ਸਿਰਫ ਸੌ ਰੁਪਿਆ / ਮਿੰਨੀ ਕਹਾਣੀ

ss1

ਸਿਰਫ ਸੌ ਰੁਪਿਆ / ਮਿੰਨੀ ਕਹਾਣੀ

ਛੇ ਦਿਨ ਪਹਿਲਾਂ ਮਾਸਟਰ ਹਰਪਾਲ ਸਿੰਘ ਆਪਣੀ ਲੜਕੀ ਦੇ ਵਿਆਹ ਦਾ ਕਾਰਡ ਤੇ ਮਠਿਆਈ ਦਾ ਡੱਬਾ ਮੈਨੂੰ ਘਰ ਆ ਕੇ ਦੇ ਗਿਆ ਸੀ। ਵਿਆਹ ਦਾ ਕਾਰਡ ਤੇ ਮਠਿਆਈ ਦਾ ਡੱਬਾ ਦੇਣ ਵੇਲੇ ਉਸ ਨੇ ਮੈਨੂੰ ਆਖਿਆ ਸੀ ਕਿ ਭਾਵੇਂ ਵਿਆਹ ਨਵਾਂ ਸ਼ਹਿਰ ਬਲਿਊ ਮੂਨ ਪੈਲੇਸ ਵਿੱਚ ਹੋਣਾ ਹੈ, ਪਰ ਅਨੰਦ ਕਾਰਜ ਆਪਣੇ ਪਿੰਡ ਦੇ ਗੁਰੂਦੁਆਰੇ ਵਿੱਚ ਹੋਣੇ ਹਨ। ਅੱਜ ਪਿੰਡ ਦੇ ਗੁਰੂਦੁਆਰੇ ਤੋਂ ਅਨਾਊਂਮੈਂਟ ਹੋ ਰਹੀ ਸੀ, ਮਾਸਟਰ ਹਰਪਾਲ ਸਿੰਘ ਦੀ ਲੜਕੀ ਦੇ ਅਨੰਦ ਕਾਰਜ ਹੋਣ ਲੱਗੇ ਆ। ਪਿੰਡ ਵਾਸੀ ਗੁਰੂਦੁਆਰਾ ਸਾਹਿਬ ਪਹੁੰਚ ਜਾਉ।ਇਹ ਅਨਾਊਂਮੈਂਟ ਸੁਣ ਕੇ ਮੈਂ ਪਿੰਡ ਦੇ ਗੁਰੂਦੁਆਰੇ ਪਹੁੰਚ ਗਿਆ। ਸ੍ਰੀ ਗੁਰੁ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਪਿੱਛੋਂ ਮੈਂ ਮਾਸਟਰ ਹਰਪਾਲ ਸਿੰਘ ਦੇ ਲਾਗੇ ਜਾ ਕੇ ਬੈਠ ਗਿਆ। ਉਸ ਦੇ ਖੱਬੇ, ਸੱਜੇ ਤਿੰਨ, ਚਾਰ ਮਾਸਟਰ ਵੀ ਬੈਠੇ ਸਨ, ਜੋ ਉਸ ਦੇ ਨਾਲ ਪੜ੍ਹਾਂਦੇ ਸਨ।ਪਾਠੀ ਸਿੰਘ ਨੇ ਚਾਰ ਲਾਵਾਂ ਦਾ ਪਾਠ ਪੜ੍ਹ ਕੇ ਅਨੰਦ ਕਾਰਜ ਪੂਰੇ ਕੀਤੇ।ਮੈਂ ਆਪਣੀ ਜੇਬ ਵਿੱਚੋਂ ਸ਼ਗਨ ਦਾ ਲਿਫਾਫਾ ਕੱਢ ਕੇ ਮਾਸਟਰ ਹਰਪਾਲ ਸਿੰਘ ਦੇ ਅੱਗੇ ਕਰਦਿਆਂ ਕਿਹਾ, ਤਹਾਨੂੰ ਲੜਕੀ ਦੇ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ। ਮਾਸਟਰ ਹਰਪਾਲ ਸਿੰਘ ਨੇ ਆਖਿਆ, ਹਾਲੇ ਇਹ ਲਿਫਾਫਾ ਰਹਿਣ ਦਿਉ।ਗੁਰੂਦੁਆਰੇ ਤੋਂ ਬਾਹਰ ਜਾ ਕੇ ਲਵਾਂਗੇ।ਮੇਨੂੰ ਉਸ ਦੇ ਇਸ ਵਰਤਾਉ ਤੇ ਕੁਝ ਗੁੱਸਾ ਚੜ੍ਹ ਗਿਆ, ਫਿਰ ਮਨ ਮਾਰ ਕੇ ਉਸ ਦੇ ਗੁਰੂਦੁਆਰੇ ‘ਚੋਂ ਬਾਹਰ ਜਾਣ ਦਾ ਇੰਤਜ਼ਾਰ ਕਰਨ ਲੱਗਾ।ਪ੍ਰਸ਼ਾਦ ਲੈਣ ਪਿੱਛੋਂ ਲੜਕੇ ਨਾਲ ਆਏ ਬਰਾਤੀ ਤੇ ਪਿੰਡ ਦੇ ਲੋਕ ਗੁਰੂਦੁਆਰੇ ਤੋਂ ਬਾਹਰ ਆ ਗਏ।ਮੈਂ ਵੀ ਮਾਸਟਰ ਹਰਪਾਲ ਸਿੰਘ ਦੇ ਨਾਲੇ ਬਾਹਰ ਆ ਗਿਆ।
ਮਾਸਟਰ ਜੀ, ਹੁਣ ਤਾਂ ਸ਼ਗਨ ਲੈ ਲਉ।ਮੈਂ ਆੀਖਆ।

ਮਾਸਟਰ ਹਰਪਾਲ ਸਿੰਘ ਬੜੀ ਨਿਮਰਤਾ ਨਾਲ ਆਖਣ ਲੱਗਾ, ਪਹਿਲਾਂ ਤਾਂ ਮੈਂ ਤਹਾਡੇ ਕੋਲੋਂ ਇਸ ਗੱਲ ਦੀ ਮਾਫੀ ਮੰਗਦਾਂ ਕਿ ਮੈਂ ਲਿਫਾਫਾ ਗੁਰੂਦੁਆਰੇ ਦੇ ਅੰਦਰ ਤੁਹਾਡੇ ਕੋਲੋਂ ਨਹੀਂ ਫੜਿਆ। ਦੂਜੀ ਗੱਲ ਮੈਂ ਕਿਸੇ ਤੋਂ ਵੀ ਲਿਫਾਫੇ ਵਿੱਚ ਸ਼ਗਨ ਨ੍ਹੀਂ ਲਿਆ। ਹਰ ਇਕ ਤੋਂ ਸਿਰਫ ਸੌ ਰੁਪਿਆ ਲਿਆ। ਤੁਹਾਨੂੰ ਪਤਾ ਹੀ ਆ, ਮੈਂ ਤੇ ਮੇਰੀ ਪਤਨੀ ਦੋਵੇਂ ਟੀਚਰ ਹਾਂ। ਸਾਨੂੰ ਕਿਸੇ ਚੀਜ਼ ਦੀ ਵੀ ਲੋੜ ਨਹੀਂ।ਲੜਕੀ ਹੁਣੇ ਅਸਟਰੇਲੀਆ ਤੋਂ ਵਿਆਹ ਕਰਾਣ ਲਈ ਆਈ ਆ। ਕੁਝ ਦਿਨਾਂ ਪਿੱਛੋਂ ਉਸ ਨੇ ਮੁੜ ਅਸਟਰੇਲੀਆ ਚਲੇ ਜਾਣਾ ਆਂ।ਇਸ ਕਰਕੇ ਤੁਸੀਂ ਮੇਨੂੰ ਸਿਰਫ ਸੌ ਰੁਪਿਆ ਸ਼ਗਨ ਦਾ ਦੇ ਦਿਉ।

ਮੈਂ ਆਪਣੇ ਬਟੂਏ ਵਿੱਚੋਂ ਸੌ ਰੁਪਏ ਦਾ ਨੋਟ ਕੱਢ ਕੇ ਉਸ ਦੇ ਹੱਥਾਂ ਵਿੱਚ ਰੱਖ ਦਿੱਤਾ।ਮੈਂ ਇਹ ਸੋਚਦਾ ਗੁਰੂਦੁਆਰੇ ਤੋਂ ਬਾਹਰ ਆ ਗਿਆ ਕਿ ਜੇ ਸਾਰੇ ਲੋਕ ਮਾਸਟਰ ਹਰਪਾਲ ਸਿੰਘ ਵਾਂਗ ਸੋਚਣ ਲੱਗ ਪੈਣ,ਤਾਂ ਕਿੰਨਾ ਧਨ ਬਚ ਸਕਦੈ ਅਤੇ ਵਾਧੂ ਦੇ ਲੜਾਈ, ਝਗੜੇ ਤੇ ਕਲੇਸ਼ ਜਿਹੜੇ ਲੈਣ, ਦੇਣ ਪਿੱਛੇ ਹੁੰਦੇ ਹਨ, ਵੀ ਘੱਟ ਸਕਦੇ ਹਨ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554

print
Share Button
Print Friendly, PDF & Email