ਜੰਗਲਾਤ ਵਿਭਾਗ ਨੇ 70 ਏਕੜ ਹੋਰ ਜ਼ਮੀਨ ਨਜਾਇਜ਼ ਕਬਜ਼ੇ ਤੋਂ ਮੁਕਤ ਕਰਾਈ

ss1

ਜੰਗਲਾਤ ਵਿਭਾਗ ਨੇ 70 ਏਕੜ ਹੋਰ ਜ਼ਮੀਨ ਨਜਾਇਜ਼ ਕਬਜ਼ੇ ਤੋਂ ਮੁਕਤ ਕਰਾਈ
ਹੁਣ ਤੱਕ ਛੁਡਾਈ ਜਾ ਚੁੱਕੀ ਹੈ 497 ਏਕੜ ਜ਼ਮੀਨ

ਲੁਧਿਆਣਾ/ ਸਮਰਾਲਾ (ਪ੍ਰੀਤੀ ਸ਼ਰਮਾ) ਜੰਗਲਾਤ ਡਵੀਜ਼ਨ ਨੇ ਵੱਡੀ ਸਫ਼ਲਤਾ ਪ੍ਰਾਪਤ ਕਰਦਿਆਂ ਡਵੀਜ਼ਨ ਅਧੀਨ ਆਉਂਦੇ ਖੇਤਰ ਦੀ 70 ਏਕੜ ਹੋਰ ਜ਼ਮੀਨ ਨਜਾਇਜ਼ ਕਬਜ਼ੇ ਤੋਂ ਮੁਕਤ ਕਰਵਾ ਲਈ ਹੈ, ਜਿਸ ਦੀ ਬਾਜ਼ਾਰੀ ਕੀਮਤ ਕਰੀਬ 7 ਕਰੋੜ ਰੁਪਏ ਬਣਦੀ ਹੈ। ਜੰਗਲਾਤ ਵਿਭਾਗ ਵੱਲੋਂ ਅੱਜ ਇਹ ਕਾਰਵਾਈ ਜ਼ਿਲਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਪਿੰਡ ਰੋੜ ਮਾਜਰੀ (ਬਲਾਕ ਮਾਛੀਵਾੜਾ) ਵਿਖੇ ਅਮਲ ਵਿੱਚ ਲਿਆਂਦੀ ਗਈ। ਇਹ ਸਾਰੀ ਕਾਰਵਾਈ ਅਮਨ ਸ਼ਾਂਤੀ ਨਾਲ ਨੇਪਰੇ ਚਾੜੀ ਗਈ। ਦੱਸਣਯੋਗ ਹੈ ਜੰਗਲਾਤ ਵਿਭਾਗ ਦੀ ਜ਼ਮੀਨ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਉਣ ਲਈ ਸ਼ੁਰੂ ਕੀਤੀ ਕਵਾਇਦ ਤਹਿਤ ਲੁਧਿਆਣਾ ਡਵੀਜ਼ਨ ਵਿੱਚ ਹੁਣ ਤੱਕ 497 ਏਕੜ ਜ਼ਮੀਨ ਵਿੱਚੋਂ ਨਜਾਇਜ਼ ਕਬਜ਼ੇ ਖ਼ਤਮ ਕਰਵਾਏ ਜਾ ਚੁੱਕੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਵੀਜ਼ਨਲ ਜੰਗਲਾਤ ਅਧਿਕਾਰੀ ਸ੍ਰ. ਚਰਨਜੀਤ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਮੱਤੇਵਾੜਾ ਜੰਗਲਾਤ ਰੇਂਜ ਵਿੱਚੋਂ 79 ਏਕੜ ਜ਼ਮੀਨ ਨਜਾਇਜ਼ ਕਬਜ਼ੇ ਤੋਂ ਮੁਕਤ ਕਰਵਾਈ ਗਈ ਸੀ। ਉਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ ਹੈਦਰ ਨਗਰ ਜੰਗਲਾਤ ਖੇਤਰ ਦੀ 108 ਏਕੜ ਨੂੰ ਨਜਾਇਜ਼ ਕਬਜ਼ੇ ਤੋਂ ਮੁਕਤ ਕਰਾਇਆ ਸੀ। ਲੁਧਿਆਣਾ ਜੰਗਲਾਤ ਡਵੀਜ਼ਨ ਅਧੀਨ ਆਉਂਦੇ ਖੇਤਰ ਵਿੱਚ ਪਿਛਲੇ 6 ਮਹੀਨੇ ਦੌਰਾਨ ਪਿੰਡ ਕੋਟ ਉਮਰਾ ਵਿੱਚੋਂ, ਪਿੰਡ ਗੋਰਸੀਆਂ ਖਾਨ ਮੁਹੰਮਦ ਵਿੱਚੋਂ, ਹੈਦਰ ਨਗਰ, ਹਾਦੀਵਾਲ ਵਿੱਚ, ਪਿੰਡ ਸਲੇਮਪੁਰ ਵਿੱਚੋਂ ਅਤੇ ਹੋਰ ਜਗਾ ਤੋਂ ਨਜਾਇਜ਼ ਕਬਜ਼ੇ ਹਟਾਏ ਗਏ ਹਨ।

ਸ੍ਰ. ਚਰਨਜੀਤ ਸਿੰਘ ਨੇ ਕਿਹਾ ਕਿ ਜੰਗਲਾਤ ਮੰਤਰੀ ਸ੍ਰ. ਸਾਧੂ ਸਿੰਘ ਧਰਮਸੋਤ ਦੇ ਦਿਸ਼ਾ ਨਿਰਦੇਸ਼ਾਂ ‘ਤੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਦੀ ਅਗਵਾਈ ਵਿੱਚ ਕੀਤੀ ਕਾਰਵਾਈ ਦੌਰਾਨ ਕੋਟ ਉਮਰਾ ਅਤੇ ਗੋਰਸੀਆਂ ਖਾਨ ਮੁਹੰਮਦ ਵਿੱਚੋਂ ਕੁੱਲ 227 ਏਕੜ ਜ਼ਮੀਨ ਨਜਾਇਜ਼ ਕਬਜ਼ੇ ਤੋਂ ਛੁਡਾ ਕੇ ਵਿਭਾਗ ਨੇ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਸੀ। ਉਨਾਂ ਕਿਹਾ ਕਿ ਨਜਾਇਜ਼ ਕਬਜ਼ਿਆਂ ਖ਼ਿਲਾਫ਼ ਇਹ ਕਾਰਵਾਈ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਜੰਗਲਾਤ ਵਿਭਾਗ ਦੀ ਚੱਪਾ-ਚੱਪਾ ਜ਼ਮੀਨ ਮੁਕਤ ਨਹੀਂ ਕਰਵਾਈ ਜਾਂਦੀ। ਜੋ ਨਜਾਇਜ਼ ਕਾਬਜ਼ਕਾਰ 30 ਜੂਨ, 2018 ਤੱਕ ਕਬਜ਼ਾ ਨਹੀਂ ਛੱਡਦੇ ਪੰਜਾਬ ਸਰਕਾਰ ਉਨਾਂ ਤੋਂ ਜ਼ਮੀਨ ਦਾ ਕਿਰਾਇਆ ਵਸੂਲਣ ਬਾਰੇ ਵੀ ਸੋਚ ਰਹੀ ਹੈ। ਇਹ ਕਿਰਾਇਆ ਨਜਾਇਜ਼ ਕਬਜ਼ਾ ਕਰਨ ਦੇ ਸਮੇਂ ਤੋਂ ਵਸੂਲਿਆ ਜਾਵੇਗਾ। ਉਨਾਂ ਨਜਾਇਜ਼ ਕਾਬਜ਼ਕਾਰਾਂ ਨੂੰ ਅਪੀਲ ਕੀਤੀ ਕਿ ਉਹ ਜੰਗਲਾਤ ਵਿਭਾਗ ਦੀਆਂ ਜ਼ਮੀਨਾਂ ਨੂੰ ਤੁਰੰਤ ਖ਼ਾਲੀ ਕਰ ਦੇਣ ਨਹੀਂ ਤਾਂ ਉਨਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

print
Share Button
Print Friendly, PDF & Email