ਕੈਪਟਨ ਅਮਰਿੰਦਰ ਸਿੰਘ ਨੇ ਵਜ਼ਾਰਤ ਵਿੱਚ ਨੌਂ ਨਵੇਂ ਮੰਤਰੀ ਸ਼ਾਮਲ ਕੀਤੇ

ss1

ਕੈਪਟਨ ਅਮਰਿੰਦਰ ਸਿੰਘ ਨੇ ਵਜ਼ਾਰਤ ਵਿੱਚ ਨੌਂ ਨਵੇਂ ਮੰਤਰੀ ਸ਼ਾਮਲ ਕੀਤੇ

 ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਆਪਣੀ ਵਜ਼ਾਰਤ ਵਿੱਚ ਨੌਂ ਨਵੇਂ ਮੰਤਰੀ ਸ਼ਾਮਲ ਕਰ ਰਿਹਾ ਹੈ, ਜਿੰਨ੍ਹਾਂ ਨੂੰ ਅੱਜ ਸਹੂੰ ਚੁਕਾਈ ਜਾਵੇਗੀ।ਕੈਪਟਨ ਵਜ਼ਾਰਤ ’ਚ ਨੌਂ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ ਜਿਨ੍ਹਾਂ ’ਚ ਸੁਖਜਿੰਦਰ ਸਿੰਘ ਰੰਧਾਵਾ, ਸੁੱਖ ਸਰਕਾਰੀਆ, ਓ ਪੀ ਸੋਨੀ, ਬਲਬੀਰ ਸਿੰਘ ਸਿੱਧੂ, ਵਿਜੇਇੰਦਰ ਸਿੰਗਲਾ, ਗੁਰਪ੍ਰੀਤ ਸਿੰਘ ਕਾਂਗੜ, ਰਾਣਾ ਗੁਰਮੀਤ ਸਿੰਘ ਸੋਢੀ, ਭਾਰਤ ਭੂਸ਼ਨ ਆਸ਼ੂ ਅਤੇ ਸ਼ਿਆਮ ਸੁੰਦਰ ਅਰੋੜਾ ਦੇ ਨਾਮ ਸ਼ਾਮਲ ਹਨ। ਉਨ੍ਹਾਂ ਨੂੰ ਭਲਕੇ ਸ਼ਾਮ ਛੇ ਵਜੇ ਰਾਜਪਾਲ ਵੀ ਪੀ ਸਿੰਘ ਬਦਨੌਰ ਸਹੁੰ ਚੁਕਾਉਣਗੇ।


ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨਵੀਂ ਦਿੱਲੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਸਹਾਇਕ ਇੰਚਾਰਜ ਹਰੀਸ਼ ਚੌਧਰੀ ਨਾਲ ਦੋ ਦਿਨਾਂ ਤਕ ਵਿਚਾਰ ਵਟਾਂਦਰੇ ਮਗਰੋਂ ਵਜ਼ਾਰਤ ਵਿੱਚ ਵਾਧੇ ’ਤੇ ਮੋਹਰ ਲਗਾ ਦਿੱਤੀ। ਸਾਰੇ ਨੌਂ ਆਗੂ ਪਹਿਲੀ ਵਾਰ ਵਜ਼ਾਰਤ ਵਿੱਚ ਸ਼ਾਮਲ ਕੀਤੇ ਜਾ ਰਹੇ ਹਨ। ਉਂਜ ਸੁਖਜਿੰਦਰ ਸਿੰਘ ਰੰਧਾਵਾ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਪਿਛਲੀ ਕੈਪਟਨ ਵਜ਼ਾਰਤ ਵਿੱਚ ਮੁੱਖ ਪਾਰਲੀਮਾਨੀ ਸਕੱਤਰ ਰਹਿ ਚੁੱਕੇ ਹਨ।

ਨਵੇਂ ਬਣਾਏ ਜਾ ਰਹੇ ਮੰਤਰੀਆਂ ਨੂੰ ਅੱਜ ਹੀ ਮਹਿਕਮੇ ਦਿੱਤੇ ਜਾਣ ਦੀ ਉਮੀਦ ਹੈ। ਇਸ ਨਾਲ ਹੋਰ ਕਿਸੇ ਨੂੰ ਮੰਤਰੀ ਬਣਾਉਣ ਦੀ ਗੁੰਜਾਇਸ਼ ਨਹੀਂ ਰਹਿ ਜਾਵੇਗੀ। ਨਵੇਂ ਕਾਨੂੰਨ ਮੁਤਾਬਕ 15 ਫ਼ੀਸਦੀ ਤੋਂ ਵਧ ਮੰਤਰੀ ਬਣਾਏ ਨਹੀਂ ਜਾ ਸਕਦੇ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜਿਹੜੇ ਵਿਧਾਇਕ ਵਜ਼ਾਰਤ ਤੋਂ ਬਾਹਰ ਰਹਿ ਗਏ ਹਨ, ਉਨ੍ਹਾਂ ਨੂੰ ਵੀ ਮੰਤਰੀਆਂ ਦੇ ਬਰਾਬਰ ਹੀ ਨੁਮਾਇੰਦਗੀ ਦੇਣ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਰੇ ਖੇਤਰਾਂ ਨੂੰ ਨੁਮਾਇੰਦਗੀ ਦੇ ਕੇ ਵਜ਼ਾਰਤ ਵਿੱਚ ਸੰਤੁਲਨ ਬਣਾਉਣ ਦਾ ਯਤਨ ਕੀਤਾ ਗਿਆ ਹੈ। ਸਭ ਤੋਂ ਵਧ ਵਿਧਾਇਕ ਜਿੱਤਣ ਕਰਕੇ ਪੰਜ ਨਵੇਂ ਚਿਹਰੇ ਮਾਲਵੇ ਵਿੱਚੋਂ ਹਨ। ਇਨ੍ਹਾਂ ਵਿੱਚ ਬਲਬੀਰ ਸਿੰਘ ਸਿੱਧੂ ਮੁਹਾਲੀ ਤੋਂ ਹਨ ਅਤੇ ਉਹ ਮਾਲਵਾ ਤੇ ਪੁਆਧ ਦੋਵਾਂ ਦੀ ਨੁਮਾਇੰਦਗੀ ਕਰਨਗੇ। ਉਨ੍ਹਾਂ ਨੂੰ ਮੁੱਖ ਮੰਤਰੀ ਤੋਂ ਇਲਾਵਾ ਪੰਜਾਬ ਕਾਂਗਰਸ ਮਾਮਲਿਆਂ ਦੇ ਸਹਾਇਕ ਇੰਚਾਰਜ ਹਰੀਸ਼ ਚੌਧਰੀ ਅਤੇ ਦੋ ਸਾਬਕਾ ਕੇਂਦਰੀ ਮੰਤਰੀਆਂ ਦਾ ਆਸ਼ੀਰਵਾਦ ਹਾਸਲ ਹੈ।

ਸੰਗਰੂਰ ਤੋਂ ਨੌਜਵਾਨ ਵਿਧਾਇਕ ਵਿਜੇਇੰਦਰ ਸਿੰਗਲਾ ਕਾਂਗਰਸ ਹਾਈਕਮਾਂਡ ਦੇ ਕੋਟੇ ਤੋਂ ਇਲਾਵਾ ਮੁੱਖ ਮੰਤਰੀ ਦੇ ਵਿਸ਼ਵਾਸ ਪਾਤਰਾਂ ਵਿੱਚੋਂ ਹਨ ਅਤੇ ਉਹ ਘੱਟ ਗਿਣਤੀਆਂ ਦੇ ਨਾਲ ਨਾਲ ਨੌਜਵਾਨਾਂ ਦੀ ਅਗਵਾਈ ਕਰਨਗੇ। ਰਾਮਪੁਰਾ ਫੂਲ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਹਨ ਅਤੇ ਤੀਜੀ ਵਾਰ ਵਿਧਾਇਕ ਹੋਣ ਦੇ ਨਾਲ ਨਾਲ ਮਾਲਵਾ ਤੇ ਨੌਜਵਾਨਾਂ ਦੀ ਪ੍ਰਤੀਨਿਧਤਾ ਕਰਨਗੇ। ਲੁਧਿਆਣਾ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਦੇ ਵਿਸ਼ਵਾਸ ਪਾਤਰ ਹਨ।

ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਵਿਰੋਧ ਹੋਣ ਦੇ ਬਾਵਜੂਦ ਮੰਤਰੀ ਮੰਡਲ ’ਚ ਥਾਂ ਬਣਾਉਣ ਵਿੱਚ ਸਫ਼ਲ ਰਹੇ। ਉਨ੍ਹਾਂ ਨੂੰ ਮੁੱਖ ਮੰਤਰੀ ਦੇ ਕਰੀਬੀਆਂ ’ਚੋਂ ਮੰਨਿਆ ਜਾਂਦਾ ਹੈ। ਦੋਆਬਾ ਇਲਾਕੇ ਤੋਂ ਸ਼ਿਆਮ ਸੁੰਦਰ ਅਰੋੜਾ ਬਾਜ਼ੀ ਮਾਰਨ ਵਿੱਚ ਸਫ਼ਲ ਰਹੇ ਹਨ। ਜਾਣਕਾਰ ਹਲਕਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ ਦੀ ਹਮਾਇਤ ਹਾਸਲ ਹੈ ਅਤੇ ਰਾਣਾ ਗੁਰਜੀਤ ਸਿੰਘ ਦੀ ਵਜ਼ਾਰਤ ਵਿੱਚੋਂ ਛਾਂਟੀ ਬਾਅਦ ਵੈਸੇ ਵੀ ਇਸ ਇਲਾਕੇ ਨੂੰ ਨੁਮਾਇੰਦਗੀ ਦਿੱਤੀ ਜਾਣੀ ਸੀ। ਵਜ਼ਾਰਤ ਵਿੱਚ ਮਾਝੇ ਦੇ ਤਿੰਨ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਸੁਖ ਸਰਕਾਰੀਆ ਅਤੇ ਓ ਪੀ ਸੋਨੀ ਥਾਂ ਬਣਾਉਣ ’ਚ ਕਾਮਯਾਬ ਰਹੇ।

print
Share Button
Print Friendly, PDF & Email

Leave a Reply

Your email address will not be published. Required fields are marked *