ਡੇਰਾ ਪ੍ਰੇਮੀ ਬਿੱਟੂ ਨੇ ਡਿਊਟੀ ਮੈਜਿਸਟਰੇਟ ਅੱਗੇ ਕਬੂੁਲਿਆ ਜੁਰਮ

ss1

ਡੇਰਾ ਪ੍ਰੇਮੀ ਬਿੱਟੂ ਨੇ ਡਿਊਟੀ ਮੈਜਿਸਟਰੇਟ ਅੱਗੇ ਕਬੂੁਲਿਆ ਜੁਰਮ

ਇੱਥੇ ਥਾਣਾ ਸਿਟੀ ਵਿੱਚ ਦਰਜ ਤਕਰੀਬਨ 7 ਸਾਲ ਪੁਰਾਣੇ ਸਰਕਾਰੀ ਜਾਇਦਾਦ ਦੀ ਸਾੜ-ਫੂਕ ਦੇ ਕੇਸ ਵਿੱਚ ਬਿੱਟੂ ਸਮੇਤ ਗ੍ਰਿਫ਼ਤਾਰ 10 ਡੇਰਾ ਪ੍ਰੇਮੀਆਂ ਦਾ ਪੁਲੀਸ ਰਿਮਾਂਡ ਖਤਮ ਹੋਣ ਬਾਅਦ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਆਗੂ  ਮਹਿੰਦਰ ਪਾਲ ਬਿੱਟੂ ਨੂੰ ਅੱਜ ਮੁੜ ਸਥਾਨਕ ਡਿਊਟੀ ਮੈਜਿਸਟਰੇਟ ਗੁਰਭਿੰਦਰ ਸਿੰਘ ਜੌਹਲ ਦੀ ਅਦਾਲਤ ਵਿੱਚ ਪੇਸ਼ ਕੀਤਾ। ਸੂਤਰਾਂ ਅਨੁਸਾਰ ਉਸ ਨੇ ਜੁਰਮ ਇਕਬਾਲ ਕਰਨ ਦਾ ਬਿਆਨ ਦਿੱਤਾ ਹੈ।
ਡੀਆਈਜੀ ਰਣਬੀਰ ਸਿੰਘ ਖਟੜਾ ਦੀ ਨਿਗਰਾਨੀ ਹੇਠਲੀ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਅੰਤਿਮ ਜਾਂਚ ਵਿੱਚ ਬਰਗਾੜੀ ਕਾਂਡ ਲਈ ਬਿੱਟੂ ਦੀ ਅਗਵਾਈ ਹੇਠਲੀ 10 ਮੈਂਬਰੀ ਟੀਮ ਨੂੰ ਦੋਸ਼ੀ ਦੱਸਿਆ, ਜਿਸ ਤੋਂ ਬਾਅਦ ਇੱਥੇ ਸੀਆਈਏ ਸਟਾਫ ਵਿੱਚ ਸੀਬੀਆਈ ਦੀ ਡੀਆਈਜੀ ਰੈਂਕ ਦੀ ਮਹਿਲਾ ਅਧਿਕਾਰੀ ਦੀ ਅਗਵਾਈ ਹੇਠ ਤਕਰੀਬਨ 8 ਮੈਂਬਰੀ ਟੀਮ ਨੇ  ਡੇਰਾ ਪ੍ਰੇਮੀਆਂ ਦੇ ਪੁਲੀਸ ਰਿਮਾਂਡ ਦੌਰਾਨ ਬਰਗਾੜੀ ਕਾਂਡ ਦੀ ਪੁੱਛ-ਪੜਤਾਲ ਦੀ ਜਾਂਚ ਰਿਪੋਰਟ ਘੋਖੀ। ਪੰਜਾਬ ਪੁਲੀਸ ਦੀ ‘ਸਿੱਟ’ ਵਿੱਚ ਐੱਸਪੀ ਹਰਪ੍ਰੀਤ ਸਿੰਘ ਸੋਹਲ, ਡੀਐੱਸਪੀ ਭਿਖੀਵਿੰਡ ਸੁਲੱਖਣ ਸਿੰਘ, ਇੰਸਪੈਕਟਰ ਦਲਬੀਰ ਸਿੰਘ (ਇੰਚਾਰਜ ਸੀਆਈਏ, ਸਰਹਿੰਦ), ਐਸਆਈ ਇਕਬਾਲ ਹੁਸੈਨ ਤੇ ਏਐੱਸਆਈ ਹਰਪ੍ਰੀਤ ਸਿੰਘ ਸ਼ਾਮਲ ਹਨ। ਇੱਥੇ ਦੁਪਹਿਰ ਬਾਅਦ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਹਿੰਦਰ ਪਾਲ ਬਿੱਟੂ ਨੇ ਧਾਰਾ 164 ਸੀਆਰਪੀਸੀ ਤਹਿਤ ਅਦਾਲਤ ਵਿੱਚ ਆਪਣਾ ਬਿਆਨ ਦਰਜ ਕਰਵਾਇਆ ਹੈ। ਸੂਤਰਾਂ ਅਨੁਸਾਰ ਬਿੱਟੂ ਨੇ ਜੁਰਮ ਇਕਬਾਲ ਕੀਤਾ ਹੈ। ਸੂਤਰਾਂ ਅਨੁਸਾਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ (ਫ਼ਰੀਦਕੋਟ) ਦੇ ਗੁਰੂ ਘਰ ’ਚੋਂ ਪਹਿਲੀ ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਡੇਰਾ ਪ੍ਰੇਮੀ ਸੁਖਜਿੰਦਰ ਸਿੰਘ ਉਰਫ਼ ਸਨੀ ਅਤੇ ਰਣਦੀਪ ਸਿੰਘ ਉਰਫ਼ ਨੀਲਾ ਨੇ ਚੋਰੀ ਕੀਤਾ ਸੀ। ਉਹ ਮੋਟਰਸਾਈਕਲ ’ਤੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਪੁੱਜੇ ਸਨ ਅਤੇ ਇਸ ਤੋਂ ਬਾਅਦ ਬਾਕੀ ਮੁਲਜ਼ਮਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਦੱਸਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਇਨ੍ਹਾਂ ਦੋਵਾਂ ਦੀ ਪੁਲੀਸ ਨੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਨੂੰ ਜਾਣ ਆਉਣ ਵਾਲੇ ਰਸਤੇ ਦੀ ਵੀ ਨਿਸ਼ਾਨਦੇਹੀ ਕਰਵਾਈ ਹੈ। ਹੁਣ ਸੀਬੀਆਈ ਟੀਮ ਕਿਸੇ ਵੇਲੇ ਵੀ ਇਨ੍ਹਾਂ ਡੇਰਾ ਪ੍ਰੇਮੀਆਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਪੁੱਛ-ਪੜਤਾਲ ਕਰ ਸਕਦੀ ਹੈ। ਉਂਜ ਸੀਬੀਆਈ ਟੀਮ ਪੁਲੀਸ ਰਿਮਾਂਡ ਦੌਰਾਨ ਵੀ ਡੇਰਾ ਪ੍ਰੇਮੀਆਂ ਤੋਂ ਪੁੱਛ ਪੜਤਾਲ ਕਰ ਚੁੱਕੀ ਹੈ।

print
Share Button
Print Friendly, PDF & Email