ਪੋਹ-ਮਾਘ ਦੀ ਠੰਢ ਵਿੱਚ ਠਰ੍ਹਨ ਲਈ ਮਜ਼ਬੂਰ ਹਜ਼ਾਰਾਂ ਭਾਰਤੀਆਂ ਦੀ ਸਾਰ ਲੈਣ ਦੀ ਲੋੜ

ss1

ਪੋਹ-ਮਾਘ ਦੀ ਠੰਢ ਵਿੱਚ ਠਰ੍ਹਨ ਲਈ ਮਜ਼ਬੂਰ ਹਜ਼ਾਰਾਂ ਭਾਰਤੀਆਂ ਦੀ ਸਾਰ ਲੈਣ ਦੀ ਲੋੜ

ਰੁੱਤਾਂ ਕੁਦਰਤ ਦੀਆਂ ਅਨਮੋਲ ਦਾਤਾਂ ਹਨ । ਮਨੁੱਖ ਨੇ ਦੌਲਤ-ਛੌਹਰਤ ਪ੍ਰਾਪਤ ਕਰਨ ਲਈ ਇਹਨਾਂ ਕੁਦਰਤੀ ਦਾਤਾਂ ਨਾਲ ਛੇੜ-ਛਾੜ ਕਰਕੇ ਆਪਣੇ ਜੀਵਨ ਨੂੰ ਆਪ ਹੀ ਖਤਰੇ ਵਿੱਚ ਪਾ ਲਿਆ ਹੈ । ਕਈ ਵਰਦਾਨਾਂ ਨੇ ਸ਼ਰਾਪ ਦਾ ਰੂਪ ਤੱਕ ਧਾਰਨ ਕਰ ਲਿਆ ਹੈ । ਅੱਜਕੱਲ੍ਹ ਪੈ ਰਹੀ ਕੜਾਕੇ ਦੀ ਠੰਢ ਵੀ ਲੋਕਾਂ ਉੱਤੇ ਕਹਿਰ ਬਣ ਕੇ ਟੁੱਟ ਰਹੀ ਹੈ । ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਭਾਰਤ ਦੇਸ਼ ਦੇ ਲੋਕਾਂ ਲਈ ਜ਼ਿਆਦਾ ਠੰਢ, ਕ੍ਹੋਰੇ ਅਤੇ ਧੁੰਦ ਨੂੰ ਝੱਲਣ ਲਈ ਸਾਧਨਾਂ ਦੀ ਬਹੁਤ ਜ਼ਿਆਦਾ ਘਾਟ ਹੈ । ਹਰ ਵਾਰ ਇਹ ਕੁਦਰਤੀ ਕਰੋਪੀ ਬਣਕੇ ਕਈ ਜਾਨਾਂ ਤੱਕ ਵੀ ਲੈ ਲੈਂਦੀ ਹੈ । ਇਸ ਲਈ ਪੋਹ-ਮਾਘ ਦੀ ਠੰਢ ਵਿੱਚ ਠਰ੍ਹਨ ਲਈ ਮਜ਼ਬੂਰ ਹਜ਼ਾਰਾਂ ਭਾਰਤੀਆਂ ਦੀ ਸਾਰ ਲੈਣ ਦੀ ਲੋੜ ਹੈ ।
ਬਹੁਤ ਸਾਰੇ ਭਾਰਤੀਆਂ ਦੇ ਸਿਰ ਉੱਤੇ ਛੱਤ ਤੱਕ ਨਹੀਂ ਹੈ । ਕਈ ਲੋਕ ਸੜਕਾਂ, ਬੱਸ-ਸਟੈਂਡਾਂ, ਰੇਲਵੇ ਸ਼ਟੇਸ਼ਨਾਂ ਅਤੇ ਹੋਰ ਕਈ ਥਾਵਾਂ ਉੱਤੇ ਕੜਾਕੇ ਦੀ ਠੰਢ ਵਿੱਚ ਠਰੂੰ-ਠਰੂੰ ਕਰਦੇ ਆਮ ਵੇਖੇ ਜਾ ਸਕਦੇ ਹਨ । ਉਹਨਾਂ ਕੋਲ ਰਹਿਣ ਲਈ ਘਰ ਹੀ ਨਹੀਂ ਸਗੋਂ ਖਾਣ ਲਈ ਵੀ ਕੁਝ ਨਹੀਂ ਹੈ ਅਤੇ ਪਹਿਨਣ ਲਈ ਵੀ ਕੁਝ ਨਹੀਂ ਹੈ। ਆਪਣੇ ਆਲੇ-ਦੁਆਲੇ ਹੀ ਗੁਰਬਤ ਕਾਰਨ ਨੰਗੇ ਪੈਰੀਂ ਅਤੇ ਨਾਮਾਤਰ ਕੱਪੜਿਆਂ ਵਿੱਚ ਛੋਟੇ-ਛੋਟੇ ਬੱਚੇ ਵੇਖ ਕੇ ਵੀ ਸਾਡਾ ਦਿਲ ਧੁਰ-ਅੰਦਰ ਤੱਕ ਵਲੂੰਧਰਿਆ ਜਾਂਦਾ ਹੈ । ਪਦਾਰਥਵਾਦੀ ਬੱਚਿਆਂ ਵੱਲੋਂ ਘਰਾਂ ਤੋਂ ਕੱਢੇ ਬਜ਼ੁਰਗ ਵੀ ਵੱਡੀ ਗਿਣਤੀ ਵਿੱਚ ਠੰਢ ਵਿੱਚ ਠੁੰਡਰਦੇ ਵੇਖੇ ਜਾ ਸਕਦੇ ਹਨ । ਇੱਥੋਂ ਅਸੀਂ ਅਰਾਮ ਨਾਲ ਅੰਦਾਜ਼ਾ ਲਗਾ ਸਕਦੇ ਹਾਂ ਕਿ ‘ਵਿਕਾਸ’ ਸ਼ਬਦ ਬਸ ਚੋਣ-ਜੁਮਲਾ ਬਣ ਕੇ ਹੀ ਰਹਿ ਗਿਆ ਹੈ । ਘਰ ਤੋਂ ਕੰੰਮ ਤੱਕ ਜਾਂਦੇ ਅਤੇ ਕੰਮ ਤੋਂ ਘਰ ਤੱਕ ਆਉਂਦੇ ਅਸੀਂ ਹਰ ਰੋਜ਼ ਇਸ ਜ਼ਮੀਨੀ ਹਕੀਕਤ ਨਾਲ ਜੁੜ ਜਾਂਦੇ ਹਾਂ ਕਿ ਬਹੁਤੇ ਲੋਕਾਂ ਦਾ ਜੀਵਨ ਪੱਧਰ ਹੋਰ ਹੇਠਾਂ ਡਿੱਗਿਆ ਹੈ ।
ਠੰਡੀਆਂ ਹਵਾਵਾਂ ਖਾਂਸੀ, ਦਮਾ, ਬਲੱਡ ਪ੍ਰੈਸ਼ਰ, ਦਿਲ ਅਤੇ ਜੋੜਾਂ ਦੇ ਰੋਗੀਆਂ ਅਤੇ ਦਿਮਾਗ ਲਈ ਨੁਕਸਾਨਦੇਹ ਹੁੰਦੀਆਂ ਹਨ । ਕੜਾਕੇ ਦੀ ਠੰਢ ਅਤੇ ਤਾਪਮਾਨ ਦਾ ਥੱਲੇ ਡਿੱਗ ਜਾਣ ਜਿਹੀਆਂ ਹਾਲਤਾਂ ਹਾਰਟ ਅਟੈਕ ਅਤੇ ਹਾਇਪੋਥਰਮੀਆਂ ਦਾ ਕਾਰਨ ਬਣ ਸਕਦੀਆਂ ਹਨ । ਸਰਦ ਹਵਾਵਾਂ ਅਤੇ ਠੰਢ ਦੇ ਪ੍ਰਭਾਵ ਕਾਰਨ ਸਰੀਰ ਵਿੱਚ ਲਹੂ ਨਾੜੀਆਂ ਸੁੰਘੜ ਜਾਂਦੀਆਂ ਹਨ । ਦਿਲ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ । ਇਸ ਲਈ ਬਜ਼ੁਰਗਾਂ ਦਾ ਬਲੱਡ ਪ੍ਰੈਸ਼ਰ ਜ਼ਿਆਦਾ ਵੱਧ ਸਕਦਾ ਹੈ ।ਕੀ ਦੋ ਡੰਗ ਦੀ ਰੋਟੀ ਲਈ ਚਿੰਤਿਤ, ਗੁਰਬਤ ਭਰੀ ਜੂਨ ਕੱਟ ਰਹੇ ਹਜ਼ਾਰਾਂ ਭਾਰਤੀ ਲੋਕ, ਲੱਕ-ਤੋੜਵੀਂ ਮਹਿੰਗਾਈ ਵਿੱਚ ਮਹਿੰਗੇ ਇਲਾਜ਼ ਕਰਵਾ ਸਕਦੇ ਹਨ ? ਜਨਤਕ ਸਹੂਲਤਾਂ ਦੀ ਘਾਟ ਕਾਰਨ ਉਹ ਕਈ ਕੀਮਤੀ ਜਾਨਾਂ ਇਸ ਸਰਦ ਮੌਸਮ ਦੀ ਭੇਂਟ ਚੜ੍ਹ ਜਾਂਦੀਆਂ ਹਨ । ਉਪਰੋਕਤ ਤੋਂ ਇਲਾਵਾ ਧੁੰਦ ਕਰਕੇ ਇਹਨਾਂ ਦਿਨਾਂ ਵਿੱਚ ਸੜਕ-ਹਾਦਸੇ ਬਹੁਤ ਸਾਰੀਆਂ ਜਾਨਾਂ ਤੱਕ ਲੈ ਲੈਂਦੇ ਹਨ ।
ਹਾਲ੍ਹੇ ਸਾਡੇ ਦੇਸ਼ ਵਿੱਚ ਬਹੁਤ ਸਾਰੇ ਲੋਕ ਇਨਸਾਨੀਅਤ ਦੇ ਨਾਤੇ ਠੰਢ ਵਿੱਚ ਠ੍ਹਰਨ ਲਈ ਮਜ਼ਬੂਰ ਲੋਕਾਂ ਨੂੰ ਗਰਮ ਕੱਪੜੇ, ਕੰਬਲ, ਰਜਾਈਆਂ, ਬਿਸਤਰੇ ਅਤੇ ਮੈਡੀਕਲ ਸਹੂਲਤਾਂ ਆਦਿ ਪ੍ਰਦਾਨ ਕਰਦੇ ਰਹਿੰਦੇ ਹਨ । ਕਈ ਸਮਾਜ-ਸੇਵੀ ਸੰਸਥਾਵਾਂ ਇਸ ਕੰਮ ਪ੍ਰਤੀ ਬਹੁਤ ਹੀ ਸੁਹਿਰਦਤਾ ਨਾਲ ਕੰਮ ਕਰ ਰਹੀਆਂ ਹਨ । ਪਰ ਸਵਾਲ ਇਹ ਹੈ ਕਿ ਬਹੁ-ਗਿਣਤੀ ਲੋਕਾਂ ਨੂੰ ਕੁਝ ਮਦਦਗਾਰ ਲੋਕ ਅਤੇ ਕੁਝ ਸੰਸਥਾਵਾਂ ਕਦ ਤੱਕ ਅਤੇ ਕਿੰਨੀ ਕੁ ਮਦਦ ਕਰ ਸਕਦੀਆਂ ਹਨ ? ਸਾਡੀ ਰਾਜ ਅਤੇ ਕੇਂਦਰ ਸਰਕਾਰ ਨੂੰ ਇਹਨਾਂ ਠੰਢ ਵਿੱਚ ਠ੍ਹਰਨ ਲਈ ਮਜ਼ਬੂਰ ਹਜ਼ਾਰਾਂ ਭਾਰਤੀਆਂ ਬਾਰੇ ਕੋਈ ਲੋੜੀਂਦੇ ਕਦਮ ਚੁੱਕਣ ਦੀ ਲੋੜ ਹੈ । ਵਿਸ਼ੇਸ਼ ਮੁਹਿੰਮ ਚਲਾ ਕੇ ਸਰਦੀ ਵਿੱਚ ਠ੍ਹਰਨ ਲਈ ਮਜ਼ਬੂਰ ਬੇ-ਘਰਿਆਂ ਨੂੰ ਘਰ ਦੇਣੇ ਚਾਹੀਦੇ ਹਨ । ਇਹਨਾਂ ਲੋਕਾਂ ਦੀ ਵਿਸ਼ੇਸ਼ ਪਹਿਚਾਣ ਕਰਕੇ ਇਹਨਾਂ ਨੂੰ ਵਿਸ਼ੇਸ਼ ਸਕੀਮਾਂ ਤਹਿਤ ਕੰਮ ਦੇਣਾ ਚਾਹੀਦਾ ਹੈ । ਇਹਨਾਂ ਲਈ ਵਿਸ਼ੇਸ਼ ਰਿਆਇਤਾਂ ਦੇ ਕੇ ਜੀਵਨ ਦੀਆਂ ਮੁੱਢਲੀਆਂ ਲੋੜਾਂ ਦਾ ਪ੍ਰਬੰਧ ਕਰਨਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ । ਇਹਨਾਂ ਲੋਕਾਂ ਦੀ ਵਿਸ਼ੇਸ਼ ਜਾਂਚ ਕਰਕੇ ਮੁਫਤ ਇਲਾਜ਼ ਮੁਹੱਈਆ ਕਰਵਾਉਣਾ ਚਾਹੀਦਾ ਹੈ । ਧੁੰਦ ਦੇ ਦਿਨਾਂ ਵਿੱਚ ਵਾਹਨਾਂ ਦੀ ਅਤੇ ਲੋਕਾਂ ਦੀ ਸੁਰੱਖਿਆ ਲਈ ਵਿਸ਼ੇਸ਼ ਟਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਲੋੜ ਹੈ । ਇਸ ਤਰ੍ਹਾਂ ਨਾਲ ਅਸੀਂ ਕਾਫੀ ਹੱਦ ਤੱਕ ਕੜਾਕੇ ਦੀ ਠੰਢ ਵਿੱਚ ਗਵਾਚਦੀਆਂ ਜਾਨਾਂ ਬਚਾਉਣ ਵਿੱਚ ਕਾਮਯਾਬ ਹੋ ਸਕਦੇ ਹਾਂ ।
ਅੰਤ ਵਿੱਚ ਬਸ ਇਹੀ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਦੇਸ਼ ਦੇ ਹਜ਼ਾਰਾਂ ਭਾਰਤੀ ਪੋਹ-ਮਾਘ ਦੀ ਠੰਢ ਵਿੱਚ ਠ੍ਹਰਨ ਲਈ ਮਜ਼ਬੂਰ ਹਨ । ਉਹਨਾਂ ਕੋਲ ਸਿਰ ਢੱਕਣ ਲਈ ਛੱਤ ਨਹੀਂ ਹੈ, ਪਿੰਡਾਂ ਕੱਜਣ ਲਈ ਲੋੜੀਂਦੇ ਗਰਮ ਕੱਪੜੇ ਨਹੀਂ ਹਨ, ਖਾਣ ਨੂੰ ਰੋਟੀ ਨਹੀਂ ਹੈ ਅਤੇ ਨਾ ਹੀ ਉਹ ਠੰਢ ਕਾਰਨ ਹੋਣ ਵਾਲੇ ਰੋਗਾਂ ਤੋਂ ਬਚਣ ਲਈ ਆਪਣਾ ਮਹਿੰਗਾ ਇਲਾਜ਼ ਕਰਵਾ ਸਕਦੇ ਹਨ । ਬੇਸ਼ੱਕ ਕੁਝ ਲੋਕ ਨਿੱਜੀ ਅਤੇ ਸੰਸਥਾ ਦੇ ਤੌਰ ਤੇ ਉਹਨਾਂ ਨੂੰ ਗਰਮ ਕੱਪੜੇ, ਰਜਾਈਆਂ, ਬਿਸਤਰੇ ਅਤੇ ਮੈਡੀਕਲ ਸਹੂਲਤਾਂ ਆਦਿ ਪ੍ਰਦਾਨ ਕਰਦੇ ਹਨ ਪਰ ਬਹੁ-ਗਿਣਤੀ ਹੋਣ ਕਾਰਨ ਉਹ ਲਾਭ ਬਸ ਕੁਝ ਲੋਕਾਂ ਤੱਕ ਹੀ ਪੁੱਜਦਾ ਹੈ । ਇਸ ਲਈ ਪੋਹ-ਮਾਘ ਵਿੱਚ ਠੰਢ ਵਿੱਚ ਠ੍ਹਰਨ ਲਈ ਮਜ਼ਬੂਰ ਹਜ਼ਾਰਾਂ ਭਾਰਤੀਆਂ ਦੀ ਰਾਜ ਅਤੇ ਕੇਂਦਰ ਸਰਕਾਰ ਨੂੰ ਸਾਰ ਲੈਣ ਦੀ ਲੋੜ ਹੈ । ਉਹਨਾਂ ਲਈ ਵਿਸ਼ੇਸ਼ ਮੁਹਿੰਮ ਚਲਾ ਕੇ ਉਹਨਾਂ ਨੂੰ ਰਹਿਣ ਲਈ ਘਰ ਦੇਣ ਦੀ ਲੋੜ ਹੈ, ਵਿਸ਼ੇਸ਼ ਸਕੀਮਾਂ ਤਹਿਤ ਉਹਨਾਂ ਨੂੰ ਕੰਮ ਦੇਣ ਦੀ ਲੋੜ ਹੈ, ਵਿਸ਼ੇਸ਼ ਰਿਆਇਤਾਂ ਦੇ ਕੇ ਰੌਜ਼ਾਨਾ ਜੀਵਨ ਦੀਆਂ ਵਸਤੂਆਂ ਉਹਨਾਂ ਤੱਕ ਪਹੁੰਚਾਉਣ ਦੀ ਲੋੜ ਹੈ, ਠੰਢ ਕਰਕੇ ਹੋਣ ਵਾਲੇ ਰੋਗਾਂ ਦੀ ਵਿਸ਼ੇਸ਼ ਜਾਂਚ ਕਰਕੇ ਉਹਨਾਂ ਦਾ ਮੁਫਤ ਇਲਾਜ਼ ਕਰਵਾਉਣ ਦੀ ਲੋੜ ਹੈ । ਧੁੰਦ ਦੇ ਦਿਨਾਂ ਲਈ ਵਿਸ਼ੇਸ਼ ਟਰੈਫਿਕ ਨਿਯਮਾਵਲੀ ਬਣਾਉਣ ਦੀ ਲੋੜ ਹੈ । ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੋਹ-ਮਾਘ ਵਿੱਚ ਠੰਢ ਵਿੱਚ ਠ੍ਹਰਨ ਲਈ ਮਜ਼ਬੂਰ ਹਜ਼ਾਰਾਂ ਭਾਰਤੀਆਂ ਦੀ ਰਾਜ ਤੇ ਕੇਂਦਰ ਸਰਕਾਰ ਸਾਰ ਜ਼ਰੂਰ ਲਊਗੀ । ਉਹਨਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਕੁਝ ਵਿਸ਼ੇਸ਼ ਉਪਰਾਲੇ ਜ਼ਰੂਰ ਆਰੰਭੇਗੀ ।

ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ. 9855207071

print
Share Button
Print Friendly, PDF & Email