ਫੋਰਲੇਨ ਪ੍ਰੋਜੈਕਟ ਦੇ ਮੁਲਜਿਮਾਂ ਨੇ ਤੱਲ੍ਹਣ ਵਿੱਚ ਖਰੀਦੀ ਜਮੀਨ

ss1

ਫੋਰਲੇਨ ਪ੍ਰੋਜੈਕਟ ਦੇ ਮੁਲਜਿਮਾਂ ਨੇ ਤੱਲ੍ਹਣ ਵਿੱਚ ਖਰੀਦੀ ਜਮੀਨ
ਜਮੀਨ ਉਹ ਹੀ ਖਰੀਦੀ ਜਿੱਥੋ ਲੰਘਣਾ ਹੈ ਬਾਈਪਾਸ
ਹੁਸ਼ਿਆਰਪੁਰ ਲੈਂਡ ਸਕੈਮ ਨੂੰ ਵੀ ਦੇ ਚੁੱਕੇ ਨੇ ਅੰਜਾਮ

ਹੁਸ਼ਿਆਰਪੁਰ, 24 ਮਈ: (ਤਰਸੇਮ ਦੀਵਾਨਾ)- ਜਲੰਧਰ-ਚਿੰਤਪੁਰਨੀ ਫੋਰਲੇਨ ਪ੍ਰੋਜੈਕਟ ਵਿਚ ਜਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਕੁਝ ਵੱਡੇ ਸਿਆਸੀ ਲੋਕਾਂ, ਉਦਯੋਗਪਤੀ, ਕਾਰੋਬਾਰੀ ਤੇ ਅਫਸਰਾਂ ਵੱਲੋਂ ਸਾਲ 2016 ਵਿਚ ਅੰਜਾਮ ਦਿੱਤੇ ਗਏ ਬਹੁ-ਕਰੋੜੀ ਹਾਈਵੇ ਲੈਂਡ ਸਕੈਮ ਪਿੱਛੋ ਹੁਣ ਵੱਡੇ ਲੋਕਾਂ ਵੱਲੋਂ ਜਿਲ੍ਹਾ ਜਲੰਧਰ ਵਿਚ ਵੀ ਸਰਕਾਰੀ ਖਜਾਨੇ ਨੂੰ ਵੱਡਾ ਰਗੜਾ ਲਗਾ ਕੇ ਨੋਟਾਂ ਨਾਲ ਹੱਥ ਰੰਗਣ ਦੀ ਤਿਆਰੀ ਹੈ ਪਰ ਤਕਰੀਬਨ ਦੋ ਸਾਲ ਤੋਂ ਮਾਮਲੇ ਦੀ ਜਾਂਚ ਕਰ ਰਹੀਆਂ ਸਰਕਾਰੀ ਏਜੰਸੀਆਂ ਪੰਜਾਬ ਦੀ ਵੱਡੀ ਜਾਂਚ ਏਜੰਸੀ ਵਿਜੀਲੈਂਸ ਬਿਊਰੋ ਤੇ ਭਾਰਤ ਸਰਕਾਰ ਦੀ ਜਾਂਚ ਏਜੰਸੀ ਈ.ਡੀ. ਨੂੰ ਇਸ ਦੀ ਖਬਰ ਤੱਕ ਨਹੀਂ ਤੇ ਅੱਜ ਅਸੀਂ ਜਲੰਧਰ ਦੇ ਪਿੰਡ ਤੱਲ੍ਹਣ ਦੀ ਗੱਲ ਕਰਨ ਜਾ ਰਹੇ ਹਾਂ, ਜਿੱਥੇ ਹੁਸ਼ਿਆਰਪੁਰ ਲੈਂਡ ਸਕੈਮ ਨੂੰ ਕਥਿਤ ਤੌਰ ‘ਤੇ ਅੰਜਾਮ ਦੇਣ ਵਾਲੇ ਅਕਾਲੀ ਆਗੂਆਂ ਜਿਨ੍ਹਾਂ ਵਿਚ ਹੁਸ਼ਿਆਰਪੁਰ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਅਕਾਲੀ ਕੌਂਸਲਰ ਅਵਤਾਰ ਸਿੰਘ ਜੌਹਲ, ਕੋ-ਆਪਰੇਟਿਵ ਬੈਂਕ ਦੇ ਸਾਬਕਾ ਚੇਅਰਮੈਨ ਸਤਵਿੰਦਰਪਾਲ ਸਿੰਘ ਢੱਟ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਤੇ ਇਨ੍ਹਾਂ ਨਾਲ ਜੁੜੇ ਨਵੇਂ ਚਿਹਰੇ ਜਿਨ੍ਹਾਂ ਵਿਚ ਨਗਰ ਨਿਗਮ ਹੁਸ਼ਿਆਰਪੁਰ ਦੀ ਡਿਪਟੀ ਮੇਅਰ ਸ਼ਕੁੰਲਤਾ ਦੇਵੀ ਦੇ ਪੁੱਤਰ ਪੁਨੀਤ ਸ਼ਰਮਾ ਪੁੱਤਰ ਸਤੀਸ਼ ਕੁਮਾਰ ਸ਼ਰਮਾ ਜੋ ਕਿ ਹੁਸ਼ਿਆਰਪੁਰ ਦੇ ਸ਼ਿਮਲਾ ਪਹਾੜੀ ਚੌਂਕ ਵਿਚ ਬੇਕਰੀ ਦੀ ਦੁਕਾਨ ਚਲਾਉਦੇ ਹਨ, ਹੁਸ਼ਿਆਰਪੁਰ ਦੇ ਵੱਡੇ ਕਾਰੋਬਾਰੀ ਸਨੀ ਗੁਪਤਾ ਪੁੱਤਰ ਵਿਜੇ ਕੁਮਾਰ, ਹੁਸ਼ਿਆਰਪੁਰ ਆਟੋ-ਮੋਬਾਇਲ ਦੇ ਮਾਲਿਕ ਜਿਨ੍ਹਾਂ ਕੋਲ ਪੰਜਾਬ ਵਿਚ ਮਾਰੂਤੀ ਦੇ ਲੱਗਭੱਗ 15 ਸ਼ੋ-ਰੂਮ ਹਨ ਤੋਂ ਇਲਾਵਾ ਸਿੱਖ ਵੈੱਲਫੇਅਰ ਸੁਸਾਇਟੀ ਤੇ ਸੈਣੀਵਾਰ ਕਾਲਜ ਬੁੱਲ੍ਹੋਵਾਲ ਦੇ ਪ੍ਰਧਾਨ ਸਮੇਤ ਕਈ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰ ਸ. ਅਜਵਿੰਦਰ ਸਿੰਘ, ਉਨ੍ਹਾਂ ਦੀ ਪੁੱਤਰੀ ਰੁਬਲੀਨ ਸੈਣੀ, ਗੁਰਲੀਨ ਸੈਣੀ, ਨੂੰਹ ਰਵਿੰਦਰ ਕੌਰ ਪਤਨੀ ਗੁਰਪ੍ਰੀਤ ਕੌਰ ਦੇ ਨਾਮ ਸ਼ਾਮਿਲ ਹਨ, ਜਿਨ੍ਹਾਂ ਨੇ ਉੱਥੇ ਜਮੀਨਾਂ ਖਰੀਦੀਆਂ ਹਨ ਜਿੱਥੋ ਬਾਈਪਾਸ ਲੰਘਣਾ ਹੈ, ਇਨ੍ਹਾਂ ਤੋਂ ਇਲਾਵਾ ਕੁਝ ਨਾਮ ਇਹ ਵੀ ਹਨ ਜਿਨ੍ਹਾਂ ਨੇ ਤੱਲ੍ਹਣ ਪਿੰਡ ਵਿਚ ਕੁਝ ਸਮਾਂ ਪਹਿਲਾ ਹੀ ਜਮੀਨਾਂ ਖਰੀਦੀਆਂ ਜਿੱਥੋ ਬਾਈਪਾਸ ਲੰਘਣਾ ਹੈ ਤੇ ਉਕਤ ਨਾਮ ਵੀ ਵੱਡੇ ਲੋਕਾਂ ਦੇ ਹੋਣ ਦਾ ਖਦਸ਼ਾ ਹੈ, ਜਿਨ੍ਹਾਂ ਵਿਚ ਮੇਹਰ ਸਿੰਘ ਪੁੱਤਰ ਮੇਵਾ ਸਿੰਘ ਤੇ ਉਸਦੀ ਪਤਨੀ ਮਹਿੰਦਰ ਕੌਰ, ਸਦੀਕ ਪੁੱਤਰ ਅਲੀ ਹੁਸੈਨ, ਗੁਰਮੁੱਖ ਸਿੰਘ ਪੁੱਤਰ ਗੁਰਮੀਤ ਸਿੰਘ, ਦਿਨੇਸ਼ ਔਲਖ ਪੁੱਤਰ ਸੁਰੇਸ਼ ਔਲਖ, ਗਣੇਸ਼ ਤੁਲੀ ਪੁੱਤਰ ਅਮੋਲਕ ਰਾਮ ਤੁਲੀ ਦੇ ਨਾਮ ਸ਼ਾਮਿਲ ਹਨ। ਜਿਕਰਯੋਗ ਹੈ ਕਿ ਹੁਸ਼ਿਆਰਪੁਰ ਤੇ ਜਲੰਧਰ ਫੋਰਲੇਨ ਪ੍ਰੋਜੈਕਟ ਤੇ ਦੋਵੇਂ ਬਾਈਪਾਸਾਂ ਲਈ ਐਕਵਾਇਰ ਕੀਤੀ ਗਈ ਜਮੀਨ ਵਿਚ ਵੱਡੇ ਗੋਲਮਾਲ ਦਾ ਖੁਲਾਸਾ ਜੂਨ 2016 ਦੌਰਾਨ ਆਰ.ਟੀ.ਆਈ.ਅਵੇਅਰਨੈੱਸ ਫੋਰਮ ਪੰਜਾਬ ਦੇ ਚੇਅਰਮੈਨ ਰਾਜੀਵ ਵਸ਼ਿਸ਼ਟ ਵੱਲੋਂ ਕੀਤਾ ਗਿਆ ਸੀ ਤੇ ਇਸ ਦੀ ਸਬੂਤਾਂ ਸਮੇਤ ਸ਼ਿਕਾਇਤ ਪ੍ਰਧਾਨ ਮੰਤਰੀ, ਸੀ.ਏ.ਜੀ., ਨੈਸ਼ਨਲ ਹਾਈਵੇ ਅਥਾਰਿਟੀ, ਰੋਡ ਐਂਡ ਟਰਾਂਸਪੋਰਟ ਵਿਭਾਗ ਭਾਰਤ ਸਰਕਾਰ ਤੇ ਏ.ਜੀ. ਪੰਜਾਬ ਨੂੰ 18 ਜੂਨ 2016 ਨੂੰ ਕੀਤੀ ਸੀ।

ਹੁਸ਼ਿਆਰਪੁਰ ਵਿਚ ਪੈਸੇ ਮਿਲਣ ਪਿੱਛੋ ਹੋਈਆਂ ਜਿਆਦਾਤਰ ਰਜਿਸਟਰੀਆਂ
ਹੁਸ਼ਿਆਰਪੁਰ ਵਿਚ ਕੀਤੇ ਗਏ ਹਾਈਵੇ ਲੈਂਡ ਸਕੈਮ ਵਿਚ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਲੋਕਾਂ ਜਿਨ੍ਹਾਂ ਪ੍ਰਤੀ ਅਸੀਂ ਪਹਿਲਾ ਹੀ ਦੱਸ ਚੁੱਕੇ ਹਾਂ ਨੂੰ ਜਦੋਂ ਹੁਸ਼ਿਆਰਪੁਰ ਵਿਚ ਐਕਵਾਇਰ ਹੋਈ ਜਮੀਨ ਦਾ ਮੁਆਵਜਾ ਸਰਕਾਰ ਵੱਲੋਂ ਦੇ ਦਿੱਤਾ ਗਿਆ ਤਦ ਉਪਰੰਤ ਅਗਲੇ ਮਹੀਨਿਆਂ ਦੌਰਾਨ ਇਨ੍ਹਾਂ ਨੇ ਜਲੰਧਰ ਵੱਖ-ਵੱਖ ਪਿੰਡਾਂ ਵਿਚ ਜਮੀਨਾਂ ਦੀਆਂ ਰਜਿਸਟਰੀਆਂ ਆਪਣੇ ਜਾਂ ਫਿਰ ਬੱਚਿਆਂ ਤੇ ਰਿਸ਼ਤੇਦਾਰਾਂ ਦੇ ਨਾਮ ਕਰਵਾ ਲਈਆਂ ਪਰ ਰਜਿਸਟਰੀ ਜਿਆਦਾਤਰ ਉਸ ਜਮੀਨ ਦੀ ਹੀ ਹੋਈ ਹੈ ਜਿੱਥੋ ਕਿ ਬਾਈਪਾਸ ਲੰਘਣ ਜਾ ਰਿਹਾ ਹੈ। ਰਾਜੀਵ ਵਸ਼ਿਸ਼ਟ ਵੱਲੋਂ ਜਦੋਂ ਤੱਲ੍ਹਣ ਸਮੇਤ ਆਸਪਾਸ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਤੇ ਗਰਾਂਊਡ ਰਿਪੋਰਟ ਜਾਨਣੀ ਚਾਹੀ ਤਾਂ ਬਾਈਪਾਸ ਦੇ ਰਾਹ ਵਿਚ ਆਉਣ ਵਾਲੀਆਂ ਆਪਣੀਆਂ ਜਮੀਨਾਂ ਵੱਡੇ ਲੋਕਾਂ ਨੂੰ ਵੇਚ ਚੁੱਕੇ ਜਿਆਦਾਤਰ ਲੋਕਾਂ ਨੂੰ ਇਸ ਦੀ ਜਾਣਕਾਰੀ ਹੀ ਨਹੀਂ ਹੈ ਕਿ ਉਨ੍ਹਾਂ ਦੀ ਜਮੀਨ ਵਿਚੋ ਬਾਈਪਾਸ ਲੰਘਣ ਜਾ ਰਿਹਾ ਹੈ। ਹੁਸ਼ਿਆਰਪੁਰ ਲੈਂਡ ਸਕੈਮ ਦੇ ਮੁਲਜਿਮਾਂ ਨੇ ਜਲੰਧਰ ਦੇ ਤੱਲ੍ਹਣ ਵਿਚ ਖਰੀਦੀਆਂ ਜਮੀਨਾਂ ਨੂੰ ਐੱਸ.ਆਰ.ਕੰਸਟਰਕਸ਼ਨ ਐਂਡ ਡਿਵੈਲਪਰ 117-ਐਲ ਮਾਡਲ ਟਾਊਨ ਹੁਸ਼ਿਆਰਪੁਰ ਦੇ ਨਾਮ ‘ਤੇ ਟਰਾਂਸਫਰ ਕੀਤਾ ਤਾਂ ਜੋ ਇਹ ਫਰਜੀ ਕਾਲੋਨੀਆਂ ਨੂੰ ਜਾਇਜ ਬਣਾਉਣ ਲਈ ਫੀਸਾਂ ਜਮ੍ਹਾਂ ਕਰਵਾ ਕੇ ਰੈਗੂਲਾਈਜੇਸ਼ਨ ਕਰਵਾ ਸਕਣ ਪਰ ਬਦਕਿਸਮਤੀ ਨਾਲ ਪੰਜਾਬ ਸਰਕਾਰ ਵੱਲੋਂ ਅੱਜ ਤੱਕ ਅਣਅਧਿਕਾਰਤ ਕਾਲੋਨੀਆਂ ਨੂੰ ਰੈਗੂਲਾਈਜੇਸ਼ਨ ਕਰਨ ਦੀ ਪਾਲਿਸੀ ਪਾਸ ਨਹੀਂ ਕੀਤੀ ਗਈ, ਇਸ ਉਪਰੰਤ ਇਨ੍ਹਾਂ ਜਮੀਨਾਂ ਦਾ ਚੇਂਜ ਆਫ ਲੈਂਡ ਯੂਜ ਕਰਕੇ ਸਕੂਲ, ਹੋਟਲ ਤੇ ਪੈਲਸ ਦਿਖਾ ਕੇ ਸਰਕਾਰ ਨੂੰ ਚੂਨਾ ਲਗਾਉਣ ਦੀ ਕਵਾਇਦ ਜਾਰੀ ਹੈ।

ਜਲੰਧਰ-ਹੁਸ਼ਿਆਰਪੁਰ ਦੀ ਜਾਂਚ ਦੇ ਆਦੇਸ਼ ਸਨ ਪਰ ਹੋਈ ਹੁਸ਼ਿਆਰਪੁਰ ਦੀ
ਰਾਜੀਵ ਵਸ਼ਿਸ਼ਟ ਵੱਲੋਂ ਕੀਤੀ ਸ਼ਿਕਾਇਤ ‘ਤੇ ਪ੍ਰਧਾਨ ਮੰਤਰੀ ਦਫਤਰ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ 23 ਜੂਨ 2016 ਨੂੰ ਪੰਜਾਬ ਦੇ ਐਡੀਸ਼ਨਲ ਚੀਫ ਸੈਕਟਰੀ ਐੱਨ.ਐੱਸ.ਕਲਸੀ ਨੂੰ ਜਲੰਧਰ ਤੇ ਹੁਸ਼ਿਆਰਪੁਰ ਫੋਰਲੇਨ ਤੇ ਦੋਵੇਂ ਬਾਈਪਾਸਾਂ ਦੀ ਲੈਂਡ ਐਕੂਜੀਸ਼ਨ ਦੀ ਜਾਂਚ ਸੌਂਪ ਦਿੱਤੀ ਸੀ, ਜਿਸ ਪਿੱਛੋ ਪੰਜਾਬ ਸਰਕਾਰ ਨੇ ਵੀ ਇਸ ਮਾਮਲੇ ਵਿਚ ਤਤਪਰਤਾ ਦਿਖਾਉਦੇ ਹੋਏ ਵਿਜੀਲੈਂਸ ਬਿਊਰੋ ਦੀ ਹਾਈ ਲੈਵਲ ਤਿੰਨ ਮੈਂਬਰੀ ਸਿੱਟ ਆਈ.ਜੀ. ਸ਼ਿਵ ਕੁਮਾਰ ਵਰਮਾ ਦੀ ਦੇਖਰੇਖ ਵਿਚ ਗਠਿਤ ਕਰ ਦਿੱਤੀ ਸੀ। ਜਦੋਂ ਐੱਨ.ਐੱਸ.ਕਲਸੀ ਵੱਲੋਂ ਹੁਸ਼ਿਆਰਪੁਰ ਦੇ ਉਸ ਸਮੇਂ ਦੇ ਡੀ.ਸੀ. ਆਨੰਦਿਤਾ ਮਿੱਤਰਾ ਤੋਂ ਇਸ ਬਾਰੇ ਰਿਪੋਰਟ ਮੰਗੀ ਗਈ ਤਾਂ ਉਨ੍ਹਾਂ ਨੇ ਐੱਨ.ਐੱਸ.ਕਲਸੀ ਨੂੰ ਕਿਹਾ ਕਿ ਇਸ ਦੀ ਜਾਂਚ ਪਹਿਲਾ ਹੀ ਪੰਜਾਬ ਵਿਜੀਲੈਂਸ ਬਿਊਰੋ ਕਰ ਰਹੀ ਹੈ ਜਦੋਂ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋ ਤਾਂ ਸਿਰਫ ਜਿਲ੍ਹਾ ਹੁਸ਼ਿਆਰਪੁਰ ਦੀ ਫੋਰਲੇਨਿੰਗ ਤੇ ਬਾਈਪਾਸ ਦੀ ਹੀ ਜਾਂਚ ਕਰ ਰਹੀ ਸੀ। ਨੈਸ਼ਨਲ ਹਾਈਵੇ ਅਥਾਰਿਟੀ ਨੇ ਰਾਜੀਵ ਵਸ਼ਿਸ਼ਟ ਦੀ ਸ਼ਿਕਾਇਤ ‘ਤੇ ਵੱਡੀ ਕਾਰਵਾਈ ਕਰਦੇ ਹੋਏ ਜਲੰਧਰ ਦੇ ਬਾਈਪਾਸ ਦੀ ਲੈਂਡ ਐਕੂਜੀਸ਼ਨ ਤੇ ਪ੍ਰੋਜੈਕਟ ਦਾ ਕੰਮ ਪੀ.ਡਬਲਿਊ.ਡੀ. ਦੀ ਸੈਂਟਰ ਵਰਕਸ ਜਲੰਧਰ ਬ੍ਰਾਂਚ ਤੋਂ ਲੈ ਕੇ ਆਪਣੀ ਦੇਖਰੇਖ ਵਿਚ ਕਰਨ ਦਾ ਫੈਸਲਾ ਕੀਤਾ ਸੀ। ਪੰਜਾਬ ਵਿਧਾਨ ਸਭਾ ਦੀ ਚੋਣ ਉਪਰੰਤ 10 ਫਰਵਰੀ 2017 ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਵੱਡੇ ਅਕਾਲੀ ਆਗੂਆਂ, ਇਕ ਬੀ.ਜੇ.ਪੀ. ਦੇ ਸਾਬਕਾ ਕੈਬਨਿਟ ਮੰਤਰੀ ਦੇ ਪੁੱਤਰ ਦੇ ਕਾਰੋਬਾਰੀ ਪਾਰਟਨਰ, ਇਕ ਰਾਜਸੀ ਤੇ ਪ੍ਰਸ਼ਾਸ਼ਨਿਕ ਹਲਕਿਆਂ ਵਿਚ ਚੰਗੀ ਖਾਸੀ ਪਹੁੰਚ ਰੱਖਣ ਵਾਲੇ ਕਾਰੋਬਾਰੀ, ਐੱਸ.ਡੀ.ਐੱਮ., ਤਹਿਸੀਲਦਾਰ, ਨਾਇਬ ਤਹਿਸੀਲਦਾਰ, ਦੋ ਪਟਵਾਰੀ, ਦੋ ਕਲਰਕਾਂ ਤੇ ਇਕ ਵਸੀਕਾ ਨਵੀਸ ਸਮੇਤ ਕੁੱਲ 13 ਵਿਅਕਤੀਆਂ ਖਿਲਾਫ ਮਾਮਲਾ ਦਰਜ ਹੋਇਆ ਸੀ ਤੇ 11 ਦੇ ਲੱਗਭੱਗ ਵਿਅਕਤੀਆਂ ਨੂੰ ਸ਼ੱਕ ਦੇ ਘੇਰੇ ਵਿਚ ਰੱਖ ਕੇ ਪੁੱਛਗਿੱਛ ਕੀਤੀ ਸੀ ਜੋ ਅੱਜ ਵੀ ਜਾਰੀ ਹੈ। ਭਾਰਤ ਸਰਕਾਰ ਦੀ ਜਾਂਚ ਏਜੰਸੀ ਈ.ਡੀ. ਵੱਲੋਂ ਵੀ 5 ਜੂਨ 2017 ਨੂੰ ਇਨ੍ਹਾਂ 13 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਆਪਣੀ ਜਾਂਚ ਤੋਂ ਬਾਅਦ 24 ਅਪ੍ਰੈਲ 2018 ਨੂੰ ਐੱਫ.ਆਈ.ਆਰ. ਵਿਚ ਸ਼ਾਮਿਲ ਪੰਜ ਰਾਜਸੀ ਲੋਕਾਂ ਤੇ ਪਰਿਵਾਰਿਕ ਮੈਂਬਰਾਂ ਦੀ ਜਾਇਦਾਦ ਨੂੰ ਫਰੀਜ ਕਰਨ ਦੇ ਹੁਕਮ ਦਿੱਤੇ ਗਏ ਸਨ।

print
Share Button
Print Friendly, PDF & Email