ਲਾਡੀ ਤੇ ਬਾਜਵਾ ਖਿਲਾਫ਼ ਦਰਜ ਮਾਮਲਿਆਂ ਦੀ ਜਾਂਚ ਪੰਜਾਬ ਤੋਂ ਬਾਹਰ ਤਬਦੀਲ ਹੋਵੇ : ਖਹਿਰਾ

ss1

ਲਾਡੀ ਤੇ ਬਾਜਵਾ ਖਿਲਾਫ਼ ਦਰਜ ਮਾਮਲਿਆਂ ਦੀ ਜਾਂਚ ਪੰਜਾਬ ਤੋਂ ਬਾਹਰ ਤਬਦੀਲ ਹੋਵੇ : ਖਹਿਰਾ

ਚੰਡੀਗੜ੍ਹ(ਬਿਊਰੋ)-ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਸ਼ਾਹਕੋਟ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਲਾਡੀ ਸ਼ੇਰੋਵਾਲੀਆ ਅਤੇ ਐੱਸ. ਐੱਚ. ਓ. ਪਰਮਿੰਦਰ ਸਿੰਘ ਬਾਜਵਾ ਖਿਲਾਫ ਮਾਮਲਿਆਂ ਦੀ ਜਾਂਚ ਪੰਜਾਬ ਤੋਂ ਬਾਹਰ ਤਬਦੀਲ ਕਰਨ ਦੀ ਮੰਗ ਕੀਤੀ ਹੈ। ਸੂਬੇ ਦੇ ਮੁੱਖ ਚੋਣ ਅਧਿਕਾਰੀ ਐੱਸ. ਕਰੁਣਾ ਰਾਜੂ ਨੂੰ ਲਿਖੇ ਪੱਤਰ ਰਾਹੀਂ ਚੋਣ ਕਮਿਸ਼ਨ ਤੋਂ ਇਹ ਮੰਗ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਇੰਸਪੈਕਟਰ ਪੀ. ਐੱਸ. ਬਾਜਵਾ ਵਿਚਕਾਰ ਚੱਲ ਰਹੀ ਖਿੱਚੋਤਾਣ ਖਤਰਨਾਕ ਰੁਖ ਅਖਤਿਆਰ ਕਰ ਰਹੀ ਹੈ ਅਤੇ ਮੁੱਖ ਮੰਤਰੀ ਨਿੱਜੀ ਕਿੜ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਕੱਲ ਇੰਸਪੈਕਟਰ ਪੀ. ਐੱਸ. ਬਾਜਵਾ ਦੀ ਗ੍ਰਿਫਤਾਰੀ ਤੋਂ ਪਿੱਛੋਂ ਪੁਲਸ ਅਤੇ ਸਰਕਾਰ ਉਸ ਖਿਲਾਫ ਨਿੱਜੀ ਰੰਜਿਸ਼ ‘ਤੇ ਉਤਰ ਆਈ ਹੈ, ਕਿਉਂ ਕਿ ਐੱਫ. ਆਈ. ਆਰ.  ਦਰਜ ਕਰਨ ਤੋਂ ਬਿਨਾ ਇੰਸਪੈਕਟਰ ਨੇ ਖੁੱਲ੍ਹੇ ਤੌਰ ‘ਤੇ ਪੁਲਸ ਅਫਸਰਾਂ ਨੂੰ ਪ੍ਰਾਪਤ ਸਿਆਸੀ ਸ਼ਹਿ ਅਤੇ ਮੁੱਖ ਮੰਤਰੀ ਬਾਰੇ ਨਿੱਜੀ ਟਿੱਪਣੀਆਂ ਕੀਤੀਆਂ ਸਨ।
ਇਹ ਮਸਲਾ ਸ਼ਾਹਕੋਟ ਅਤੇ ਪੰਜਾਬ ਦੇ ਲੋਕਾਂ ਲਈ ਅਤਿ ਮਹੱਤਵਪੂਰਨ ਹੈ ਕਿਉਂਕਿ ਪੁਲਸ ਨੇ ਕਾਂਗਰਸੀ ਉਮੀਦਵਾਰ ਖਿਲਾਫ ਐੱਫ. ਆਈ. ਆਰ. ਹੋਣ ਦੇ ਬਾਵਜੂਦ ਵੀ ਅਗਲੇਰੀ ਕਾਰਵਾਈ ਨਹੀਂ ਸ਼ੁਰੂ ਕੀਤੀ ਹੈ, ਜਦਕਿ ਪੁਲਸ ਨੇ ਇੰਸਪੈਕਟਰ ਬਾਜਵਾ ਨੂੰ ਇਕ ਪੁਲਸ ਮੁਲਾਜ਼ਮ ਦੁਆਰਾ ਕੀਤੀ ਸ਼ਿਕਾਇਤ ‘ਤੇ ਹੀ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਬਾਜਵਾ ਦੇ ਜੇਲ ਜਾਣ ਤੋਂ ਬਾਅਦ ਹੁਣ ਲਾਡੀ ਖ਼ਿਲਾਫ ਵੀ ਸਰਕਾਰ ਦੇ ਦਬਾਅ ਕਾਰਨ ਸਹੀ ਜਾਂਚ ਸੰਭਵ ਨਹੀਂ। ਇਸ ਕਰਕੇ ਹੁਣ ਲਾਡੀ ਅਤੇ ਬਾਜਵਾ ਦੋਵਾਂ ਖਿਲਾਫ ਦਰਜ ਮਾਮਲਿਆਂ ਦੀ ਜਾਂਚ ਬਿਨਾਂ ਦੇਰੀ ਪੰਜਾਬ ਤੋਂ ਬਾਹਰ ਚੰਡੀਗੜ੍ਹ ਜਾਂ ਹਰਿਆਣਾ ‘ਚ ਤਬਦੀਲ ਕੀਤੀ ਜਾਣੀ ਚਾਹੀਦੀ ਹੈ।

print
Share Button
Print Friendly, PDF & Email