‘ਰਾਣਾ ਗੁਰਜੀਤ ਦੇ ਖੁਲਾਸੇ ਮਗਰੋਂ ਕੈਪਟਨ ਦੇਣ ਅਸਤੀਫਾ’

ss1

‘ਰਾਣਾ ਗੁਰਜੀਤ ਦੇ ਖੁਲਾਸੇ ਮਗਰੋਂ ਕੈਪਟਨ ਦੇਣ ਅਸਤੀਫਾ’

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਕਿ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਲਾਏ ਗਏ ਇਲਜ਼ਾਮਾਂ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਰਾਣਾ ਗੁਰਜੀਤ ਸਿੰਘ ਵੱਲੋਂ ਪੰਜਾਬ ਵਿੱਚ ਨਸ਼ਿਆਂ ਤੇ ਭ੍ਰਿਸ਼ਟਾਚਾਰ ਬਾਰੇ ਜੋ ਖੁਲਾਸੇ ਕੀਤੇ ਗਏ ਹਨ, ਉਨ੍ਹਾਂ ਨੂੰ ਸੁਣ ਕੇ ਹਰ ਵਿਅਕਤੀ ਦੇ ਲੂੰ-ਕੰਡੇ ਖੜ੍ਹੇ ਹੋ ਗਏ ਹਨ। ਇਹ ਵਿਚਾਰ ਪੰਜਾਬ ਵਿੱਚ ਕਾਂਗਰਸ ਰਾਜ ਦੇ ਬੁਰੀ ਤਰ੍ਹਾਂ ਫੇਲ੍ਹ ਹੋ ਜਾਣ ਤੇ ਸੂਬੇ ਵਿੱਚ ਜੰਗਲ ਰਾਜ ਹੋਣ ਦਾ ਪੁਖਤਾ ਸਬੂਤ ਹਨ।

ਡਾ. ਚੀਮਾ ਨੇ ਅੱਗੇ ਕਿਹਾ ਕਿ ਜੇ ਮੁੱਖ ਮੰਤਰੀ ਦੇ ਸਭ ਤੋਂ ਨੇੜੇ ਸਮਝੇ ਜਾਂਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਮੈਂ ਖੁਦ ਸਰਕਾਰ ਵਿੱਚ ਹੋਣ ਦੇ ਬਾਵਜ਼ੂਦ ਜਿੰਮੇਵਾਰੀ ਨਾਲ ਕਹਿ ਰਿਹਾ ਹਾਂ ਕਿ ਇੱਥੇ ਸੁਣਨ ਵਾਲਾ ਕੋਈ ਨਹੀਂ ਤਾਂ ਬਾਕੀ ਕਹਿਣ ਨੂੰ ਹੁਣ ਕੁਝ ਨਹੀਂ ਬਚਿਆ।

ਡਾ. ਚੀਮਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਾਂਗਰਸ ਦੇ ਸੀਨੀਅਰ ਨੇਤਾ ਨੇ ਟੈਲੀਵੀਜਨ ਉਪਰ ਇੰਟਰਵਿਊ ਦੌਰਾਨ ਭ੍ਰਿਸ਼ਟਾਚਾਰ ਤੇ ਨਸ਼ਿਆਂ ਦੀ ਦਲ-ਦਲ ਵਿੱਚ ਗ੍ਰਸੇ ਪੁਲਿਸ ਅਫਸਰਾਂ ਦੇ ਇਕੱਲੇ ਨਾਮ ਹੀ ਨਹੀਂ ਲਏ ਸਗੋਂ ਉਨ੍ਹਾਂ ਉਪਰ ਨੌਜਵਾਨਾਂ ਨੂੰ ਨਸ਼ੇ ਲਾਉਣ ਆਦਿ ਦੇ ਗੰਭੀਰ ਦੇਸ਼ ਵੀ ਲਗਾਏ ਗਏ ਹਨ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸ ਦੇ ਇੱਕ ਹੋਰ ਸੀਨੀਅਰ ਆਗੂ ਤੇ ਮੌਜੂਦਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਵੀ ਅਜਿਹੇ ਦੋਸ਼ ਸੂਬਾ ਪੱਧਰੀ ਸਮਾਗਮ ਵਿੱਚ ਮੰਤਰੀਆਂ ਦੀ ਹਾਜ਼ਰੀ ਵਿੱਚ ਲਾ ਚੁੱਕੇ ਹਨ। ਅੱਜ ਰਾਣਾ ਵੱਲੋਂ ਲਾਏ ਦੋਸ਼ ਬੇਹੱਦ ਸੰਗੀਨ ਤੇ ਗੰਭੀਰ ਹਨ। ਇਸ ਲਈ ਇਹ ਵਿਚਾਰ ਇਸ ਗੱਲ ਦਾ ਪ੍ਰਗਟਾਵਾ ਹੈ ਕਿ ਮੁੱਖ ਮੰਤਰੀ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਤੇ ਸਾਰੇ ਦੋਸ਼ਾਂ ਦੀ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਨਿਰਪੱਖ ਜਾਂਚ ਕਰਾਈ ਜਾਣੀ ਚਾਹੀਦੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *