ਪੈਪਸੀਕੋ ਅਤੇ ਆਈ. ਟੀ. ਸੀ. ਸਮੇਤ ਨਾਮੀਂ ਕੰਪਨੀਆਂ ਸੂਬੇ ਵਿੱਚ ਨਿਵੇਸ਼ ਨੂੰ ਵਧਾਉਣਗੀਆਂ

ss1

ਪੈਪਸੀਕੋ ਅਤੇ ਆਈ. ਟੀ. ਸੀ. ਸਮੇਤ ਨਾਮੀਂ ਕੰਪਨੀਆਂ ਸੂਬੇ ਵਿੱਚ ਨਿਵੇਸ਼ ਨੂੰ ਵਧਾਉਣਗੀਆਂ

ਲੁਧਿਆਣਾ, (ਪ੍ਰੀਤੀ ਸ਼ਰਮਾ) ਫੂਡ ਪ੍ਰੋਸੈਸਿੰਗ ਖੇਤਰ ਦੀਆਂ ਨਾਮੀਂ ਕੰਪਨੀਆਂ ਨੇ ਪੰਜਾਬ ਸਰਕਾਰ ਦੀ ਨਵੀਂ ਉਦਯੋਗ ਅਤੇ ਵਪਾਰ ਨੀਤੀ-2017 ਦੀ ਸ਼ਲਾਘਾ ਕਰਦਿਆਂ ਸੂਬੇ ਵਿੱਚ ਆਪਣਾ ਨਿਵੇਸ਼ ਵਧਾਉਣ ਵਿੱਚ ਦਿਲਚਸਪੀ ਦਿਖਾਈ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਦਿਨੋਂ ਦਿਨ ਉਦਯੋਗ ਪੱਖੀ ਬਣਦੇ ਜਾ ਰਹੇ ਮਾਹੌਲ ਦੇ ਚੱਲਦਿਆਂ ਇਥੇ ਕਾਰੋਬਾਰ ਸਥਾਪਤ ਕਰਨਾ ਅਤੇ ਹੋਰ ਵਧਾਉਣਾ ਹੁਣ ਸੱਚਾਈ ਜਾਪਣ ਲੱਗਾ ਹੈ। ਅੱਜ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਆਯੋਜਿਤ ਕੀਤੇ ਗਏ ਪਹਿਲੇ ‘ਪੰਜਾਬ ਐਗਰੀ ਐਂਡ ਫੂਡ ਕੰਕਲੇਵ’ ਦੌਰਾਨ ਫੂਡ ਖੇਤਰ ਦੀਆਂ ਨਾਮੀਂ ਕੰਪਨੀਆਂ ਪੈਪਸੀਕੋ ਅਤੇ ਆਈ. ਟੀ. ਸੀ. ਨੇ ਐਲਾਨ ਕੀਤਾ ਕਿ ਉਹ ਸੂਬੇ ਵਿੱਚ ਆਪਣਾ ਨਿਵੇਸ਼ ਹੋਰ ਵਧਾਉਣਗੀਆਂ। ਸੰਮੇਲਨ ਨੂੰ ਸੰਬੋਧਨ ਕਰਦਿਆਂ ਪੈਪਸੀਕੋ ਇੰਡੀਆ ਦੇ ਨੁਮਾਇੰਦੇ ਸ੍ਰੀ ਰਿੰਕੇਸ਼ ਸਤੀਜਾ ਨੇ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੋੜਾ ਨੂੰ ਕਿਹਾ ਕਿ ਉਹ ਪੰਜਾਬ ਵਿੱਚ ਸਨੈਕਸ ਤਿਆਰ ਕਰਨ ਵਾਲੇ ਹੋਰ ਉਦਯੋਗ ਲਗਾਉਣ ਜਾ ਰਹੇ ਹਨ। ਉਨਾਂ ਪੰਜਾਬ ਸਰਕਾਰ ਦੀ ਉਦਯੋਗ ਅਤੇ ਵਪਾਰ ਨੀਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਸੂਬੇ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ਵਿੱਚ ਵਾਧਾ ਹੋਇਆ ਹੈ। ਉਨਾਂ ਪੰਜਾਬ ਐਗਰੀ ਐਂਡ ਫੂਡ ਕੰਕਲੇਵ ਦੇ ਸਫ਼ਲ ਆਯੋਜਨ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਸੰਮੇਲਨ ਸਮੇਂ-ਸਮੇਂ ‘ਤੇ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਸੂਬੇ ਵਿੱਚ ਫੂਡ ਪ੍ਰੋਸੈਸਿੰਗ ਖੇਤਰ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

ਸੁਖਜੀਤ ਸਟਾਰਚ ਐਂਡ ਕੈਮੀਕਲਜ਼ ਲਿਮਿਟਡ ਵੱਲੋਂ ਬੋਲਦਿਆਂ ਸ੍ਰੀ ਭਵਦੀਪ ਸਰਦਾਨਾ ਨੇ ਕਿਹਾ ਕਿ ਉਹ ਫਗਵਾੜਾ ਨੇੜੇ ਮੈਗਾ ਫੂਡ ਪਾਰਕ ਲਗਾ ਰਹੇ ਹਨ। ਉਨਾਂ ਸ੍ਰੀ ਅਰੋੜਾ ਨੂੰ ਅਪੀਲ ਕੀਤੀ ਕਿ ਸੂਬੇ ਵਿੱਚ ਕਣਕ ਝੋਨੇ ਦੀ ਬਿਜਾਏ ਮੱਕੀ ਉਤਪਾਦਨ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ, ਜਿਸ ਨਾਲ ਸੂਬੇ ਵਿੱਚ ਹੋਰ ਉਦਯੋਗ ਵਿਕਸਤ ਹੋਣਗੇ। ਆਈ. ਟੀ. ਸੀ. ਲਿਮਿਟਡ ਵੱਲੋਂ ਸ੍ਰੀ ਸੰਜੇ ਸਿੰਘਲ ਨੇ ਕਿਹਾ ਕਿ ਕੰਪਨੀ ਨੇ ਪਿੱਛੇ ਜਿਹੇ ਨਵੇਂ ਜੂਸ ਉਤਪਾਦ, ਬਿਸਕੁਟ ਅਤੇ ਹੋਰ ਉਤਪਾਦ ਤਿਆਰ ਕਰਨੇ ਸ਼ੁਰੂ ਕੀਤੇ ਹਨ। ਉਨਾਂ ਦੀ ਕੰਪਨੀ ਸੂਬੇ ਵਿੱਚ ਡੇਅਰੀ ਖੇਤਰ ਵਿੱਚ ਨਿਵੇਸ਼ ਕਰਨ ਦੀ ਇੱਛਾ ਰੱਖਦੀ ਹੈ। ਉਨਾਂ ਸੂਬੇ ਵਿੱਚ ਫ਼ਲਾਂ ਅਤੇ ਸਬਜੀਆਂ ਦੇ ਉਤਪਾਦਨ ਵਿੱਚ ਵਾਧਾ ਕਰਨ ਦੀ ਵੀ ਸਲਾਹ ਦਿੱਤੀ। ਕਰੈਮਿਕਾ ਫੂਡ ਇੰਡਸਟਰੀਜ਼ ਲਿਮਿਟਡ ਦੇ ਸ੍ਰੀ ਅਕਸ਼ੇ ਬੈਕਟਰ ਨੇ ਕਿਹਾ ਕਿ ਪੰਜਾਬ ਦੀ ਨਵੀਂ ਉਦਯੋਗ ਅਤੇ ਵਪਾਰ ਨੀਤੀ ਉਦਯੋਗ ਪੱਖੀ ਹੈ। ਉਨਾਂ ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਭੰਗ ਕਰਨ ਅਤੇ ਪੰਜਾਬ ਐਗਰੀ ਐਂਡ ਫੂਡ ਕੰਕਲੇਵ ਦਾ ਆਯੋਜਨ ਕਰਨ ਦਾ ਵੀ ਸਵਾਗਤ ਕੀਤਾ। ਸੰਮੇਲਨ ਦੌਰਾਨ ਸ੍ਰੀ ਸੁੰੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ 4.2 ਮਿਲੀਅਨ ਹੈੱਕਟੇਅਰ ਖੇਤੀ ਅਧੀਨ ਰਕਬਾ ਹੈ, ਜੋ ਕਿ ਦੇਸ਼ ਦੇ ਕੁੱਲ ਖੇਤੀ ਯੋਗ ਰਕਬੇ ਦਾ ਮਹਿਜ਼ 3 ਫੀਸਦੀ ਬਣਦਾ ਹੈ। ਜਿਸ ਵਿੱਚ ਦੇਸ਼ ਦਾ 19 ਫੀਸਦੀ ਕਣਕ, 10 ਫੀਸਦੀ ਚੌਲ, 10 ਫੀਸਦੀ ਦੁੱਧ, 20 ਫੀਸਦੀ ਸ਼ਹਿਦ, 48 ਫੀਸਦੀ ਖੁੰਬ ਅਤੇ 5 ਫੀਸਦੀ ਕਪਾਹ ਦਾ ਉਤਪਾਦਨ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਨਿਵੇਸ਼ ਕਰਨ ਲਈ ਪੰਜਾਬ ਸਭ ਤੋਂ ਵਧੀਆ ਸੂਬਾ ਹੈ। ਉਨਾਂ ਕਿਹਾ ਕਿ ਇਸ ਸੰਮੇਲਨ ਨਾਲ ਨਿਵੇਸ਼ਕਾਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਦੀਆਂ ਸੰਭਾਵਨਾਵਾਂ ਬਾਰੇ ਗਿਆਨ ਹੋਵੇਗਾ। ਸੰਮੇਲਨ ਦੌਰਾਨ ਫੂਡ ਪ੍ਰੋਸੈਸਿੰਗ ਖੇਤਰ ਨਾਲ ਸੰਬੰਧਤ ਸੰਭਾਵਨਾਵਾਂ, ਚੁਣੌਤੀਆਂ ਅਤੇ ਹੋਰ ਵਿਸ਼ਿਆਂ ਦੇ ਵੱਖਰੇ ਸੈਸ਼ਨ ਵੀ ਆਯੋਜਿਤ ਕੀਤੇ ਗਏ, ਜਿਨਾਂ ਵਿੱਚ ਫੂਡ ਖੇਤਰ ਨਾਲ ਜੁੜੇ ਕਈ ਮਾਹਿਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ।

print
Share Button
Print Friendly, PDF & Email

Leave a Reply

Your email address will not be published. Required fields are marked *