ਸ਼੍ਰੀ ਅਨੰਦਪੁਰ ਸਾਹਿਬ ਦਾ ਹੌਲਾ ਮਹੱਲਾ ਸ਼ਾਨੋ ਸ਼ੌਕਤ ਨਾਲ ਅੱਜ ਹੋਵੇਗਾ ਆਰੰਭ

ss1

ਸ਼੍ਰੀ ਅਨੰਦਪੁਰ ਸਾਹਿਬ ਦਾ ਹੌਲਾ ਮਹੱਲਾ ਸ਼ਾਨੋ ਸ਼ੌਕਤ ਨਾਲ ਅੱਜ ਹੋਵੇਗਾ ਆਰੰਭ
ਅੱਜ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਹੋਣਗੇ ਆਰੰਭ, 2 ਨੂੰ ਪੈਣਗੇ ਭੋਗ
ਵੱਡੀ ਗਿਣਤੀ ਵਿਚ ਸੰਗਤਾਂ ਦਾ ਹਜੂਮ ਪਹੁੰਚਣਾ ਹੋਇਆ ਸ਼ੁਰੂ, ਕੇਸਰੀ ਰੰਗ ਵਿਚ ਰੰਗੀ ਪਵਿੱਤਰ ਨਗਰੀ

ਸ਼੍ਰੀ ਅਨੰਦਪੁਰ ਸਾਹਿਬ, 27 ਫਰਵਰੀ (ਦਵਿੰਦਰਪਾਲ ਸਿੰਘ/ਅੰਕੁਸ਼): ਸਿੱਖ ਪੰਥ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਕੀਰਤਪੁਰ ਸਾਹਿਬ ਦੇ ਪੜਾਅ ਤੋਂ ਬਾਅਦ ਅੱਜ ਬੜੀ ਹੀ ਸ਼ਾਨੌ ਸ਼ੌਕਤ ਨਾਲ ਸ਼੍ਰੀੌ ਅਨੰਦਪੁਰ ਸਾਹਿਬ ਵਿਖੇ ਆਰੰਭ ਹੋਵੇਗਾ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਅਰਦਾਸ ਕਰਨ ਉਪਰੰਤ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੀ ਆਰੰਭਤਾ ਕਰਨਗੇ ਜਿਸ ਵਿਚ ਸਿੱਖ ਕੌਮ ਦੀਆਂ ਸਿਰਮੋਰ ਸ਼ਖਸ਼ੀਅਤਾਂ ਸ਼ਾਮਿਲ ਹੋਣਗੀਆਂ। ਜਿਸ ਦੇ ਮੱਦੇਨਜ਼ਰ ਅਨੰਦਪੁਰ ਸਾਹਿਬ ਵਿਚ ਲੱਖਾਂ ਦੀ ਤਾਦਾਦ ‘ਚ ਸੰਗਤਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਦੂਰੌਂ ਦੂਰੌਂ ਆਈਆਂ ਸੰਗਤਾਂ ਵਲੋਂ ਥਾਂ ਥਾਂ ਅਨੇਕਾਂ ਤਰਾਂ ਦੇ ਲੰਗਰ ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਿਹੰਗ ਸਿੰਘ ਜੱਥੇਬੰਦੀਆਂ ਆਪਣੇ ਦਲਾਂ ਅਤੇ ਘੋੜਿਆਂ ਸਮੇਤ ਆਪਣੀਆਂ ਛਾਉਣੀਆਂ ਵਿਚ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਸਾਰੇ ਗੁਰਦੁਆਰਿਆਂ ਵਿਚ ਸੁੰਦਰ ਦੀਪਮਾਲਾ ਕਰਕੇ ਬਹੁਤ ਹੀ ਖੂਬਸੂਰਤ ਅਤੇ ਵਧੀਆ ਢੰਗ ਦੇ ਨਾਲ ਸਜਾਇਆ ਗਿਆ ਹੈ। ਤਖਤ ਸ਼੍ਰੀ ਕੇਸਗੜ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਨੇ ਦੱਸਿਆ ਕਿ ਸੰਗਤਾਂ ਲਈ ਲੰਗਰ, ਰਿਹਾਇਸ਼, ਚਾਹ ਪਾਣੀ ਆਦਿ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨਾਂ ਦੱਸਿਆ ਕਿ ਹੋਰ ਸੇਵਾਦਾਰ ਵੀ ਇੱਥੇ ਆ ਚੁੱਕੇ ਹਨ ਜੋ ਸੰਗਤਾਂ ਦੀ ਸੇਵਾ ਲਈ ਹਾਜਰ ਰਹਿਣਗੇ। ਹੋਲੇ ਮਹੱਲੇ ਮੋਕੇ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਕੀਰਤਨ ਤੇ ਢਾਡੀ ਦਰਬਾਰ ਹੋਵੇਗਾ ਜਿਸ ਵਿਚ ਉਚ ਕੋਟੀ ਦੇ ਰਾਗੀ ਤੇ ਢਾਡੀ ਸਾਹਿਬਾਨ ਪਹੁੰਚਣਗੇ। ਹੋਲੇ ਮਹੱਲੇ ਦੇ ਵਿਚਕਾਰਲੇ ਦਿਨ ਸਿਆਸੀ ਕਾਨਫਰੰਸਾਂ ਹੋਣਗੀਆਂ। ਵੱਖ ਵੱਖ ਧਾਰਮਿਕ ਜਥੇਬੰਦੀਆਂ ਵਲੋਂ ਲਿਟਰੇਚਰ ਸਟਾਲ ਤੇ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ। ਸ਼੍ਰੋਮਣੀ ਕਮੇਟੀ, ਸਿੱਖ ਮਿਸ਼ਨਰੀ ਕਾਲਜ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਅਖੰਡ ਕੀਰਤਨੀ ਜੱਥਾ ਆਦਿ ਵਲੋਂ ਲਿਟ੍ਰੇਚਰ ਤੇ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ। ਹੋਲੇ ਮਹੱਲੇ ਦੇ ਮੱਦੇਨਜ਼ਰ ਵੱਖ ਵੱਖ ਨਿਹੰਗ ਸਿੰਘਾਂ ਦੇ ਜੱਥੇ ਘੋੜਿਆਂ ਸਮੇਤ ਅਤੇ ਸ਼ਰਧਾਲੂ ਸਕੂਟਰਾਂ, ਮੋਟਰਸਾਈਕਲਾਂ, ਗੱਡੀਆਂ ਉੱਤੇ ਸ਼੍ਰੀ ਅਨੰਦਪੁਰ ਸਾਹਿਬ ਪੁੱਜਣੇ ਸ਼ੁਰੂ ਹੋ ਗਏ ਹਨ। 2 ਮਾਰਚ ਨੂੰ ਤਖਤ ਸਾਹਿਬ ਦੇ ਜੱਥੇਦਾਰਾਂ ਅਤੇ ਨਿਹੰਗ ਸਿੰਘਾਂ ਵਲੋਂ ਮਹੱਲਾ ਕੱਢਿਆ ਜਾਵੇਗਾ ਉਪਰੰਤ ਚਰਨ ਗੰਗਾ ਸਟੇਡੀਅਮ ਵਿਖੇ ਹਰ ਸਾਲ ਰਵਾਇਤੀ ਢੰਗ ਨਾਲ ਹੁੰਦੀ ਘੌੜ ਦੌੜ ਤੋਂ ਬਾਅਦ ਹੋਲੇ ਮਹੱਲੇ ਦੀ ਸਮਾਪਤੀ ਹੋਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *