ਹਿੰਦੁਸਤਾਨੀ ਸਰਕਾਰ ਵੱਲੋਂ ਟਰੂਡੋ ਦੇ ਭਾਰਤ ਦੌਰੇ ਦੌਰਾਨ ਵਿਖਾਈ ਗਈ ਬੇਰੁੱਖੀ ਨੂੰ ਦਿੱਲੀ ਕਮੇਟੀ ਨੇ ਕੂਟਨੀਤਿਕ ਖੁਸ਼ਕੀ ਦੱਸਿਆ

ss1

ਹਿੰਦੁਸਤਾਨੀ ਸਰਕਾਰ ਵੱਲੋਂ ਟਰੂਡੋ ਦੇ ਭਾਰਤ ਦੌਰੇ ਦੌਰਾਨ ਵਿਖਾਈ ਗਈ ਬੇਰੁੱਖੀ ਨੂੰ ਦਿੱਲੀ ਕਮੇਟੀ ਨੇ ਕੂਟਨੀਤਿਕ ਖੁਸ਼ਕੀ ਦੱਸਿਆ

ਨਵੀਂ ਦਿੱਲੀ 20 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੌਰਾਨ ਸਰਕਾਰ ਵੱਲੋਂ ਵਿਖਾਈ ਗਈ ਬੇਰੁੱਖੀ ਦੀਆਂ ਮੀਡੀਆ ਰਾਹੀਂ ਆ ਰਹੀਆਂ ਖਬਰਾਂ ਦੀਆਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੂਟਨੀਤਿਕ ਖੁਸ਼ਕੀ ਕਰਾਰ ਦਿੱਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਮੀਡੀਆ ਨੂੰ ਜਾਰੀ ਬਿਆਨ ’ਚ ਭਾਰਤੀ ਵਿਦੇਸ਼ ਨੀਤੀ ’ਤੇ ਸਿਆਸੀ ਲੋਕਾਂ ਅਤੇ ਏਜੰਸੀਆਂ ਦੇ ਨਿਜ਼ੀ ਮੁਫਾਦ ਭਾਰੂ ਹੋਣ ਦਾ ਵੀ ਦਾਅਵਾ ਕੀਤਾ ਹੈ। ਜੀ.ਕੇ. ਨੇ ਮੰਨਿਆ ਕਿ ਆਪਣੀ ਵਜ਼ਾਰਤ ’ਚ 4 ਸਿੱਖ ਮੰਤਰੀ ਰਖਣ ਵਾਲੇ ਟਰੂਡੋ ਦੀ ਸਰਕਾਰ ਨੂੰ ਵੱਖਵਾਦੀਆਂ ਦਾ ਸਮਰਥਕ ਬਿਨਾਂ ਤਥਾਂ ਦੇ ਸਾਬਿਤ ਕਰਨ ਦੀ ਹੋੜ ਲੱਗੀ ਹੋਈ ਹੈ। ਭਾਰਤ ਸਰਕਾਰ ਨੂੰ ਟਰੂਡੋ ਦਾ ਸਵਾਗਤ ਗਰਮਜ਼ੋਸ਼ੀ ਨਾਲ ਕਰਨਾ ਚਾਹੀਦਾ ਸੀ। ਕਿਉਂਕਿ ਕੈਨੇਡਾ ’ਚ ਵੱਡੀ ਗਿਣਤੀ ’ਚ ਪੰਜਾਬੀ ਅਤੇ ਗੁਜ਼ਰਾਤੀ ਸਵੈਮਾਨ ਨਾਲ ਜਿੰਦਗੀ ਜੀ ਰਹੇ ਹਨ।
ਜੀ.ਕੇ. ਨੇ ਚਾਣਕਯ ਦੀ ਕੂਟਨੀਤੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਦੇਸ਼ ਅਤੇ ਸਮਾਜ਼ ’ਚ ਰਹਿਣ ਵਾਲੇ ਬੁਰੇ ਲੋਕਾਂ ਦੇ ਮਾੜੇ ਕਾਰਜਾਂ ਕਰਕੇ ਦੇਸ਼ ਦਾ ਉਨ੍ਹਾਂ ਨੁਕਸਾਨ ਨਹੀਂ ਹੁੰਦਾ, ਜਿਨ੍ਹਾਂ ਨੁਕਸਾਨ ਦੇਸ਼ ਦੇ ਸੱਜਣ ਅਤੇ ਸਮਰਥ ਲੋਕਾਂ ਦੇ ਚੁੱਪ ਧਾਰਣ ਕਰਨ ਨਾਲ ਹੁੰਦਾ ਹੈ। ਕੌਟਿਲਯ ਨੇ ਵੀ ਵਿਦੇਸ਼ ਨੀਤੀ ਦੇ ਲਈ ਕੂਟਨੀਤੀ ਦੇ 4 ਸਿੰਧਾਂਤਾ ਸਾਮ, ਦਾਮ, ਦੰਡ ਅਤੇ ਭੇਦ ਦੀ ਵਰਤੋ ਕਰਕੇ ਦੂਜੇ ਦੇਸ਼ਾਂ ਨਾਲ ਚੰਗੇ ਸੰਬੰਧ ਬਣਾਏ ਰਖਣ ਦੀ ਵਕਾਲਤ ਕੀਤੀ ਹੈ। ਇਸ ਕਰਕੇ ਟਰੂਡੋ ਨੂੰ ਵੱਖਵਾਦੀਆਂ ਦਾ ਸਮਰਥਕ ਦੱਸ ਕੇ ਕੈਨੇਡਾ ਦੇ ਨਾਲ ਜੋ ਸੰਬੰਧ ਵਿਗਾੜਨ ਦੀ ਕੋਸ਼ਿਸ਼ ਹੋ ਰਹੀ ਹੈ ਉਹ ਗਲਤ ਹੈ।
ਜੀ.ਕੇ. ਨੇ ਕਿਹਾ ਕਿ ਸਾਡੇ ਦੇਸ਼ ’ਚ ਵੀ ਕੁਝ ਮੁੱਠੀ ਭਰ ਲੋਕ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹੋਏ ਘੱਟਗਿਣਤੀ ਲੋਕਾਂ ਨੂੰ ਪਾਕਿਸਤਾਨ ਚਲੇ ਜਾਣ ਦੀ ਸਲਾਹ ਦਿੰਦੇ ਹਨ। ਇਸੇ ਤਰ੍ਹਾਂ ਹੀ ਕੈਨੇਡਾ ’ਚ ਕੁਝ ਮੁੱਠੀ ਭਰ ਲੋਕ ਖਾਲਿਸਤਾਨ ਦੀ ਗੱਲ ਕਰਦੇ ਹਨ। ਦੋਨੋਂ ਦੇਸ਼ ਲੋਕਤਾਂਤ੍ਰਿਕ ਦੇਸ਼ ਹਨ। ਇਸ ਕਰਕੇ ਕੁਝ ਲੋਕਾਂ ਦੀ ਰਾਇ ਨੂੰ ਦੇਸ਼ ਜਾ ਸਰਕਾਰ ਦੀ ਰਾਇ ਬਣਾਉਣਾ ਗਲਤ ਹੈ। ਜੇਕਰ ਸਾਡੀ ਸਰਕਾਰ ਕੁਝ ਲੋਕਾਂ ਦੀ ਗੱਲ ’ਤੇ ਕੈਨੇਡਾ ਸਰਕਾਰ ਨੂੰ ਦੋਸ਼ੀ ਮੰਨਦੀ ਹੈ ਤਾਂ ਇਸ ਰੁਝਾਨ ਨਾਲ ਦੂਜੇ ਮੁਲਕ ਵੀ ਭਾਰਤ ਸਰਕਾਰ ਨੂੰ ਹਿੰਦੂ ਰਾਸ਼ਟਰ ਦਾ ਹਿਮਾਇਤੀ ਦੱਸਣ ਲਗ ਪੈਣਗੇ।
ਜੀ.ਕੇ. ਨੇ ਕਿਹਾ ਕਿ ਇੱਕ ਪਾਸੇ ਤਾਂ ਭਾਰਤ ਸਰਕਾਰ ਪਾਕਿਸਤਾਨ ਅਤੇ ਚੀਨ ਨਾਲ ਜੰਗੀ ਹਾਲਾਤਾਂ ਦੇ ਬਾਵਜੂਦ ਦੋਸ਼ਤੀ ਨਿਭਾਉਣ ਨੂੰ ਬਾਜਿੱਦ ਨਜ਼ਰ ਆਉਂਦੀ ਹੈ ਤੇ ਦੂਜੇ ਪਾਸੇ ਸਿੱਖਾਂ ਦੀ ਹਿਮਾਇਤੀ ਟਰੂਡੋ ਸਰਕਾਰ ਦੇ ਖਿਲਾਫ਼ ਕੂਟਨੀਤਿਕ ਬੇਰੂਖੀ ਸਮਝ ਤੋਂ ਬਾਹਰ ਹੈ। ਜੀ.ਕੇ. ਨੇ ਦਾਅਵਾ ਕੀਤਾ ਕਿ ਸੁਰੱਖਿਆ ਏਜੰਸੀਆਂ ਸਿੱਖਾਂ ਨੂੰ ਵੱਖਵਾਦੀ ਸਾਬਿਤ ਕਰਨ ਦੇ ਏਜੰਡੇ ’ਤੇ ਲਗਾਤਾਰ ਚਲ ਰਹੀਆਂ ਹਨ। ਜਿਸ ’ਚ ਪੰਜਾਬ ਦੇ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਏਜੰਸੀਆਂ ਦੇ ਕੁਹਾੜੇ ਦਾ ਦਸ਼ਤਾ ਬਣਕੇ ਕਾਰਜ ਕਰ ਰਹੇ ਹਨ। ਜਿਸ ਕਰਕੇ ਕੈਪਟਨ ਨੇ ਹੀ ਬਿਨਾਂ ਤਥਾਂ ਦੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਖਿਲਾਫ਼ ਜ਼ਹਿਰ ਉਗਲਿਆ ਸੀ। ਪਰ ਜਦੋਂ ਸਿੱਖਾਂ ਨੇ ਕੈਪਟਨ ਦੀ ਇਸ ਮਸਲੇ ’ਤੇ ਖਿੰਚਾਈ ਸ਼ੁਰੂ ਕੀਤੀ ਤਾਂ ਪੰਜਾਬ ਪੁਲਿਸ ਨੇ ਸੂਤਰਾਂ ਦੇ ਹਵਾਲੇ ਤੋਂ ਚੋਣਵੇਂ ਮੀਡੀਆ ਅਦਾਰਿਆਂ ਪਾਸੋਂ ਪੰਜਾਬ ’ਚ ਕੈਨੇਡਾ ਤੋਂ ਅੱਤਵਾਦੀ ਫਡਿੰਗ ਦੀਆਂ ਖਬਰਾਂ ਛੱਪਵਾ ਦਿੱਤੀਆਂ।
ਜੀ.ਕੇ. ਨੇ ਕੈਪਟਨ ਨੂੰ ਸਵਾਲ ਪੁੱਛਿਆ ਕਿ ਜੇਕਰ ਕੈਨੇਡਾ ਤੋਂ ਪੰਜਾਬ ’ਚ ਅੱਤਵਾਦ ਭੜਕਾਉਣ ਵਾਸਤੇ ਕਿਸੇ ਫਡਿੰਗ ਦੇ ਪੰਜਾਬ ਪੁਲਿਸ ਕੋਲ ਸਬੂਤ ਸਨ ਤਾਂ ਪੰਜਾਬ ਪੁਲਿਸ ਨੇ ਖੁਦ ਉਸਨੂੰ ਲੋਕਾਂ ਦੇ ਸਾਹਮਣੇ ਜਨਤਕ ਕਰਨ ਤੋਂ ਪਾਸਾ ਕਿਉਂ ਵੱਟਿਆ ਸੀ ? ਜੇਕਰ ਸੱਜਣ ਦੇ ਖਾਲਿਸਤਾਨ ਸਮਰਥਕਾਂ ਨਾਲ ਸਬੰਧ ਹਨ ਤਾਂ ਫਿਰ ਕੈਪਟਨ ਟਰੂਡੋ ਨੂੰ ਮਿਲਣ ਵਾਸਤੇ ਤਰਲੋਮੱਛੀ ਕਿਉਂ ਹਨ ? ਜੀ.ਕੇ. ਨੇ ਕਿਹਾ ਕਿ ਕੈਨੇਡਾ ਦੀ ਸਰਕਾਰ ਨੇ ਹਮੇਸ਼ਾ ਸਿੱਖਾਂ ਦਾ ਦਿਲ ਜਿਤਿਆ ਹੈ। ਚਾਹੇ ਗੱਲ 100 ਸਾਲ ਬਾਅਦ ਕਾਮਾਗਾਟਾਮਾਰੂ ਦੀ ਘਟਨਾ ਲਈ ਮੁਆਫੀ ਮੰਗਣ ਦੀ ਹੋਏ ਜਾਂ ਓਨਟੋਰਿਓ ਵਿਧਾਨਸਭਾ ’ਚ 1984 ਸਿੱਖ ਕਤਲੇਆਮ ਨੂੰ ਨਸ਼ਲਕੁਸ਼ੀ ਕਰਾਰ ਦੇਣ ਦਾ ਮਾਮਲਾ ਹੋਵੇ।
ਜੀ.ਕੇ. ਨੇ ਕਿਹਾ ਕਿ ਬਰਤਾਨਿਆਂ ਦੀ ਮਹਾਰਾਣੀ ਨੇ ਅੱਜ ਤਕ ਜਲਿਆਵਾਲਾ ਬਾਗ ਦੇ ਸਾਕੇ ਲਈ ਮੁਆਫੀ ਨਹੀਂ ਮੰਗੀ ਅਤੇ ਨਾ ਹੀ ਭਾਰਤ ਦੀ ਸੰਸਦ ਨੇ 1984 ਸਿੱਖ ਕਤਲੇਆਮ ਨੂੰ ਨਸ਼ਲਕੁਸ਼ੀ ਮੰਨਿਆ ਹੈ। ਇਸ ਲਈ ਸਾਨੂੰ ਤੰਗ ਸੋਚ ਵਿਖਾਉਣ ਦੀ ਥਾਂ ਟਰੂਡੋ ਦੀ ਭਾਰਤ ਫੇਰੀ ਨੂੰ ਇਤਿਹਾਸਿਕ ਬਣਾਉਣ ਵਾਸਤੇ ਜਤਨ ਕਰਨੇ ਚਾਹੀਦੇ ਹਨ। ਕੈਨੇਡਾ ’ਚ ਵੱਸਦੇ ਕੁਝ ਵੱਖਵਾਦੀ ਸਮਰਥਕਾਂ ਕਰਕੇ ਸਾਰੇ ਸਿੱਖਾਂ ਨੂੰ ਵੱਖਵਾਦੀ ਦੱਸਣ ਦੇ ਨਾਲ ਹੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਪ੍ਰਵਾਸ਼ੀ ਸਿੱਖਾਂ ਨੂੰ ਖਾਲਿਸਤਾਨੀ ਦੱਸਣ ਦੇ ਰੁਝਾਣ ਨੂੰ ਬੰਦ ਕਰਨਾ ਚਾਹੀਦਾ ਹੈ।
ਜੀ.ਕੇ. ਨੇ ਪ੍ਰਧਾਨਮੰਤਰੀ ਮੋਦੀ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਦੇ ਗੁਜ਼ਰਾਤ ਦਾ ਮੁਖਮੰਤਰੀ ਰਹਿਣ ਦੌਰਾਨ ਅਮਰੀਕਾ ਨੇ ਉਨ੍ਹਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਉਨ੍ਹਾਂ ਨੇ ਪ੍ਰਧਾਨਮੰਤਰੀ ਬਣਨ ਉਪਰੰਤ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਭਾਰਤ ਫੇਰੀ ’ਤੇ ਆਏ ਸਨ ਤਾਂ ਮੋਦੀ ਖੁਦ ਪ੍ਰੋਟੋਕਾਲ ਤੋੜਕੇ ਓਬਾਮਾ ਨੂੰ ਲੈਣ ਏਅਰਪੋਰਟ ਗਏ ਸਨ। ਜਿਸਦੀ ਸਾਰੀ ਦੁਨੀਆਂ ਨੇ ਸਲਾਘਾ ਕੀਤੀ ਸੀ। ਇਸ ਲਈ ਸਿਆਸੀ ਜਾਂ ਨਿਜ਼ੀ ਮੁਫਾਦ ਲਈ ਦੇਸ਼ ਦੀ ਕੂਟਨੀਤੀ ਨੂੰ ਢਾਹ ਲਾਉਣ ਤੋਂ ਬਚਣਾ ਚਾਹੀਦਾ ਹੈ।

print
Share Button
Print Friendly, PDF & Email