ਦੇਸ਼ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਦਾ ਮੁਕਾਬਲਾ ਕਰਨ ਦੀ ਲੋੜ-ਰਾਣਾ ਕੇ. ਪੀ. ਸਿੰਘ

ss1

ਦੇਸ਼ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਦਾ ਮੁਕਾਬਲਾ ਕਰਨ ਦੀ ਲੋੜ-ਰਾਣਾ ਕੇ. ਪੀ. ਸਿੰਘ
ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਲੁਧਿਆਣਾ ਵਿਖੇ ਮਹਾਰਾਣਾ ਪ੍ਰਤਾਪ ਦੇ ਬੁੱਤ ਦਾ ਉਦਘਾਟਨ

ਨਿਊਯਾਰਕ / ਲੁਧਿਆਣਾ, 16 ਅਪ੍ਰੈਲ ( ਰਾਜ ਗੋਗਨਾ ) – ਬੀਤੇ ਦਿਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਰਾਣਾ ਕੇ.ਪੀ. ਸਿੰਘ ਨੇ ਦੇਸ਼-ਵਾਸੀਆਂ ਨੂੰ ਸੱਦਾ ਦਿੰਦਿਆਂ ਕਿਹਾ ਹੈ ਕਿ ਦੇਸ਼ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਦਾ ਅੱਜ ਮੁਕਾਬਲਾ ਕਰਨ ਦੀ ਲੋੜ ਹੈ ਤਾਂ ਜੋ ਦੇਸ਼ ਦੀ ਅਨੇਕਤਾ ਵਿੱਚ ਏਕਤਾ ਵਾਲੇ ਵਜ਼ੂਦ ਨੂੰ ਬਣਾਈ ਰੱਖਿਆ ਜਾ ਸਕੇ।
ਅੱਜ ਸਥਾਨਕ ਢੋਲੇਵਾਲ ਚੌਂਕ ਨਜ਼ਦੀਕ ਮਹਾਰਾਣਾ ਪ੍ਰਤਾਪ ਪਾਰਕ ਵਿੱਚ ਮਹਾਰਾਣਾ ਪ੍ਰਤਾਪ ਦੇ ਬੁੱਤ ਦਾ ਉਦਘਾਟਨ ਕਰਨ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ਼੍ਰੀ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਅੱਜ ਦੇਸ਼ ਨੂੰ ਕਮਜ਼ੋਰ ਕਰਨ ਵਾਸਤੇ ਕਈ ਦੇਸ਼ ਵਿਰੋਧੀ ਤਾਕਤਾਂ ਗਲਤ ਹੱਥਕੰਡੇ ਵਰਤ ਰਹੀਆਂ ਹਨ, ਜਿਨ੍ਹਾਂ ਤੋਂ ਦੇਸ਼ ਵਾਸੀਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ।ਉਨ੍ਹਾਂ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਕਿ ਅਜਿਹੀਆਂ ਤਾਕਤਾਂ ਦਾ ਇਕੱਠੇ ਹੋ ਕੇ ਮੁਕਾਬਲਾ ਕੀਤਾ ਜਾਵੇ, ਇਸ ਦੇ ਨਾਲ ਹੀ ਦੇਸ਼ ਦੀ ਏਕਤਾ, ਅਖੰਡਤਾ ਅਤੇ ਅਮਨ-ਕਾਨੂੰਨ ਦੀ ਵਿਵਸਥਾ ਨੂੰ ਵੀ ਬਣਾਈ ਰੱਖਿਆ ਜਾਵੇ।
ਉਨ੍ਹਾਂ ਕਿਹਾ ਕਿ ਜੋ ਕੌਮਾਂ ਆਪਣੇ ਗੌਰਵਮਈ ਇਤਿਹਾਸ ਨੂੰ ਜਿੰਦਾ ਅਤੇ ਯਾਦ ਰੱਖਦੀਆਂ ਹਨ, ਉਹ ਕੌਮਾਂ ਹਮੇਸ਼ਾਂ ਹੀ ਚੜ੍ਹਦੀ ਕਲਾ ਵਿੱਚ ਰਹਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਰਾਜਪੂਤ ਭਾਈਚਾਰੇ ਦੀ ਬਿਹਤਰੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਮਹਾਰਾਣਾ ਪ੍ਰਤਾਪ ਦੇ ਨਾਮ ‘ਤੇ ਚੇਅਰ ਸਥਾਪਿਤ ਕੀਤੀ ਗਈ ਹੈ ਅਤੇ ਜ਼ਿਲ੍ਹਾ ਰੋਪੜ ਵਿੱਚ ਮਹਾਰਾਣਾ ਪ੍ਰਤਾਪ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ। ਉਸੇ ਤਰਜ਼ ‘ਤੇ ਹੀ ਅੱਜ ਲੁਧਿਆਣਾ ਵਿਖੇ ਵੀ ਮਹਾਰਾਣਾ ਪ੍ਰਤਾਪ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਜਿਸ ਪਾਰਕ ਵਿੱਚ ਇਹ ਬੁੱਤ ਸਥਾਪਤ ਕੀਤਾ ਗਿਆ ਹੈ ਉੱਥੇ ਕਿਸੇ ਸਮੇਂ ਕਾਫੀ ਗੰਦਗੀ ਅਤੇ ਉਜਾੜ ਸੀ ਜੋ ਕਿ ਇੱਕ ਸ਼ਾਨਦਾਰ ਪਾਰਕ ਵਜੋਂ ਤਬਦੀਲ ਹੋ ਚੁੱਕੀ ਹੈ।ਉਨ੍ਹਾਂ ਆਪਣੇ ਅਖਤਿਆਰੀ ਖਾਤੇ ਵਿੱਚੋਂ ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਨੂੰ 2 ਲੱਖ ਰੁਪਏ ਭੇਜਣ ਦਾ ਐਲਾਨ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਲੁਧਿਆਣਾ (ਕੇਂਦਰੀ) ਦੇ ਵਿਧਾਇਕ ਸ਼੍ਰੀ ਸੁਰਿੰਦਰ ਡਾਬਰ ਨੇ ਸੰਬੋਧਨ ਕਰਦਿਆਂ ਹਲਕੇ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਕਾਰਜਾਂ ਦਾ ਵੇਰਵਾ ਪੇਸ਼ ਕੀਤਾ ਅਤੇ ਰਾਜਪੂਤ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਬਿਹਤਰੀ ਲਈ ਯਤਨ ਜਾਰੀ ਰੱਖੇ ਜਾਣਗੇ।ਉਨ੍ਹਾਂ ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਵੀ ਸ਼ਲਾਘਾ ਕੀਤੀ।ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਸ਼੍ਰੀ ਪਵਨ ਦੀਵਾਨ, ਸ਼੍ਰੀ ਡਿੰਪਲ ਰਾਣਾ, ਕੌਂਸਲਰ ਇਕਬਾਲ ਸਿੰਘ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸ਼੍ਰੀ ਕੇ. ਕੇ. ਬਾਵਾ, ਸ਼੍ਰੀ ਆਨੰਦ ਅੱਤਰੀ, ਸ੍ਰ. ਸੰਤ ਸਿੰਘ ਰਾਣਾ ਅਤੇ ਵੱਡੀ ਗਿਣਤੀ ਵਿੱਚ ਰਾਜਪੂਤ ਭਾਈਚਾਰੇ ਨਾਲ ਸਬੰਧਤ ਲੋਕ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *