ਪੰਜਾਬ ਤੇ ਹਿਮਾਚਲ ਦੀ ਸਰਹੱਦ ਤੇ ਵਸਦੇ ਪਿੰਡ ਮਜਾਰੀ ਵਿਖੇ ਦੋਵੇਂ ਰਾਜਾਂ ਦੀ ਪੁਲੀਸ ਵੱਲੋਂ ਛਾਪੇਮਾਰੀ

ss1

ਪੰਜਾਬ ਤੇ ਹਿਮਾਚਲ ਦੀ ਸਰਹੱਦ ਤੇ ਵਸਦੇ ਪਿੰਡ ਮਜਾਰੀ ਵਿਖੇ ਦੋਵੇਂ ਰਾਜਾਂ ਦੀ ਪੁਲੀਸ ਵੱਲੋਂ ਛਾਪੇਮਾਰੀ
25 ਡਰੰਮ ਲਾਹਣ, ਚਾਰ ਦੇਸੀ ਸ਼ਰਾਬ ਦੀਆਂ ਭੱਠੀਆਂ ਸਣੇ ਇੱਕ ਵਿਅਕਤੀ ਕਾਬੂ
ਨਸ਼ਾਖੋਰੀ ਖਿਲਾਫ ਡੀ ਐਸ ਪੀ ਸ੍ਰੀ ਅਨੰਦਪੁਰ ਸਾਹਿਬ ਅਤੇ ਨੈਣਾ ਦੇਵੀ ਦੀ ਅਗਵਾਈ ‘ਚ ਢਾਈ ਦਰਜਨ ਪੁਲੀਸ ਮੁਲਾਜ਼ਮਾਂ ਨੇ ਲਿਆ ਹਿੱਸਾ

ਸ੍ਰੀ ਅਨੰਦਪੁਰ ਸਾਹਿਬ, 10 ਅਗਸਤ(ਦਵਿੰਦਰਪਾਲ ਸਿੰਘ/ਅੰਕੁਸ਼): ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੀ ਸਰਹੱਦ ਤੇ ਵਸਦੇ ਪਿੰਡ ਮਜਾਰੀ ਵਿਖੇ ਚੱਲ ਰਹੇ ਨੇਸ਼ ਦੇ ਕਾਰੋਬਾਰ ਨੂੰ ਨੱਥ ਪਾਉਣ ਦੇ ਲਈ ਦੋਵੇਂ ਰਾਜਾਂ ਦੀ ਪੁਲੀਸ ਨੇ ਮਿਲ ਕੇ ਛਾਪੇਮਾਰੀ ਕੀਤੀ ਅਤੇ ਇਸ ਦੌਰਾਨ ਜਿੱਥੇ 25 ਡਰੰਮ ਲਾਹਣ, ਚਾਰ ਭੱਠੀਆਂ ਦੇਸੀ ਸ਼ਰਾਬ ਦੀਆਂ ਸਣੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਨਸ਼ਿਆਂ ਖਿਲਾਫ ਚਲਾਏ ਜਾ ਰਹੇ ਅਭਿਆਨ ਦੇ ਤਹਿਤ ਡੀ ਐਸ ਪੀ ਸ੍ਰੀ ਆਨੰਦਪੁਰ ਸਾਹਿਬ ਰਮਿੰਦਰ ਸਿੰਘ ਕਾਹਲੋਂ ਅਤੇ ਡੀ ਐਸ ਪੀ ਸ੍ਰੀ ਨੈਣਾ ਦੇਵੀ ਮਨੋਹਰ ਲਾਲ ਦੀ ਅਗਵਾਈ ਵਿੱਚ ਢਾਈ ਦਰਜਨ ਪੁਲੀਸ ਦੇ ਜਵਾਨਾਂ ਨੇ ਪਿੰਡ ਮਜਾਰੀ ਵਿਖੇ ਛਾਪੇਮਾਰੀ ਕੀਤੀ। ਇਸ ਦੌਰਾਨ ਨਸ਼ੇ ਦੇ ਕਾਰੋਬਾਰ ‘ਚ ਲਿਪਤ 5 ਘਰਾਂ ਵਿੱਚ ਜਾ ਕੇ ਵੀ ਛਾਪੇ ਮਾਰੇ ਗਏ ਪਰ ਉੱਥੋਂ ਕੁਝ ਪ੍ਰਾਪਤ ਨਹੀਂ ਹੋਇਆ। ਜਦਕਿ ਇੱਕ ਵਿਅਕਤੀ ਇੰਦਰਜੀਤ ਸਿੰਘ ਨੂੰ ਪੁਲੀਸ ਨੇ ਕਿਸੇ ਹੋਰ ਘਰ ਦੇ ਬਾਥਰੂਮ ‘ਚੋ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕਰ ਲਈ ਹੈ। ਇਸਤੋਂ ਬਾਅਦ ਪੁਲੀਸ ਜਵਾਨਾਂ ਨੇ ਮਜਾਰੀ ਖੱਡ ਦੇ ਕਿਨਾਰੇ ਨਜ਼ਾਇਜ਼ ਸ਼ਰਾਬ ਦੀ ਬਰਾਮਦਗੀ ਲਈ ਤਲਾਸ਼ੀ ਅਭਿਆਨ ਸ਼ੁਰੂ ਕੀਤਾ।ਇਸ ਦੌਰਾਨ ਪੁਲੀਸ ਆਉਂਦੀ ਵੇਖ ਕੱਚੀ ਲਾਹਣ ਬਨਾਉਣ ਵਾਲੇ ਲੋਕ ਤਾਂ ਭੱਜਣ ਵਿੱਚ ਕਾਮਯਾਬ ਹੋ ਗਏ ਪਰ ਪੁਲੀਸ ਨੇ ਇੱਥੋਂ 25 ਡਰੰਮ ਲਾਹਣ ਅਤੇ ਚਾਰ ਭੱਠੀਆਂ ਨੂੰ ਜਰੂਰ ਨਸ਼ਟ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ।
ਇਸਦੀ ਪੁਸ਼ਟੀ ਕਰਦੇ ਹੋਏ ਡੀ ਐਸ ਪੀ ਮਨੋਹਰ ਲਾਲ ਨੇ ਕਿਹਾ ਕਿ ਇਹ ਅਭਿਆਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਅਸੀਂ ਨਸ਼ਾ ਤਸਕਰਾਂ ਨੂੰ ਰੰਗੇ ਹੱਥੀਂ ਨਹੀਂ ਫੜ ਲੈਂਦੇ ।ਉਨਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦੇ ਭਵਿੱਖ ਨੂੰ ਵੇਖਦੇ ਹੋਏ ਉਹ ਨਸ਼ੇ ਦੇ ਕਾਰਬਾਰ ਦੇ ਨਾਲ ਜੁੜੇ ਲੋਕਾਂ ਬਾਰੇ ਸੂਚਨਾ ਦੇਣ। ਜਦਕਿ ਡੀ ਐਸ ਪੀ ਰਮਿੰਦਰ ਸਿੰਘ ਕਾਹਲੋਂ ਨੇ ਵੀ ਇਸ ਤਲਾਸ਼ੀ ਅਭਿਆਨ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪੰਜਾਬ ਪੁਲੀਸ ਨਸ਼ੇ ਦੇ ਖਿਲਾਫ ਪੂਰੀ ਸਖਤੀ ਵਰਤ ਰਹੀ ਹੈ ਤੇ ਜਦੋਂ ਵੀ ਸ਼ਿਕਾਇਤ ਮਿਲਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਇਸ ਮੌਕੇ ਐਸ ਐਚ ਓ ਸ੍ਰੀ ਆਨੰਦਪੁਰ ਸਾਹਿਬ ਪਵਨ ਕੁਮਾਰ ਵੀ ਹਾਜ਼ਰ ਸਨ।

print
Share Button
Print Friendly, PDF & Email