ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ-ਸਾਧੂ ਸਿੰਘ ਧਰਮਸੋਤ

ss1

ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ-ਸਾਧੂ ਸਿੰਘ ਧਰਮਸੋਤ
ਸ. ਸਾਧੂ ਸਿੰਘ ਧਰਮਸੋਤ ਅਤੇ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਸ਼ਰਧਾ ਦੇ ਫੁੱਲ ਭੇਂਟ

ਠੀਕਰੀਵਾਲਾ/ਬਰਨਾਲਾ (ਗੁਰਭਿੰਦਰ ਗੁਰੀ): ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਕੌਮ ਦਾ ਸਰਮਾਇਆ ਦੱਸਦਿਆਂ ਜੰਗਲਾਤ, ਛਪਾਈ ਤੇ ਲਿਖਣ ਸਮੱਗਰੀ, ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ੍ਰੇਣੀਆਂ ਦੀ ਭਲਾਈ ਮੰਤਰੀ, ਪੰਜਾਬ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਆਖਿਆ ਕਿ ਮਹਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਜਿਹੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।
ਅੱਜ ਇਥੇ ਸੁਤੰਤਰਤਾ ਸੰਗਰਾਮੀ ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ. ਧਰਮਸੋਤ ਨੇ ਆਖਿਆ ਕਿ ਸ਼ਹੀਦ ਸਾਡੇ ਸਾਰਿਆਂ ਲਈ ਚਾਨਣ ਮੁਨਾਰਾ ਹਨ ਜਿਨ੍ਹਾਂ ਨੇ ਦੇਸ਼ ਤੇ ਕੌਮ ਲਈ ਆਪਣਾ ਸਭ ਕੁੱਝ ਨਿਛਾਵਰ ਕਰ ਦਿੱਤਾ। ਉਨ੍ਹਾਂ ਆਖਿਆ ਕਿ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੇ ਲੋਕਾਂ ਦੇ ਹਿੱਤਾਂ ਖ਼ਾਤਰ ਆਜ਼ਾਦੀ ਦੀ ਲੜਾਈ ਲੜੀ ਅਤੇ ਹਕੂਮਤ ਅੱਗੇ ਨਾ ਝੁਕਦਿਆਂ ਆਪਣਾ ਜੀਵਨ ਆਮ ਲੋਕਾਂ ਲਈ ਕੁਰਬਾਨ ਕਰ ਦਿੱਤਾ। ਉਨ੍ਹਾਂ ਆਖਿਆ ਕਿ ਆਜ਼ਾਦੀ ਦੇ ਸੰਘਰਸ਼ ਦੌਰਾਨ ਅਤੇ ਉਸ ਤੋਂ ਬਾਅਦ ਜਦੋਂ ਵੀ ਦੇਸ਼ ਵੱਲ ਕਿਸੇ ਨੇ ਅੱਖ ਚੁੱਕ ਕੇ ਦੇਖਿਆ ਤਾਂ ਪੰਜਾਬ ਦੇ ਮਹਾਨ ਯੋਧਿਆਂ ਨੇ ਸ਼ਹਾਦਤਾਂ ਦੇ ਕੇ ਦੇਸ਼ ਦੀ ਆਨ ਤੇ ਸ਼ਾਨ ਨੂੰ ਕਾਇਮ ਰੱਖਿਆ। ਉਨ੍ਹਾਂ ਆਖਿਆ ਕਿ ਪੰਜਾਬੀਆਂ ਨੂੰ ਕੁਰਬਾਨੀ ਦਾ ਜ਼ਜਬਾ ਗੁੜਤੀ ਵਿੱਚ ਹੀ ਮਿਲਿਆ ਹੈ ਕਿਉਂਕਿ ਸਾਡੇ ਮਹਾਨ ਗੁਰੂਆਂ ਨੇ ਨਾ ਬਰਾਬਰੀ, ਜ਼ੁਲਮ ਤੇ ਬੇਨਿਸਾਫੀ ਖਿਲਾਫ਼ ਅਤੇ ਮਨੁੱਖੀ ਅਧਿਕਾਰਾਂ ਦੀ ਖਾਤਰ ਕੁਰਬਾਨੀ ਦਿੱਤੀ ਹੈ।
ਆਪਣੇ ਸੰਬੋਧਨ ਵਿੱਚ ਸ. ਧਰਮਸੋਤ ਨੇ ਆਖਿਆ ਕਿ ਕਾਂਗਰਸ ਸਰਕਾਰ ਨੇ ਪੰਜਾਬ ਵਾਸੀਆਂ ਖ਼ਾਸ ਕਰਕੇ ਗ਼ਰੀਬਾਂ ਤੇ ਲੋੜਵੰਦਾਂ ਦੀ ਭਲਾਈ ਲਈ ਵਿਸ਼ੇਸ ਉਪਰਾਲੇ ਕੀਤੇ ਹਨ, ਜਿਸ ਤਹਿਤ ਸ਼ਗਨ ਸਕੀਮ ਅਤੇ ਪੈਨਸ਼ਨ ਸਕੀਮ ਦੀ ਸਹਾਇਤਾ ਰਾਸ਼ੀ ਵਿੱਚ ਪਿਛਲੀ ਸਰਕਾਰ ਨਾਲੋਂ ਦੋ ਗੁਣਾਂ ਤੋਂ ਵੀ ਜ਼ਿਆਦਾ ਦਾ ਵਾਧਾ ਕੀਤਾ ਗਿਆ ਹੈ ਅਤੇ ਪਿਛਲੀ ਸਰਕਾਰ ਸਮੇਂ ਗ਼ਲਤ ਬਣੇ ਬੀ.ਪੀ.ਐੱਲ. ਕਾਰਡਾਂ ਦੀ ਵੀ ਜਾਂਚ ਕਰਕੇ ਇਸ ਦਾ ਲਾਭ ਯੋਗ ਲਾਭਪਾਤਰੀਆਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਵਿਕਾਸ ਕੰਮਾਂ ਲਈ ਹੋਈ ਪੈਸਿਆਂ ਦੀ ਵੰਡ ਦਾ ਫਾਇਨਾਸ਼ਿਅਲ ਆਡਿਟ ਕਰਵਾਇਆ ਜਾਵੇਗਾ ਅਤੇ ਜੇਕਰ ਕੋਈ ਭ੍ਰਿਸ਼ਟਾਚਾਰ ਜਾਂ ਗੜਬੜੀ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਭਾਵੇਂ ਉਹ ਕੋਈ ਮੰਤਰੀ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਵੀ ਹੋਵੇ, ਉਸ ਦੇ ਖਿਲਾਫ ਸਬੂਤਾਂ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕੈਬਿਨੇਟ ਮੰਤਰੀ ਸ. ਧਰਮਸੋਤ ਨੇ ਕਿਹਾ ਕਿ ਪੰਜਾਬ ਕਾਂਗਰਸ ਦੁਆਰਾ ਆਪਣੇ ਚੋਣ ਮਨੋਰਥ ਪੱਤਰ ਵਿੱਚ ਜੋ ਵੀ ਵਾਅਦੇ ਕੀਤੇ ਗਏ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਪਿੰਡ ਠੀਕਰਵਾਲ ਦੇ ਨਾਲ-ਨਾਲ ਬਰਨਾਲਾ ਜ਼ਿਲ੍ਹੇ ਦੀਆਂ ਵਿਕਾਸ ਸਬੰਧੀ ਚਿਰਾਂ ਤੋਂ ਲਟਕਦੀਆਂ ਮੰਗਾਂ ਜਲਦ ਪੂਰੀਆਂ ਕਰਵਾਉਣ ਦਾ ਵੀ ਭਰੋਸਾ ਦਿੱਤਾ।
ਇਸ ਮੌਕੇ ਸੂਬੇ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਮਹਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਜਿਹੇ ਮਹਾਨ ਸ਼ਹੀਦਾਂ ਦੀ ਕੁਰਬਾਨੀ ਸਦਕਾ ਹੀ ਅੱਜ ਪੰਜਾਬ ਅਮਨ, ਸ਼ਾਂਤੀ ਅਤੇ ਖੁਸ਼ਹਾਲੀ ਵੱਲ ਨਿਤ ਨਵੀਂ ਪੁਲਾਂਘ ਪੁੱਟ ਰਿਹਾ ਹੈ ।
ਇਸ ਮੌਕੇ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਸਰਕਾਰ ਤੋਂ ਹਰ ਰੋਜ਼ ਵਿਕਾਸ ਕਾਰਜਾਂ ਦਾ ਹਿਸਾਬ ਮੰਗਿਆ ਜਾ ਰਿਹਾ ਹੈ, ਜਦਕਿ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੀ ਵਾਗਡੋਰ ਸੰਭਾਲੀ ਨੂੰ ਅਜੇ ਨਿਗੁਣਾ ਸਮਾਂ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਤੋਂ ਹਿਸਾਬ ਲੈਣ ਤੋਂ ਪਹਿਲਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਨੁਮਾਇੰਦਿਆਂ ਨੂੰ ਪਿਛਲੇ 10 ਸਾਲਾਂ ਵਿੱਚ ਕੀਤੇ ਕੰਮਾਂ ਦਾ ਹਿਸਾਬ ਦੇਣਾ ਚਾਹੀਦਾ ਹੈ ਕਿਉਂਕਿ ਪਿਛਲੀ ਸਰਕਾਰ ਵੇਲੇ ਹੋਈਆਂ ਗੜਬੜੀਆਂ ਕਾਰਨ ਹੀ ਸੂਬੇ ਦੇ ਸਿਰ ਕਰਜ਼ੇ ਦੀ ਪੰਡ ਭਾਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਲਈ ਵੱਡੇ ਕਦਮ ਚੁੱਕੇ ਗਏ ਹਨ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਦਾ ਕਰਜ਼ਾ ਮੁਆਫ਼ ਵੀ ਕੀਤਾ ਗਿਆ ਹੈ।
ਸਮਾਗਮ ਦੌਰਾਨ ਪਿੰਡ ਠੀਕਰੀਵਾਲ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਬੀਬੀ ਰਜਿੰਦਰ ਕੌਰ ਭੱਠਲ ਕੈਪਟਨ ਅਮਰਜੀਤ ਸਿੰਘ ਜੇਜੀ ਦੋਹਤੇ (ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ) ਤੇ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਅਰਵਿੰਦ ਪਾਲ ਸਿੰਘ ਸੰਧੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹੰਤ ਗੁਰਮੀਤ ਸਿੰਘ, ਮੱਖਣ ਸ਼ਰਮਾ, ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ, ਗੁਰਜੀਤ ਸਿੰਘ ਬਰਾੜ, ਸੁਰਿੰਦਰ ਕੌਰ ਬਾਲੀਆ, ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।

print
Share Button
Print Friendly, PDF & Email