‘ਪਟਿਆਲਾ ਹੈਰੀਟੇਜ ਫੈਸਟੀਵਲ-2018 ਦੀ ਛੇਵੀਂ ਸ਼ਾਮ’

ss1

‘ਪਟਿਆਲਾ ਹੈਰੀਟੇਜ ਫੈਸਟੀਵਲ-2018 ਦੀ ਛੇਵੀਂ ਸ਼ਾਮ’
ਵਾਰਸੀ ਭਰਾਵਾਂ ਨੇ ਰਵਾਇਤੀ ਕੱਵਾਲੀਆਂ ਨਾਲ ਬੰਨਿਆਂ ਰੰਗ

ਪਟਿਆਲਾ, 27 ਫਰਵਰੀ (ਅਰਵਿੰਦਰ ਸਿੰਘ): ਹੈਰੀਟੇਜ ਫੈਸਟੀਵਲ-2018 ਦੀ ਛੇਵੇਂ ਦਿਨ ਯਾਦਵਿੰਦਰਾ ਪਬਲਿਕ ਸਕੂਲ ਦੇ ਸਟੇਡੀਅਮ ਵਿਖੇ ਸੂਫ਼ੀ ਸੰਗੀਤ ਦੀ ਸ਼ਾਮ ਦੌਰਾਨ ਵਾਰਸੀ ਭਰਾਵਾਂ ਉਸਤਾਦ ਨਜ਼ੀਰ ਅਹਿਮਦ ਵਾਰਸੀ ਅਤੇ ਉਸਤਾਦ ਨਸੀਰ ਅਹਿਮਦ ਵਾਰਸੀ ਵੱਲੋਂ ਰਵਾਇਤੀ ਕੱਵਾਲੀਆਂ ਤੇ ਸੂਫ਼ੀ ਪੌਪ ਗਾਇਕਾ ਹਰਸ਼ਦੀਪ ਕੌਰ ਨੇ ਸੂਫ਼ੀ ਗਾਇਕੀ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰਕੇ ਵਿਰਾਸਤੀ ਉਤਸਵ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ। ਸਮਾਰੋਹ ਵਿੱਚ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਸਮੇਤ ਕਈ ਅਹਿਮ ਸ਼ਖ਼ਸੀਅਤਾਂ ਨੇ ਸਮਾਗਮ ਦਾ ਆਨੰਦ ਮਾਣਿਆਂ। ਇਸ ਵਿਰਾਸਤੀ ਉਤਸਵ ਮੌਕੇ ਕੱਵਾਲੀ ਨਾਲ ਚਾਰ ਪੀੜੀਆਂ ਤੋਂ ਸਾਂਝ ਰੱਖਣ ਵਾਲੇ ਦਿੱਲੀ ਕੱਵਾਲ ਬੱਚਾ ਘਰਾਣੇ ਦੇ ਪਦਮਸ਼੍ਰੀ ਅਜ਼ੀਜ ਅਹਿਮਦ ਖਾਨ ਵਾਰਸੀ ਦੇ ਪੋਤਰੇ ਤੇ ਸੁਰੀਲੀ ਅਵਾਜ਼ ਨਾਲ ਲਬਰੇਜ਼ ਵਾਰਸੀ ਭਰਾਵਾ ਉਸਤਾਦ ਨਸੀਰ ਅਹਿਮਦ ਵਾਰਸੀ ਤੇ ਨਜ਼ੀਰ ਅਹਿਮਦ ਵਾਰਸੀ ਨੇ ਆਪਣੇ ਸਾਥੀਆਂ ਨਾਲ ਰਵਾਇਤੀ ਕੱਵਾਲੀਆਂ ਗਾ ਕੇ ਖ਼ੂਬ ਰੰਗ ਬੰਨਿਆ ਅਤੇ ਸਮਾਗਮ ਵਿੱਚ ਪੁੱਜੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਉਨਾਂ ਨੇ ਹਜ਼ਰਤ ਅਮੀਰ ਖੁਸਰੋ ਦੇ ਕਲਾਮ ਤੋਂ ਸ਼ੁਰੂ ਕਰਕੇ, ‘ਛਾਪ ਤਿਲਕ ਸਭ ਛੀਨੀ ਮੋ ਸੇ’, ਨੀ ਮੈਂ ਜਾਣਾ ਜੋਗੀ ਦੇ ਨਾਲ, ਮੌਲਾ ਚਿਸ਼ਤੀ ਸਲੀਮ ਚਿਸ਼ਤੀ ਕਿਰਪਾ ਕਰੋ ਮਹਾਰਾਜ, ਦਮਾ ਦਮ ਮਸਤ ਕਲੰਦਰ, ‘ਆਜ ਰੰਗ ਹੈ ਰੀ’ ਗਾ ਕੇ ਮਹਿਫ਼ਲ ਵਿੱਚ ਰੂਹਾਨੀਅਤ ਦਾ ਖ਼ੂਬ ਰੰਗ ਭਰਿਆ।

ਇਸੇ ਦੌਰਾਨ ਭਾਰਤ ਦੀ ਪ੍ਰਸਿੱਧ ਸੂਫੀ ਪੌਪ ਗਾਇਕਾ ਹਰਸ਼ਦੀਪ ਕੌਰ ਨੇ ਆਪਣੀ ਦਿਲਕਸ਼ ਆਵਾਜ਼ ਨਾਲ ਸੂਫ਼ੀਆਨਾ ਪੌਪ ਗਾ ਕੇ ਖਚਾਖਚ ਭਰੇ ਵਾਈ.ਪੀ.ਐਸ. ਸਟੇਡੀਅਮ ਵਿਚ ਇੱਕ ਵੱਖਰਾ ਹੀ ਮਾਹੌਲ ਸਿਰਜਦਿਆਂ ਦਰਸ਼ਕਾਂ ਨੂੰ ਝੂਮਣ ਲਾ ਦਿਤਾ। ਉਨਾਂ ਨੇ ਇਕ ਓਂਕਾਰ ਤੋਂ ਸ਼ੁਰੂ ਕਰਕੇ ਗਾਇਕਾ ਸੁਰਿੰਦਰ ਕੌਰ ਨੂੰ ਸ਼ਰਧਾਂਜਲੀ ਸਮੇਤ ਜੁਗਨੀ ਜੀ, ਹੀਰ, ਕਬੀਰਾ, ਅੱਲਾ ਹੂ, ਚਰਖੇ ਦੀ ਘੂਕ ਅਤੇ ਹੋਰ ਸੂਫ਼ੀਆਨਾ ਪੌਪ ਗਾਇਕੀ ਨਾਲ ਹੈਰੀਟੇਜ ਫੈਸਟੀਵਲ ਦੀ ਇਸ ਸ਼ਾਮ ਦੇ ਮਾਹੌਲ ਨੂੰ ਸਿਖ਼ਰਾਂ ‘ਤੇ ਪਹੁੰਚਾ ਦਿੱਤਾ। ਮੰਚ ਸੰਚਾਲਣ ਦਿੱਲੀ ਤੋਂ ਖਾਸ ਤੌਰ ‘ਤੇ ਆਏ ਅਥਰ ਸਈਦ ਅਤੇ ਬਲਜੀਤ ਕੌਰ ਜੌਹਲ ਨੇ ਕੀਤਾ। ਇਸ ਮੌਕੇ ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਅਜਿਹੀ ਸਾਫ਼ ਸੁਥਰੀ ਗਾਇਕੀ ਸਾਨੂੰ ਸਾਡੀ ਵਿਰਾਸਤ ਨਾਲ ਜੋੜਦੀ ਹੈ ਅਤੇ ਨੌਜਵਾਨ ਪੀੜੀ ਨੂੰ ਸੰਗੀਤ ਰਾਹੀਂ ਆਪਣੇ ਜੀਵਨ ਨੂੰ ਉੱਚਾ ਤੇ ਸੱਚਾ ਰੱਖਣ ਦਾ ਸੰਦੇਸ਼ ਦਿੰਦੀ ਹੈ। ਸਮਾਰੋਹ ਦੌਰਾਨ ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ੍ਰੀਮਤੀ ਅਨੀਤਾ ਸਿੰਘ, ਸ੍ਰੀਮਤੀ ਸ਼ੈਲਜਾ ਖੰਨਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਬੀ.ਐਸ. ਘੁੰਮਣ, ਕੈਪਟਨ ਅਮਰਜੀਤ ਸਿੰਘ ਜੇਜੀ, ਬਲਵਿੰਦਰ ਸਿੰਘ ਅੱਤਰੀ, ਰਣਜੀਤ ਸਿੰਘ ਨਿੱਕੜਾ, ਸੁਖਦੇਵ ਮਹਿਤਾ, ਰਜੇਸ਼ ਮੰਡੋਰਾ, ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਆਈ.ਜੀ. ਏ.ਐਸ. ਰਾਏ, ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਕੁਮਾਰ ਸੌਰਵ ਰਾਜ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਡੀ.ਆਈ.ਜੀ. ਡਾ. ਸੁਖਚੈਨ ਸਿੰਘ ਗਿੱਲ, ਐਸ.ਐਸ.ਪੀ. ਡਾ. ਐਸ. ਭੁਪਤੀ, ਐਸ.ਐਸ.ਪੀ ਫਤਿਹਗੜ ਸਾਹਿਬ ਐਸ.ਐਸ.ਪੀ ਅਲਕਾ ਮੀਨਾ, ਏ.ਈ.ਟੀ.ਸੀ. ਪ੍ਰਨੀਤ ਸ਼ੇਰਗਿੱਲ, ਡਾ. ਦਰਸ਼ਨ ਸਿੰਘ ਘੁੰਮਣ, ਕਰਨਲ ਆਰ.ਪੀ.ਐਸ ਬਰਾੜ, ਡਾ. ਅਮਰ ਸਤਿੰਦਰ ਸੇਖੋਂ, ਤਰਸੇਮ ਸੈਣੀ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੂਨਮਦੀਪ ਕੌਰ ਸਮੇਤ ਪਟਿਆਲਾ ਵਾਸੀ ਅਤੇ ਸੰਗੀਤ ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਦੇਰ ਰਾਤ ਤੱਕ ਕਵਾਲੀ ਤੇ ਸੂਫੀ ਪੌਪ ਗਾਇਕੀ ਦਾ ਅਨੰਦ ਮਾਣਿਆ।

print
Share Button
Print Friendly, PDF & Email