ਪੰਜਾਬ ਦੇ ਸੰਸਦ ਮੈਂਬਰਾਂ ਵੱਲੋਂ ਕੇਂਦਰ ਤੋਂ ਲੰਗਰ ‘ਤੇ ਜੀ.ਐਸ.ਟੀ. ਮਾਫ ਕਰਨ ਦੀ ਮੰਗ

ss1

ਪੰਜਾਬ ਦੇ ਸੰਸਦ ਮੈਂਬਰਾਂ ਵੱਲੋਂ ਕੇਂਦਰ ਤੋਂ ਲੰਗਰ ‘ਤੇ ਜੀ.ਐਸ.ਟੀ. ਮਾਫ ਕਰਨ ਦੀ ਮੰਗ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਹੁਣ ਜਦ ਪੰਜਾਬ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਦੇ ਲੰਗਰ, ਪ੍ਰਸਾਦ ਤੋਂ ਜੀਐਸਟੀ ਦਾ ਆਪਣਾ ਹਿੱਸਾ ਮਾਫ ਕਰ ਦਿੱਤਾ ਹੈ ਤਾਂ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਸ ਮਨੁੱਖਤਾ ਦੇ ਭਲੇ ਦੇ ਕਾਰਜ ਤੋਂ ਜੀ.ਐਸ.ਟੀ. ਦਾ ਆਪਣਾ ਹਿੱਸਾ ਮਾਫ ਕਰ ਦੇਵੇ। ਉਹ ਅੱਜ ਸੰਸਦ ਭਵਨ ਦੇ ਬਾਹਰ ਪੰਜਾਬ ਨਾਲ ਸਬੰਧਤ ਕਾਂਗਰਸ ਪਾਰਟੀ ਦੇ ਸਾਂਸਦਾਂ ਸਮੇਤ ਕੇਂਦਰ ਤੋਂ ਇਸ ਸਬੰਧੀ ਮੰਗ ਕਰ ਰਹੇ ਸਨ। ਇੰਨ੍ਹਾਂ ਵਿਚ ਰਾਜ ਸਭਾ ਮੈਂਬਰ ਸ: ਪ੍ਰਤਾਪ ਸਿੰਘ ਬਾਜਵਾ, ਲੋਕ ਸਭਾ ਮੈਂਬਰ ਸ: ਰਵਨੀਤ ਸਿੰਘ ਬਿੱਟੂ ਅਤੇ ਸ: ਗੁਰਜੀਤ ਸਿੰਘ ਔਜਲਾ ਵੀ ਉਨ੍ਹਾਂ ਦੇ ਨਾਲ ਇਸ ਮੌਕੇ ਹਾਜਰ ਸਨ।
ਸਾਂਸਦਾਂ ਨੇ ਆਪਣੇ ਹੱਥਾਂ ਵਿਚ ਇਸ ਸਬੰਧੀ ਤਖਤੀਆਂ ਫੜ ਕੇ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਤਾਂ ਜੋ ਕੇਂਦਰ ਸਰਕਾਰ ਤੱਕ ਪੰਜਾਬ ਦੇ ਲੋਕਾਂ ਦੀ ਇਹ ਮੰਗ ਪਹੁੰਚਾਈ ਜਾ ਸਕੇ। ਸ੍ਰੀ ਜਾਖੜ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ, ਸ੍ਰੀ ਰਾਮ ਤੀਰਥ, ਧਰਮ ਸਥਾਨਾਂ ਨਾਲ ਲੱਖਾਂ ਲੋਕਾਂ ਦੀ ਸ਼ਰਧਾ ਜੁੜੀ ਹੋਈ ਹੈ ਅਤੇ ਇੱਥੇ ਚੱਲਣ ਵਾਲੇ ਲੰਗਰਾਂ ਤੋਂ ਹਰ ਰੋਜ ਹਜਾਰਾਂ ਲੋਕ ਨੂੰ ਭੋਜਨ ਛਕਾਇਆ ਜਾਂਦਾ ਹੈ ਜਿਸ ਬਦਲੇ ਕੋਈ ਰਕਮ ਨਹੀਂ ਲਈ ਜਾਂਦੀ ਹੈ। ਇਸ ਲਈ ਲੰਗਰ ਤੇ ਟੈਕਸ ਲਗਾਉਣਾ ਉਚਿਤ ਨਹੀਂ ਹੈ। ਉਨ੍ਹਾਂ ਨੇ ਕੇਂਦਰੀ ਵਿੱਤ ਮੰਤਰੀ ਤੋਂ ਇਸ ਸਬੰਧੀ ਮੰਗ ਰੱਖੀ ਕਿ ਕੇਂਦਰ ਸਰਕਾਰ ਲੰਗਰ ਤੇ ਜੀ.ਐਸ.ਟੀ. ਮਾਫ ਕਰੇ।
ਨਾਲ ਹੀ ਇਸ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਚੁੱਪੀ ਦੀ ਨਿਖੇਧੀ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਅਕਾਲੀ ਦਲ ਤਾਂ ਕੇਂਦਰ ਸਰਕਾਰ ਵਿਚ ਭਾਈਵਾਲ ਹੈ ਇਸ ਲਈ ਉਸ ਨੂੰ ਇਸ ਮੁੱਦੇ ਤੇ ਕੇਂਦਰ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਹੈ ਪਰ ਅਕਾਲੀ ਆਗੂ ਸੱਤਾ ਦੇ ਲਾਲਚ ਵਿਚ ਪੰਜਾਬ ਦੇ ਲੋਕਾਂ ਦੀ ਜਾਇਜ਼ ਮੰਗ ਵੀ ਕੇਂਦਰ ਸਰਕਾਰ ਕੋਲ ਨਹੀਂ ਉਠਾ ਰਹੇ ਹਨ।

print
Share Button
Print Friendly, PDF & Email