ਸਵੱਛ ਭਾਰਤ ਸਰਵੇਖਣ ‘ਚ ਪੰਜਾਬ ਦੇ ਸ਼ਹਿਰਾਂ ਨੂੰ ਮੋਹਰੀ ਕਤਾਰ ਵਿੱਚ ਪਹੁੰਚਾਵਾਂਗੇ : ਨਵਜੋਤ ਸਿੱਧੂ

ss1

ਸਵੱਛ ਭਾਰਤ ਸਰਵੇਖਣ ‘ਚ ਪੰਜਾਬ ਦੇ ਸ਼ਹਿਰਾਂ ਨੂੰ ਮੋਹਰੀ ਕਤਾਰ ਵਿੱਚ ਪਹੁੰਚਾਵਾਂਗੇ : ਨਵਜੋਤ ਸਿੱਧੂ

ਚੰਡੀਗੜ, 24 ਜਨਵਰੀ (ਵਿਸ਼ਵ ਵਾਰਤਾ)- ”ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸਵੱਛ ਭਾਰਤ ਮਿਸ਼ਨ ਦੀ ਸਫਲਤਾ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਇਹ ਯਕੀਨੀ ਬਣਾਉਣ ਲਈ ਪੂਰੀ ਤਨਦੇਹੀ ਨਾਲ ਮਿਹਨਤ ਕੀਤੀ ਜਾਵੇਗੀ ਕਿ ਪੰਜਾਬ ਦੇ ਵੱਧ ਤੋਂ ਵੱਧ ਸ਼ਹਿਰ ਸਵੱਛ ਭਾਰਤ ਸਰਵੇਖਣ ਵਿੱਚ ਦੇਸ਼ ਦੇ ਸੁੰਦਰ ਸ਼ਹਿਰਾਂ ਵਿੱਚ ਸ਼ਾਮਲ ਹੋ ਸਕਣ।” ਇਹ ਗੱਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਪੰਜਾਬ ਮਿਉਂਸਪਲ ਭਵਨ ਵਿਖੇ ਸੂਬੇ ਦੇ ਸਮੂਹ ਨਗਰ ਨਿਗਮਾਂ ਦੇ ਕਮਿਸ਼ਨਰਾਂ, ਖੇਤਰੀ ਡਿਪਟੀ ਡਾਇਰੈਕਟਰ ਅਤੇ ਕਾਰਜ ਸਾਧਕ ਅਫਸਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਆਖੀ।
ਅਧਿਕਾਰੀਆਂ ਨੂੰ ਸਵੱਛ ਭਾਰਤ ਸਰਵੇਖਣ ਵਿੱਚ ਪੰਜਾਬ ਦੇ ਸ਼ਹਿਰਾਂ ਨੂੰ ਮੋਹਰੀ ਕਤਾਰ ਵਿੱਚ ਸ਼ਾਮਲ ਕਰਨਾ ਯਕੀਨੀ ਬਣਾਉਣ ਹਿੱਤ ਪੂਰੀ ਤਨਦੇਹੀ ਨਾਲ ਸੱਦਾ ਦਿੰਦੇ ਹੋਏ ਸ. ਸਿੱਧੂ ਨੇ ਕਿਹਾ ਕਿ ਇਸ ਮਿਸ਼ਨ ਨੂੰ ਕਾਮਯਾਬ ਬਣਾਉਣ ਅਤੇ ਆਉਣ ਵਾਲੀਆਂ ਨਸਲਾਂ ਲਈ ਇਕ ਸਾਫ ਸੁਥਰੇ ਵਾਤਾਵਰਣ ਦੀ ਸੌਗਾਤ ਛੱਡ ਕੇ ਜਾਣਾ ਯਕੀਨੀ ਬਣਾਉਣ ਲਈ ਇਕ ਬਹੁ ਧਿਰੀ ਰਣਨੀਤੀ ਉਪਰ ਅਮਲ ਕੀਤਾ ਜਾਵੇਗਾ। ਉਨਾਂ ਕਿਹਾ ਕਿ ਹਰ ਸ਼ਹਿਰ/ਕਸਬੇ ਦੇ ਹਰੇਕ ਵਾਰਡ ਵਿੱਚ ਇਕ ਨੋਡਲ ਅਧਿਕਾਰੀ ਇਹ ਯਕੀਨੀ ਬਣਾਵੇਗਾ ਕਿ ਉਸ ਅਧੀਨ ਆਉਂਦਾ ਖੇਤਰ ਸਫਾਈ ਪੱਖੋਂ ਉਤਮ ਹੋਵੇ ਅਤੇ ਕਿਸੇ ਕਿਸਮ ਦੀ ਅਣਗਹਿਲੀ ਜਾਂ ਗੰਦਗੀ ਉਹ ਸਿੱਧੇ ਤੌਰ ‘ਤੇ ਜਵਾਬਦੇਹ ਹੋਵੇਗਾ। ਇਸ ਤੋਂ ਇਲਾਵਾ ਨੋਡਲ ਅਧਿਕਾਰੀਆਂ ਅਤੇ ਉਸ ਅਧੀਨ ਆਉਂਦੇ ਸਟਾਫ ਦੇ ਨਾਮ ਅਤੇ ਸੰਪਰਕ ਨੰਬਰ ਸਬੰਧਤ ਮਿਉਂਸਪੈਲਟੀ ਦਫਤਰ ਦੇ ਨੋਟਿਸ ਬੋਰਡ ਅਤੇ ਵਿਭਾਗ ਦੀ ਵੈਬਸਾਈਟ ਉਪਰ ਅਪਲੋਡ ਕਰ ਕੇ ਜਨਤਕ ਕੀਤੇ ਜਾਣਗੇ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਸਾਰੇ ਕਾਰਜ ਸਾਧਰ ਅਫਸਰ ਆਪੋ-ਆਪਣੇ ਖੇਤਰਾਂ ਵਿੱਚ ਸਫਾਈ ਪ੍ਰਬੰਧਾਂ ਦੀ ਨਿਰੰਤਰ ਨਿਗਰਾਨੀ ਕਰਨਗੇ ਅਤੇ ਸਫਾਈ ਪ੍ਰਬੰਧਾਂ ਬਾਰੇ ਆਪਣੀ ਰਿਪੋਰਟ ਹਰ 15 ਦਿਨਾਂ ਬਾਅਦ ਆਪਣੇ ਖੇਤਰੀ ਡਿਪਟੀ ਡਾਇਰੈਕਟਰ ਨੂੰ ਦੇਣਗੇ ਜੋ ਅਗਾਂਹ ਮਹੀਨਾਵਾਰੀ ਰਿਪੋਰਟ ਡਾਇਰੈਕਟਰ ਨੂੰ ਸੌਂਪਣਗੇ। ਉਨਾਂ ਕਿਹਾ ਕਿ ਵਾਰਡਾਂ ਦੀ ਸਫਾਈ ਪੱਖੋਂ ਗਰੇਡਿੰਗ ਕੀਤੀ ਜਾਵੇਗੀ। ਸਫਾਈ ਕਰਮੀਆਂ ਦੀਆਂ ਤਨਖਾਹ ਸਬੰਧੀ ਮੁਸ਼ਕਲਾਂ ਦੇ ਹੱਲ ਲਈ ਉਨਾਂ ਐਲਾਨ ਕੀਤਾ ਕਿ ਹਰ ਸਫਾਈ ਕਰਮੀ ਦੇ ਖਾਤੇ ਵਿੱਚ ਸਿੱਧੀ ਤਨਖਾਹ ਜਮਾਂ ਹੋਵੇਗੀ। ਉਨਾਂ ਅੱਗੇ ਕਿਹਾ ਕਿ ਕਈ ਸ਼ਹਿਰਾਂ ਵਿੱਚ ਘੱਟ ਸਫਾਈ ਕਰਮਚਾਰੀਆਂ ਤੋਂ ਕੰਮ ਕਰਵਾ ਕੇ ਵੱਧ ਸਫਾਈ ਕਰਮਚਾਰੀਆਂ ਦੀ ਬੋਗਸ ਹਾਜ਼ਰੀ ਲਗਾਉਣ ਦੀ ਪ੍ਰਥਾ ਨੂੰ ਰੋਕਣ ਲਈ ਸਫਾਈ ਕਰਮਚਾਰੀਆਂ ਦੀ ਬਾਇਓ ਮੀਟਰਿਕ ਹਾਜ਼ਰੀ ਲੱਗੇਗੀ।
ਸ. ਸਿੱਧੂ ਨੇ ਅੰਤ ਵਿੱਚ ਸਾਰੇ ਕਮਿਸ਼ਨਰਾਂ, ਡਿਪਟੀ ਡਾਇਰੈਕਟਰਾਂ ਤੇ ਕਾਰਜ ਸਾਧਕ ਅਫਸਰਾਂ ਨੂੰ ਕਿਹਾ ਕਿ ਸਫਾਈ ਪ੍ਰਬੰਧਾਂ ਸਬੰਧੀ ਨੋਡਲ ਅਫਸਰ ਤਾਇਨਾਤ ਕਰਨ ਅਤੇ ਹੋਰ ਪ੍ਰਬੰਧ ਮੁਕੰਮਲ ਕਰ ਲੈਣ ਅਤੇ 29 ਜਨਵਰੀ ਤੋਂ ਬਾਅਦ ਉਹ ਖੁਦ ਸਾਰੇ ਸ਼ਹਿਰਾਂ/ਕਸਬਿਆਂ ਦਾ ਅਚਨਚੇਤੀ ਦੌਰਾ ਕਰ ਕੇ ਵਾਰਡਾਂ ਦਾ ਦੌਰਾ ਕਰ ਕੇ ਸਫਾਈ ਪ੍ਰਬੰਧਾਂ ਦਾ ਨਿਰੀਖਣ ਕਰਨਗੇ। ਉਨਾਂ ਕਿਹਾ ਕਿ ਕਿਸੇ ਕਿਸਮ ਦੀ ਅਣਗਹਿਲੀ ਲਈ ਸਬੰਧਤ ਖੇਤਰ ਦਾ ਨੋਡਲ ਅਫਸਰ ਜਵਾਬਦੇਹ ਹੋਵੇਗਾ ਅਤੇ ਉਹ ਨਿੱਜੀ ਤੌਰ ‘ਤੇ ਨੋਡਲ ਅਫਸਰ ਤੋਂ ਇਸ ਦੀ ਰਿਪੋਰਟ ਲੈਣਗੇ।
ਇਸ ਮੌਕੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਏ. ਵੇਣੂੰ ਪ੍ਰਸਾਦ ਨੇ ਬੋਲਦਿਆਂ ਕਿਹਾ ਕਿ ਸਫਾਈ ਰੱਖਣਾ ਹਰੇਕ ਸ਼ਹਿਰੀ ਦਾ ਫਰਜ਼ ਬਣਦਾ ਹੈ ਅਤੇ ਵਿਭਾਗ ਦੇ ਅਧਿਕਾਰੀਆਂ ਦੀ ਇਹ ਜ਼ਿੰਮਵਾਰੀ ਬਣਦੀ ਹੈ ਕਿ ਸ਼ਹਿਰੀਆਂ ਨੂੰ ਸਫਾਈ ਪ੍ਰਤੀ ਜਾਗਰੂਕ ਵੀ ਕਰਨ ਅਤੇ ਸਫਾਈ ਪ੍ਰਬੰਧਾਂ ਦੀ ਨਿਗਰਾਨੀ ਵੀ ਕਰਨ। ਪੀ.ਐਮ.ਆਈ.ਡੀ.ਸੀ. ਦੇ ਸੀ.ਈ.ਓ. ਸ੍ਰੀ ਅਜੋਏ ਸ਼ਰਮਾ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਤਹਿਤ ਪੰਜਾਬ ਦੇ ਸ਼ਹਿਰਾਂ ਵੱਲੋਂ ਸਾਰੇ ਟੀਚੇ ਸਮੇਂ ਤੋਂ ਪਹਿਲਾਂ ਪੂਰੇ ਕੀਤੇ ਜਾਣਗੇ। ਉਨਾਂ ਕਿਹਾ ਕਿ ਇਸ ਮਹੀਨੇ ਦੇ ਅੰਤ ਤੱਕ 61 ਸ਼ਹਿਰੀ ਸਥਾਨਕ ਇਕਾਈਆਂ ਖੁੱਲੇ ਵਿੱਚ ਸੌਚ ਤੋਂ ਮੁਕਤ ਹੋਣਗੀਆਂ। 31 ਮਾਰਚ 2018 ਤੱਕ ਇਹ ਗਿਣਤੀ 101 ਅਤੇ 30 ਜੂਨ 2018 ਤੱਕ ਸਾਰੇ 168 ਸ਼ਹਿਰ ਤੇ ਕਸਬੇ ਖੁੱਲੇ ਵਿੱਚ ਸੌਚ ਤੋਂ ਮੁਕਤ (ਓ.ਐਫ.ਡੀ.) ਹੋਣਗੇ। ਇਸ ਮੌਕੇ ਵਿਭਾਗ ਦੇ ਸਲਾਹਕਾਰ ਡਾ.ਅਮਰ ਸਿੰਘ ਵੀ ਹਾਜ਼ਰ ਸਨ।
ਇਸ ਮੌਕੇ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ, ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ, ਪਟਿਆਲਾ ਖੇਤਰ ਦੀ ਡਿਪਟੀ ਡਾਇਰੈਕਟਰ ਜੀਵਨਜੋਤ ਕੌਰ, ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਨੇ ਆਪੋ-ਆਪਣੇ ਖੇਤਰਾਂ ਵਿੱਚ ਕੀਤੇ ਚੰਗੇ ਸਫਾਈ ਪ੍ਰਬੰਧਾਂ ਬਾਰੇ ਵਿਸ਼ੇਸ਼ ਪੇਸ਼ਕਾਰੀ ਸਕਰੀਨ ਉਪਰ ਦਿੱਤੀ ਜਿਸ ਨੂੰ ਮੰਤਰੀ ਨੇ ਖੂਬ ਸਲਾਹਿਆ। ਸ. ਸਿੱਧੂ ਨੇ ਬਾਕੀ ਅਧਿਕਾਰੀਆਂ ਨੂੰ ਵੀ ਆਪਣੇ ਖੇਤਰਾਂ ਵਿੱਚ ਇਸੇ ਤਰਾਂ ਕੰਮ ਕਰਨ।

print
Share Button
Print Friendly, PDF & Email

Leave a Reply

Your email address will not be published. Required fields are marked *