ਕੇਂਦਰ ਸਰਕਾਰ ਵੀ ਲੰਗਰ ਤੋਂ ਆਪਣੇ ਹਿੱਸੇ ਦੀ ਜੀ ਐੱਸ ਟੀ ਹਟਾਵੇ: ਬਾਬਾ ਹਰਨਾਮ ਸਿੰਘ ਖ਼ਾਲਸਾ

ss1

ਕੇਂਦਰ ਸਰਕਾਰ ਵੀ ਲੰਗਰ ਤੋਂ ਆਪਣੇ ਹਿੱਸੇ ਦੀ ਜੀ ਐੱਸ ਟੀ ਹਟਾਵੇ: ਬਾਬਾ ਹਰਨਾਮ ਸਿੰਘ ਖ਼ਾਲਸਾ
ਕੈਪਟਨ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਤੋਂ ਜੀ.ਐਸ.ਟੀ. ਹਟਾਉਣ ਅਤੇ ਪਾਕਿਸਤਾਨ ਦੇ ਸੂਬਾ ਪੰਜਾਬ ‘ਚ ਅਨੰਦ ਕਾਰਜ ਐਕਟ ਦੇ ਪਾਸ ਹੋਣ ‘ਤੇ ਕੀਤੀ ਸ਼ਲਾਘਾ

ਅੰਮ੍ਰਿਤਸਰ, 22 ਮਾਰਚ (ਨਿਰਪੱਖ ਆਵਾਜ਼ ਬਿਊਰੋ): ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਖ ਕੌਮ ਦੀ ਮੰਗ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਦੂਸਰੇ ਧਾਰਮਿਕ ਸਥਾਨਾਂ ਦੇ ਲੰਗਰ ‘ਤੇ ਜੀ. ਐਸ. ਟੀ. ਵਿੱਚੋਂ ਸੂਬੇ ਦੇ ਹਿੱਸੇ ਦੀ ਛੋਟ ਦੇਣ ਪ੍ਰਤੀ ਐਲਾਨ ਦਾ ਭਰਪੂਰ ਸਵਾਗਤ ਕਰਦਿਆਂ ਕੇਂਦਰ ਸਰਕਾਰ ਤੋਂ ਵੀ ਗੁਰੂ ਕੇ ਲੰਗਰ ਤੋਂ ਆਪਣੇ ਹਿੱਸੇ ਦੀ ਜੀ.ਐਸ.ਟੀ. ਤੁਰੰਤ ਖ਼ਤਮ ਕਰਨ ਦੀ ਮੰਗ ਕੀਤੀ ਹੈ।
ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਲੰਗਰ ‘ਤੇ ਆਪਣੇ ਹਿੱਸੇ ਦੀ ਜੀ ਐੱਸ ਟੀ ਹਟਾਉਣਾ ਸ਼ਲਾਘਾਯੋਗ ਹੈ, ਪਰ ਨਾਲ ਹੀ ਉਹਨਾਂ ਮੰਗ ਕੀਤੀ ਕਿ ਇਕੱਲਾ ਸ੍ਰੀ ਦਰਬਾਰ ਸਾਹਿਬ ਤੋਂ ਹੀ ਨਹੀਂ ਸਗੋਂ ਸਾਂਝੀਵਾਲਤਾ ਦੇ ਪ੍ਰਤੀਕ ਸਾਰੇ ਗੁਰੂ ਘਰਾਂ ਅਤੇ ਦੂਸਰੇ ਧਾਰਮਿਕ ਅਸਥਾਨਾਂ ਤੋਂ ਵੀ ਸਰਕਾਰ ਨੂੰ ਜੀ.ਐਸ.ਟੀ ਵਾਪਸ ਲੈ ਲੈਣੀ ਚਾਹੀਦੀ ਹੈ।
ਇਸੇ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਨੇ ਬੀਤੇ ਦਿਨੀਂ ਪਾਕਿਸਤਾਨ ਦੇ ਸੂਬਾ ਪੰਜਾਬ ਦੀ ਅਸੈਂਬਲੀ ਵਿੱਚ ਸਿੱਖਾਂ ਦੀ ਨਿਆਰੀ ਹੋਂਦ-ਹਸਤੀ ਦੇ ਪ੍ਰਤੀਕ ਅਨੰਦ ਕਾਰਜ ਐਕਟ ਦੇ ਪਾਸ ਹੋਣ ‘ਤੇ ਭਰਪੂਰ ਸਵਾਗਤ ਕਰਦਿਆਂ ਸਮੁੱਚੀ ਕੌਮ ਨੂੰ ਵਧਾਈ ਦਿੱਤੀ ਅਤੇ ਪਾਕਿਸਤਾਨ ਦੇ ਸੂਬਾ ਪੰਜਾਬ ਅਸੈਂਬਲੀ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪਾਕਿਸਤਾਨ ਵਰਗੇ ਮੁਸਲਿਮ ਵਸੋਂ ਵਾਲੇ ਦੇਸ਼ ‘ਚ ਸਿੱਖ ਆਨੰਦ ਕਾਰਜ ਮੈਰਿਜ ਐਕਟ ਦਾ ਲਾਗੂ ਹੋਣਾ ਸਿੱਖ ਕੌਮ ਲਈ ਵੱਡੀ ਪ੍ਰਾਪਤੀ, ਤਸੱਲੀ ਅਤੇ ਖੁਸ਼ੀ ਦਾ ਸਬੱਬ ਹੈ। ਉਨ੍ਹਾਂ ਕਿਹਾ ਕਿ ਸਿੱਖ ਇੱਕ ਵੱਖਰੀ ਕੌਮ ਹੈ ਅਤੇ ਇਸ ਕੌਮ ਦੇ ਸੰਸਕਾਰ, ਸੱਭਿਆਚਾਰ, ਰੀਤੀ-ਰਿਵਾਜ਼ ਬਾਕੀ ਧਰਮਾਂ ਨਾਲੋਂ ਨਿਰਾਲੇ ਹਨ। ਅਨੰਦ ਕਾਰਜ ਦੀ ਮਰਯਾਦਾ ਵੀ ਸਿੱਖ ਕੌਮ ਦੇ ਨਿਰਾਲੇਪਣ ਦੀ ਪ੍ਰਤੀਕ ਹੈ। ਉਹਨਾਂ ਆਨੰਦ ਕਾਰਜ ਐਕਟ ਨੂੰ ਭਾਰਤ ਦੀਆਂ ਤਮਾਮ ਰਾਜਾਂ ਵਿੱਚ ਲਾਗੂ ਕਰਾਉਣ ਅਤੇ ਸਿੱਖਾਂ ਦੀ ਬਹੁਗਿਣਤੀ ਵਸੋਂ ਵਾਲੇ ਦੂਜੇ ਦੇਸ਼ਾਂ ‘ਚ ਇਸ ਐਕਟ ਨੂੰ ਲਾਗੂ ਕਰਨ ਪ੍ਰਤੀ ਠੋਸ ਯਤਨ ਕਰਨ ਲਈ ਸਿੱਖ ਸੰਸਥਾਵਾਂ ਨੂੰ ਪਹਿਲ ਕਦਮੀ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਹੋਰਨਾਂ ਤੋ ਇਲਾਵਾ ਬਾਬਾ ਬੰਤਾ ਸਿੰਘ ਮੁੰਡਾ ਪਿੰਡ, ਗਿਆਨੀ ਮੇਵਾ ਸਿੰਘ, ਗਿਆਨੀ ਹਰਦੀਪ ਸਿੰਘ ਅਨੰਦਪੁਰ, ਭਾਈ ਸਤਨਾਮ ਸਿੰਘ, ਭਾਈ ਪ੍ਰਕਾਸ਼ ਸਿੰਘ ਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *