ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫਿਲਮ “ਨਾਨਕ ਸ਼ਾਹ ਫਕੀਰ” ਦੇ ਨਿਰਮਾਤਾ ਹਰਿੰਦਰ ਸਿੱਕੇ ਨੂੰ ਪੰਥ ‘ਚੋਂ ਛੇਕਿਆ
ਅੰਮ੍ਰਿਤਸਰ: ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਵਿਵਾਦਤ ਫਿਲਮ “ਨਾਨਕ ਸ਼ਾਹ ਫਕੀਰ” ਦੇ ਮਾਮਲੇ ‘ਤੇ ਹੋਈ ਪੰਜਾਂ ਜੱਥੇਦਾਰਾਂ ਦੀ ਮੀਟਿੰਗ ਦੌਰਾਨ ਫ਼ਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਸਿੱਖ ਪੰਥ ਵਿਚੋਂ ਛੇਕਣ ਦਾ ਫ਼ੈਸਲਾ ਲਿਆ ਗਿਆ ਹੈ।
ਸਿੱਖੀ ਦੇ ਬੁਨਿਆਦੀ ਸਿਧਾਂਤਾਂ ‘ਤੇ ਵਾਰ ਕਰਦੀ ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਖਿਲਾਫ਼ ਸਮੁੱਚੇ ਸਿੱਖ ਪੰਥ ਵੱਲੋਂ ਉੱਠੇ ਰੋਹ ਦੇ ਦਰਮਿਆਨ ਜੱਥੇਦਾਰਾਂ ਵੱਲੋਂ ਹਰਿੰਦਰ ਸਿੱਕੇ ਨੂੰ ਪੰਥ ਵਿੱਚੋਂ ਛੇਕਣ ਦਾ ਫੈਸਲਾ ਲਿਆ ਗਿਆ ਹੈ।
ਹਰਿੰਦਰ ਸਿੱਕੇ ਨੇ ਸਿੱਖ ਭਾਵਨਾ ਨੂੰ ਦਰਕਿਨਾਰ ਕਰਦਿਆਂ 14 ਅਪ੍ਰੈਲ ਵਿਸਾਖੀ ਵਾਲੇ ਦਿਨ ਆਪਣੀ ਫਿਲਮ ਨੂੰ ਜਾਰੀ ਕਰਨ ਦਾ ਐਲਾਨ ਕੀਤਾ ਹੈ।ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਹੁਕਮਾਂ ਤੋਂ ਨਾਬਰ ਹੋਏ ਸਿੱਕੇ ਨੇ ਆਪਣੀ ਗੁਰੂ ਦੋਖੀ ਫਿਲਮ ਸਿਨੇਮਾਂ ਘਰਾਂ ਵਿੱਚ ਲਾਉਣ ਲਈ ਸੁਪਰੀਮ ਕੋਰਟ ਤੱਕ ਜਾਣ ਦੀ ਹਿਮਾਕਤ ਕੀਤੀ ਹੈ।
ਇੱਧਰ ਇੱਕ ਪਾਸੇ ਅਕਾਲ ਤਖਤ ਤੋਂ ਹਰਿੰਦਰ ਸਿੱਕੇ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਨਾਮਾ ਜਾਰੀ ਹੋਇਆ ਅਤੇ ਦੂਸਰੇ ਪਾਸੇ ਫਿਲਮ ਦੇ ਪ੍ਰਚਾਰ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਅਤੇ ਵਿਦਿਅੱਕ ਅਦਾਰਿਆਂ ਨੂੰ ਪੱਤਰ ਲਿਖਣ ਵਾਲੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸਿੱਖ ਪੰਥ ਤੋਂ ਮਾਫੀ ਮੰਗਦਿਆਂ, ਫਿਲਮ ਦੇ ਪ੍ਰਚਾਰ ਲਈ ਪੱਤਰ ਲਿਖਣ ਨੂੰ ਆਪਣੀ ਭੁੱਲ ਦੱਸਿਆ।