ਲੁਧਿਆਣਾ ‘ਚ ਚਾਰ ਮੰਜ਼ਿਲਾ ਫੈਕਟਰੀ ਸੜੀ

ss1

ਲੁਧਿਆਣਾ ‘ਚ ਚਾਰ ਮੰਜ਼ਿਲਾ ਫੈਕਟਰੀ ਸੜੀ

ਲੁਧਿਆਣਾ: ਸ਼ਹਿਰ ਦੀ ਬਿੰਦਰਾ ਕਾਲੋਨੀ ਵਿੱਚ ਇੱਕ ਚਾਰ ਮੰਜ਼ਿਲਾ ਫੈਕਟਰੀ ਨੂੰ ਅੱਗ ਦੀ ਭੇਂਟ ਚੜ੍ਹ ਗਈ। ਨਿਊ ਜੇਨਸ ਨਾਂਅ ਦੀ ਇਸ ਫੈਕਟਰੀ ਵਿੱਚ ਹੌਜਰੀ ਦਾ ਸਮਾਨ ਤਿਆਰ ਕੀਤਾ ਜਾਂਦਾ ਸੀ। ਅੱਗ ਲੱਗਣ ਕਾਰਨ ਫੈਕਟਰੀ ਵਿੱਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਗਿਆ ਹੈ, ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਲਾਂਕਿ, ਰਿਹਾਇਸ਼ੀ ਇਲਾਕੇ ਵਿੱਚ ਸਥਿਤ ਇਸ ਫੈਕਟਰੀ ਕਾਰਨ ਅੱਗ ਬੁਝਾਊ ਦਸਤਿਆਂ ਨੂੰ ਹਾਲਾਤ ਕਾਬੂ ਵਿੱਚ ਕਰਨ ਲਈ ਕਾਫੀ ਮਿਹਨਤ ਕਰਨੀ ਪੈ ਰਹੀ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਸ਼ਨੀਵਾਰ ਸਵੇਰ ਤਕਰੀਬਨ 6 ਵਜੇ ਅੱਗ ਪਹਿਲਾਂ ਇਮਾਰਤ ਦੀ ਸਿਖਰਲੀ ਮੰਜ਼ਿਲ ‘ਤੇ ਲੱਗੀ ਤੇ ਬਾਅਦ ਵਿੱਚ ਪੂਰੀ ਫੈਕਟਰੀ ਇਸ ਦੀ ਲਪੇਟ ਵਿੱਚ ਆ ਗਈ। ਅੱਗ ਬੁਝਾਊ ਦਸਤੇ ਦੀਆਂ ਦਰਜਣਾਂ ਗੱਡੀਆਂ ਅੱਗ ‘ਤੇ ਕਾਬੂ ਪਾਉਣ ਲਈ ਮੌਕੇ ‘ਤੇ ਹਾਜ਼ਰ ਹਨ। ਫਾਇਰ ਬ੍ਰਿਗੇਡ ਕਾਮਿਆਂ ਨੇ ਸੂਝਬੂਝ ਦਾ ਮੁਜ਼ਾਹਰਾ ਕਰਦਿਆਂ ਫੈਕਟਰੀ ਵਿੱਚ ਪਏ ਰਸੋਈ ਗੈਸ ਵਾਲੇ ਸਿਲੰਡਰ ਨੂੰ ਠੀਕ ਹਾਲਤ ਵਿੱਚ ਬਾਹਰ ਕੱਢ ਲਿਆ ਸੀ। ਲੁਧਿਆਣਾ ਵਿੱਚ ਬੀਤੇ ਮਹੀਨੇ ਸਿਲੰਡਰ ਫਟਣ ਨਾਲ ਹੀ ਦਰਜਣ ਤੋਂ ਵੱਧ ਲੋਕ ਮਾਰੇ ਗਏ ਸਨ ਤੇ ਇੱਥੇ ਸਿਲੰਡਰ ਨੂੰ ਅੱਗ ਦੀ ਲਪੇਟ ਵਿੱਚ ਆਉਣ ਤੋਂ ਪਹਿਲਾਂ ਹੀ ਬਾਹਰ ਕੱਢ ਲਿਆ ਗਿਆ।

ਹਾਲੇ ਤਕ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਹੈ, ਪਰ ਮੁਢਲੀ ਪੜਤਾਲ ਵਿੱਚ ਸ਼ਾਰਟ ਸਰਕਿਟ ਨੂੰ ਅੱਗ ਲੱਗਣ ਦਾ ਕਾਰਨ ਮੰਨਿਆ ਜਾ ਰਿਹਾ ਹੈ। ਸਹਾਇਕ ਡਵੀਜ਼ਨਲ ਫਾਇਰ ਅਫ਼ਸਰ ਬੀ.ਐਸ. ਸੰਧੂ ਨੇ ਕਿਹਾ ਕਿ ਅੱਗ ‘ਤੇ ਜਲਦ ਹੀ ਕਾਬੂ ਪਾ ਲਿਆ ਜਾਵੇਗਾ।

print
Share Button
Print Friendly, PDF & Email