ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹਰਨੇਕ ਨੇਕੀ ਤਲਬ

ss1

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹਰਨੇਕ ਨੇਕੀ ਤਲਬ
10 ਦਿਨ ਦੇ ਅੰਦਰ ਪੇਸ਼ ਹੋਣ ਲਈ ਕਿਹਾ, ਨਾ ਪੇਸ਼ ਹੋਣ ਦੀ ਸੂਰਤ ਵਿਚ ਪੰਥਕ ਰਵਾਇਤਾਂ ਅਨੁਸਾਰ ਸਖ਼ਤ ਕਾਰਵਾਈ ਦੀ ਚਿਤਾਵਨੀ

ਅੰਮ੍ਰਿਤਸਰ 16 ਮਈ (ਸਰਚਾਂਦ ਸਿੰਘ): ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਨਿਊਜ਼ੀਲੈਂਡ ਤੋਂ ਰੇਡੀਉ ਵਿਰਸਾ ਚਲਾ ਰਹੇ ਹਰਨੇਕ ਸਿੰਘ ਨੇਕੀ ਨੂੰ 10 ਦਿਨ ਦੇ ਅੰਦਰ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਲਿਖਤੀ ਸਪਸ਼ਟੀਕਰਨ ਦੇਣ ਲਈ ਤਬਲ ਕਰ ਲਿਆ ਹੈ। ਸਮੇਂ ਸਿਰ ਪੇਸ਼ ਨਾ ਹੋਣ ਦੀ ਸੂਰਤ ਵਿਚ ਪੰਥਕ ਰਵਾਇਤਾਂ ਅਨੁਸਾਰ ਅਗਲੇਰੀ ਕਾਰਵਾਈ ਦੀ ਵੀ ਚਿਤਾਵਨੀ ਦਿਤੀ ਹੈ।
ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਤੋਂ ਨਿੱਜੀ ਸਹਾਇਕ ਸ: ਸਤਿੰਦਰ ਸਿੰਘ ਵੱਲੋਂ ਪੱਤਰ ਨੰਬਰ 3063 ਰਾਹੀਂ ਹਰਨੇਕ ਸਿੰਘ ਸਪੁੱਤਰ ਸ: ਸੋਹਣ ਸਿੰਘ, 24 ਏ, ਗਲੇਨ ਰੋਜ ਡਰਾਈਵ ਮਨੂਰੇਵਾ, ਆਕਲੈਂਡ ਨਿਊਜ਼ੀਲੈਂਡ ਨੂੰ ਲਿਖੀ ਚਿੱਠੀ ਵਿਚ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਟੇਲੀਫੋਨ ਅਤੇ ਈਮੇਲ ਆਦਿ ਰਾਹੀਂ ਆਪ ਵਿਰੁੱਧ ਬਹੁਤ ਸ਼ਿਕਾਇਤਾਂ ਪੁੱਜੀਆਂ ਹਨ ਕਿ ਆਪ ਰੇਡੀਉ ਰਾਹੀਂ ਸੰਗਤਾਂ ਵਿਚ ਵਿਚ ਗੁਰੂ ਸਾਹਿਬਾਨ ਅਤੇ ਗੁਰਮਤਿ ਦੇ ਵਿਰੁੱਧ ਪ੍ਰਚਾਰ ਕਰ ਰਹੇ ਹੋ,
ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਹੋਏ ਆਦੇਸ਼ ਅਨੁਸਾਰ ਆਪ ਨੂੰ 10 ਦਿਨ ਦਾ ਸਮਾਂ ਦਿਤਾ ਜਾਂਦਾ ਹੈ। ਆਪ ਨੇ 10 ਦਿਨ ਦੇ ਅੰਦਰ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਪੇਸ਼ ਹੋ ਕੇ ਆਪਣਾ ਲਿਖਤੀ ਸਪਸ਼ਟੀਕਰਨ ਦੇਣ ਦੀ ਖੇਚਲ ਕਰਨੀ। ਜੋ ਆਪ ਸਮੇਂ ਸਿਰ ਪੇਸ਼ ਨਾ ਹੋਏ ਤਾਂ ਪੰਥਕ ਰਵਾਇਤਾਂ ਅਨੁਸਾਰ ਅਗਲੇਰੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਕਿ ਗੁਰੂ ਸਾਹਿਬਾਨ, ਇਤਿਹਾਸ ਅਤੇ ਸਿਖ ਪਰੰਪਰਾਵਾਂ ਖ਼ਿਲਾਫ਼ ਗਲਤ ਟਿੱਪਣੀਆਂ ਕਾਰਨ ਚਰਚਾ ‘ਚ ਆਏ ਰੇਡੀਉ ਵਿਰਸਾ ਨਿਊਜ਼ੀਲੈਂਡ ਦੇ ਖ਼ਿਲਾਫ਼ ਪੰਜਾਬੀ ਭਾਈਚਾਰੇ ਵੱਲੋਂ 20 ਮਈ 2018 ਦੁਪਹਿਰ ਠੀਕ 2 ਵਜੇ ਰੇਡੀਉ ਵਿਰਸਾ ਦੇ ਹੈੱਡਕੁਆਟਰ 127 ਸ਼ਰਲੀ ਰੋਡ ਪਾਪਾਟੋਏਟੋਏ, ਆਕਲੈਂਡ ਵਿਖੇ ਸ਼ਾਂਤੀਪੂਰਨ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਗੁਰਬਾਣੀ ਅਤੇ ਗੁਰ ਇਤਿਹਾਸ ਪ੍ਰਤੀ ਕੂੜ ਪ੍ਰਚਾਰ ਕਰਨ ਵਾਲੇ ਹਰਨੇਕ ਸਿੰਘ ਨੇਕੀ ਖ਼ਿਲਾਫ਼ ਕਾਰਵਾਈ ਕਰਨ ਲਈ ਸੰਗਤ ਨੂੰ ਆਦੇਸ਼ ਕੀਤਾ ਸੀ। ਜਿਸ ਦੇ ਮੱਦੇਨਜ਼ਰ ਨਿਊਜ਼ੀਲੈਂਡ ਦੀਆਂ ਸਿਖ ਸੰਗਤਾਂ ਜਥੇਬੰਦੀਆਂ ਨੇ ਨੇਕੀ ਦੇ ਪਾਪਾਟੋਏਟੋਏ ਵਿਖੇ ਸਥਿਤ ਨਿੱਜੀ ਅਸਥਾਨ ਗੁਰਦਵਾਰਾ ਸਿੰਘ ਸਭਾ, ਸ਼ਰਲੀ ਰੋਡ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁਰ ਮਰਿਆਦਾ ਅਤੇ ਪੂਰੇ ਸਤਿਕਾਰ ਸਹਿਤ ਨੇੜਲੇ ਗੁਰ ਅਸਥਾਨਾਂ ਵਿਖੇ ਲਿਜਾ ਕੇ ਸੁਸ਼ੋਭਿਤ ਕਰ ਦਿਤੇ ਸਨ। ਸਿਖ ਸੰਗਤਾਂ ਨੇ ਨੇਕੀ ਵੱਲੋਂ ਰੇਡੀਉ ਵਿਰਸਾ ਅਤੇ ਸੋਸ਼ਲ ਮੀਡੀਆ ਰਾਹੀਂ ਗੁਰੂ ਸਾਹਿਬਾਂ, ਗੁਰਬਾਣੀ, ਸਿੱਖ ਇਤਿਹਾਸ, ਸਿੱਖੀ ਦੇ ਮੂਲ ਸਿਧਾਂਤਾਂ, ਸਰੋਤਾਂ ਉੱਪਰ ਬੇਲੋੜੀ ਅਤੇ ਝੂਠੀ ਟੀਕਾ-ਟਿੱਪਣੀ ਕਰਕੇ ਸਿੱਖ ਸੰਗਤਾਂ ਨੂੰ ਗੁਮਰਾਹ ਕਰਨ ਤੋਂ ਇਲਾਵਾ ਸਿੱਖ ਸ਼ਖ਼ਸੀਅਤਾਂ, ਸਿੱਖ ਜਰਨੈਲਾਂ, ਸ਼ਹੀਦ ਸਿੰਘਾਂ ਖ਼ਾਸ ਕਰਕੇ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਸਬੰਧੀ ਅਪਸ਼ਬਦ ਬੋਲਣ ਅਤੇ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਨੋਟਿਸ ਲੈਂਦਿਆਂ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ। ਸੰਗਤ ਦੀ ਮੰਗ ਹੈ ਕਿ ਸਿਖੀ ਪਰੰਪਰਾਵਾਂ ਦੀ ਤੌਹੀਨ ਕਰਨ ਵਾਲੇ ਨੂੰ ਵਡੀ ਸਜਾ ਮਿਲਣੀ ਚਾਹੀਦੀ ਹੈ। ਨੇਕੀ ਦੇ ਕੂੜ ਪ੍ਰਚਾਰ ਨਾਲ ਸਮੂਹ ਸਿੱਖ ਅਤੇ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ। ਸਿਖ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਉਣ ਲਈ ਹਰਨੇਕ ਨੇਕੀ ਨੂੰ ਸਿਖ ਪੰਥ ਵਿਚੋਂ ਖ਼ਾਰਜ ਕਰਨ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨਿਉਜੀਲੈਡ ਦੀਆਂ ਸੰਗਤਾਂ ਵੱਲੋਂ ਕਈ ਵਾਰ ਅਪੀਲਾਂ ਕੀਤੀਆਂ ਜਾ ਚੁੱਕੀਆਂ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *