ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ ਸਟਾਰ ਕ੍ਰਿਕੇਟਰ ਹਰਮਨਪ੍ਰੀਤ

ss1

ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ ਸਟਾਰ ਕ੍ਰਿਕੇਟਰ ਹਰਮਨਪ੍ਰੀਤ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਨ ਹਰਮਨਪ੍ਰੀਤ ਕੌਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਚੱਕੀ ਵਿਚਕਾਰ ਫਸ ਗਈ ਹੈ। ਹਰਮਨ ਨੂੰ ਰੇਲਵੇ ਦੀ ਨੌਕਰੀ ਛੱਡਣ ‘ਤੇ 27 ਲੱਖ ਦਾ ਜੁਰਮਾਨੇ ਤੋਂ ਰਾਹਤ ਦਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਨੂੰ ਪੱਤਰ ਲਿਖਿਆ ਹੈ।

ਮੁੱਖ ਮੰਤਰੀ ਨੇ ਇਸ ਮਾਮਲੇ ‘ਤੇ ਰੇਲਵੇ ਮੰਤਰੀ ਪਿਊਸ਼ ਗੋਇਲ ਨੂੰ ਪੱਤਰ ਲਿਖਦੇ ਕਿਹਾ ਕਿ ਰੇਲਵੇ ਨੂੰ ਪੰਜਾਬ ਦੀ ਹੋਣਹਾਰ ਖਿਡਾਰਨ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਹਰਮਨਪ੍ਰੀਤ ਕੇਂਦਰ ਦੀ ਨੌਕਰੀ ਕਿਸੇ ਪ੍ਰਾਈਵੇਟ ਨੌਕਰੀ ਲਈ ਨਹੀਂ ਬਲਕਿ ਪੰਜਾਬ ਸਰਕਾਰ ਦੀ ਨੌਕਰੀ ਲਈ ਛੱਡ ਰਹੀ ਹੈ। ਕ੍ਰਿਕਟ ਵਿੱਚ ਨਾਮਣਾ ਖੱਟਣ ਵਾਲੀ ਇਹ ਖਿਡਾਰਣ ਇਨਾਮ ਦੀ ਹੱਕਦਾਰ ਹੈ ਅਤੇ ਇਹ ਜ਼ੁਰਮਾਨਾ ਉਸ ਲਈ ਸਜ਼ਾ ਹੋਵੇਗੀ।

ਮੁੱਖ ਮੰਤਰੀ ਨੇ ਪੱਤਰ ‘ਚ ਰੇਲਵੇ ਮੰਤਰੀ ਨੂੰ ਬੇਨਤੀ ਕਰਦਿਆਂ ਕਿਹਾ ਕਿ ਹਰਮਨਪ੍ਰੀਤ ਨੂੰ ਨੀਤੀਆਂ ਤੋਂ ਰਾਹਤ ਦਿੱਤੀ ਜਾਵੇ ਤੇ ਉਸ ਦਾ ਅਸਤੀਫ਼ਾ ਮਨਜ਼ੂਰ ਕਰਨ ਦੀ ਗੁਜ਼ਾਰਿਸ਼ ਕੀਤੀ। ਹਰਮਨ ਦੇ ਕਿਹਾ ਕਿ ਇਸ ਉਲਝਣ ਦੇ ਚਲਦਿਆਂ ਉਹ ਨਾ ਰੇਲਵੇ ਦੀ ਮੁਲਾਜ਼ਮ ਹੈ ਤੇ ਨਾ ਹੀ ਪੰਜਾਬ ਪੁਲਿਸ ਦੀ। ਪਿਛਲੇ ਪੰਜ ਮਹੀਨੇ ਤੋਂ ਹਰਮਨ ਦੀ ਤਨਖਾਹ ਰੇਲਵੇ ਵਲੋਂ ਰੋਕ ਦਿੱਤੀ ਗਈ ਹੈ।

ਮਹਿਲਾ ਵਿਸ਼ਵ ਕੱਪ 2017 ‘ਚ ਲਾਜਵਾਬ ਪ੍ਰਦਰਸ਼ਨ ਕਰਨ ਤੋਂ ਬਾਅਦ ਹਰਮਨਪ੍ਰੀਤ ਨੂੰ ਪੰਜਾਬ ਸਰਕਾਰ ਨੇ ਉਪ ਪੁਲਿਸ ਕਪਤਾਨ (ਡੀ.ਐੱਸ.ਪੀ.) ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਸੀ। ਹਰਮਨਪ੍ਰੀਤ 2014 ਤੋਂ ਪੱਛਮੀ ਰੇਲਵੇ ‘ਚ ਦੀ ਨੌਕਰੀ ਕਰ ਰਹੀ ਹੈ। ਰੇਲਵੇ ਨੇ 2017 ‘ਚ ਤਰੱਕੀ ਦੇ ਕੇ ਆਫਿਸ ਸੁਪਰਡੈਂਟ ਬਣਾ ਦਿੱਤਾ ਸੀ।

ਰੇਲਵੇ ਨਾਲ ਹਰਮਨਪ੍ਰੀਤ ਦਾ 5 ਸਾਲ ਦਾ ਕਰਾਰ ਸੀ। ਪਰ ਪੰਜਾਬ ਸਰਕਾਰ ਵੱਲੋਂ ਨੌਕਰੀ ਮਿਲਣ ਤੋਂ ਬਾਅਦ ਹਰਮਨ ਨੇ ਰੇਲਵੇ ਨੂੰ ਅਸਤੀਫਾ ਭੇਜ ਦਿੱਤਾ। ਰੇਲਵੇ ਦਾ ਕਹਿਣਾ ਹੈ ਕਿ ਕਰਾਰ ਮੁਤਾਬਕ ਹਰਮਨਪ੍ਰੀਤ ਨੂੰ ਸਮਾਂ ਪੂਰਾ ਕਰਨਾ ਹੋਵੇਗਾ ਜਾਂ 27 ਲੱਖ ਰੁਪਏ ਜੁਰਮਾਨਾ ਦੇਣਾ ਪਵੇਗਾ। ਰੇਲਵੇ ਨੇ ਹਰਮਨਪ੍ਰੀਤ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ।

ਪੰਜਾਬ ਦੇ ਮੋਗਾ ਦੀ ਰਹਿਣ ਵਾਲੀ ਹਰਮਨਪ੍ਰੀਤ ਕੌਰ ਬੀਤੇ ਵਰ੍ਹੇ ਇੰਗਲੈਂਡ ‘ਚ ਖੇਡੇ ਗਏ ਮਹਿਲਾ ਵਿਸ਼ਵ ਕੱਪ ਦੌਰਾਨ ਸੁਰਖੀਆਂ ‘ਚ ਆਈ ਸੀ। ਹਰਮਨਪ੍ਰੀਤ ਨੇ ਸੈਮੀਫਾਈਨਲ ਮੁਕਾਬਲੇ ‘ਚ ਆਸਟ੍ਰੇਲੀਆ ਖਿਲਾਫ਼ ਨਾਬਾਦ 171 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਨੂੰ ਫਾਈਨਲ ‘ਚ ਪਹੁੰਚਾਇਆ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *