ਜਰਮਨ ਦੇ ਕਰਾਟੇ ਪਹਿਲਵਾਨ ਅਮ੍ਰਿਤ ਕਾਹਲੋਂ ਨੂੰ ਵਿਸ਼ਵ ਪ੍ਰਸਿੱਧ ਕਾਰ ਕੰਪਨੀ ਮਰਸਡੀਜ਼ ਨੇ ਚੁਣਿਆ ਆਪਣੀ ਸਪੌਂਸਰ ਲਈ

ss1

ਜਰਮਨ ਦੇ ਕਰਾਟੇ ਪਹਿਲਵਾਨ ਅਮ੍ਰਿਤ ਕਾਹਲੋਂ ਨੂੰ ਵਿਸ਼ਵ ਪ੍ਰਸਿੱਧ ਕਾਰ ਕੰਪਨੀ ਮਰਸਡੀਜ਼ ਨੇ ਚੁਣਿਆ ਆਪਣੀ ਸਪੌਂਸਰ ਲਈ

ਮਿਲਾਨ (ਬਲਵਿੰਦਰ ਸਿੰਘ ਢਿੱਲੋ): ਯੂਰਪ ਵਿੱਚ ਕੁਝ ਪੰਜਾਬੀ ਅਜਿਹੇ ਵੀ ਹਨ ਜਿਹੜੇ ਕਿ ਆਪਣੀ ਸੋਚ ਅਤੇ ਕਾਰਵਾਈ ਨਾਲ ਜਿੱਥੇ ਭਾਰਤ ਦੇਸ਼ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨਾਉਂਦੇ ਹਨ ਉੱਥੇ ਪੰਜਾਬੀ ਭਾਈਚਾਰੇ ਦੀ ਵੀ ਪੂਰੀ ਬੱਲੇ-ਬੱਲੇ ਕਰਵਾਉਂਦੇ ਹਨ ਅਜਿਹਾ ਹੀ ਪੰਜਾਬੀ ਪਰਿਵਾਰ ਹੈ ਜੋ ਚੰਗੇ ਭਵਿੱਖ ਲਈ ਪ੍ਰਵਾਸੀ ਹੋਏ ਲੱਖਾਂ ਪੰਜਾਬੀਆਂ ਵਾਂਗ ਤਰਲੋਚਨ ਸਿੰਘ ਕਾਹਲੋਂ ਅਤੇ ਰਾਜਬੀਰ ਕੌਰ ਦਾ ਪਰਿਵਾਰ ਜੋ ਕਦੀਂ ਭੱਵਿਖ ਨੂੰ ਸੰਵਾਰਨ ਜਰਮਨ ਆਏ ਸਨ। ਕੱਪੜੇ ਦੀਆਂ ਕਈ ਦੁਕਾਨਾਂ ਦੀ ਮਾਲਕ ਰਹੀ ਕਾਹਲੋਂ ਜੋੜੀ ਨੇ ਜਿੰਦਗੀ ਵਿੱਚ ਅਹਿਮ ਫੈਸਲਾ ਲੈਂਦਿਆਂ ਸਿਰਫ ਪੈਸੇ ਹੀ ਕਮਾਉਣ ਦੀ ਬਜਾਏ ਬੱਚਿਆਂ ਦਾ ਭਵਿੱਖ ਰੌਸ਼ਨ ਕਰਨ ਦੀ ਠਾਣ ਲਈ ਤੇ ਅਪਣਾ ਕੈਰੀਅਰ ਬੱਚਿਆ ਲਈ ਦਾਅ ਤੇ ਲਗਾ ਦਿੱਤਾ। ਕਾਹਲੋਂ ਜੋੜੀ ਦੀ ਕਰੜੀ ਮਿਹਨਤ ਜੋ ਕਿ ਇੱਕ ਜੂਏ ਵਾਂਗ ਸੀ ਪਰ ਅਜਿਹਾ ਰੰਗ ਲਿਆਈ ਕਿ ਆਗਿਆਕਾਰ ਬੱਚਿਆਂ ਨੇ ਉਹ ਕਰ ਵਿਖਾਇਆ ਜਿਸ ਲਈ ਪੱਛਮ ਦੇ ਵਿਕਸਤ ਮੁੱਲਕਾਂ ਦਾ ਹਰ ਜਾਗਰੂਕ ਬਾਸਿੰਦਾਂ ਚਾਹੁੰਦਾ ਹੈ ਕਿ ਕਾਸ਼ ਮੇਰੇ ਬੱਚੇ ਵੀ ਅਜਿਹੇ ਹੋਣ।
ਕਾਹਲੋਂ ਪਰਿਵਾਰ ਦੀ ਮਿਹਨਤ ਨੂੰ ਭਗਤੀ ਕਹਿਣਾ ਵੀ ਅਤਿਕਥਨੀ ਨਹੀ ਹੋਵੇਗਾ ਜਿਨ੍ਹਾਂ ਨੇ ਅਪਣੇ ਤਿੰਨਾਂ ਬੱਚਿਆਂ ‘ਤੇ ਐਨੀ ਮਿਹਨਤ ਕੀਤੀ ਕਿ ਉਹ ਅੱਜ ਉਸ ਜਗ੍ਹਾ ਤੇ ਆ ਖੜੇ ਹੋਏ ਹਨ ਜਿਸ ਰੁਤਬੇ ਨੂੰ ਕਿਸੇ ਪ੍ਰਵਾਸੀ ਵੱਲੋਂ ਜਰਮਨ ਵਿੱਚ ਪਾਉਣਾ ਔਖਾ ਹੀ ਨਹੀਂ ਸਗੋ ਅਸੰਂਭਵ ਸਮਝਿਆਂ ਜਾਦਾ ਹੈ। ਤਿੰਨਾਂ ਵਿੱਚੋਂ ਵੱਡੇ ਦੋਵੇਂ ਬੱਚੇ ਅਨੀਤ ਅਤੇ ਅਮ੍ਰਿਤ ਜਰਮਨੀ ਦੀ ਨੈਸ਼ਨਲ ਟੀਮ ਵਿੱਚ ਖੇਡਦੇ ਹਨ ਤੇ ਓਲੰਪਿੰਕ ਵਿੱਚ ਜਾਣ ਲਈ ਵੀ ਕੁਆਲੀਫਾਈ ਕਰ ਚੁੱਕੇ ਹਨ ਤੇ ਛੋਟੀ ਅਮਨ ਕਾਹਲੋਂ ਕਰਾਟਿਆਂ ਦੇ ਨਾਲ-ਨਾਲ ਬੌਕਸਿੰਗ ਵਿੱਚ ਵੀ ਹੱਥ ਅਜਮਾ ਰਹੀ ਹੈ। ਤਿੰਨ-ਚਾਰ ਸਾਲ ਦੀ ਉਮਰ ਦੇ ਅਪਣੇ ਬੱਚਿਆਂ ਨੂੰ ਕਾਹਲੋਂ ਪਰਿਵਾਰ ਨੇ ਕਰਾਟੇ ਸਿਖਾਉਣ ਲਈ ਭੇਜਣਾ ਸੁਰੂ ਕਰ ਦਿੱਤਾ ਸੀ। ਬੱਚਿਆਂ ਨੇ ਵੀ ਮਿਹਨਤ ਵਿੱਚ ਕਸਰ ਨਹੀ ਛੱਡੀ ਤੇ ਅਜਿਹਾ ਮਾਣ-ਸਨਮਾਣ ਹਾਸਲ ਕੀਤਾ ਕਿ ਪੰਜਾਬੀਆਂ ਦੇ ਨਾਲ-ਨਾਲ ਜਰਮਨ ਲੋਕ ਖੁਦ ਇਹਨਾਂ ਬੱਚਿਆ ਤੇ ਮਾਣ ਮਹਿਸੂਸ ਕਰਦੇ ਹਨ। ਅਨੇਕਾਂ ਮੈਡਲ ਜਿੱਤਣ ਵਾਲੇ ਇਹਨਾਂ ਤਿੰਨਾਂ ਬੱਚਿਆਂ ਵਿਚੋਂ ਵਿਚਕਾਰਲੇ ਅਮ੍ਰਿਤ ਕਾਹਲੋ ਦੀ ਮਿਹਨਤ, ਨਿਮਰਤਾ ਅਤੇ ਜੋਸ ਨੇ ਦੁਨੀਆਂ ਭਰ ਵਿੱਚ ਮਸ਼ਹੂਰ ਜਰਮਨ ਕਾਰ ਕੰਪਨੀ ਮਰਸਡੀਜ਼ ਨੂੰ ਸਪੌਸਰ ਕਰਨ ਲਈ ਮਜਬੂਰ ਕਰ ਦਿੱਤਾ। ਅਮ੍ਰਿਤ ਕਾਹਲੋਂ ਵੱਲੋਂ ਯੂਰਪੀਨ ਕਰਾਟੇ ਲੀਗ ਵਿੱਚ ਅਤੇ ਹੁਣ ਤੱਕ ਦੇ ਬਿਹਤਰੀਨ ਪ੍ਰਦਰਸ਼ਨ ਦੇ ਇਨਾਮ ਵਜੋਂ ਮਰਸਡੀਜ਼-ਬੈਨਜ਼ ਨੇ ਸਪੌਂਸਰ ਕਰਨ ਲਈ ਚੁਣਿਆ ਹੈ ਤੇ ਉਸ ਨੂੰ ਮਰਸਡੀਜ਼-ਬੈਨਜ਼ (ਜੀ ਐਲ ਏ 220 4ਮੈਟਿਕ ਮਾਡਲ 2018) ਕਾਰ ਭੇਟ ਕੀਤੀ ਹੈ ਜੋ ਸਿਰਫ ਚਲਾਉਣੀ ਹੈ ਜਿਸ ਦਾ ਬੀਮਾਂ, ਤੇਲ-ਪਾਣੀ ਸਮੇਤ ਹਰ ਟੁੱਟ ਭੁੱਜ ਦਾ ਖਰਚਾ ਕੰਪਨੀ ਹੀ ਚੁੱਕੇਗੀ।
ਬੱਚਿਆਂ ਦੀਆਂ ਇਹਨਾਂ ਪ੍ਰਾਪਤੀਆਂ ਤੇ ਮਾਣ ਕਰਦਿਆਂ ਕਾਹਲੋਂ ਜੋੜੀ ਵਾਹਿਗੁਰੂ ਦਾ ਸੁਕਰਾਨਾਂ ਕਰਦੀ ਨਹੀ ਥਕਦੀ ਤੇ ਉਹਨਾਂ ਦੇ ਰਿਸਤੇਦਾਰ-ਮਿੱਤਰ ਦੋਸਤ ਵੀ ਮਾਣ ਵਿੱਚ ਫੁੱਲੇ ਨਹੀ ਸਮਾਉਦੇ।ਉਮੀਦ ਹੈ ਕਿ ਯੂਰਪ ਦੇ ਬਾਕੀ ਪੰਜਾਬੀ ਵੀ ਕਾਹਲੋ ਪਰਿਵਾਰ ਤੋਂ ਕੁਝ ਸਿੱਖਣ ਦਾ ਯਤਨ ਕਰਨਗੇ।

print
Share Button
Print Friendly, PDF & Email

Leave a Reply

Your email address will not be published. Required fields are marked *