ਗੁਰੂਕੁਲ ਵਿੱਦਿਆਪੀਠ ਵੱਲੋਂ ਓਬੀਸੀ ਸ਼੍ਰੇਣੀਆਂ ਦੇ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੀ ਅਦਾਇਗੀ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਨਾ ਬਿਠਾਏ ਜਾਣ ਦਾ

ss1

ਗੁਰੂਕੁਲ ਵਿੱਦਿਆਪੀਠ ਵੱਲੋਂ ਓਬੀਸੀ ਸ਼੍ਰੇਣੀਆਂ ਦੇ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੀ ਅਦਾਇਗੀ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਨਾ ਬਿਠਾਏ ਜਾਣ ਦਾ

ਮਾਮਲਾ ਹਾਈਕੋਰਟ ਵਿੱਚ ਪੁੱਜਿਆ
ਅਦਾਲਤ ਵੱਲੋਂ ਪੰਜਾਬ ਸਰਕਾਰ ਤੇ ਹੋਰਨਾਂ ਨੂੰ 6 ਮਈ ਲਈ ਨੋਟਿਸ ਜਾਰੀ
ਕਾਲਜ ਨੂੰ ਪਟੀਸ਼ਨਰ ਵਿਦਿਆਰਥਣਾਂ ਨੂੰ ਤੁਰੰਤ ਰੋਲਨੰਬਰ ਜਾਰੀ ਕਰਨ ਅਤੇ ਪ੍ਰੀਖਿਆ ਵਿਚ ਬਿਠਾਉਣ ਦੀਆਂ ਹਦਾਇਤਾਂ
ਵੱਖ-ਵੱਖ ਪਾਰਟੀਆਂ ਵੱਲੋਂ ਓਬੀਸੀ ਕੈਟਾਗਰੀ ਦੇ ਦਰਜਨ ਤੋਂ ਵੱਧ ਹੋਰ ਵਿਦਿਆਰਥੀਆਂ ਨੂੰ ਵੀ ਪ੍ਰੀਖਿਆ ਦਿਵਾਉਣ ਦੀ ਮੰਗ
ਸਿਰਫ਼ ਪਟੀਸ਼ਨਰਾਂ ਨੂੰ ਹੀ ਰਿਲੀਫ਼ ਦਵਾਂਗੇ-ਕਾਲਜ ਪ੍ਰਬੰਧਕ

1-17 (1)
ਬਨੂੜ, 1 ਮਈ (ਰਣਜੀਤ ਸਿੰਘ ਰਾਣਾ)- ਪੰਜਾਬ ਸਰਕਾਰ ਵੱਲੋਂ ਅਦਰ ਬੈਕਵਰਡ ਕਲਾਸਿਜ਼ ਦੇ ਵਿਦਿਆਰਥੀਆਂ ਲਈ ਚਲਾਈ ਜਾਂਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਇੱਥੋਂ ਰਾਜਪੁਰਾ ਨੂੰ ਜਾਂਦੇ ਮਾਰਗ ਤੇ ਸਥਿਤ ਗੁਰੂਕੁਲ ਵਿੱਦਿਆਪੀਠ ਇੰਜੀਨੀਅਰਿੰਗ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਸਾਲਾਨਾ ਪ੍ਰੀਖਿਆਵਾਂ ਵਿੱਚ ਨਾ ਬਿਠਾਉਣ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਹੁਚ ਗਿਆ ਹੈ। ਅਦਾਲਤ ਨੇ ਗੁਰੂਕੁਲ ਕਾਲਜ ਨੂੰ ਪਟੀਸ਼ਨਕਰਤਾ ਦੋ ਵਿਦਿਆਰਥਣਾਂ ਨੂੰ ਪ੍ਰੀਖਿਆਵਾਂ ਵਿੱਚ ਬਿਠਾਉਣ ਲਈ ਤੁਰੰਤ ਰੋਲਨੰਬਰ ਜਾਰੀ ਕਰਨ ਦੀ ਹਦਾਇਤ ਦਿੰਦਿਆਂ ਪੰਜਾਬ ਸਰਕਾਰ ਤੇ ਕਾਲਜ ਨੂੰ ਆਪੋ ਆਪਣਾ ਪੱਖ ਪੇਸ਼ ਕਰਨ ਲਈ 6 ਮਈ ਲਈ ਨੋਟਿਸ ਜਾਰੀ ਕੀਤੇ ਹਨ।
ਗੁਰੂਕੁਲ ਕਾਲਜ ਦੇ ਬੀਟੈੱਕ ਦੇ ਚੌਥੇ ਸਮੈਸਟਰ ਦੀਆਂ ਵਿਦਿਆਰਥਣਾਂ ਨਵਨੀਤ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਮੋਹੀ ਕਲਾਂ ਅਤੇ ਮਨਿੰਦਰ ਕੌਰ ਪੁੱਤਰੀ ਮਹਿਲ ਸਿੰਘ ਵਾਸੀ ਬਲਮਾਜਰਾ ਨੇ ਆਪਣੇ ਵਕੀਲ ਐਡਵੋਕੇਟ ਪਰਵਿੰਦਰ ਸਿੰਘ ਰਾਹੀਂ 29 ਅਪਰੈਲ ਨੂੰ ਇਸ ਮਾਮਲੇ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਦੋਹਾਂ ਵਿਦਿਆਰਥਣਾਂ ਨੇ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਉਹ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਹਨ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਸਕਾਲਰਸ਼ਿਪ ਦਿੱਤੀ ਜਾਂਦੀ ਹੈ, ਜਿਸ ਨਾਲ ਉਨਾਂ ਦੀਆਂ ਫ਼ੀਸਾਂ ਦੀ ਅਦਾਇਗੀ ਹੁੰਦੀ ਹੈ। ਪਿਛਲੇ ਵਰੇ ਤੋਂ ਸਕਾਲਰਸ਼ਿਪ ਦੀ ਰਾਸ਼ੀ ਸਰਕਾਰ ਵੱਲੋਂ ਨਹੀਂ ਭੇਜੀ ਗਈ ਤੇ ਕਾਲਜ ਵੱਲੋਂ ਉਨਾਂ ਕੋਲੋਂ ਪੂਰੀ ਫ਼ੀਸ ਮੰਗੀ ਜਾ ਰਹੀ ਹੈ। ਵਿਦਿਆਰਥਣਾਂ ਦਾ ਕਹਿਣਾ ਸੀ ਕਿ ਇਸ ਵਿਚ ਉਨਾਂ ਦਾ ਕੋਈ ਕਸੂਰ ਨਹੀਂ ਹੈ ਤੇ ਉਹ ਫ਼ੀਸ ਦਾ ਭੁਗਤਾਨ ਕਰਨੋਂ ਅਸਮਰਥ ਹਨ।
ਵਿਦਿਆਰਥਣਾਂ ਨੇ ਆਪਣੀ ਪਟੀਸ਼ਨ ਵਿੱਚ ਇਹ ਵੀ ਆਖਿਆ ਸੀ ਕਿ ਉਨਾਂ ਦੀ ਸਾਲਾਨਾ ਪ੍ਰੀਖਿਆ 2 ਮਈ ਤੋਂ ਆਰੰਭ ਹੋਣੀ ਹੈ। ਗੁਰੂਕੁਲ ਕਾਲਜ ਦੇ ਪ੍ਰਬੰਧਕਾਂ ਵੱਲੋਂ ਉਨਾਂ ਨੂੰ ਫ਼ੀਸਾਂ ਦੀ ਅਦਾਇਗੀ ਕਰੇ ਬਿਨਾਂ ਰੋਲਨੰਬਰ ਜਾਰੀ ਕਰਨ ਅਤੇ ਪ੍ਰੀਖਿਆ ਵਿੱਚ ਬਿਠਾਉਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨਾਂ ਦਾ ਇੱਕ ਸਾਲ ਖਰਾਬ ਹੋ ਜਾਵੇਗਾ। ਉਨਾਂ ਇਹ ਵੀ ਦਲੀਲ ਦਿੱਤੀ ਸੀ ਕਿ ਸਕਾਲਰਸ਼ਿਪ ਦੀ ਰਾਸ਼ੀ ਜਾਰੀ ਨਾ ਹੋਣ ਲਈ ਵਿਦਿਆਰਥੀ ਕਿਸੇ ਵੀ ਤਰਾਂ ਜਿੰਮੇਵਾਰ ਨਹੀਂ ਹਨ। ਮਾਨਯੋਗ ਜੱਜ ਸ੍ਰੀ ਰਾਕੇਸ਼ ਕੁਮਾਰ ਜੈਨ ਨੇ ਪਟੀਸ਼ਨਕਰਤਾ ਵਿਦਿਆਰਥਣਾਂ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਗੁਰੂਕੁਲ ਕਾਲਜ ਦੇ ਪ੍ਰਬੰਧਕਾਂ ਨੂੰ ਦੋਵੇਂ ਵਿਦਿਆਰਥਣਾਂ ਨੂੰ ਰੋਲਨੰਬਰ ਜਾਰੀ ਕਰਨ ਦੀਆਂ ਹਦਾਇਤਾਂ ਕੀਤੀਆਂ ਹਨ। ਅਦਾਲਤ ਵੱਲੋਂ ਵਿਦਿਆਰਥਣਾਂ ਨੂੰ ਪ੍ਰੀਖਿਆ ਵਿੱਚ ਬਿਠਾਉਣ ਦੀ ਆਰਜ਼ੀ ਰਾਹਤ ਦਿੰਦਿਆਂ ਪੰਜਾਬ ਸਰਕਾਰ ਅਤੇ ਕਾਲਜ ਪ੍ਰਬੰਧਕਾਂ ਨੂੰ 6 ਮਈ ਨੂੰ ਆਪਣਾ ਪੱਖ ਪੇਸ਼ ਕਰਨ ਲਈ ਨੋਟਿਸ ਜਾਰੀ ਕੀਤੇ ਗਏ ਹਨ।

ਕਾਲਜ ਵੱਲੋਂ ਦੋਵਾਂ ਵਿਦਿਆਰਥਣਾਂ ਨੂੰ ਰੋਲਨੰਬਰ ਜਾਰੀ

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਗੁਰੂਕੁਲ ਕਾਲਜ ਦੇ ਪ੍ਰਬੰਧਕਾਂ ਵੱਲੋਂ ਦੋਵਾਂ ਵਿਦਿਆਰਥਣਾਂ ਨੂੰ 2 ਮਈ ਤੋਂ ਆਰੰਭ ਹੋਣ ਵਾਲੀ ਪ੍ਰੀਖਿਆ ਲਈ ਰੋਲਨੰਬਰ ਅਤੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਵਿਦਿਆਰਥਣਾਂ ਅਤੇ ਉਨਾਂ ਦੇ ਮਾਪਿਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਮਾਨਯੋਗ ਅਦਾਲਤ ਦਾ ਇਨਸਾਫ਼ ਦੇਣ ਲਈ ਧੰਨਵਾਦ ਕੀਤਾ ਹੈ।

ਓਬੀਸੀ ਦੇ ਸਾਰੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਵਿੱਚ ਬਿਠਾਇਆ ਜਾਵੇ- ਆਗੂ

ਸੀਪੀਐਮ ਦੇ ਆਗੂ ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ, ਚੌਧਰੀ ਮੁਹੰਮਦ ਸਦੀਕ ਬਨੂੜ, ਪ੍ਰੇਮ ਸਿੰਘ ਘੜਾਮਾ, ਜਗਤਾਰ ਸਿੰਘ ਕੌਂਸਲਰ ਬਨੂੜ ਨੇ ਅਦਾਲਤੀ ਫ਼ੈਸਲੇ ਦੀ ਰੋਸ਼ਨੀ ਵਿੱਚ ਸਕਾਲਰਸ਼ਿਪ ਸਕੀਮ ਅਧੀਨ ਆਉਂਦੇ ਐਮਬੀਏ ਅਤੇ ਬੀਟੈੱਕ ਦੇ ਪੇਪਰ ਦੇਣੋਂ ਵਾਂਝੇ ਰਹਿ ਗਏ ਹੋਰ ਵਿਦਿਆਰਥੀਆਂ ਨੂੰ ਵੀ ਪ੍ਰੀਖਿਆ ਵਿਚ ਬਿਠਾਉਣ ਦੀ ਮੰਗ ਕੀਤੀ ਹੈ। ਉਨਾਂ ਕਿਹਾ ਕਿ ਉਹ ਇਸ ਸਬੰਧੀ ਐਸਡੀਐਮ ਰਾਜਪੁਰਾ ਤੇ ਐਸਪੀ ਰਾਜਪੁਰਾ ਨੂੰ ਮਿਲਕੇ ਮੰਗ ਪੱਤਰ ਦੇ ਕੇ ਆਏ ਹਨ।

ਹਾਲੇ ਸਿਰਫ਼ ਪਟੀਸ਼ਨਕਰਤਾ ਨੂੰ ਹੀ ਰਿਲੀਫ਼ ਦਿਆਂਗੇ-ਕਾਲਜ ਚੇਅਰਮੈਨ

ਗੁਰੂਕੁਲ ਕਾਲਜ ਦੇ ਚੇਅਰਮੈਨ ਮਨਮੋਹਨ ਗਰਗ ਨੇ ਆਖਿਆ ਕਿ ਫ਼ਿਲਹਾਲ ਉਹ ਸਿਰਫ਼ ਪਟੀਸ਼ਨ ਕਰਤਾ ਵਿਦਿਆਰਥਣਾਂ ਨੂੰ ਹੀ ਪੇਪਰ ਦੇਣ ਦੀ ਇਜ਼ਾਜ਼ਤ ਦੇਣਗੇ। ਉਨਾਂ ਕਿਹਾ ਕਿ ਉਹ ਸਾਰਾ ਕੁੱਝ ਨਿਯਮਾਂ ਅਨੁਸਾਰ ਹੀ ਕਰ ਰਹੇ ਹਨ। ਉਨਾਂ ਕਿਹਾ ਕਿ ਜੇਕਰ ਦੂਜੇ ਵਿਦਿਆਰਥੀ ਵੀ ਅਦਾਲਤ ਵਿੱਚੋਂ ਪ੍ਰੀਖਿਆ ਵਿੱਚ ਬਿਠਾਏ ਜਾਣ ਲਈ ਨਿਰਦੇਸ਼ ਲੈ ਕੇ ਆਉਂਦੇ ਹਨ ਤਾਂ ਉਨਾਂ ਨੂੰ ਵੀ ਇਮਿਤਿਹਾਨ ਵਿਚ ਬਿਠਾ ਦਿੱਤਾ ਜਾਵੇਗਾ। ਉਨਾਂ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕੀਤਾ।

ਸਰਕਾਰ ਦਾ ਦੀਵਾਲਾ ਨਿਕਲਿਆ-ਕੰਬੋਜ

ਰਾਜਪੁਰਾ ਹਲਕੇ ਦੇ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦਾ ਦੀਵਾਲਾ ਨਿਕਲ ਗਿਆ ਹੈ। ਉਨਾਂ ਕਿਹਾ ਕਿ ਸਰਕਾਰ ਓਬੀਸੀ ਲਈ ਪੋਸਟ ਮੈਟਰਿਕ ਸਕਾਲਰਸ਼ਿਪ ਦੀ ਰਾਸ਼ੀ ਦੀ ਅਦਾਇਗੀ ਕਰਨੋਂ ਅਸਮਰਥ ਰਹੀ ਹੈ ਤੇ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਇਸ ਦੀ ਸਜ਼ਾ ਭੁਗਤਣੀ ਪੈ ਰਹੀ ਹੈ। ਉਨਾਂ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨਾਲ ਖ਼ਿਲਵਾੜ ਕਿਸੇ ਵੀ ਕੀਮਤ ਤੇ ਨਹੀਂ ਹੋਣ ਦਿੱਤਾ ਜਾਵੇਗਾ।
ਕੈਪਸ਼ਨ- ਗੁਰੂਕੁਲ ਕਾਲਜ ਦੀ ਵਿਦਿਆਰਥਣ ਨਵਨੀਤ ਕੌਰ ਤੇ ਉਸ ਦਾ ਪਿਤਾ ਸੁਖਦੇਵ ਸਿੰਘ ਅਦਾਲਤੀ ਆਦੇਸ਼ਾਂ ਮਗਰੋਂ ਕਾਲਜ ਵੱਲੋਂ ਪ੍ਰੀਖਿਆ ਵਿੱਚ ਬੈਠਣ ਲਈ ਜਾਰੀ ਕੀਤਾ ਰੋਲਨੰਬਰ ਤੇ ਦਾਖਲਾ ਕਾਰਡ ਵਿਖਾਉਂਦੇ ਹੋਏ।

print
Share Button
Print Friendly, PDF & Email

Leave a Reply

Your email address will not be published. Required fields are marked *