ਸੰਵਿਧਾਨ ਬਚਾਉਣ ਦੀ ਲੜਾਈ

ss1

ਸੰਵਿਧਾਨ ਬਚਾਉਣ ਦੀ ਲੜਾਈ

‘ਲੋਕਤੰਤਰ ਦੀ ਹੱਤਿਆ ਹੋ ਰਹੀ ਹੈ’ ਦੀ ਆਵਾਜ਼ ਨੂੰ ਅੱਜ ਹਰ ਇੱਕ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਜੋਰ ਸ਼ੋਰ ਨਾਲ ਚੁੱਕਿਆ ਜਾ ਰਿਹਾ ਹੈ। ਲੋਕਤੰਤਰ ਅਸਲ ‘ਚ ਆਪਣੇ ਆਪ ‘ਚ ਇੱਕ ਭਰਮ ਦੇ ਤੌਰ ‘ਤੇ ਸਾਧਨਾਂ ਦੀ ਮਾਲਕੀਅਤ ਦੀ ਆਪਣੇ ਪੱਖ ‘ਚ ਭੁਗਤਾਉਣ ਦਾ, ਰਾਜ ਰੂਪੀ ਇੱਕ ਏਜੰਸੀ ਦੀ ਕਾਇਦੇ ਕਾਨੂੰਨਾਂ ਦੇ ਦਿਖਾਵੇ ਨਾਲ ਲੋਕਾਂ ਦੀ ਤੁੱਛ ਭਾਗੀਦਾਰੀ ਨਾਲ, ਲੋਕਾਂ ‘ਤੇ ਰਾਜ ਕਰਨ ਦੀ ਪਰਿਭਾਸ਼ਾ ਹੀ ਹੈ। ਸਾਧਨਾਂ ਦੀ ਮਲਕੀਅਤ ਦੇ ਕਬਜੇ, ਸਰਮਾਏ ਦੀ ਵਰਤੋਂ ਜਾਂ ਦੂਜੇ ਪੱਖ ਤੋਂ ਬਹੁਗਿਣਤੀ ਦੇ ਏਕੇ, ਸਾਧਨਾਂ ਦੀ ਬਰਾਬਰਤਾ ਨਾਲ ਵੰਡ ਤੇ ਯੋਗਤਾ ਅਨੁਸਾਰ ਕੰਮ ਤੋਂ ਬਿਨ੍ਹਾਂ ਰਾਜ ਕਿਸੇ ਹੋਰ ਪੱਖ ‘ਚ ਨਹੀਂ ਭੁਗਤਦਾ। ਦਿਖਾਵੇ ਦੇ ਲਈ ਲੋਕਾਂ ਨੂੰ ਵੋਟਾਂ ਦਾ ਹੱਕ ਦਿੱਤਾ ਜਾਂਦਾ ਹੈ, ਜਿਸ ‘ਚ ਅਸਲ ਤੌਰ ‘ਤੇ ਉਨ੍ਹਾਂ ਦੀ ਆਜ਼ਾਦੀ ਨੂੰ ਕਦੇ ਬਾਹਰਲੀ ਹਵਾ ਦਾ ਅਹਿਸਾਸ ਨਹੀਂ ਹੁੰਦਾ।
ਲੋਕਤੰਤਰ ਦੇਸ਼ਾਂ ਦੀਆਂ ਆਰਥਿਕ ਪ੍ਰਸਥਿਤੀਆਂ ਦੇ ਹਿਸਾਬ ਨਾਲ ਵੋਟਾਂ (ਸਰਕਾਰ ਚੁਣਨ ਦਾ ਸੰਦ) ਦੇ ਮੌਲਿਕ ਹੱਕ ਨਾਲ ਕੁਝ ਹੋਰ ਹੱਕਾਂ ਨੂੰ ਜੋੜਕੇ ਲੋਕਾਂ ਅੰਦਰ ਵਿਸ਼ਵਾਸ ਦਾ ਦੀਵਾ ਜਗਾਉਂਦਾ ਹੈ। ਅਸਲ ‘ਚ ਇਸ ਵਿਸ਼ਵਾਸ਼ ਦੀ ਛੱਤ ਲੋਕਤੰਤਰ ਦੇ ਕੁਝ ਜਰੂਰੀ ਅੰਗਾਂ ‘ਚ ਸਮਾਈ ਹੁੰਦੀ ਹੈ। ਸਿਰਫ ਲੋਕਾਂ ਦੁਆਰਾ ਸਰਕਾਰ ਚੁਣਨ ਲਈ ਵੋਟਾਂ ਪਾਉਣਾ ਲੋਕਤੰਤਰ ਨਹੀਂ, ਸਗੋਂ ਉਨ੍ਹਾਂ ਅੰਗਾਂ ਦਾ ਲੋਕਾਂ ਦੀ ਖੁਸ਼ਹਾਲੀ, ਤਰੱਕੀ ਲਈ ਕੀਤਾ ਜਾ ਰਿਹਾ ਕੰਮ ਕਿੰਨ੍ਹਾਂ ਕੁ ਕਾਰਗਰ ਹੈ, ਲੋਕਤੰਤਰ ਹੈ।
ਸੰਵਿਧਾਨ ਆਪਣੇ ਆਪ ‘ਚ ਮਾਂ ਬਾਪ ਦਾ ਗੁਣ ਰੱਖਦਾ ਹੈ। ਸੰਵਿਧਾਨ ਦੀ ਨਿਯਮਾਵਲੀ ਝੋਲੀ ਦੇ ਵਿੱਚੋਂ ਹੀ ਲੋਕਤੰਤਰ ਦਾ ਜਨਮ ਹੋਇਆ ਅਤੇ ਲੋਕਤੰਤਰ ਦਾ ਮੇਲ ਦੇਸ਼ ‘ਚ ਆਜ਼ਾਦ ਨਿਆਂਪਾਲਿਕਾ, ਕਾਨੂੰਨ ਬਣਾਉਣ ਲਈ ਸੰਸਦ ਅਤੇ ਫੈਂਸਲਿਆਂ ਨੂੰ ਲਾਗੂ ਕਰਨ ਲਈ ਮਜਬੂਤ ਨੌਕਰਸ਼ਾਹੀ ‘ਚੋਂ ਨਿਕਲਦਾ ਹੈ। ਲੋਕਤੰਤਰ ਅਸਲ ‘ਚ ਇੰਨ੍ਹਾਂ ਤਿੰਨ੍ਹਾਂ ਅੰਗਾਂ ਦਾ ਮੇਲ ਤੇ ਜਿੰਮੇਵਾਰੀ ਨਾਲ ਕੰਮ ਕਰਨ ਦਾ ਅਮੂਰਤ ਰੂਪ ਹੈ ਅਤੇ ਇਹ ਤਿੰਨੋਂ ਅੰਗ ਸਿੱਧੇ ਅਸਿੱਧੇ ਰੂਪ ‘ਚ ਲੋਕਾਂ ਲਈ ਕੰਮ ਕਰਦੇ ਹਨ। ਲੋਕਾਂ ਤੋਂ ਬਿਨ੍ਹਾਂ ਇੰਨ੍ਹਾਂ ਦੀ ਹੋਂਦ ਸੰਭਵ ਨਹੀਂ।
ਹੁਣ ਮਸਲਾ ਇਹ ਹੈ ਕਿ ਦੇਸ਼ ‘ਚ ਰਾਜਨੀਤਿਕ ਦਲਾਂ ਦੀ ਬਹੁਗਿਣਤੀ ਵੱਲੋਂ ਕੋਠੇ ਚੜਕੇ ਸੰਵਿਧਾਨ ਨੂੰ ਬਚਾਉਣ ਦਾ ਰੌਲਾ ਪਾਇਆ ਜਾ ਰਿਹਾ ਹੈ। ਸੰਵਿਧਾਨ ਆਪਣੇ ਆਪ ‘ਚ ਨਿਯਮਾਂਵਲੀ ਦੀ ਤਰਤੀਬ ਹੈ, ਜਿਸ ਦੀ ਰੌਸ਼ਨੀ ‘ਚ ਹੀ ਸੰਸਦ, ਨਿਆਂਪਾਲਿਕਾ ਤੇ ਹੋਰ ਸੰਵਿਧਾਨਿਕ ਅਦਾਰਿਆਂ ਦਾ ਜਨਮ ਹੁੰਦਾ ਹੈ ਤੇ ਇਨ੍ਹਾਂ ਦੇ ਕੰਮ ਕਰਨ ਦਾ ਤਰੀਕਾ ਤਹਿ ਹੁੰਦਾ ਹੈ ਅਤੇ ਇਨ੍ਹਾਂ ਤਿੰਨ੍ਹਾਂ ਅੰਗਾਂ ‘ਚ ਹੀ ਵੱਖ ਵੱਖ ਤਰ੍ਹਾਂ ਨਾਲ ਨੌਕਰਸ਼ਾਹੀ ਆਪਣਾ ਬਹੁਕੀਮਤੀ ਰੋਲ ਅਦਾ ਕਰਦੀ ਹੈ।
ਹੁਣ ਸੰਵਿਧਾਨ ‘ਤੇ ਮੰਦਰਾਉਂਦੇ ਖਤਰੇ ਨੂੰ ਜਰਾ ਧਿਆਨ ਨਾਲ ਸਮਝਣ ਦੀ ਲੋੜ ਹੈ। ਲੋਕਤੰਤਰ ਦਾ ਵਜੂਦ ਇਸਦੇ ਅਦਾਰਿਆਂ ‘ਚ ਹੈ ਤੇ ਅਦਾਰਿਆਂ ਦੀ ਦਿਸ਼ਾ ਤਹਿ ਕਰਨ ਦਾ ਹੱਕ ਸੰਸਦ ਕੋਲ ਹੈ, ਜਿੱਥੇ ਲੋਕਾਂ ਦੇ ਚੁਣੇ ਨੁਮਾਇੰਦੇ ਕਾਨੂੰਨਾਂ ਦੀ ਸ਼ਕਲ ‘ਚ ਸ਼ਕਤੀਆਂ ਦੇ ਵੱਖ ਵੱਖ ਸਰੂਪਾਂ ਨੂੰ ਜਨਮ ਦਿੰਦੇ ਹਨ। ਪਰ ਸਾਡਾ ਮੁਲਕ ਆਜ਼ਾਦੀ ਤੋਂ ਬਾਅਦ ਹੁਣ ਤੱਕ ਵੀ ਸੰਵਿਧਾਨਿਕ ਅਦਾਰਿਆਂ ਦੀ ਹੋਂਦ ਦੀ ਅਹਿਮਿਅਤ ਨੂੰ ਲੋਕਾਂ ਤੱਕ ਨਹੀਂ ਲਿਜਾ ਸਕਿਆ। ਸੰਸਦ ਦੀ ਚੋਣ ਚੋਣਾਂ ਦੇ ਅਖਾੜੇ ‘ਚ ਤਹਿ ਵੱਖ ਵੱਖ ਰਾਜਨੀਤਿਕ ਪਹਿਲਵਾਨਾਂ ਨਾਲ ਹੁੰਦੀ ਹੈ। ਚੋਣਾਂ ਲੋਕਾਂ ਦੀ ਸੀਮਤ ਵੋਟਾਂ ਦੀ ਸ਼ਕਤੀ ਦਾ ਇੱਕ ਨਮੂਨਾ ਹੁੰਦੀਆਂ ਹਨ ਤੇ ਇਸ ਸ਼ਕਤੀ ਨੂੰ ਲੁਭਾਉਣ ਲਈ ਰਾਜਨੀਤਿਕ ਪਾਰਟੀਆਂ ਨੂੰ ਚੰਦਾ ਸਹਾਇਤਾ ਜਿਆਦਾਤਰ ਕਾਰਪੋਰੇਟ ਸੈਕਟਰ ਦੇ ਦਿੱਤੇ ਫੰਡਾਂ ‘ਚ ਮਿਲਦੀ ਹੈ ਤੇ ਫੰਡਾਂ ਦੇ ਹਿਸਾਬ ਨਾਲ ਹੀ ਜੋਰ ਅਜਮਾਇਸ਼ ਹੋਣ ਤੋਂ ਬਾਅਦ ਜਿਆਦਾ ਚਮਕ ਦਮਕ ਵਾਲੀ ਸਰਕਾਰ ਦੀ ਤਾਜਪੋਸ਼ੀ ਹੋ ਜਾਂਦੀ ਹੈ ਤੇ ਇਸ ਸਾਰੀ ਖੇਡ ‘ਚ ਨੌਕਰਸ਼ਾਹੀ ਦੀ ਬੇਲਗਾਮ ਹੋਈ ਰਿਸ਼ਵਤਖੋਰੀ ਦੀ ਤਲਬ ਸੰਵਿਧਾਨ ਨੂੰ ਘੁਣ ਵਾਂਗ ਖਾਣ ‘ਚ ਆਪਣਾ ਰੋਲ ਅਦਾ ਕਰਦੀ ਹੈ ਤੇ ਇਸ ‘ਚੋਂ ਹੀ ਇੱਕਾ-ਦੁਕਾ ਨੌਕਰਸ਼ਾਹੀ ‘ਚੋਂ ਕੋਈ ਇਮਾਨਦਾਰ ਨੌਕਰਸ਼ਾਹ ਦਾ ਰੁਤਬਾ ਦਿਖਾਈ ਦਿੰਦਾ ਹੈ ਉਸਦਾ ਇਹ ਰੁਤਬਾ ਲੋਕਤੰਤਰ ਲਈ ਸਿਰਫ ਮਿਸਾਲ ਤੋਂ ਬਿਨ੍ਹਾਂ ਹੋਰ ਕੋਈ ਕੰਮ ਨਹੀਂ ਕਰਦਾ ਤੇ ਇਸ ਬੇਕਾਰ ਹੋਏ ਪ੍ਰਬੰਧ ‘ਚ ਬਹੁਗਿਣਤੀ ਲੋਕਾਂ ਨੂੰ ਭੁਲੇਖਾ ਪਾਉੇਣ ਦਾ ਕੰਮ ਜਰੂਰ ਸਫਲਤਾ ਨਾਲ ਹੋ ਜਾਂਦਾ ਹੈੈ।
ਅੱਜ ਮਸਲਾ ਲੋਕਤੰਤਰ ਦੇ ਮੁੱਕਦੇ ਸਾਹਾਂ ਤੇ ਸੰਵਿਧਾਨ ਦੀ ਹੋਂਦ ਦਾ ਹੈ। ਸੰਵਿਧਾਨ ਤੇ ਲੋਕਤੰਤਰ ਇੱਕ ਦੂਜੇ ਦੇ ਪੂਰਕ ਹਨ। ਸੰਵਿਧਾਨ ਲੋਕਤੰਤਰੀ ਵਿਵਸਥਾ ਨੂੰ ਜਨਮ ਦਿੰਦਾ ਹੈ ਤੇ ਲੋਕਤੰਤਰ ਸੰਸਦ, ਨਿਆਂਪਾਲਿਕਾ ਤੇ ਆਪਣੀ ਨੌਕਰਸ਼ਾਹੀ ਦੇ ਬਲਬੂਤੇ ਉੱਤੇ ਲੋਕਾਂ ਦੀ ਭਾਗੀਦਾਰੀ ਤੇ ਹੱਕਾਂ ਨੂੰ ਬਿਆਨ ਕਰਦਾ ਹੈ। ਇੱਥੇ ਇੱਕ ਗੱਲ ਧਿਆਨ ਦੇਣ ਦੀ ਹੈ ਕਿ ਲੋਕਾਂ ਦੀ ਭਾਗੀਦਾਰੀ ਸਿਰਫ ਜਮਾਤੀ ਇਕੱਠ ਦੇ ਰੂਪ ‘ਚ ਹੀ ਸਾਹਮਣੇ ਆਉਂਦੀ ਹੈ। ਜਮਾਤੀ ਇੱਕਠ ਰਾਜਨੀਤਿਕ ਚੇਤਨਾ ਦਾ ਭਰਿਆ ਪਿਆਲਾ ਹੈ ਜਿਸਨੂੰ ਮਜਦੂਰਾਂ ਤੇ ਕਿਸਾਨਾਂ ਦੀ ਬਹੁਗਿਣਤੀ ਨੇ ਵਕਤੀ ਹਾਲਤਾਂ ਨੂੰ ਭਾਂਪਦੇ ਹੋਏ ਪੀਣਾ ਹੁੰਦਾ ਹੈ। ਪਰ ਇਸ ਸਾਰਾ ਕੁਝ ਇੰਨ੍ਹਾਂ ਸੌਖਾ ਨਹੀਂ। ਇਨ੍ਹਾਂ ਸਾਧਨਵਿਹੂਣੇ ਲੋਕਾਂ ਦੀ ਆਪਣੀ ਇੱਕ ਰਾਜਨੀਤਿਕ ਧਿਰ ਹੋਣੀ ਚਾਹੀਦੀ ਹੈ, ਜੋ ਕਿ ਇੰਨ੍ਹਾਂ ਲੋਕਾਂ ਦੀ ਸੰਸਦ ‘ਚ ਨੁਮਾਂਇੰਦਗੀ ਕਰਦੀ ਹੋਵੇ ਤੇ ਇਸ ਰਾਜਨੀਤਿਕ ਧਿਰ ਦੀ ਲੋਕਾਂ ਨੂੰ ਯੋਗਤਾ ਅਨੁਸਾਰ ਕੰਮ ਦੇਣ ਦੀ ਨੀਅਤ ਸਪਸ਼ਟ ਰੂਪ ‘ਚ ਲੋਕਾਂ ‘ਚ ਜਾਣੀ ਚਾਹੀਦੀ ਹੈ।
ਪਰ ਇਸ ਕੰਮ ‘ਚ ਇੱਕ ਮੁੱਖ ਧੁਰਾ ਸਰਮਾਏ ਦਾ ਹੈ। ਸਰਮਾਇਆ, ਜੋ ਆਪਣੇ ਆਪ ‘ਚ ਇੰਨ੍ਹੀ ਵੱਡੀ ਤਾਕਤ ਹੈੈ ਕਿ ਉਹ ਉਲਟਫੇਰਾਂ ‘ਚ ਇਜਤ ਨਾਲ ਗਿਣਿਆ ਜਾਂਦਾ ਹੈ। ਪੈਸਾ ਹਰ ਇੱਕ ਚੀਜ ਦੇ ਭੁਗਤਾਨ ‘ਚ ਕੰਮ ਆਉਂਦਾ ਹੈ ਤੇ ਉਸ ਵਸਤੂ ਦੀ ਸਿਫਤ ਨੂੰ ਜਿਣਸਾਂ ਦੇ ਘੇਰੇ ‘ਚ ਲੈ ਆਉਂਦਾ ਹੈ। ਅੱਜ ਦੇ ਦੌਰ ‘ਚ ਸੰਸਦ ਦੀ ਵੋਟਾਂ ਦੀ ਰਾਜਨੀਤੀ ਨੂੰ ਬਣਾਈ ਰੱਖਣ ਲਈ ਸਰਮਾਏ ਨੇ ਹਰ ਇੱਕ ਪੱਧਰ ‘ਤੇ ਵਿਗਾੜ ਪੈਦਾ ਕਰ ਦਿੱਤੇ ਹਨ। ਸਰਮਾਏਦਾਰਾਂ ਵੱਲੋਂ ਕਿਰਤੀਆਂ ਦੀ ਸਿੱਧੇ-ਅਸਿੱਧੇ ਰੂਪ ‘ਚ ਉਨ੍ਹਾਂ ਨੂੰ ਨਾ ਭੁਗਤਾਨ ਕੀਤੀ ਕਿਰਤ ਦੀ ਲੁੱਟ ਹੀ ਸਰਮਾਏ ਦੇ ਢੇਰ ਨੂੰ ਜਨਮ ਦਿੰਦੀ ਹੈ। ਲੁੱਟ ਦਾ ਆਕਾਰ ਦਾ ਪਤਾ ਕਿਸੇ ਦੇਸ਼ ‘ਚ ਮੁੱਠੀ ਭਰ ਅਮੀਰ ਲੋਕਾਂ ਦੇ ਹਿੱਸੇ ਬਹੁਤ ਵੱਡੇ ਆਰਥਿਕ ਸਾਧਨਾਂ ਤੇ ਜਮਾਂ ਪੂੰਜੀ ਤੋਂ ਆਸਾਨੀ ਨਾਲ ਲੱਗ ਜਾਂਦਾ ਹੈ।
ਹੁਣ ਇਹ ਵਿਕਸਿਤ ਹੋਇਆ ਸਰਮਾਇਆ, ਅਸਲ ਰੰਗ ਦਿਖਾਉਂਦਾ ਹੈ। ਸਰਮਾਏਦਾਰ ਲੋਕਾਂ ਵੱਲੋਂ ਸੰਸਦ ਨਾਲ ਸਿੱਧਾ ਲੈਣ ਦੇਣ ਦਾ ਸੰਪਰਕ ਸਥਾਪਿਤ ਹੋਣ ਲੱਗਦਾ ਹੈ। ਆਮ ਚੋਣਾਂ ਦਾ ਬਿਗੁਲ ਨਿੱਜੀਕਰਨ ਦਾ ਘੇਰਾ ਹੋਰ ਵੱਡਾ ਕਰਨ ਲਈ ਵੱਜਦਾ ਹੈ। ਚੋਣਾਂ ‘ਚ ਸਿਧਾਂਤਾਂ ਨੂੰ ਇੱਕ ਖੂੰਜੇ ਲਾ ਦਿੱਤਾ ਜਾਂਦਾ ਹੈ ਤੇ ਇੱਕ ਖਾਸ ਵਿਅਕਤੀ ਨੂੰ ਹੀਰੋ ਬਣਾ ਕੇ ਲੋਕਾਂ ‘ਚ ਉਤਾਰਿਆ ਜਾਂਦਾ ਹੈ। ਕੁਝ ਚੁਣੇ ਗਏ ਲੁਭਾਵਨੇ ਨਾਅਰਿਆਂ ਨਾਲ ਵਿਅਕਤੀ ਵਿਸ਼ੇਸ਼ ਨੂੰ ਲੋਕਤੰਤਰੀ ਵਿਵਸਥਾਵਾਂ ਤੋਂ ਉਪਰ ਦਿਖਾਇਆ ਜਾਂਦਾ ਹੈ। ਜਿਸ ‘ਚ ਹਰ ਇੱਕ ਸਮੱਸਿਆ ਦੇ ਹੱਲ ਦਾ ਦਾਅਵਾ ਪੇਸ਼ ਕੀਤਾ ਜਾਂਦਾ ਹੈ। ਚੋਣਾਂ ‘ਚ ਬੇਲੋੜਾ ਧੰਨ ਦਾ ਖਰਚ ਸਭ ਤੋਂ ਪਹਿਲਾ ਹਮਲਾ ਹੁੰਦਾ ਹੈ ਲੋਕਤੰਤਰੀ ਵਿਵਸਥਾ ਉੱਤੇ। ਇੱਥੋਂ ਹੀ ਸੰਵਿਧਾਨ ਨੂੰ ਖਤਰੇ ਦੀ ਹੋਂਦ ਸਪਸ਼ਟ ਹੁੰਦੀ ਹੈ ਤੇ ‘ਸੰਵਿਧਾਨ ਨੂੰ ਖਤਰਾ ਹੈ’ ਦਾ ਨਾਅਰਾ ਵੀ ਮਜਦੂਰ ਜਮਾਤ ਦੀ ਰਾਜਨੀਤਿਕ ਪਾਰਟੀ ਨੂੰ ਛੱਡ ਕੇ, ਹਰ ਉਸ ਧਿਰ ਵੱਲੋਂ ਦਿੱਤਾ ਜਾਂਦਾ ਹੈ, ਜੋ ਖੁਦ ਸਰਮਾਏ ਦੀ ਬੈਸਾਖੀ ਲੈ ਕੇ ਸੱਤਾ ਦਾ ਕੁਰਸੀ ਤੱਕ ਆਉਣਾ ਚਾਹੁੰਦੀ ਹੈ। ਇਸ ਤੋਂ ਬਾਅਦ ਜਿੱਤੀ ਹੋਈ ਰਾਜਨੀਤਿਕ ਧਿਰ ਵੱਲੋਂ ਸਰਕਾਰ ਬਣਾਈ ਜਾਂਦੀ ਹੈ ਤੇ ਸਰਕਾਰ ਨਾ ਬਣਨ ‘ਤੇ ਵਿਧਾਇਕਾਂ ਨੂੰ ਖਰੀਦਣ ਲਈ ਇੱਕ ਵਾਰ ਫਿਰ ਸਰਮਾਏ ਜੋਰ ਦਿਖਾਉਂਦਾ ਹੈ। ਲੋਕਾਂ ਦੀ ਹੋਂਦ ਆਪਣੀ ਵੋਟ ਤੋਂ ਬਾਅਦ ਮੁੜ ਤੋਂ ਜਿਊਂਦੇ ਰਹਿਣ ਲਈ ਆਪਣੇ ਆਪਣੇ ਕੰਮਾਂ ‘ਤੇ ਲੱਗ ਜਾਂਦੀ ਹੈ। ਲੋਕ ਲੋਕਤੰਤਰੀ ਵਿਵਸਥਾ ‘ਚ ਹੀ ਹਾਸ਼ੀਏ ‘ਤੇ ਧੱਕੇ ਜਾਂਦੇ ਹਨ। ਸਰਕਾਰ ਸਰਵਉੱਤਮ ਸ਼ਕਤੀ ਨਾਲ ਹਰ ਉਸ ਵਿਰੋਧ ਨੂੰ ਦਬਾਉਂਦੀ ਹੈ, ਜਿੱਥੇ ਸਰਕਾਰ ਦੇ ਕੰਮਾਂ ਨੂੰ ਸਵਾਲੀਆ ਚਿੰਨ ਨਾਲ ਨਿਸ਼ਾਨ ਬਣਾਇਆ ਜਾਂਦਾ ਹੂੈ। ਹਰ ਇੱਕ ਸੰਵਿਧਾਨਿਕ ਅਦਾਰੇ ਦਾ ਨਿਅੰਤਰਨ ਸਰਕਾਰ ਆਪਣੇ ਹੱਥ ‘ਚ ਕਰਨ ਲਈ ਅੱਗੇ ਵਧਦੀ ਹੈ ਤੇ ਲੋਕ ਰਾਜਨੀਤਿਕ ਚੇਤਨਾਂ ਤੋਂ ਬਿਨ੍ਹਾਂ ਜਦੋਂ ਅਫਸਰਸ਼ਾਹੀ ਦਾ ਸਾਹਮਣਾ ਕਰਦੇ ਹਨ ਤਾਂ ਅਫਸਰਸ਼ਾਹੀ ਆਪਣੀ ਜੇਬਾਂ ਗਰਮ ਕਰਨ ਲਈ ਲੋਕਾਂ ‘ਤੇ ਖੌਰ, ਧੱਕੇ ਦਾ ਹੱਥਕੰਢੇ ਅਪਣਾਉਂਦੀ ਹੈ ਤੇ ਇਸ ਸਾਰੇ ‘ਚ ਨਿਆਂਪਾਲਿਕਾ ਦਾ ਮਹਿੰਗਾ ਨਿਆਂ ਤੇ ਗੈਰਜਵਾਬਦੇਹੀ ਸਰਕਾਰ ਦੇ ਹੱਥ ਖੋਲ ਦਿੰਦੀ ਹੈ। ਇਨ੍ਹਾਂ ਸਾਰਿਆਂ ‘ਚ ਜਨਤਾ ਸਰਕਾਰ ਵੱਲੋਂ ਕਿਸੇ ਨਾ ਕਿਸੇ ਆਸ ਦੀ ਉਮੀਦ ਲਗਾਈ ਸੱਥਾਂ ‘ਚ ਗੱਲਾਂ ਕਰਦੇ, ਘਰਾਂ ‘ਚ ਖਬਰਾਂ ਸੁਣਦੇ ਮੌਜੂਦਾ ਸਮੇਂ ‘ਚ ਸੱਤਾ ਦੀ ਗੱਦੀ ‘ਤੇ ਬੈਠੀ ਸਰਕਾਰ ਨੂੰ ਗਾਲ੍ਹਾਂ ਕਢਦੇ ਹਨ ਤੇ ਨਵੇਂ ਸਰਮਾਏਦਾਰੀ ਪ੍ਰਬੰਧ ‘ਚ ਨਵੇਂ ਉਭਾਰੇ ਸਰਮਾਏਦਾਰੀ ਚੇਹਰੇ ਦੀਆਂ ਸਿਫਤਾਂ ਦੀਆਂ ਗੱਲ੍ਹਾਂ ਕਰਦੇ ਹਨ ਪਰ ਅਫਸੋਸ ਇਸ ਤਰ੍ਹਾਂ ਲੋਕਤੰਤਰ, ਇੱਕ ਵਿਅਕਤੀ ਵਿਸ਼ੇਸ਼ ਲਈ ਭੁਗਤਣ ਲੱਗ ਜਾਂਦਾ ਹੈ ਤੇ ਇਸ ਦਾ ਸਿੱਧਾ ਅਸਰ ਸੰਵਿਧਾਨ ਦ ਕਮਜੋਰ ਹੋਣ ਦੇ ਰੂਪ ‘ਚ ਸਾਨੂੰ ਪ੍ਰਤੀਤ ਹੁੰਦਾ ਦਿਖਦਾ ਹੈ। ਸੰਵਿਧਾਨ ਦੀ ਰਾਖੀ, ਸੰਵਿਧਾਨ ਦੀ ਮੂਲ ਸ਼ਕਤੀ ਲੋਕਾਂ ਨੂੰ ਮਜਬੂਤ ਕਰਨ ਨਾਲ ਹੀ ਹਾਸਿਲ ਹੁੰਦੀ ਹੈ। ਜੇ ਲੋਕ ਸ਼ਕਤੀਸ਼ਾਲੀ, ਇੱਕਜੁੱਟ, ਰਾਜਨੀਤਿਕ ਗਿਆਨ ਨਾਲ ਲੈਸ ਹੋਣਗੇ ਤਾਂ ਹੀ ਅਫਸਰਸ਼ਾਹੀ ਦੀ ਜਵਾਬਦੇਹੀ ਤੈਅ ਹੋਵੇਗੀ। ਅਫਸਰਸ਼ਾਹੀ ਦੀ ਜਵਾਬਦੇਹੀ ਹੀ ਸੰਸਦ ਮੈਂਬਰਾਂ ਦਾ ਲੋਕਾਂ ‘ਚ ਗੇੜ ਬੰਨ੍ਹਗੀ ਤੇ ਲੋਕਾਂ ਦੀ ਆਵਾਜ ਲੋਕਤੰਤਰ ਦੇ ਸੰਸਦ ‘ਚ ਕਾਨੂੰਨ ਦੇ ਰੂਪ ‘ਚ ਗੂੰਜੇਗੀ। ਇਹ ਲੋਕਾਂ ਦੀ ਏਕੇ ਦੀ ਆਵਾਜ ਹੀ ਹੈ ਜਿਸਨੇ ਲੋਕਤੰਤਰ ਨੂੰ ਸਹੀ ਰੂਪ ‘ਚ ਪਰਿਭਾਸ਼ਿਤ ਕਰਨਾ ਹੈ ਤੇ ਜਦ ਇਹ ਸਹੀ ਰੂਪ ‘ਚ ਪਰਿਭਾਸ਼ਿਤ ਹੋ ਜਾਵੇਗਾ, ਤਾਂ ਇੱਕ ਲੋਕਾਂ ਦੀ ਸਹੀ ਸਰਕਾਰ ਦਾ ਰੂਪ ਸਾਨੂੰ ਦਿਖਾਈ ਦੇਵੇਗਾ ਜੋ ਸੰਸਦ, ਨਿਆਂਪਾਲਿਕਾ ਤੇ ਅਫਸਰਸ਼ਾਹੀ ਦਾ ਸਹੀ ਰੂਪ ‘ਚ ਲੋਕਾਂ ਨਾਲ ਸੰਪਰਪ ਬਣਾਵੇਗੀ। ਫਿਰ ਹੀ ਸੰਵਿਧਾਨ ਅਸਲ ‘ਚ ਲਾਗੂ ਹੋਵੇਗਾ ਤੇ ਸੱਤਾ ਦੇ ਫਾਇਦੇ ਲਈ ਨਿੱਤ ਉਭਰਦੇ ਖਤਰੇ ਦੀਆਂ ਗੱਲ੍ਹਾਂ ਖਤਮ ਹੋ ਜਾਣਗੀਆਂ।

ਪਰਮ ਪੜਤੇਵਾਲਾ
7508053857

print
Share Button
Print Friendly, PDF & Email