ਪੰਥਕ ਆਗੂ ਮਨਜੀਤ ਸਿੰਘ ਕਲਕੱਤਾ ਦਾ ਅਕਾਲ-ਚਲਾਣਾ ਪੰਥ ਦਾ ਘਾਟਾ: ਜੀ.ਕੇ.

ss1

ਪੰਥਕ ਆਗੂ ਮਨਜੀਤ ਸਿੰਘ ਕਲਕੱਤਾ ਦਾ ਅਕਾਲ-ਚਲਾਣਾ ਪੰਥ ਦਾ ਘਾਟਾ: ਜੀ.ਕੇ.
ਕਲਕੱਤਾ ਨੇ ਸਿਧਾਂਤਾ ਖਾਤਰ ਅਹੁਦੇ ਤਿਆਗਣ ਨੂੰ ਪਹਿਲ ਦਿੱਤੀ

ਨਵੀਂ ਦਿੱਲੀ 18 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਪੰਥਕ ਆਗੂ ਮਨਜੀਤ ਸਿੰਘ ਕਲਕੱਤਾ ਦੇ ਅਕਾਲ ਚਲਾਣੇ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥ ਦਾ ਘਾਟਾ ਕਰਾਰ ਦਿੱਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਕਲਕੱਤਾ ਬਾਰੇ ਇੱਕ ਗੱਲ ਮਸ਼ਹੂਰ ਹੈ ਕਿ ਉਨ੍ਹਾਂ ਨੇ ਸਿਧਾਂਤਾ ਖਾਤਰ ਅਹੁਦੇ ਤਿਆਗਣ ਨੂੰ ਪਹਿਲ ਦਿੱਤੀ ਤਾਂ ਕਿ ਸਿੱਖ ਸਿਧਾਂਤਾ ਦੀ ਪਹਿਰੇਦਾਰੀ ਅਤੇ ਗੁਰੂ ਵੱਲੋਂ ਦਰਸ਼ਾਏ ਗਏ ਜੀਵਨ ਜਾਂਚ ਦੀ ਪ੍ਰੋੜਤਾ ਹੋ ਸਕੇ। ਜੀ.ਕੇ. ਨੇ ਕਿਹਾ ਕਿ ਮੇਰੇ ਪਿਤਾ ਦੇ ਸਹਿਯੋਗੀ ਰਹੇ ਕਲਕੱਤਾ ਨੇ ਲੰਬੇ ਸਮੇਂ ਤਕ ਪੰਥ ਦੀ ਸੇਵਾ ਕੀਤੀ ਹੈ। ਭਾਵੇਂ ਸਾਡੇ ਨਾਲ ਉਨ੍ਹਾਂ ਦਾ ਸਿਆਸੀ ਆਹਮਣਾ-ਸਾਹਮਣਾ ਵੀ ਹੁੰਦਾ ਰਿਹਾ ਪਰ ਉਹ ਪੰਥਕ ਸੋਚ ਵਾਲੇ ਪੁਰਾਣੇ ਲੀਡਰ ਸਨ।

ਕਲਕੱਤਾ ਨੂੰ ਪੰਥ ਦਾ ਵਿਦਵਾਨ ਅਤੇ ਪ੍ਰਚਾਰਕ ਕਰਾਰ ਦਿੰਦੇ ਹੋਏ ਜੀ.ਕੇ. ਨੇ ਕਲਕੱਤਾ ਵੱਲੋਂ ਨੌਜਵਾਨਾਂ ਨੂੰ ਸਿੱਖੀ ਸਿਧਾਂਤਾ ਨਾਲ ਜੋੜਨ ਲਈ ਲਗਾਏ ਗਏ ਗੁਰਮਤਿ ਕੈਂਪਾਂ ਨੂੰ ਬੇਮਿਸਾਲ ਦੱਸਿਆ। ਆੱਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਇੱਕ ਨਿਮਾਣੇ ਵਰਕਰ ਤੋਂ ਪ੍ਰਧਾਨਗੀ ਅਹੁਦੇ ਤਕ ਦੇ ਕਲਕੱਤਾ ਦੇ ਸਫ਼ਰ ਨੂੰ ਨੌਜਵਾਨ ਪੰਥਕ ਆਗੂਆਂ ਲਈ ਪ੍ਰੇਰਣਾ ਸਰੋਤ ਦੱਸਦੇ ਹੋਏ ਜੀ.ਕੇ. ਨੇ ਕਲਕੱਤਾ ਵੱਲੋਂ ਬਾਦਲ ਸਰਕਾਰ ਵਿੱਚ ਸਿੱਖਿਆ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਵੱਜੋਂ ਪੰਥਕ ਦਰਦ ਰੱਖਦੇ ਹੋਏ ਕੀਤੇ ਗਏ ਕਾਰਜਾਂ ਨੂੰ ਚਾਨਣ ਮੁਨਾਰਾ ਦੱਸਿਆ। ਸਿੱਖ ਸਿਆਸਤ ਵਿੱਚ ਆ ਰਹੇ ਨੌਜਵਾਨਾਂ ਨੂੰ ਪੰਥ ਲਈ ਉਸਾਰੂ ਸਿਆਸਤ ਕਰਨ ਦਾ ਜੀ.ਕੇ. ਨੇ ਸੱਦਾ ਦਿੱਤਾ।

print
Share Button
Print Friendly, PDF & Email