ਬਾਬਾ ਸਾਹਿਬ ਸਿੰਘ ਦੇ ਬਰਸੀ ਸਮਾਗਮਾਂ ਵਿੱਚ ਪੰਜੇ ਤਖਤ ਸਾਹਿਬਾਨ ਦੇ ਜਥੇਦਾਰਾਂ ਨੇ ਭਰੀ ਹਾਜਿਰੀ

ss1

ਬਾਬਾ ਸਾਹਿਬ ਸਿੰਘ ਦੇ ਬਰਸੀ ਸਮਾਗਮਾਂ ਵਿੱਚ ਪੰਜੇ ਤਖਤ ਸਾਹਿਬਾਨ ਦੇ ਜਥੇਦਾਰਾਂ ਨੇ ਭਰੀ ਹਾਜਿਰੀ
ਤਖਤ ਸ੍ਰੀ ਪਟਨਾ ਸਾਹਿਬ ਜਥੇਦਾਰ ਵੱਲੋਂ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਨੂੰ ‘ਪੰਥ ਰਤਨ’ ਦਾ ਖਿਤਾਬ ਦੇਣ ਦਾ ਐਲਾਨ
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਨੌਜਵਾਨ ਪੀੜੀ ਨੂੰ ਪਤਿਤਪੁਣੇ ਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਕੀਤੀ ਅਪੀਲ

ਤਲਵੰਡੀ ਸਾਬੋ, 30 ਜੁਲਾਈ (ਗੁਰਜੰਟ ਸਿੰਘ ਨਥੇਹਾ)- ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96ਵੇਂ ਕ੍ਰੋੜੀ) ਦੇ ਗਿਆਰਵੇਂ ਮੁਖੀ ਰਹਿ ਚੁੱਕੇ ਸੱਚਖੰਡਵਾਸੀ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਕਲਾਧਾਰੀ ਦੇ ਬਰਸੀ ਸਮਾਗਮ ਅੱਜ ਬੁੱਢਾ ਦਲ ਮੁੱਖ ਅਸਥਾਨ ਗੁ:ਬੇਰ ਸਾਹਿਬ ਦੇਗਸਰ ਸਾਹਿਬ (ਪਾ:10 ਵੀਂ) ਛਾਉਣੀ ਨਿਹੰਗ ਸਿੰਘਾਂ ਵਿਖੇ ਸ਼ਰਧਾਪੂਰਵਕ ਮਨਾਏ ਗਏ। ਸਮਾਗਮਾਂ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਨੇ ਸ਼ਿਰਕਤ ਕੀਤੀ।
ਅੱਜ ਸਭ ਤੋਂ ਪਹਿਲਾਂ ਬੀਤੇ ਤਿੰਨ ਦਿਨਾਂ ਤੋਂ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਤਖਤ ਸ੍ਰੀ ਅਬਚਿਲਨਗਰ ਨਾਂਦੇੜ (ਹਜੂਰ ਸਾਹਿਬ) ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਜਥਿਆਂ ਵੱਲੋਂ ਸ਼ਬਦ ਕੀਰਤਨ ਰਾਂਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਵੀਰ ਰਸ ਵਾਰਾਂ ਨਾਲ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂੰ ਕਰਵਾਇਆ। ਸਮਾਗਮ ਨੂੰ ਸੰਬੋਧਨ ਕਰਦਿਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ ਨੇ ਬੁੱਢਾ ਦਲ ਦੇ ਸਮੁੱਚੇ ਇਤਿਹਾਸ ਅਤੇ ਬਾਬਾ ਸਾਹਿਬ ਸਿੰਘ ਕਲਾਧਾਰੀ ਦੇ ਜੀਵਨ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ। ਇਸ ਮੌਕੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਨੇ ਬੁੱਢਾ ਦਲ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੂੰ ਉਨਾਂ ਵੱਲੋਂ ਸ੍ਰੀ ਗੁਰੂ ਗੋੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਵ ਸਮਾਗਮਾਂ ਵਿੱਚ ਨਿਭਾਈ ਭੁੂਮਿਕਾ ਅਤੇ ਉਨਾਂ ਵੱਲੋਂ ਸਿੱਖੀ ਪ੍ਰਚਾਰ ਪ੍ਰਸਾਰ ਵਿੱਚ ਕੀਤੇ ਜਾ ਰਹੇ ਯਤਨਾਂ ਨੂੰ ਦੇਖਦਿਆਂ ਉਨਾਂ ਨੂੰ ਤਖਤ ਸਾਹਿਬ ਵੱਲੋਂ ‘ਪੰਥ ਰਤਨ’ ਸਨਮਾਨ ਦੇਣ ਦਾ ਐਲਾਨ ਕੀਤਾ ਜਿਸਦਾ ਸੰਗਤਾਂ ਨੇ ਜੈਕਾਰਿਆਂ ਦੇ ਰੂਪ ਵਿੱਚ ਸਵਾਗਤ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਬੁੱਢਾ ਦਲ ਦਾ ਸਿੱਖ ਇਤਿਹਾਸ ਵਿੱਚ ਵਿਸ਼ੇਸ ਮਹੱਤਵ ਹੈ ਤੇ ਅੱਜ ਵੀ ਦਲ ਪੰਥ ਜਿੱਥੇ ਘੋੜਿਆਂ ਤੇ ਵਿਚਰ ਕੇ ਗੁਰੂ ਕੀਆਂ ਲਾਡਲੀਆਂ ਫੌਜਾਂ ਹੋਣ ਦਾ ਸਬੂਤ ਪੇਸ਼ ਕਰ ਰਿਹਾ ਹੈ ਉੱਥੇ ਸਿੱਖ ਸ਼ਸਤਰ ਕਲਾ ਗੱਤਕੇ ਨੂੰ ਫੈਲਾਉਣ ਲਈ ਜੋ ਯਤਨ ਬੁੱਢਾ ਦਲ ਵੱਲੋਂ ਕੀਤੇ ਜਾ ਰਹੇ ਨੇ ਉਨਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਉਨਾਂ ਨੇ ਇਸ ਮੌਕੇ ਸਿੱਖ ਨੌਜਵਾਨ ਪੀੜੀ ਨੂੰ ਨਸ਼ਿਆਂ ਅਤੇ ਪਤਿਤਪੁਣੇ ਤੋਂ ਦੂਰ ਰਹਿ ਕੇ ਬਾਣੀ ਤੇ ਬਾਣੇ ਦੇ ਧਾਰਣੀ ਬਨਣ ਦੀ ਅਪੀਲ ਕੀਤੀ। ਸਮਾਗਮ ਦੇ ਅੰਤ ਵਿੱਚ ਬੁੱਢਾ ਦਲ ਮੁਖੀ ਸ਼੍ਰੋਮਣੀ ਸੇਵਾ ਰਤਨ ਬਾਬਾ ਬਲਬੀਰ ਸਿੰਘ ਨੇ ਪੁੱਜੀਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਸਨਮਾਨਿਤ ਵੀ ਕੀਤਾ।
ਇਸ ਮੌਕੇ ਤਖਤ ਸ੍ਰੀ ਹਜੂਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਵੱਲੋਂ ਮੀਤ ਗ੍ਰੰਥੀ ਗਿਆਨੀ ਅਵਤਾਰ ਸਿੰਘ, ਤਰਨਾ ਦਲ ਦੇ ਬਾਬਾ ਗੱਜਣ ਸਿੰਘ,ਦਲ ਪੰਥ ਬਿਧੀ ਚੰਦ ਦੇ ਬਾਬਾ ਅਵਤਾਰ ਸਿੰਘ ਵੱਲੋਂ ਬਾਬਾ ਨਿਹਾਲ ਸਿੰਘ,ਬਾਬਾ ਨਾਗਰ ਸਿੰਘ ਹਰੀਆਂਵੇਲਾਂ, ਭਾਈ ਵਿਜੈ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ ਅੰਤ੍ਰਿਗ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਕਰਨੈਲ ਸਿੰਘ ਪੰਜੋਲੀ ਸਾਬਕਾ ਅੰਤ੍ਰਿਗ ਮੈਂਬਰ, ਭਾਈ ਜਗਸੀਰ ਸਿੰਘ ਮਾਂਗੇਆਣਾ ਮੈਂਬਰ ਸ਼੍ਰੋਮਣੀ ਕਮੇਟੀ, ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਬਾਬੂ ਸਿੰਘ ਮਾਨ, ਭਾਈ ਮੇਜਰ ਸਿੰਘ ਮੁਖਤਿਆਰ ਏ ਆਮ, ਬਾਬਾ ਅਰਜੁਨਦੇਵ ਸਿੰਘ ਸ਼ਿਵਜੀ,ਭਾਈ ਹਰਪ੍ਰੀਤ ਸਿੰਘ ਆਦਿ ਹਾਜਿਰ ਸਨ। ਸਟੇਜ ਦੀ ਭੂਮਿਕਾ ਭਾਈ ਸੁਖਮੰਦਿਰ ਸਿੰਘ ਮੋਰ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਤੇ ਨਿਹੰਗ ਸਿੰਘਾਂ ਦੇ ਲਾਇਸੰਸ ਨਵੇਂ ਬਣਾਏ ਤੇ ਰਿਨੀਊ ਕੀਤੇ ਗਏ। ਨਿਹੰਗਾਂ ਸਿੰਘਾਂ ਵੱਲੋਂ ਮੁਹੱਲਾ ਕੱਢਣ ਨਾਲ ਸਮਾਗਮ ਸੰਪੰਨ ਹੋ ਗਏ।

print
Share Button
Print Friendly, PDF & Email

Leave a Reply

Your email address will not be published. Required fields are marked *