ਜਾਂਦਾ ਹੈ। ਪੁਜਾਰੀ ਲੋਕਾਂ ਦੇ ਗੁੱਟਾਂ ਉਤੇ, ਬੁਰਾਈਆਂ ਤੋਂ ਨਿਜਾਤ ਪਾਉੁਣ ਲਈ, ਵਿਸ਼ੇਸ਼ ਧਾਗੇ ਜਾਂ ਤਵੀਜ਼ ਬੰਨਦੇ ਹਨ। ਭੈਣਾਂ ਆਪਣੇ ਭਰਾਵਾਂ ਦੇ ਗੁੱਟਾਂ ਉਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਖੁਸ਼ਹਾਲੀ ਅਤੇ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ। ਬਦਲੇ ਵਿੱਚ ਭਰਾ ਭੈਣਾਂ ਨੂੰ ਪੈਸੇ ਜਾਂ ਕੱਪੜੇ ਜਾਂ ਗਹਿਣਿਆਂ ਦੇ ਰੂਪ ਵਿੱਚ ਤੋਹਫੇ ਦੇ ਕੇ ਉਨ੍ਹਾਂ ਦੀ ਸੁਰੱਖਿਆ ਦਾ ਵਚਨ ਦਿੰਦੇ ਹਨ।

ਭਾਵ ਤੇ ਮਹੱਤਤਾ

ਰੱਖੜੀ ਸ਼ਬਦ ਦੋ ਸ਼ਬਦਾਂ ਦੇ ਮੇਲ ਨਾਲ ਬਣਦਾ ਹੈ ਰੱਖ + ੜੀ। ਰੱਖ ਤੋਂ ਭਾਵ ਹੈ ਸੁਰੱਖਿਆ ਜਾਂ ਮਹਿਫੂਜ ਅਤੇ ੜੀ ਤੋਂ ਭਾਵ ਹੈ ਕਰਨ/ਰੱਖਣ ਵਾਲਾ ਜਾਂ ਵਾਲੀ। ਇਸ ਤਰ੍ਹਾਂ ਰੱਖੜੀ ਸ਼ਬਦ ਦਾ ਅਰਥ ਬਣਦਾ ਹੈ ਸੁਰੱਖਿਆ ਕਰਨ ਵਾਲੀ ਜਾਂ ਮਹਿਫੂਜ ਰੱਖਣ ਵਾਲੀ। (ਬੋਨਦ ੋਡ ਪਰੋਟੲਚਟੋਿਨ)। ਹਿੰਦੀ ਭਾਸ਼ਾ ਵਿੱਚ ਇਸਨੂੰ ਰਕਸ਼ਾ ਬੰਧਨ ਕਿਹਾ ਜਾਂਦਾ ਹੈ। ਰਕਸ਼ਾ ਤੇ ਬੰਧਨ ਦੋ ਸ਼ਬਦ ਹਨ ਅਤੇ ਇਹ ਦੋਵੇਂ ਸੰਸਕ੍ਰਿਤ ਭਾਸ਼ਾ ਵਿੱਚੋਂ ਲਏ ਗਏ ਹਨ। ਰਕਸ਼ਾ ਤੋਂ ਭਾਵ ਹੈ ਰਾਖੀ ਅਤੇ ਬੰਧਨ ਦਾ ਅਰਥ ਹੈ ਗੰਢ। (ਕਨੋਟ ੋਡ ਪਰੋਟੲਚਟੋਿਨ)। ਇਹ ਤਿਉਹਾਰ ਭੈਣ ਭਰਾ ਦੇ ਗੂੜ੍ਹੇ ਰਿਸ਼ਤੇ ਅਤੇ ਸਦੀਵੀ ਪਿਆਰ ਨੂੰ ਦਰਸਾਉਂਦਾ ਹੈ।

ਰੱਖੜੀ ਦਾ ਤਿਉਹਾਰ ਮੁੱਖ ਤੌਰ ‘ਤੇ ਹਿੰਦੂਆਂ ਵੱਲੋਂ ਉਤਰੀ, ਪੱਛਮੀ ਤੇ ਕੇਂਦਰੀ ਭਾਰਤ ਦੇ ਨਾਲ ਨਾਲ ਨੇਪਾਲ, ਪਾਕਿਸਤਾਨ, ਮੌਰੀਸ਼ੀਅਸ ਅਤੇ ਫਿਜੀ ਵਿੱਚ ਮਨਾਇਆ ਜਾਂਦਾ ਹੈ। ਇਹ ਭੈਣ ਪ੍ਰਤੀ ਭਰਾ ਦੇ ਫਰਜ਼ ਅਤੇ ਭਰਾ ਪ੍ਰਤੀ ਭੈਣ ਦੇ ਫਰਜ਼ ਨੂੰ ਦਰਸਾਉਂਦਾ ਹੈ। ਜਿੱਥੇ ਭੈਣ ਆਪਣੇ ਭਰਾ ਦੇ ਗੁੱਟ ਉਤੇ ਰੱਖੜੀ ਬੰਨ੍ਹ ਕੇ ਉਸਦੀ ਲੰਮੀ ਉਮਰ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੀ ਹੈ ਉਥੇ ਭਰਾ ਹਰੇਕ ਮੁਸੀਬਤ ਤੇ ਹਰੇਕ ਸਥਿਤੀ ਵਿੱਚ ਭੈਣ ਦੀ ਸੁਰੱਖਿਆ ਕਰਨ ਦਾ ਵਚਨ ਦਿੰਦਾ ਹੈ।

ਇਤਿਹਾਸਕ ਦੰਦ ਕਥਾਵਾਂ:

ਹਰੇਕ ਰਸਮ ਦੇ ਪਿੱਛੇ ਕੋਈ ਨਾ ਕੋਈ ਇਤਿਹਾਸਕ ਜਾਂ ਮਿਥਹਾਸਕ ਘਟਨਾ ਜਰੂਰ ਹੁੰਦੀ ਹੈ। ਕਈ ਹਿੰਦੂ ਗ੍ਰੰਥਾਂ ਵਿੱਚ ਰੱਖੜੀ ਤਿਉਹਾਰ ਦੇ ਪਿਛੋਕੜ ਅਤੇ ਸ਼ੁਰੂਆਤ ਬਾਰੇ ਬਹੁਤ ਸਾਰੀਆਂ ਕਥਾਵਾਂ/ਕਹਾਣੀਆਂ ਦਰਜ ਹਨ। ਆਧੁਨਿਕ ਲੇਖਕ ਤੇ ਚਿੰਤਕ ਇਨ੍ਹਾਂ ਕਥਾਵਾਂ ਨੂੰ ਮਿਥਹਾਸ ਮੰਨਦੇ ਹਨ। ਇਹ ਕਥਾਵਾਂ ਭਾਵੇਂ ਕੁਝ ਵੀ ਹੋਣ, ਪਰ ਸੱਚਾਈ ਤਾਂ ਇਹ ਹੈ ਕਿ ਇਹ ਕਥਾਵਾਂ ਹੀ ਕਿਸੇ ਸਮਾਜ ਵਿੱਚ ਰੀਤਾਂ/ਰਸਮਾਂ ਨੂੰ ਜਨਮ ਦਿੰਦੀਆਂ ਹਨ। ਰੱਖੜੀ ਦੀ ਰਸਮ ਬਾਰੇ ਕੁਝ ਮੁੱਖ ਦੰਦ-ਕਥਾਵਾਂ ਹੇਠ ਲਿਖੀਆਂ ਹਨ :

ਇੰਦਰ ਦੇਵ: ਹਿੰਦੂ ਇੰਦਰ ਦੇਵਤਾ ਬਾਰਸ਼ਾਂ ਅਤੇ ਅਸਮਾਨੀ ਬਿਜਲੀ ਦਾ ਦੇਵਤਾ ਹੈ। ਭਵਿਸ਼ ਪੁਰਾਣ ਅਨੁਸਾਰ ਦੇਵਤਿਆਂ ਅਤੇ ਰਾਖਸ਼ਾਂ ਦੀ ਲੜਾਈ ਵਿੱਚ ਰਾਖਸ਼ਾਂ ਦੇ ਤਾਕਤਵਰ ਰਾਜੇ ਬਾਲੀ ਵੱਲੋਂ ਇੰਦਰ ਨੂੰ ਹਰਾ ਕੇ ਅਪਮਾਨਿਤ ਕੀਤਾ ਗਿਆ ਸੀ। ਉਸ ਵੇਲੇ ਇੰਦਰ ਦੀ ਪਤਨੀ ਸਾਚੀ ਵਿਸ਼ਨੂੰ ਦੇਵਤਾ ਨੂੰ ਜਾ ਕੇ ਮਿਲੀ ਅਤੇ ਮਦਦ ਲਈ ਬੇਨਤੀ ਕੀਤੀ। ਵਿਸ਼ਨੂੰ ਨੇ ਉਸਨੂੰ ਇੱਕ ਤਵੀਜ਼ ਦਿੱਤਾ ਅਤੇ ਕਿਹਾ ਕਿ ਇਹ ਪਵਿੱਤਰ ਹੈ, ਇਸਨੂੰ ਇੰਦਰ ਦੀ ਬਾਂਹ ਉਤੇ ਬੰਨ੍ਹ ਕੇ ਉਸਦੀ ਜਿੱਤ ਅਤੇ ਸਲਾਮਤੀ ਲਈ ਪ੍ਰਾਰਥਨਾਂ ਕਰੀਂ। ਸਾਚੀ ਨੇ ਉਹ ਤਵੀਜ਼ ਲਿਆ ਕੇ ਇੰਦਰ ਦੀ ਬਾਂਹ ਉਤੇ ਬੰਨ੍ਹ ਕੇ ਉਸੇ ਤਰ੍ਹਾਂ ਪ੍ਰਾਰਥਨਾਂ ਕੀਤੀ। ਫਿਰ ਇੰਦਰ ਨੇ ਆਸਾਨੀ ਨਾਲ ਬਾਲੀ ਨੂੰ ਹਰਾ ਕੇ ਅਮਰਾਵਤੀ ਸਿੰਘਾਸਨ ਵਾਪਿਸ ਹਾਸਿਲ ਕਰ ਲਿਆ। ਇਸ ਤਰ੍ਹਾਂ ਪ੍ਰਾਚੀਨ ਭਾਰਤ ਵਿੱਚ ਜੰਗ ਉਤੇ ਜਾਣ ਵਾਲੇ ਵਿਅਕਤੀਆਂ ਦੀਆਂ ਬਾਹਵਾਂ/ਗੁੱਟਾਂ ਉਤੇ ਔਰਤਾਂ ਵੱਲੋਂ ਅਜਿਹੇ ਤਵੀਜ਼ ਬੰਨ੍ਹ ਕੇ ਉਨ੍ਹਾਂ ਦੀ ਸੁਰੱਖਿਆ ਅਤੇ ਜਿੱਤ ਲਈ ਪ੍ਰਾਰਥਨਾਂ ਕੀਤੀ ਜਾਣ ਲੱਗੀ। ਫਿਰ ਭੈਣਾਂ ਵੱਲੋਂ ਹਰੇਕ ਸਾਲ ਇਹ ਤਵੀਜ਼ ਰੱਖੜੀ ਦੇ ਰੂਪ ਵਿੱਚ ਆਪਣੇ ਭਰਾਵਾਂ ਦੇ ਗੁੱਟ ਉਤੇ ਬੰਨ੍ਹ ਕੇ ਉਨ੍ਹਾਂ ਦੀ ਖ਼ੁਸ਼ਹਾਲੀ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ ਜਾਣ ਲੱਗ ਪਈ।

ਰਾਜਾ ਬਾਲੀ ਅਤੇ ਲਕਸ਼ਮੀ ਦੇਵੀ: ਭਗਵਤ ਪੁਰਾਣ ਅਤੇ ਵਿਸ਼ਨੂੰ ਪੁਰਾਣ ਅਨੁਸਾਰ ਜਦੋਂ ਵਿਸ਼ਨੂੰ ਨੇ ਰਾਖਸ਼ ਰਾਜਾ ਬਾਲੀ ਤੋਂ ਤ੍ਰੈਲੋਕ ਜਿੱਤ ਲਏ ਤਾਂ ਬਾਲੀ ਨੇ ਆਪਣੇ ਰਾਜ ਮਹਿਲ ਵਿੱਚ ਠਹਿਰਨ ਲਈ ਵਿਸ਼ਨੂੰ ਨੂੰ ਬੇਨਤੀ ਕੀਤੀ। ਵਿਸ਼ਨੂੰ ਨੇ ਉਸਦੀ ਬੇਨਤੀ ਪ੍ਰਵਾਨ ਕਰ ਲਈ। ਲਕਸ਼ਮੀ ਦੇਵੀ ਨੇ ਬਾਲੀ ਨਾਲ ਵਿਸ਼ਨੂੰ ਦੀ ਇਸ ਦੋਸਤੀ ਨੂੰ ਪਸੰਦ ਨਾ ਕੀਤਾ ਅਤੇ ਬੈਕੁੰਠ ਵਾਪਿਸ ਜਾਣ ਨੂੰ ਤਰਜੀਹ ਦਿੱਤੀ। ਉਹ ਬਾਲੀ ਕੋਲ ਗਈ, ਉਸਦੇ ਗੁੱਟ ਉਤੇ ਰੱਖੜੀ ਬੰਨ ਕੇ ਉਸਨੂੰ ਭਰਾ ਬਣਾ ਲਿਆ। ਬਾਲੀ ਨੇ ਰੱਖੜੀ ਦੇ ਬਦਲੇ ਲਕਸ਼ਮੀ ਨੂੰ ਕੋਈ ਤੋਹਫਾ ਦੇਣ ਦੀ ਪੇਸ਼ਕਸ਼ ਕੀਤੀ। ਉਸ ਵੇਲੇ ਲਕਸ਼ਮੀ ਨੇ ਤੋਹਫੇ ਦੇ ਰੂਪ ਵਿੱਚ ਬਾਲੀ ਤੋਂ ਮੰਗ ਕੀਤੀ ਕਿ ਵਿਸ਼ਨੂੰ ਨੂੰ ਉਪਰੋਕਤ ਪ੍ਰਵਾਨ ਕੀਤੀ ਗਈ ਬੇਨਤੀ ਤੋਂ ਮੁਕਤ ਕਰ ਦਿੱਤਾ ਜਾਵੇ। ਬਾਲੀ ਨੇ ਕਿਉਂਕਿ ਵਚਨ ਦਿੱਤਾ ਹੋਇਆ ਸੀ। ਉਸਨੇ ਆਪਣੀ ਮੂੰਹ ਬੋਲੀ ਭੈਣ ਦੀ ਮੰਗ ਨੂੰ ਪ੍ਰਵਾਨ ਕਰ ਲਿਆ। ਇਹ ਕਹਾਣੀ ਰੱਖੜੀ ਦੇ ਰੇਸ਼ਮੀ ਤੰਦ ਦੇ ਰੂਪ ਵਿੱਚ ਭੈਣ ਭਰਾ ਦੇ ਰਿਸ਼ਤੇ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਸੰਤੋਸ਼ੀ ਮਾਂ: ਗਣੇਸ਼ ਦੇਵਤਾ ਦੇ ਸ਼ੁਭ ਅਤੇ ਲਾਭ ਦੋ ਪੁੱਤਰ ਸਨ। ਉਨ੍ਹਾਂ ਦੇ ਗੁੱਟ ਉਤੇ ਰੱਖੜੀ ਬੰਨਣ ਲਈ ਉਨ੍ਹਾਂ ਦੀ ਕੋਈ ਭੈਣ ਨਹੀਂ ਸੀ। ਉਨ੍ਹਾਂ ਨੇ ਆਪਣੇ ਪਿਤਾ ਨੂੰ ਇੱਕ ਭੈਣ ਲਈ ਕਿਹਾ। ਗਣੇਸ਼ ਨੇ ਨਾਂਹ ਵਿੱਚ ਸਿਰ ਹਿਲਾ ਦਿੱਤਾ।ਉਹ ਬੜੇ ਪ੍ਰੇਸ਼ਾਨ ਹੋਏ। ਉਸ ਵੇਲੇ ਉਥੇ ਨਾਰਦ ਮੁਨੀ ਪ੍ਰਗਟ ਹੋ ਗਿਆ। ਉਸਨੇ ਗਣੇਸ਼ ਨੂੰ ਪ੍ਰੇਰਿਆ ਅਤੇ ਕਿਹਾ ਕਿ ੳੇਨ੍ਹਾਂ ਦੀ ਪੁੱਤਰੀ ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰਾਂ ਲਈ ਬੜੀ ਭਾਗਸ਼ਾਲੀ ਹੋਵੇਗੀ। ਗਣੇਸ਼ ਉਸ ਨਾਲ ਸਹਿਮਤ ਹੋ ਗਿਆ ਅਤੇ ਆਪਣੀਆਂ ਪਤਨੀਆਂ ਰਿਧੀ ਅਤੇ ਸਿਧੀ ਵਿੱਚੋਂ ਨਿਕਲੀਆਂ ਦੈਵੀ ਲਪਟਾਂ ਵਿੱਚੋਂ ਇੱਕ ਲੜਕੀ ਪੈਦਾ ਕੀਤੀ, ਜਿਸਦਾ ਨਾਂ ਸੰਤੋਸ਼ੀ ਮਾਂ ਰੱਖਿਆ ਗਿਆ। ਹੁਣ ਸ਼ੁਭ ਅਤੇ ਲਾਭ ਦੋਵੇਂ ਬੜੇ ਖੁਸ਼ ਸਨ। ਸੰਤੋਸ਼ੀ ਮਾਂ ਨੇ ਉਨ੍ਹਾਂ ਦੋਹਾਂ ਦੇ ਗੁੱਟ ਉਤੇ ਰੱਖੜੀ ਬੰਨ੍ਹੀ।

ਕ੍ਰਿਸ਼ਨ ਤੇ ਦ੍ਰੋਪਦੀ : ਮਹਾਭਾਰਤ ਗ੍ਰੰਥ ਵਿੱਚ ਦਰਜ ਹੈ ਕਿ ਦ੍ਰੋਪਦੀ ਕ੍ਰਿਸ਼ਨ ਦੇ ਗੁੱਟ ਉਤੇ ਅਤੇ ਕੁੰਤੀ ਆਪਣੇ ਪੋਤੇ ਅਭਿਮਨਯੂ ਦੇ ਗੁੱਟ ਉਤੇ, ਮਹਾਭਾਰਤ ਦੇ ਯੁੱਧ ਵਿੱਚ ਜਾਣ ਤੋਂ ਪਹਿਲਾਂ ਰੱਖੜੀ ਬੰਨਦੀਆਂ ਹਨ।

ਯਮ ਤੇ ਯਮੁਨਾ : ਇੱਕ ਦੰਦ-ਕਥਾ ਅਨੁਸਾਰ ਮੌਤ ਦਾ ਦੇਵਤਾ ਯਮ ਕੋਈ ਬਾਰਾਂ ਸਾਲ ਤੋਂ ਆਪਣੀ ਭੈਣ ਯਮੁਨਾ ਨੂੰ ਮਿਲਣ ਨਹੀਂ ਸੀ ਗਿਆ। ਯਮੁਨਾ ਬਹੁਤ ਉਦਾਸ ਹੋਈ। ਉਸਨੇ ਗੰਗਾ ਨੂੰ ਮਿਲ ਕੇ ਆਪਣੀ ਉਦਾਸੀ ਬਾਰੇ ਦੱਸਿਆ। ਗੰਗਾ ਨੇ ਯਮ ਨੂੰ ਉਸਦੀ ਭੈਣ ਯਮੁਨਾ ਦੀ ਯਾਦ ਦਿਲਾਈ। ਯਮ ਆਪਣੀ ਭੈਣ ਨੂੰ ਮਿਲਣ ਲਈ ਗਿਆ। ਯਮੁਨਾ ਆਪਣੇ ਭਰਾ ਨੂੰ ਵੇਖ ਕੇ ਬੜੀ ਖੁਸ਼ ਹੋਈ। ਉਸਨੇ ਭਰਾ ਲਈ ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ। ਆਪਣੇ ਪ੍ਰਤੀ ਭੈਣ ਦੇ ਪਿਆਰ ਨੂੰ ਵੇਖ ਕੇ ਯਮ ਬਹੁਤ ਖੁਸ਼ ਹੋਇਆ। ਉਸਨੈ ਭੈਣ ਨੂੰ ਕੋਈ ਤੋਹਫਾ ਦੇਣ ਦੀ ਪੇਸ਼ਕਸ਼ ਕਰਦਿਆਂ ਪੁੱਛਿਆ ਕਿ ਯਮੁਨਾ ਆਪਣੇ ਭਰਾ ਤੋਂ ਕਿਹੜਾ ਤੋਹਫਾ ਲੈਣਾ ਪਸੰਦ ਕਰੇਗੀ? ਯਮੁਨਾ ਨੇ ਤੋਹਫੇ ਦੇ ਰੂਪ ਵਿੱਚ ਯਮ ਤੋਂ ਵਚਨ ਲਿਆ ਕਿ ਉਹ ਆਪਣੀ ਭੈਣ ਨੂੰ ਛੇਤੀ ਛੈਤੀ ਮਿਲਣ ਆਇਆ ਕਰੇ। ਇਸ ਉਤੇ ਯਮ ਹੋਰ ਵੀ ਬੜਾ ਪ੍ਰਸੰਨ ਹੋਇਆ ਅਤੇ ਉਸਨੇ ਯਮੁਨਾ ਨੂੰ ਸਦਾ ਸੁਰਜੀਤ ਰਹਿਣ ਦਾ ਵਰ ਦਿੱਤਾ। ਇਹ ਦੰਦ-ਕਥਾ ਭੈਣ ਭਰਾ ਦੇ ਪਿਆਰ ਦੇ ਰੱਖੜੀ ਵਰਗੇ ਦੂਸਰੇ ਤਿਉਹਾਰ ਭਾਈ ਦੂਜ ਦਾ ਆਧਾਰ ਹੈ।

ਸਮਰਾਟ ਸਿਕੰਦਰ ਅਤੇ ਰਾਜਾ ਪੋਰਸ: ਜਦੋਂ ਸਮਰਾਟ ਸਿਕੰਦਰ ਨੇ 326 ਬੀ.ਸੀ. ਈਸਵੀ ਵਿੱਚ ਭਾਰਤ ਉਤੇ ਹਮਲਾ ਕੀਤਾ ਤਾਂ ਉਸ ਵੇਲੇ ਉਸਦੀ ਪਤਨੀ ਰਾਕਸਾਨਾ ਵੀ ਉਸਦੇ ਨਾਲ ਸੀ। ਇੱਥੇ ਸਿਕੰਦਰ ਦਾ ਸਾਹਮਣਾ ਰਾਜਾ ਪੋਰਸ ਨਾਲ ਹੋਣਾ ਸੀ। ਪੋਰਸ ਬੜਾ ਤਾਕਤਵਰ ਰਾਜਾ ਸੀ। ਰਾਕਸਾਨਾ ਨੂੰ ਡਰ ਸੀ ਕਿ ਸਿਕੰਦਰ ਦੀ ਇਸ ਯੁੱਧ ਵਿੱਚ ਹਾਰ ਹੋਵੇਗੀ ਅਤੇ ਉਹ ਰਾਜਾ ਪੋਰਸ ਦੇ ਹੱਥੋਂ ਮਾਰਿਆ ਜਾਵੇਗਾ। ਇਸ ਡਰ ਦੇ ਚਲਦਿਆਂ ਰਾਕਸਾਨਾ ਸਮੱਸਿਆ ਦਾ ਹੱਲ ਲੱਭਣ ਲਈ ਬੇਚੈਨੀ ਨਾਲ ਇਧਰ ਉਧਰ ਘੁੰਮ ਰਹੀ ਸੀ। ਉਸਦਾ ਮੇਲ ਇੱਕ ਭਾਰਤੀ ਔਰਤ ਸੁਰਮਨੀਆ ਨਾਲ ਹੋਇਆ। ਸੁਰਮਨੀਆ ਤੋਂ ਰਾਕਸਾਨਾ ਨੂੰ ਭਾਰਤ ਦੇ ਰੱਖੜੀ ਦੇ ਤਿਉਹਾਰ ਬਾਰੇ ਪਤਾ ਲੱਗਾ। ਰਾਕਸਾਨਾ ਇੱਕ ਰੱਖੜੀ ਲੈ ਕੇ ਰਾਜਾ ਪੋਰਸ ਨੂੰ ਮਿਲੀ। ਉਸਨੇ ਰਾਜਾ ਪੋਰਸ ਦੇ ਗੁੱਟ ਉਤੇ ਉਹ ਰੱਖੜੀ ਬੰਨ੍ਹ ਦਿੱਤੀ। ਰਾਜਾ ਪੋਰਸ ਨੇ ਥੋੜ੍ਹੀ ਹਿਚਕਚਾਹਟ ਤੋਂ ਬਾਅਦ ਰਾਕਸਾਨਾ ਨੂੰ ਆਪਣੀ ਮੂੰਹ-ਬੋਲੀ ਭੈਣ ਸਵੀਕਾਰ ਕਰ ਲਿਆ। ਫਿਰ ਰਾਜਾ ਪੋਰਸ ਵੱਲੋਂ ਰੱਖੜੀ ਬਦਲੇ ਰਾਕਸਾਨਾ ਨੂੰ ਤੋਹਫੇ ਵਜੋਂ ਕੁਝ ਦੇਣ ਦੀ ਪੇਸ਼ਕਸ਼ ਕੀਤੀ ਗਈ। ਰਾਕਸਾਨਾ ਨੇ ਪੋਰਸ ਤੋਂ ਆਪਣੇ ਪਤੀ ਸਮਰਾਟ ਸਿਕੰਦਰ ਦੀ ਸਲਾਮਤੀ ਦਾ ਵਚਨ ਲੈ ਲਿਆ।

ਸਮਰਾਟ ਸਿਕੰਦਰ ਅਤੇ ਰਾਜਾ ਪੋਰਸ ਵਿਚਕਾਰ ਪੰਜਾਬ ਵਿੱਚ ਜੇਹਲਮ ਨਦੀ ਦੇ ਕੰਢੇ ਉਤੇ ਯੁੱਧ ਹੋਇਆ। ਇੱਕ ਸਮੇਂ ਪੋਰਸ ਅਤੇ ਸਿਕੰਦਰ ਇੱਕ ਦੂਜੇ ਨਾਲ ਹੱਥੋ-ਹੱਥੀ ਭਿੜ੍ਹਨ ਲੱਗੇ। ਪੋਰਸ ਸਿਕੰਦਰ ਉਤੇ ਹਾਵੀ ਹੋ ਗਿਆ। ਉਸ ਵੇਲੇ ਪੋਰਸ ਦਾ ਧਿਆਨ ਆਪਣੇ ਗੁੱਟ ਉਤੇ ਬੰਨ੍ਹੀ ਰੱਖੜੀ ਉਤੇ ਪਿਆ। ਰਾਕਸਾਨਾ ਨੂੰ ਦਿੱਤੇ ਵਚਨ ਦੀ ਪਾਲਣਾ ਕਰਦਿਆਂ ਉਸਨੇ ਸਿਕੰਦਰ ਉਤੇ ਵਾਰ ਨਾ ਕੀਤਾ ਅਤੇ ਸਿਕੰਦਰ ਬਚ ਗਿਆ। ਇਹ ਦੰਦਕਥਾ ਰੇਸ਼ਮੀ ਤੰਦ ਦੇ ਰੂਪ ਵਿੱਚ ਭੈਣ ਭਰਾ ਦੇ ਅਦ੍ਰਿਸ ਪਿਆਰ ਅਤੇ ਵਚਨ ਦੀ ਮਹਾਨਤਾ ਦਾ ਪ੍ਰਮਾਣ ਹੈ।

ਸਿੱਖ ਭਾਈਚਾਰੇ ਵਿੱਚ ਰੱਖੜੀ: ਇਤਿਹਾਸਕਾਰ ਅਰਵਿੰਦਪਾਲ ਸਿੰਘ ਮੰਡੇਰ ਅਨੁਸਾਰ 18ਵੀਂ ਸਦੀ ਵਿੱਚ ਸਿੱਖ ਖਾਲਸਾ ਫੌਜ ਨੇ ਮੁਗਲਾਂ/ਅਫਗਾਨੀ ਮੁਸਲਿਮ ਫੌਜਾਂ ਤੋਂ ਕਿਸਾਨਾਂ ਦੀ ਸੁਰੱਖਿਆ ਦਾ ਪ੍ਰਣ ਕਰਨ ਵਜੋਂ ਰੱਖੜੀ ਦੀ ਰਸਮ ਚਲਾਈ ਸੀ, ਜਿਸਦੇ ਦੇ ਬਦਲੇ ਕਿਸਾਨਾਂ ਤੋਂ ਉਨ੍ਹਾਂ ਦੀ ਪੈਦਾਵਾਰ ਵਿੱਚੋਂ ਕੁਝ ਹਿੱਸਾ ਲਿਆ ਜਾਂਦਾ ਸੀ। ਸਿੱਖ ਸਮਰਾਜ ਦੇ ਸੰਸਥਾਪਕ ਮਹਾਰਾਜਾ ਰਣਜੀਤ ਸਿੰਘ ਨੇ ਰੱਖੜੀ ਦਾ ਤਿਉਹਾਰ ਮਨਾਉਣਾ ਸ਼ੁਰੂ ਕੀਤਾ ਸੀ।

ਸੰਨ 1849 ਵਿੱਚ ਸਿੱਖ ਰਾਜ ਦੇ ਪਤਨ ਤੋਂ ਬਾਅਦ ਮਹਾਰਾਣੀ ਜਿੰਦਾਂ ਨੇ ਨੇਪਾਲ ਦੇ ਰਾਜੇ ਨੂੰ ਰੱਖੜੀ ਭੇਜ ਕੇ ਮਦਦ ਮੰਗੀ ਸੀ। ਰਾਜੇ ਨੇ ਉਸਨੂੰ ਆਪਣੀ ਭੈਣ ਪ੍ਰਵਾਨ ਕਰਦਿਆਂ ਨੇਪਾਲ ਵਿੱਚ ਪਨਾਹ ਦਿੱਤੀ ਸੀ। ਹਿੰਦੂ ਭਾਈਚਾਰੇ ਵਾਂਗ ਹੀ ਸਿੱਖ ਭਾਈਚਾਰੇ ਵਿੱਚ ਰੱੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਭੈਣਾ ਆਪਣੇ ਭਰਾਵਾਂ ਦੇ ਗੁੱਟ ਉਤੇ ਰੱਖੜੀ ਬੰਨਦੀਆਂ ਹਨ ਅਤੇ ਭਰਾ ਭੈਣਾਂ ਨੂੰ ਤੋਹਫੇ ਦਿੰਦੇ ਹਨ। ਰੱਖੜ ਪੁੰਨਿਆਂ ਦੇ ਮੌਕੇ ਉਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਬਾਬਾ ਬਕਾਲਾ ਵਿੱਚ ਤਿੰਨ ਦਿਨ ਮੇਲਾ ਲਗਦਾ ਹੈ। ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਦੇ ਭੋਗ ਉਪ੍ਰੰਤ ਰਾਗੀ ਸਿੰਘਾਂ ਵੱਲੋਂ ਮਨੋਹਰ ਕੀਰਤਨ ਕੀਤੇ ਜਾਂਦੇ ਹਨ। ਕਸਬੇ ਵਿੱਚ ਵੱਖ ਵੱਖ ਥਾਵਾਂ ਉਤੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਆਪਣੇ ਪੰਡਾਲ ਸਥਾਪਿਤ ਕਰਕੇ ਲੋਕਾਂ ਨੂੰ ਆਪਣੀਆਂ ਨੀਤੀਆਂ ਤੋਂ ਜਾਣੂੰ ਕਰਾਉਂਦੀਆਂ ਹਨ।

ਲੇਖਕ: ਸੰਤੋਖ ਸਿੰਘ ਸੰਧੂ
ਮੋ: +64 220 710 935

print
Share Button
Print Friendly, PDF & Email

Leave a Reply

Your email address will not be published. Required fields are marked *