ਦਿੱਲੀ ਕਮੇਟੀ ਵੱਲੋਂ ਵਿੱਤੀ ਵਰ੍ਹੇ 2018-19 ਲਈ 130 ਕਰੋੜ ਰੁਪਏ ਦਾ ਅਨੁਮਾਨਿਤ ਬਜਟ ਕੀਤਾ ਗਿਆ ਪੇਸ਼

ss1

ਦਿੱਲੀ ਕਮੇਟੀ ਵੱਲੋਂ ਵਿੱਤੀ ਵਰ੍ਹੇ 2018-19 ਲਈ 130 ਕਰੋੜ ਰੁਪਏ ਦਾ ਅਨੁਮਾਨਿਤ ਬਜਟ ਕੀਤਾ ਗਿਆ ਪੇਸ਼

Delhi committee proposes an estimated budget of 130 crore for the financial year 2018-19

ਦਿੱਲੀ ਕਮੇਟੀ ਵੱਲੋਂ ਵਿੱਤੀ ਵਰ੍ਹੇ 2018-19 ਲਈ 130 ਕਰੋੜ ਰੁਪਏ ਦਾ ਅਨੁਮਾਨਿਤ ਬਜਟ ਕੀਤਾ ਗਿਆ ਪੇਸ਼:ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜ਼ਲਾਸ ’ਚ ਅੱਜ ਕਈ ਇਤਿਹਾਸਕ ਫੈਸਲੇ ਲਏ ਗਏੇ।ਜਿਥੇ ਵਿੱਤੀ ਵਰ੍ਹੇ 2018-19 ਲਈ ਕਮੇਟੀ ਵੱਲੋਂ 130 ਕਰੋੜ ਰੁਪਏ ਦਾ ਪਹਿਲੀ ਵਾਰ ਅਨੁਮਾਨਿਤ ਬਜਟ ਪੇਸ਼ ਕੀਤਾ ਗਿਆ ਉਥੇ ਹੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਮਾਲੀ ਹਾਲਾਤ ਨੂੰ ਸੁਧਾਰਣ ਲਈ ਕਮੇਟੀ ਦੇ ਸਕੂਲਾਂ ਅਤੇ ਉੱਚ ਵਿਦਿਅਕ ਅਦਾਰਿਆਂ ’ਚ ਹੁਣ ਸਰਕਾਰੀ ਨਿਯਮਾਂ ਦੇ ਹਿਸਾਬ ਨਾਲ ਅਹੁੱਦਿਆਂ ਦੀ ਗਿਣਤੀ ਨਿਰਧਾਰਤ ਹੋਵੇਗੀ।ਜਿਸ ਕਰਕੇ ਸਕੂਲਾਂ ’ਚ ਭਰਤੀ ਬੇਲੋੜੇ ਸਟਾਫ਼ ਦੇ ਫਾਰਗ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ।ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਲਗਭਗ 3 ਘੰਟੇ ਤਕ ਚਲੇ ਜਰਨਲ ਇਜ਼ਲਾਸ ਦੌਰਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਵਿਰੋਧੀ ਧਿਰ ਦੇ ਕਮੇਟੀ ਮੈਂਬਰਾਂ ਨੂੰ ਹਰ ਮੱਤੇ ’ਤੇ ਬੋਲਣ ਦਾ ਭਰਪੂਰ ਸਮਾਂ ਦਿੱਤਾ।ਜਨਰਲ ਇਜ਼ਲਾਸ ਦੌਰਾਨ ਕੁੱਲ 19 ਮੱਤਿਆਂ ਬਾਰੇ ਵਿਚਾਰ ਚਰਚਾ ਹੋਈ ਅਤੇ ਸਾਰੇ ਹੀ ਮਤੇ ਹਾਊਸ ਵੱਲੋਂ ਸਰਬਸੰਮਤੀ ਨਾਲ ਪ੍ਰਵਾਨ ਕਰ ਲਏ ਗਏ।ਵਿਰੋਧੀ ਧਿਰ ਦੇ 4 ਮੈਂਬਰਾਂ ਨੇ ਹਰ ਮਸਲੇ ’ਤੇ ਸਵਾਲ ਚੁੱਕੇ।ਜਿਨ੍ਹਾਂ ਦਾ ਜਵਾਬ ਕਾਬਿਜ਼ ਧਿਰ ਦੇ ਮੈਂਬਰਾਂ ਨੇ ਬਾਖੂਬੀ ਦਿੱਤਾ।ਇੱਕ ਮੌਕੇ ’ਤੇ ਆਜ਼ਾਦ ਮੈਂਬਰ ਵੱਜੋਂ ਚੋਣ ਜਿੱਤੇ ਤਰਵਿੰਦਰ ਸਿੰਘ ਮਾਰਵਾਹ ਅਤੇ ਗੁਰਮੀਤ ਸਿੰਘ ਸ਼ੰਟੀ ਵਿਚਕਾਰ ਟਕਰਾਰ ਵੀ ਪੈਦਾ ਹੋਈ।ਦਰਅਸਲ ਮਾਰਵਾਹ ਵੱਲੋਂ ਵਿਰੋਧੀ ਪੱਖ ਦੇ ਖਿਲਾਫ ਕੀਤੀ ਗਈ ਟਿੱਪਣੀ ’ਤੇ ਸ਼ੰਟੀ ਭੜਕ ਗਏ।ਜਿਸਤੋਂ ਬਾਅਦ ਹਾਊਸ ਦੀ ਕਾਰਵਾਈ ਸੰਭਾਲ ਰਹੇ ਜੀ.ਕੇ. ਨੇ ਮਾਰਵਾਹ ਦੇ ਸ਼ਬਦਾਂ ਨੂੰ ਹਾਊਸ ਦੀ ਕਾਰਵਾਈ ਚੋਂ ਬਾਹਰ ਕੱਢਣ ਦਾ ਆਦੇਸ਼ ਦਿੱਤਾ।ਬਾਅਦ ’ਚ ਮਾਰਵਾਹ ਨੇ ਵੀ ਆਪਣੀ ਗਲਤੀ ਮੰਨ ਲਈ। 51 ਮੈਂਬਰੀ ਹਾਊਸ ’ਚ 48 ਮੈਂਬਰ ਮੌਜੂਦ ਰਹੇ। ਗੈਰ ਹਾਜ਼ਿਰ ਰਹਿਣ ਵਾਲੇ 3 ਮੈਂਬਰਾਂ ’ਚ ਪਰਮਜੀਤ ਸਿੰਘ ਰਾਣਾ, ਮਨਜੀਤ ਸਿੰਘ ਔਲਖ ਅਤੇ ਸ਼ਿਵਚਰਣ ਸਿੰਘ ਲਾਂਬਾ ਸ਼ਾਮਿਲ ਸਨ।

30 ਮਾਰਚ 2017 ਨੂੰ ਪਿਛਲੇ ਜਨਰਲ ਹਾਊਸ ’ਚ ਕਮੇਟੀ ਪ੍ਰਧਾਨ ਨੂੰ ਦਿੱਤੀਆਂ ਗਈਆਂ ਸਮੂਹ ਸ਼ਕਤੀਆਂ ਨੂੰ ਹਾਊਸ ਨੇ ਮੁੜ੍ਹ ਤੋਂ ਮਨਜੂਰ ਕਰਦੇ ਹੋਏ ਕਈ ਅਹਿਮ ਮੱਤੇ ਪਾਸ ਕੀਤੇ ਜਿਨਾਂ੍ਹ ’ਚ ਪੰਜਾਬ ਸਰਕਾਰ ਵੱਲੋਂ ਇਤਿਹਾਸ ਦੀ ਕਿਤਾਬਾਂ ’ਚ ਕੀਤੀ ਗਈ ਛੇੜਛਾੜ ਦੇ ਖਿਲਾਫ਼ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੀ ਜਾ ਰਹੀ ਲੜਾਈ ’ਚ ਦਿੱਲੀ ਕਮੇਟੀ ਵੱਲੋਂ ਸਹਿਯੋਗ ਕਰਨਾ,ਲੰਗਰ ਦੀ ਰਸਦ ਤੋਂ ਜੀ.ਐਸ.ਟੀ. ਹਟਾਉਣ ਵਾਸਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਲੜੀ ਜਾ ਰਹੀ ਲੜਾਈ ਦਾ ਸਮਰਥਨ ਅਤੇ ਦਸਤਾਰ ਮਾਮਲੇ ’ਚ ਸੁਪਰੀਮ ਕੋਰਟ ਦੇ ਜੱਜ ਵੱਲੋਂ ਚੁੱਕੇ ਗਏ ਸਵਾਲਾਂ ਦੇ ਖਿਲਾਫ਼ ਕਾਨੂੰਨੀ ਲੜਾਈ ਲੜਨ ਦੇ ਨਾਲ ਹੀ ਸਿੱਖ ਸੰਗਤਾਂ ਨੂੰ ਜਾਗਰੁਕ ਕਰਨਾ ਕਿ ਉਹ ਆਪਣੇ ਬੱਚੇ ਨੂੰ ਦਸਤਾਰ ਦੀ ਅਹਿਮੀਅਤ ਕਿਸ ਤਰ੍ਹਾਂ ਸਮਝਾਉਣ।ਇਸਦੇ ਨਾਲ ਹੀ ਸੰਵਿਧਾਨ ਦੀ ਧਾਰਾ 25(ਬੀ) ’ਚ ਸੋਧ ਕਰਵਾ ਕੇ ਸਿੱਖਾਂ ਨੂੰ ਵੱਖਰੇ ਧਰਮ ਦੇ ਤੌਰ ’ਤੇ ਮਾਨਤਾ ਦਿਵਾਉਣ ਦੀ ਲੜਾਈ ਲੜਨਾਂ,ਗੁਰਦੁਆਰਾ ਡਾਂਗਮਾਰ ਸਾਹਿਬ ਅਤੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸਿੱਖ ਪੰਥ ਦੇ ਹਵਾਲੇ ਕਰਾਉਣਾ ਅਤੇ ਨਵੰਬਰ 1984 ਕਤਲੇਆਮ ਦੇ ਪੀੜਿਤ ਪਰਿਵਾਰਾਂ ਦੇ ਬੱਚਿਆ ਨੂੰ ਦਿੱਲੀ ਸਕਰਾਰ ਤੋਂ ਨੌਕਰੀਆਂ ਦਿਵਾਉਣਾਂ,ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਫਾਸਟ ਟ੍ਰੈਕ ਅਦਾਲਤਾਂ ਬਣਵਾਉਣ ਦੀ ਰਾਹ ਲੱਭਣ ਦੇ ਨਾਲ ਹੀ ਜੇਲ੍ਹ ’ਚ ਬੰਦ ਸਿੱਖਾਂ ਦੀ ਰਿਹਾਈ ਦਾ ਯਤਨ ਕਰਨਾ।ਬਾਬਾ ਖੜਕ ਸਿੰਘ ਦੇ 6 ਜੂਨ 2018 ਨੂੰ ਆ ਰਹੇ 150 ਵੇਂ ਜਨਮ ਦਿਹਾੜੇ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰਲੇ ਪਾਸੇ ਬਾਬਾ ਖੜਕ ਸਿੰਘ ਦੇ ਮਾਰਗ ’ਤੇ ਬਾਬਾ ਜੀ ਦੀ ਜੀਵਨੀ ਪ੍ਰਕਾਸ਼ਿਤ ਕਰਨ ਅਤੇ ਜਲਿਆਵਾਲਾ ਬਾਗ ਦੀ ਸ਼ਤਾਬਦੀ ਨੂੰ ਮਨਾਉਣ ਦਾ ਫੈਸਲਾ ਲੈਣਾ।ਦਿੱਲੀ ਕਮੇਟੀ ਵੱਲੋਂ ਟੀ.ਵੀ. ਜਾਂ ਰੇਡੀਓ ਚੈਨਲ ਕਿਸੇ ਕੰਪਨੀ ਦੇ ਨਾਲ ਮਿਲਕੇ ਚਲਾਉਣ ਦੀ ਮਨਜੂਰੀ,ਪੰਜਾਬੀ ਮੀਡੀਆ ਸੈਂਟਰ ਦੀ ਸਥਾਪਨਾ ਅਤੇ ਗੁਰਦੁਆਰਾ ਬੰਗਲਾ ਸਾਹਿਬ ’ਚ ਲੰਗਰ ਦੀ ਰੱਸਦ ਗੁਰਦੁਆਰਾ ਬੰਗਲਾ ਸਾਹਿਬ ਬ੍ਰਾਂਡ ਨੇਮ ਤੋਂ ਵੇਚਣ ਲਈ ਰੱਸਦ ਸੈਂਟਰ ਖੋਲਣਾ ਸ਼ਾਮਿਲ ਹੈ।

ਜੀ.ਕੇ. ਨੇ ਬਜਟ ’ਤੇ ਬੋਲਦੇ ਹੋਏ ਕਿਹਾ ਕਿ 2000 ਦੇ ਬਾਅਦ ਕਦੇ ਵੀ ਬਜਟ ਨਹੀਂ ਬਣਿਆ।ਪੁਰਾਣੇ ਪ੍ਰਬੰਧਕਾਂ ਨੇ ਤਾਂ ਕਮੇਟੀ ਨੂੰ ਆਮਦਨ ਕਰ ਦੀ ਛੋਟ ਵਾਲੀ ਧਾਰਾ 80 ਜੀ ’ਚ ਰਜਿਸ਼ਟਰ ਕਰਾਉਣਾ ਵੀ ਜਰੂਰੀ ਨਹੀਂ ਸਮਝਿਆ ਸੀ ਪਰ ਅਸੀਂ ਜਿੱਥੇ ਕਮੇਟੀ ਨੂੰ 80 ਜੀ ’ਚ ਰਜਿਸ਼ਟਰ ਕਰਵਾਇਆ ਹੈ ਉਥੇ ਹੀ ਵਿਦੇਸ਼ੀ ਸੰਗਤ ਵੱਲੋਂ ਕਮੇਟੀ ਕੋਲ ਮਾਇਆ ਭੇਜਣ ਵਾਸਤੇ ਜਰੂਰੀ ਐਫ.ਸੀ.ਆਰ.ਏ. ਨੰਬਰ ਵਾਸਤੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ।ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਸਕੂਲਾਂ ’ਚ ਪਹਿਲੇ ਤਾਂ ਤੈਅ ਅਹੁਦਾ ਸਕੀਮ ਲਾਗੂ ਕਰਨ ਲਈ ਮਨਜੂਰੀ ਦਿੱਤੀ ਗਈ ਪਰ ਜਦੋਂ ਜੀ.ਕੇ. ਨੇ ਕਿਹਾ ਕਿ ਲੋੜ ਪੈਣ ’ਤੇ ਵਾਧੂ ਸਟਾਫ਼ ਨੂੰ ਕੱਢਿਆ ਜਾਵੇਗਾ ਤਾਂ ਵਿਰੋਧੀ ਧਿਰ ਨੇ ਇਸ ਨੂੰ ਗਲਤ ਦੱਸਿਆ।ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ ਨੇ ਜਦੋਂ ਤੱਥਾਂ ਦੇ ਨਾਲ ਪੁਰਾਣੀ ਕਮੇਟੀ ਵੱਲੋਂ ਕੀਤੀ ਗਈ ਬੇਲੋੜੀ ਭਰਤੀ ਨੂੰ ਕਬੂਤਰਬਾਜ਼ੀ ਨਾਲ ਜੋੜ ਕੇ ਜੋਰਦਾਰ ਦਲੀਲਾ ਰੱਖੀਆਂ ਤਾਂ ਵਿਰੋਧੀ ਆਗੂ ਚੁੱਪ ਕਰਕੇ ਬਹਿ ਗਏ। ਜੀ.ਕੇ. ਨੇ ਵੀ ਬਿਨਾਂ ਨਾਂ ਲਏ ਸਰਨਾ ਭਰਾਵਾਂ ਦੇ ਕਾਰਜਕਾਲ ਨੂੰ ਵਿਦਿਅਕ ਅਦਾਰਿਆਂ ਦੀ ਤਬਾਹੀ ਦਾ ਕਾਰਨ ਦੱਸਿਆ।ਜੀ.ਕੇ. ਨੇ ਕਿਹਾ ਕਿ ਅਸੀਂ ਪੁਰਾਣਾ ਕੈਂਸਰ ਕੱਟ ਰਹੇ ਹਾਂ ਪਰ ਨਵਾਂ ਪੈਦਾ ਵੀ ਨਹੀਂ ਹੋਣ ਦਿਆਂਗੇ। ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਜੋ ਕਿ ਸਕੂਲ ਐਜੂਕੇਸ਼ਨ ਕਮੇਟੀ ਦੇ ਚੇਅਰਮੈਨ ਹਨ ਨੇ ਸਕੂਲਾਂ ਦੀ ਮਾਲੀ ਹਾਲਾਤ ਸੁਧਾਰਣ ਲਈ ਤੈਅ ਅਹੁਦਾ ਸਕੀਮ ਨੂੰ ਜਰੂਰੀ ਦੱਸਿਆ। ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ, ਸੀਨੀਅਰ ਆਗੂ ਓਂਕਾਰ ਸਿੰਘ ਥਾਪਰ, ਕਮੇਟੀ ਮੈਂਬਰ ਬਲਬੀਰ ਸਿੰਘ ਵਿਵੇਕ ਵਿਹਾਰ ਅਤੇ ਬਲਦੇਵ ਸਿੰਘ ਰਾਣੀਬਾਗ ਨੇ ਸ਼ਾਂਤਮਈ ਤਰੀਕੇ ਨਾਲ ਜਨਰਲ ਹਾਊਸ ਦੀ ਕਾਰਵਾਈ ਚਲਾਉਣ ਵਾਸਤੇ ਕਮੇਟੀ ਪ੍ਰਧਾਨ ਦੀ ਸਲਾਘਾ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *