ਲੋਹੜੀ ਵਿਸ਼ੇਸ਼: ਜਿਨ੍ਹਾਂ ਦਾ ਨਾਇਕ ‘ਦੁੱਲਾ’ ਸੀ ਉਨ੍ਹਾਂ ਦੇ ਨਾਇਕ ਗੈਂਗਸਟਰ ਕਿਉਂ ਬਣੇ?

ss1

ਲੋਹੜੀ ਵਿਸ਼ੇਸ਼: ਜਿਨ੍ਹਾਂ ਦਾ ਨਾਇਕ ‘ਦੁੱਲਾ’ ਸੀ ਉਨ੍ਹਾਂ ਦੇ ਨਾਇਕ ਗੈਂਗਸਟਰ ਕਿਉਂ ਬਣੇ?

ਲੋਹੜੀ ਦੇ ਤਿਓਹਾਰ ਦੀ ਕਹਾਣੀ ਦਾ ਮੁੱਖ ਨਾਇਕ ਬਾਬਾ ਦੁੱਲਾ ਭੱਟੀ ਹੈ। ਦੁੱਲਾ ਮੁਗ਼ਲ ਸਲਤਨਤ ਦੇ ਜ਼ੁਲਮਾਂ ਤੇ ਕੁਰੀਤੀਆਂ ਖ਼ਿਲਾਫ ਰੋਹ, ਲੜਾਈ ਤੇ ਇਨਸਾਫ ਦਾ ਪ੍ਰਤੀਕ ਸੀ। ਸ਼ਾਹੀ ਦਰਬਾਰ ਵੱਲੋਂ ਮਨਮਰਜ਼ੀ ਦੇ ਟੈਕਸ ਵਸੂਲਣੇ, ਔਰਤਾਂ ਅਤੇ ਬੱਚਿਆਂ ਨੂੰ ਗ਼ੁਲਾਮ ਬਣਾ ਕੇ ਰੱਖਿਆ ਜਾਂਦਾ ਸੀ।

ਦੁੱਲੇ ਨੇ ਇਨ੍ਹਾਂ ਕੁਰੀਤੀਆਂ ਖਿਲਾਫ਼ ਹੱਲਾ ਬੋਲਿਆ। ਉਸ ਨੇ ਅਗ਼ਵਕਾਰਾਂ ਤੋਂ ਸੁੰਦਰ ਮੁੰਦਰੀ ਨੂੰ ਰਿਹਾਅ ਕਰਵਾ ਕੇ ਉਸ ਦੇ ਪਿਤਾ ਦੀ ਤਰ੍ਹਾਂ ਮਨਚਾਹਿਆ ਵਰ ਲੱਭ ਕੇ ਵਿਆਹ ਕੀਤਾ ਸੀ। ਇਸੇ ਕਾਰਨ ਇਹ ਲੋਕ ਗੀਤ ਅੱਜ ਵੀ ਪੰਜਾਬ ਦੇ ਬੱਚੇ ਬੱਚੇ ਦੀ ਜ਼ੁਬਾਨ ‘ਤੇ ਹੈ…!

ਸੁੰਦਰ ਮੁੰਦਰੀਏ ਹੋ,

ਤੇਰਾ ਕੌਣ ਵਿਚਾਰਾ ਹੋ,

ਦੁੱਲਾ ਭੱਟੀ ਵਾਲਾ ਹੋ,

ਦੁੱਲੇ ਨੇ ਧੀ ਵਿਆਹੀ ਹੋ,

ਸੇਰ ਸ਼ੱਕਰ ਪਾਈ ਹੋ,

ਕੁੜੀ ਦਾ ਸਾਲੂ ਪਾਟਾ ਹੋ,

ਸਾਲੂ ਕੌਣ ਸਮੇਟੇ ਹੋ..!

ਸਵਾਲ ਇਹ ਹੈ ਕਿ ਕੀ ਇਤਿਹਾਸ ਦੀਆਂ ਕਹਾਣੀਆਂ ਦਾ ਵਰਤਮਾਨ ਨਾਲ ਕੋਈ ਸਬੰਧ ਹੁੰਦਾ ਹੈ? ਕੀ ਇਤਿਹਾਸ ਸਿਰਫ ਪੜ੍ਹਨ ਲਈ ਤੇ ਇਤਿਹਾਸ ਦੇ ਗੀਤ ਸਿਰਫ ਗਾਉਣ ਲਈ ਹੁੰਦੇ ਹਨ ਜਾਂ ਉਨ੍ਹਾਂ ਤੋਂ ਕੋਈ ਸਿੱਖਿਆ ਲੈ ਕੇ ਨਵੀਆਂ ਪੀੜ੍ਹੀਆਂ ਨੇ ਅੱਗੇ ਵਧਣਾ ਹੁੰਦਾ ਹੈ। ਕੀ ਉੱਤਰ ਆਧੁਨਿਕ ਯੁੱਗ ‘ਚ ਸੱਚਮੁੱਚ ਇਤਿਹਾਸ ਦਾ ਅੰਤ ਹੋ ਚੁੱਕਿਆ ਹੈ?

ਸਭ ਤੋਂ ਅਹਿਮ ਸਵਾਲ ਇਹ ਹੈ ਕਿ ਨਵੇਂ ਪੰਜਾਬ ਦੀ ਸਿਆਸੀ ਜਮਾਤ ‘ਚੋਂ ਕੋਈ ਦੁੱਲਾ ਕਿਉਂ ਨਹੀਂ ਬਣਿਆ। ਦੁੱਲਾ ਸਿਆਸੀ ਜਮਾਤ ਦਾ ਆਦਰਸ਼ ਕਿਉਂ ਨਹੀਂ? ਜੇ ਪੰਜਾਬ ਕੋਲ ਸੁੱਚਮੁੱਚ ਕੋਈ ਆਦਰਸ਼ ਤੇ ਵਿਜ਼ਨਰੀ ਲੀਡਰ ਹੁੰਦਾ ਤਾਂ ਕੀ ਪੰਜਾਬ ਦਾ ਮੌਜੂਦਾ ਹਾਲ ਹੁੰਦਾ? ਕੀ ਪੰਜਾਬ ਏਨੇ ਵੱਡੇ ਆਰਥਿਕ, ਸਮਾਜਿਕ ਤੇ ਸੱਭਿਆਚਰਕ ਸੰਕਟਾਂ ਦਾ ਸ਼ਿਕਾਰ ਹੁੰਦਾ? ਪੰਜਾਬ ਦਾ ਕੋਈ ਲੀਡਰ ਪੰਜਾਬ ਨਾਲ ਦੁੱਲੇ ਵਾਂਗੂ ਮੋਹ ਕਿਉਂ ਨਹੀਂ ਕਰਦਾ। ਕੀ ਨਵੇਂ ਪੰਜਾਬ ਦੀ ਸਮੂਹ ਲੀਡਰਸ਼ਿੱਪ ਨੂੰ ਕਦੇ ਲੱਗਿਆ ਹੈ ਕਿ “ਇਹ ਸਾਡਾ ਪੰਜਾਬ ਹੈ”? ਕੀ ਕਿਸੇ ਲੀਡਰ ਨੂੰ ਕਦੇ ਲੱਗਿਐ ਕਿ “ਇਹ ਮੇਰਾ ਪੰਜਾਬ ਹੈ”? ਗੱਲ ਦੁੱਲੇ ਦੇ ਸੋਹਲੇ ਗਾਉਣ ਦੀ ਨਹੀਂ ਅਸਲ ਗੱਲ ਦੁੱਲਾ ਹੋਣ ਦੀ ਹੈ।

ਸਵਾਲ ਇਹ ਵੀ ਹੈ ਕਿ ਦੁੱਲੇ ਭੱਟੀ ਜਿਹੇ ਇਨਸਾਫਪਸੰਦ ਨਾਇਕਾਂ ਨੂੰ ਮੰਨਣ ਵਾਲੇ ਪੰਜਾਬ ਦੇ ਨੌਜਵਾਨਾਂ ਦੇ ਨਾਇਕ ਅੱਜ-ਕੱਲ੍ਹ ਗੈਂਗਸਟਰ ਕਿਉਂ ਹਨ? ਕਿਉਂ ਪੰਜਾਬ ਦੇ ਨੌਜਵਾਨ ਗੈਂਗਸਟਰਾਂ ਨੂੰ ਸੋਸ਼ਲ ਮੀਡੀਆ ‘ਤੇ ਸੈਲੀਬ੍ਰੇਟ ਕਰਦੇ ਹਨ? ਕੀ ਪੰਜਾਬ ਇਤਿਹਾਸ ਦੀ ਲੀਹੋਂ ਲਹਿ ਚੁੱਕਾ ਹੈ? ਗੱਲ ਇਕੱਲੀ ਗੈਂਗਸਟਰਾਂ ‘ਤੇ ਨਹੀਂ ਰੁਕਦੀ। ਪੰਜਾਬ ਦੀ ਜਵਾਨੀ ਦਾ ਵੱਡਾ ਹਿੱਸਾ ਸੰਥੈਟਿਕ ਡਰੱਗ ਦਾ ਸ਼ਿਕਾਰ ਹੈ। ਜੇ ਪੰਜਾਬ ਦੇ ਸਿਆਸੀ ਜਮਾਤ ਨੌਜਵਾਨ ਦਾ ਆਦਰਸ਼ ਨਹੀਂ ਵੀ ਹੈ ਤਾਂ ਉਹ ਇਤਿਹਾਸ ਦੇ ਨਾਇਕਾਂ ਤੋਂ ਕੋਈ ਸਿੱਖਿਆ ਕਿਉਂ ਨਹੀਂ ਲੈਂਦਾ।

ਹਰ ਸਿਆਸੀ-ਸਰਕਾਰੀ ਪ੍ਰਬੰਧ ‘ਚ ਸ਼ੁਰੂ ਤੋਂ ਸਮੱਸਿਆਵਾਂ ਹਨ ਤੇ ਹੋ ਸਕਦੈ ਅੰਤ ਤੱਕ ਵੀ ਰਹਿਣ ਪਰ ਇਸਦਾ ਮਤਲਬ ਇਹ ਨਹੀਂ ਸਰਕਾਰੀ ਪ੍ਰਬੰਧ ‘ਤੇ ਸਭ ਕੁਝ ਛੱਡ ਕੇ ਪਿਆਰੀ ਜ਼ਿੰਦਗੀ ਨੂੰ ਰੱਸੇ ਦੇ ਗਲ ਲਾ ਲਿਆ ਜਾਵੇ। ਹਜ਼ਾਰਾਂ ਸੰਕਟਾਂ ਦੇ ਬਾਵਜੂਦ ਵੀ ਖ਼ੁਦਕੁਸ਼ੀ ਕੋਈ ਰਾਹ ਨਹੀਂ ਹੈ ਪਰ ਚੜ੍ਹਦੀ ਕਲਾ ‘ਚ ਰਹਿਣ ਵਾਲਾ ਕਿਸਾਨ ਢਹਿੰਦੀ ਕਲਾ ‘ਚ ਫਾਹੇ ਲੈ ਰਿਹਾ ਹੈ।

ਇਨ੍ਹਾਂ ਸੰਕਟਾਂ ਤੋਂ ਇਲਾਵਾ ਵੀ ਪੰਜਾਬ ਇਸ ਸਮੇਂ ਸੈਂਕੜੇ ਸੰਕਟਾਂ ‘ਚੋਂ ਗੁਜ਼ਰ ਰਿਹਾ ਹੈ। ਖ਼ੁਸ਼ੀ ਦੇ ਤਿਓਹਾਰ ਲੋਹੜੀ ‘ਤੇ ਇਨ੍ਹਾਂ ਸੰਕਟਾਂ ਨੂੰ ਯਾਦ ਕਰਨ ਦਾ ਮਤਲਬ ਭਵਿੱਖ ‘ਚ ਖ਼ੁਸ਼ਨੁਮਾ ਪੰਜਾਬ ਦੀ ਕਾਮਨਾ ਹੈ। ਸਾਨੂੰ ਲੱਗਦੈ ਸਾਡੇ ਬਾਬੇ ਦੁੱਲੇ ਭੱਟੀ ਨੂੰ ਇਸ ਤਰ੍ਹਾਂ ਯਾਦ ਕਰਨਾ ਹੀ ਉਨ੍ਹਾਂ ਨੂੰ ਅਸਲ ਸ਼ਰਧਾਂਜ਼ਲੀ ਹੈ। ਸਾਡੀ ਅਰਦਾਸ ਹੈ ਕਿ ਲੋਹੜੀ ਦਾ ਤਿਓਹਾਰ ਦੁਨੀਆ ਤੇ ਪੰਜਾਬ ਲਈ ਬਿਹਤਰ ਭਵਿੱਖ ਲੈ ਕੇ ਆਵੇ ਤੇ ਦੁਨੀਆ ਦੁੱਲੇ ਭੱਟੀ ਜਿਹੇ ਇਤਿਹਾਸ ਦੇ ਨਾਇਕਾਂ ਦੀਆਂ ਸਿੱਖਿਆਵਾਂ ਤੇ ਇੰਸਾਫਪਸੰਦ ਸੰਘਰਸ਼ਾਂ ਨਾਲ ਅੱਗੇ ਵਧੇ।

print
Share Button
Print Friendly, PDF & Email

Leave a Reply

Your email address will not be published. Required fields are marked *