‘ਨਾਨਕ ਸ਼ਾਹ ਫਕੀਰ’ ਫਿਲਮ ਦਿਖਾਉਣ ਉੱਤੇ ਪਾਬੰਦੀ ਲਗਾਈ ਜਾਵੇ: ਗੁਰਮਤਿ ਵਿਚਾਰ ਮੰਚ

ss1

‘ਨਾਨਕ ਸ਼ਾਹ ਫਕੀਰ’ ਫਿਲਮ ਦਿਖਾਉਣ ਉੱਤੇ ਪਾਬੰਦੀ ਲਗਾਈ ਜਾਵੇ: ਗੁਰਮਤਿ ਵਿਚਾਰ ਮੰਚ

ਰੂਪਨਗਰ, 3 ਅਪ੍ਰੈਲ (ਨਿਰਪੱਖ ਆਵਾਜ਼ ਬਿਊਰੋ): ਚਿਰਾਂ ਤੋਂ ਬਣਕੇ ਵਿਵਾਦਾਂ ਵਿੱਚ ਘਿਰੀ ਫਿਲਮ ‘ਨਾਨਕ ਸ਼ਾਹ ਫਕੀਰ’ ਨੂੰ ਸਿਨਮੇ ਘਰਾਂ ਅਤੇ ਹੋਰ ਵੀ ਕਿਸੇ ਸਾਧਨਾਂ ਰਾਹੀਂ ਦਿਖਾਉਣ ਉੱਤੇ ਪੱਕੇ ਤੌਰ ਤੇ ਪਾਬੰਦੀ ਲਗਾਈ ਜਾਵੇ। ਇਸ ਸਬੰਧ ਵਿੱਚ ਗੁਰਮਤਿ ਵਿਚਾਰ ਮੰਚ ਪੰਜਾਬ ਵੱਲੋਂ ਸਥਾਨਕ ਮਹਾਰਾਜਾ ਰਣਜੀਤ ਸਿੰਘ ਬਾਗ ਰੂਪਨਗਰ ਵਿੱਚ ਚਿੰਤਕ ਸਿੱਖ ਸੰਗਤਾਂ ਦੀ ਮੀਟਿੰਗ ਬੁਲਾਈ ਗਈ। ਮੀਟਿੰਗ ਵਿੱਚ ਬੋਲਦਿਆਂ ਭਾਈ ਮਨਧੀਰ ਸਿੰਘ ਪੰਚ ਪ੍ਰਧਾਨੀ ਨੇ ਕਿਹਾ ਕਿ ਸਿੱਖ ਪ੍ਰੰਪਰਾ ਮੁਤਾਬਿਕ ਮੂਰਤੀ ਪੂਜਾ ਅਤੇ ਮੂਰਤਾਂ ਨੂੰ ਮਾਨਤਾ ਦੇਣ ਦੀ ਪ੍ਰਥਾ ਮੁੱਢੋਂ ਹੀ ਰੱਦ ਕੀਤੀ ਹੋਈ ਹੈ। ਇਥੇ ਸਿਰਫ ਸ਼ਬਦ ਨੂੰ ਮਾਨਤਾ ਦਿੱਤੀ ਗਈ ਹੈ। ਪਰ ਸ਼੍ਰੋਮਣੀ ਕਮੇਟੀ ਸਿੱਖ ਧਰਮ ਦੇ ਪ੍ਰਚਾਰ ਵਿੱਚ ਧਿਆਨ ਦੇਣ ਦੀ ਬਜਾਏ ਬਾਦਲ ਪ੍ਰਚਾਰ ਵਿੱਚ ਜ਼ਿਆਦਾ ਧਿਆਨ ਦੇ ਰਹੀ ਹੈ ਜਿਸ ਕਾਰਨ ਗੁਰੂ ਸਿਧਾਂਤਾਂ ਤੋਂ ਕੋਰੇ ਬੰਦਿਆਂ ਨੂੰ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਦੀ ਖੁਲ ਮਿਲ ਰਹੀ ਹੈ। ਮੀਟਿੰਗ ਦੇ ਵਿੱਚ ਗੁਰਮਤਿ ਮਿਸ਼ਰਨੀ ਕਾਲਜ, ਚੌਂਤਾ (ਰੋਪੜ) ਦੇ ਚੇਅਰਮੈਨ ਭਾਈ ਜੋਗਿੰਦਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਨਿਕਟਵਰਤੀ ਕਿਸੀ ਵੀ ਹਸਤੀ ਨੂੰ ਬੰਦੇ ਦੇ ਰੂਪ ਵਿੱਚ ਫਿਲਮਾਉਣਾ ਉਹਨਾਂ ਦੇ ਅਪਮਾਨ ਕਰਨ ਦੇ ਤੁੱਲ ਹੈ। ਜਿਸ ਨੂੰ ਸਿੱਖ ਸੰਗਤਾਂ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਜੋਗਿੰਦਰ ਸਿੰਘ ਭਾਓ ਨੇ ਕਿਹਾ ਕਿ ਜਿਥੇ ਉਕਤ ਫਿਲਮ ਨੂੰ ਸਿਨਮੇ ਘਰਾਂ ਵਿੱਚ ਦਿਖਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਥੇ ਅੱਜ ਦਾ ਇਹ ਇਕੱਠ ਉਹਨਾਂ ਫਿਲਮ ਸਾਜਾਂ ਨੂੰ ਵੀ ਬੇਨਤੀ ਕਰਦਾ ਹੈ ਕਿ ਅੱਗੇ ਤੋਂ ਅਜਿਹੀਆਂ ਫਿਲਮਾਂ ਬਣਾਉਣ ਦੀ ਹਿਮਾਕਤ ਨਾ ਕਰਨ। ਉਹਨਾਂ ਦੇ ਅਜਿਹਾ ਕਰਨ ਨਾਲ ਜਿਥੇ ਟਕਰਾਓ ਦੀ ਸਥਿਤੀ ਬਣਦੀ ਹੈ ਉਥੇ ਫਿਲਮਕਾਰਾਂ ਦੇ ਪੈਸੇ ਦਾ ਵੀ ਨੁਕਸਾਨ ਹੁੰਦਾ ਹੈ। ਗੁਰਮਤਿ ਵਿਚਾਰ ਮੰਚ ਦੇ ਕਨਵੀਨਰ ਨਿਰਮਲ ਸਿੰਘ ਲੋਦੀ ਮਾਜਰਾ ਦੀ ਅਗਵਾਈ ਹੇਠ ਰੂਪਨਗਰ ਡਿਪਟੀ ਕਮਿਸ਼ਨਰ ਨੂੰ ਇਸ ਬਾਬਤ ਚਿੱਠੀ ਦਿੱਤੀ ਗਈ ਅਤੇ ਰੂਪਨਗਰ ਦੇ ਦੋਨੋਂ ਸਿਨਮੇ ਘਰਾਂ ਨੂੰ ਵੀ ਇਹ ਫਿਲਮ ਨਾ ਦਿਖਾਉਣ ਦੇ ਲਿਖਤੀ ਖੱਤ ਦਿੱਤੇ ਗਏ। ਇਸ ਤੋਂ ਉਪਰੰਤ ਕਾਫਲੇ ਦੇ ਰੂਪ ਵਿੱਚ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਮੈਨੇਜਰ ਰਾਹੀਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਇਸ ਦਾ ਉਤਾਰਾ ਭੇਜਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਪਤਿਆਂਲਾ,ਰਜਿੰਦਰ ਸਿੰਘ ਰਾਜੂ, ਕੁਲਵਿੰਦਰ ਸਿੰਘ ਆਸਰੋਂ, ਬਲਵਿੰਦਰ ਸਿੰਘ ਗਰੇਵਾਲ, ਮਨਜੀਤ ਸਿੰਘ ਮੁੰਦਰਾ, ਭਾਈ ਕੇਹਰ ਸਿੰਘ, ਗਿਆਨੀ ਬਲਵੰਤ ਸਿੰਘ, ਭਾਈ ਹਰਿੰਦਰ ਸਿੰਘ ਖਾਲਸਾ ਵੀ ਮੌਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *