ਰੋਪੜ ਹੈਡ ਤੇ ਸਤਲੁਜ ਦਰਿਆ ਚ ਮਗਰਮੱਛ ਦਿਖਣ ਦੀ ਅਫਵਾਹ ਫੈਲੀ

ss1

ਰੋਪੜ ਹੈਡ ਤੇ ਸਤਲੁਜ ਦਰਿਆ ਚ ਮਗਰਮੱਛ ਦਿਖਣ ਦੀ ਅਫਵਾਹ ਫੈਲੀ

 ਸੋਸ਼ਲ ਮੀਡੀਆ ਚ ਰੋਪੜ ਹੈਡ ‘ਤੇ ਸਤਲੁਜ ਦਰਿਆ ਚ ਤਾਰੀਆਂ ਲਗਾ ਰਹੇ ਮਗਰਮੱਛ ਦੀਆਂ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਇਕ ਵਾਰ ਤਾਂ ਪ੍ਰਸ਼ਾਸਨ ਨੂੰ ਹੱਥਾਂ–ਪੈਰਾਂ ਦੀ ਪੈ ਗਈ, ਕਿਉਂਕਿ ਫੋਟੋਆਂ ਚ ਜਿਸ ਥਾਂ ਮਗਰਮੱਛ ਹੋਣ ਦਾ ਦਾਅਵਾ ਕੀਤਾ ਗਿਆ ਸੀ, ਉਹ ਥਾਂ ਮਹਾਰਾਜਾ ਰਣਜੀਤ ਸਿੰਘ ਬਾਗ ਤੋਂ ਹੇਠਲੇ ਪਾਸੇ ਸੀ, ਜਿਥੇ ਕਿ ਅਕਸਰ ਲੋਕ ਨਹਾਉਂਦੇ ਰਹਿੰਦੇ ਹਨ। ਬਾਅਤ ਚ ਤਹਿਕੀਕਾਤ ਕਰਨ ‘ਤੇ ਪਤਾ ਲੱਗਾ ਕਿ ਤਸਵੀਰਾਂ ਚ ਵਿਖਾਇਆ ਜਾ ਰਿਹਾ ਮਗਰਮੱਛ ਪਿਛਲੇ ਦਿਨ ਹਰੀਕੇ ਪੱਤਣ ਚ ਸਰਕਾਰ ਵੱਲੋਂ ਛੱਡੇ ਮਗਰਮੱਛਾਂ ‘ਚੋਂ ਹੀ ਇਕ ਹੈ। ਕਿਸੇ ਨੇ ਸ਼ਰਾਰਤ ਵੱਜੋਂ ਇਹ ਤਸਵੀਰ ਜਾਰੀ ਕਰਕੇ ਇਸ ਨੂੰ ਰੂਪਨਗਰ ਨੇੜੇ ਸਤਲੁਜ ਦਰਿਆ ‘ਤੇ ਬਣੇ ਹੈਡ ਨਾਲ ਜੋੜ ਕੇ ਪਰਚਾਰ ਕਰ ਦਿਤਾ ਅਤੇ ਕੈਪਸ਼ਨ ਲਿਖ ਕੇ ਲੋਕਾਂ ਚ ਡਰ ਪੈਦਾ ਕਰ ਦਿਤਾ ਕਿ ਉਥੇ ਸਵੇਰੇ ਕੁਝ ਵਿਦਿਆਰਥੀਆਂ ਨੇ ਟਹਿਲਦੇ ਸਮੇ ਮਗਰਮੱਛ ਦੇਖਿਆ ਹੈ।

ਵਾਇਰਲ ਮੈਸੇਜ ਚ ਇਹ ਵੀ ਬੇਨਤੀ ਕੀਤੀ ਗਈ ਕਿ ਇਸ ਥਾਂ ਨਹਾਉਣ ਲਈ ਪਾਣੀ ਚ ਨਾ ਉਤਰਿਆ ਜਾਵੇ।ਨਾਲ ਹੀ ਇਹ ਵੀ ਤਰਕ ਦਿਤਾ ਗਿਆ ਕਿ ਇਸ ਘਾਟ ਤੇ ਅਕਸਰ 10 ਵਿੱਚੋਂ 5 ਡੈਡ ਬਾਡੀਜ਼ ਹੀ ਮਿਲਦੀਆਂ ਹਨ, ਇਸ ਕਰਕੇ ਹੋ ਸਕਦਾ ਹੈ ਕਿ ਇਸ ਦਾ ਕਾਰਨ ਵੀ ਇਹ ਮਗਰਮੱਛ ਹੀ ਹੋਵੇ। ਖਬਰ ਨੂੰ ਹੋਰ ਵਧੇਰੇ ਸਨਸਨੀਖੇਜ਼ ਬਣਾਉਣ ਲਈ ਆਉਣ ਵਾਲੇ ਹੋਲਾ ਮਹੱਲਾ ਦੇ ਤਿਊਹਾਰ ਦਾ ਜ਼ਿਕਰ ਵੀ ਕੀਤਾ ਗਿਆ ਤੇ ਸਰਕਾਰ ਨੂੰ ਇਥੇ ਨਹਾਉਣ ਵਾਲਿਆਂ ਦੇ ਕਿਸੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਵਾਸਤੇ ਤਾੜਨਾ ਵੀ ਕੀਤੀ ਗਈ।

ਸੋਸ਼ਲ ਮੀਡੀਆ ਚ ਇਸ ਖਬਰ ਤੇ ਤਸਵੀਰਾਂ ਦੇ ਵਾਇਰਲ ਹੋਣ ਤੋਂ ਬਾਅਦ ਪੱਤਰਕਾਰਾਂ ਨੇ ਜਦੋਂ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਤਾਂ ਇਹ ਸਾਰਾ ਮਾਮਲਾ ਝੂਠਾ ਪਾਇਆ ਗਿਆ ।

print
Share Button
Print Friendly, PDF & Email