ਪੰਜਾਬ ਦੇ 2800 ਸਕੂਲ ਪਾਉਣਗੇ ਪ੍ਰਾਈਵੇਟ ਸਕੂਲਾਂ ਨੂੰ ਮਾਤ

ss1

ਪੰਜਾਬ ਦੇ 2800 ਸਕੂਲ ਪਾਉਣਗੇ ਪ੍ਰਾਈਵੇਟ ਸਕੂਲਾਂ ਨੂੰ ਮਾਤ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਾਲ 2018-19 ਵਿੱਚ ਰਾਜ ਦੇ 2800 ਸਰਕਾਰੀ ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਮੰਤਵ ਸਿੱਖਣ ਪ੍ਰਕਿਰਿਆ ਨੂੰ ਸੁਖਾਲਾ ਤੇ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣਾ ਹੈ। ਸਮਾਰਟ ਸਕੂਲ ਮੁਹਿੰਮ ਤਹਿਤ 64 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਹਜ਼ਾਰ ਪ੍ਰਾਇਮਰੀ ਤੇ 1800 ਸੈਕੰਡਰੀ ਸਕੂਲਾਂ ਨੂੰ ਲੈਪਟਾਪ, ਮਲਟੀਮੀਡੀਆ ਪ੍ਰਾਜੈਕਟਰਾਂ ਤੇ ਉੱਚ ਰਫ਼ਤਾਰ ਵਾਲੇ ਇੰਟਰਨੈੱਟ ਨਾਲ ਲੈਸ ਕੀਤਾ ਜਾਵੇਗਾ।

ਇਹ ਸਮਾਰਟ ਸਕੂਲ ਪ੍ਰੋਗਰਾਮ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ (ਐਚਆਰਡੀ) ਵੱਲੋਂ ਪ੍ਰਵਾਨ ਕੀਤੇ 900 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਹਿੱਸਾ ਹੈ। ਇੱਕ ਹਜ਼ਾਰ ਪ੍ਰਾਇਮਰੀ ਸਕੂਲਾਂ ਵਿੱਚੋਂ ਹਰੇਕ ਨੂੰ ਆਪਣੇ ਦੋ ਕਲਾਸ ਰੂਮਾਂ ਨੂੰ ਸਮਾਰਟ ਕਲਾਸ ਰੂਮਾਂ ਵਿੱਚ ਬਦਲਣ ਲਈ 50-50 ਹਜ਼ਾਰ ਰੁਪਏ ਦਿੱਤੇ ਜਾਣਗੇ, ਜਦੋਂਕਿ 1800 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਇਸ ਮੰਤਵ ਲਈ ਤਿੰਨ-ਤਿੰਨ ਲੱਖ ਰੁਪਏ ਮਿਲਣਗੇ। ਇਸ ਪ੍ਰੋਗਰਾਮ ਦਾ ਉਦੇਸ਼ ਸਿੱਖਣ ਪ੍ਰਕਿਰਿਆ ਨੂੰ ਵੱਧ ਪ੍ਰਭਾਵਸ਼ਾਲੀ ਤੇ ਸਿਰਜਣਾਤਮਕ ਬਣਾਉਣਾ ਹੈ।

ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪ੍ਰਸ਼ਾਂਤ ਗੋਇਲ ਨੇ ਦੱਸਿਆ ਕਿ ਬੱਚਿਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਤੇ ਸਿੱਖਣ ਪ੍ਰਕਿਰਿਆ ਨੂੰ ਰੌਚਕ ਬਣਾਉਣ ਲਈ 2800 ਸਕੂਲਾਂ ਵਿੱਚ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਕਿ ਬੱਚੇ ਆਸਾਨੀ ਨਾਲ ਸਿੱਖ ਸਕਣ। ਉਨ੍ਹਾਂ ਦੱਸਿਆ ਕਿ ਸਮਾਰਟ ਕਲਾਸ ਰੂਮਾਂ ਤੋਂ ਇਲਾਵਾ 880 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 30 ਕਰੋੜ ਰੁਪਏ ਦੀ ਲਾਗਤ ਨਾਲ ਪੰਜ-ਪੰਜ ਕਿਲੋਵਾਟ ਦੇ ਸੌਰ ਊਰਜਾ ਪਲਾਂਟ ਲਾਉਣ ਦੀ ਵੀ ਤਜਵੀਜ਼ ਹੈ।

print
Share Button
Print Friendly, PDF & Email