ਉੱਤਰਾਖੰਡ ਵਿੱਚ ਬੱਸ ਖੱਡ ’ਚ ਡਿੱਗੀ, 48 ਮੌਤਾਂ

ss1

ਉੱਤਰਾਖੰਡ ਵਿੱਚ ਬੱਸ ਖੱਡ ’ਚ ਡਿੱਗੀ, 48 ਮੌਤਾਂ

ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ’ਚ ਇਕ ਬੱਸ ਦੇ ਡੂੰਘੀ ਖੱਡ ’ਚ ਡਿੱਗਣ ਕਰਕੇ 48 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 10 ਹੋਰ ਜ਼ਖ਼ਮੀ ਹੋ ਗਏ। ਪੁਲੀਸ ਮੁਤਾਬਕ ਪ੍ਰਾਈਵੇਟ ਬੱਸ ਰਾਮਨਗਰ ਜਾ ਰਹੀ ਸੀ ਅਤੇ ਉਸ ’ਚ ਸਮਰੱਥਾ ਤੋਂ ਵਧ 58 ਮੁਸਾਫ਼ਰ ਸਵਾਰ ਸਨ। ਧੂਮਾਕੋਟ ਦੇ ਗਵੀਨ ਪਿੰਡ ਨੇੜੇ ਬੱਸ 200 ਫੁੱਟ ਡੂੰਘੀ ਖੱਡ ’ਚ ਡਿੱਗੀ। ਪੌੜੀ ਦੇ ਐਸਪੀ ਜਗਤ ਰਾਮ ਜੋਸ਼ੀ ਨੇ ਫੋਨ ’ਤੇ ਖ਼ਬਰ ਏਜੰਸੀ ਨੂੰ ਦੱਸਿਆ ਕਿ 45 ਵਿਅਕਤੀਆਂ ਦੀ ਥਾਂ ’ਤੇ ਹੀ ਮੌਤ ਹੋ ਗਈ ਸੀ ਜਦਕਿ ਤਿੰਨ ਹੋਰ ਨੇ ਹਸਪਤਾਲ ’ਚ ਦਮ ਤੋੜਿਆ। ਸਵੇਰੇ ਸਾਢੇ 8 ਵਜੇ ਵਾਪਰੇ ਹਾਦਸੇ ਮਗਰੋਂ 8 ਜ਼ਖ਼ਮੀਆਂ ਨੂੰ ਧੂਮਾਕੋਟ ਦੇ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਅਤੇ ਦੋ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਰਾਮਨਗਰ ਹਸਪਤਾਲ ਲਈ ਰੈਫ਼ਰ ਕੀਤਾ ਗਿਆ ਹੈ। ਹਾਦਸੇ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਬੱਸ ’ਚ ਸਮਰੱਥਾ ਤੋਂ ਜ਼ਿਆਦਾ ਸਵਾਰੀਆਂ ਬਿਠਾਉਣ ਕਰਕੇ ਇਸ ਦਾ ਸੰਤੁਲਨ ਵਿਗੜ ਗਿਆ। ਇਕ ਸਰਕਾਰੀ ਅਧਿਕਾਰੀ ਨੇ ਸੰਭਾਵਨਾ ਜਤਾਈ ਕਿ ਸੜਕ ਵਿਚਕਾਰ ਪਾਣੀ ਨਾਲ ਭਰੇ ਵੱਡੇ ਖੱਡੇ ਤੋਂ ਬਚਾਉਣ ਲਈ ਡਰਾਈਵਰ ਨੇ ਜਦੋਂ ਬੱਸ ਨੂੰ ਮੋੜਿਆ ਤਾਂ ਉਹ ਸਿੱਧੀ ਖੱਡ ’ਚ ਜਾ ਡਿੱਗੀ। ਐਸਪੀ ਨੇ ਕਿਹਾ ਕਿ ਬੱਸ ਇੰਨੀ ਜ਼ੋਰ ਨਾਲ ਡਿੱਗੀ ਕਿ ਉਸ ਦੀ ਛੱਤ ਦੇ ਪਰਖੱਚੇ ਉੱਡ ਗਏ। ਉਨ੍ਹਾਂ ਕਿਹਾ ਕਿ ਪੁਲੀਸ ਅਤੇ ਐਸਡੀਆਰਐਫ ਜਵਾਨਾਂ ਵੱਲੋਂ ਚਲਾਏ ਗਏ ਬਚਾਅ ਕਾਰਜਾਂ ਮਗਰੋਂ ਸਾਰੀਆਂ ਲਾਸ਼ਾਂ ਮਿਲ ਗਈਆਂ ਹਨ। ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕਰਕੇ ਮੌਤਾਂ ’ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਹਾਦਸੇ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੰਦਿਆਂ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਦਸੇ ’ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਇਆ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਮੁੱਖ ਮੰਤਰੀ ਰਾਵਤ ਨਾਲ ਫੋਨ ’ਤੇ ਗੱਲ ਕਰਕੇ ਮੌਤਾਂ ’ਤੇ ਅਫ਼ਸੋਸ ਪ੍ਰਗਟਾਇਆ ਅਤੇ ਰਾਹਤ ਤੇ ਬਚਾਅ ਕਾਰਜਾਂ ਲਈ ਸਹਾਇਤਾ ਦੀ ਪੇਸ਼ਕਸ਼ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *