ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਜਗਤ ਪ੍ਰਸਿਧ ਚਿਤਰ ਬਣਾਉਣ ਵਾਲਾ ਕਲਾਕਾਰ: ਗੋਬਿੰਦਰ ਸੋਹਲ

ss1

ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਜਗਤ ਪ੍ਰਸਿਧ ਚਿਤਰ ਬਣਾਉਣ ਵਾਲਾ ਕਲਾਕਾਰ: ਗੋਬਿੰਦਰ ਸੋਹਲ

 ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦਾ ਜਗਤ ਪ੍ਰਸਿੱਧ ਚਿਤਰ ਬਣਾਉਣ ਵਾਲਾ ਕਲਾਕਾਰ ਗੋਬਿੰਦਰ ਸੋਹਲ ਸਿੱਖ ਵਿਰਾਸਤ ਨੂੰ ਪੇਂਟ ਕਰਕੇ ਰਹਿੰਦੀ ਦੁਨੀਆਂ ਤੱਕ ਸਿੱਖ ਜਗਤ ਦੇ ਦਿਲਾਂ ਤੇ ਰਾਜ ਕਰਨ ਦੇ ਯੋਗ ਬਣਾ ਰਿਹਾ ਹੈ। ਸਿੱਖ ਧਰਮ ਸੰਸਾਰ ਦਾ ਸਭ ਤੋਂ ਆਧੁਨਿਕ ਅਤੇ ਨਵਾਂ ਧਰਮ ਹੈ, ਇਸਦੀ ਉਮਰ ਸਿਰਫ 500 ਸਾਲ ਹੈ। ਇਸ ਲਈ ਆਧੁਨਿਕ ਸੰਸਾਰ ਦੇ ਲੋਕਾਂ ਦੇ ਹਿਤਾਂ ਉਪਰ ਪਹਿਰਾ ਦੇਣ ਵਾਲਾ ਧਰਮ ਕਿਹਾ ਜਾ ਸਕਦਾ ਹੈ। ਸਰਬਤ ਦੇ ਭਲੇ ਤੇ ਅਧਾਰਤ ਹੈ। ਇਕ ਕਿਸਮ ਨਾਲ ਕਲਿਆਣੀਕਾਰੀ ਰਾਜ ਦੀ ਪ੍ਰੋੜਤਾ ਕਰਦਾ ਹੈ। ਸਿੱਖ ਧਰਮ ਦੀ ਬੁਨਿਆਦ ਹੀ ਕੁਰਬਾਨੀਆਂ ਅਤੇ ਜਦੋਜਹਿਦ ਤੇ ਅਧਾਰਤ ਹੈ। ਜ਼ੁਲਮ ਦੇ ਵਿਰੁਧ ਆਵਾਜ਼ ਬੁਲੰਦ ਕਰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮਾਂ ਦੇ ਖ਼ਿਲਾਫ਼ ਆਵਾਜ ਉਠਾਈ ਸੀ । ਉਨਾਂ ਨੇ ਬਾਬਰ ਬਾਣੀ ਲਿਖੀ। ਉਸਤੋਂ ਬਾਅਦ ਤਾਂ ਸਾਰਾ ਸਿੱਖ ਇਤਿਹਾਸ ਹੀ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾਕੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਜਾ ਕੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ। ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਆਨਿਆਏ ਦੇ ਵਿਰੁਧ ਮਨੁੱਖਤਾ ਦੇ ਹਿੱਤਾਂ ਦੀ ਰਾਖੀ ਲਈ ਅਨੇਕਾਂ ਲੜਾਈਆਂ ਲੜੀਆਂ। ਪਹਿਲਾਂ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿਚ ਸ਼ਹੀਦ ਹੋਏ, ਫਿਰ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਸਰਹੰਦ ਵਿਚ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ। ਇਸ ਤੋਂ ਬਾਅਦ ਬਾਬਾ ਬੰਦਾ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਸ੍ਰੀ ਗੁਰੂ ਗੋਬਿੰਦ ਸਿੰਘ ਮੁਗਲਾਂ ਨਾਲ ਲੜਾਈਆਂ ਲੜਦੇ ਰਹੇ। ਅਨੇਕਾਂ ਸਿੰਘ ਸ਼ਹੀਦ ਹੋਏ। ਦਸਮ ਪਾਤਸ਼ਾਹ ਵੀ ਸ਼ਹੀਦੀ ਪਾ ਗਏ। ਛੋਟਾ ਤੇ ਵੱਡਾ ਘਲੂਘਾਰਾ ਹੋਏ। ਸਾਰਾ ਸਿੱਖ ਇਤਿਹਾਸ ਹੀ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਉਸ ਸਮੇਂ ਫੋਟੋਗ੍ਰਾਫੀ ਨਹੀਂ ਹੁੰਦੀ ਸੀ। ਇਸ ਕਰਕੇ ਕਲਾਕਾਰਾਂ ਨੇ ਸਿੱਖ ਧਰਮ ਦੀਆਂ ਸ਼ਹੀਦੀਆਂ, ਲੜਾਈਆਂ ਅਤੇ ਜਦੋਜਹਿਦ ਨੂੰ ਆਪਣੀ ਅਕੀਦਤ ਅਤੇ ਸ਼ਰਧਾ ਅਨੁਸਾਰ ਸੁਣੀਆਂ ਸੁਣਾਈਆਂ ਗਾਥਾਵਾਂ ਤੇ ਅਧਾਰਤ ਪੇਂਟ ਕਰਨਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਕਲਾਕਾਰਾਂ ਨੇ ਸਿੱਖ ਧਰਮ ਦੀਆਂ

ਘਟਨਾਵਾਂ ਅਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਆਪੋ ਆਪਣੀ ਲਿਆਕਤ, ਸੋਚ ਅਤੇ ਕਲਪਨਾ ਅਨੁਸਾਰ ਪੇਂਟ ਕੀਤੀਆਂ। ਜਿਨਾਂ ਵਿਚ ਸ਼ੋਭਾ ਸਿੰਘ, ਦਵਿੰਦਰ ਸਿੰਘ, ਜਰਨੈਲ ਸਿੰਘ, ਤ੍ਰਿਲੋਕ ਸਿੰਘ, ਕ੍ਰਿਪਾਲ ਸਿੰਘ, ਅਮਰਜੀਤ ਸਿੰਘ ਅਤੇ ਸੁਖਵੰਤ ਸਿੰਘ ਵਰਨਣਯੋਗ ਹਨ, ਭਾਵੇਂ ਇਨਾਂ ਕਲਾਕਾਰਾਂ ਵਿਚੋਂ ਕਿਸੇ ਨੇ ਵੀ ਗੁਰੂ ਸਾਹਿਬਾਨ ਨੂੰ ਨਹੀਂ ਵੇਖਿਆ ਪ੍ਰੰਤੂ ਹਰ ਇੱਕ ਨੇ ਆਪੋ ਆਪਣੀ ਕਲਪਣਾ ਦਾ ਸਹਾਰਾ ਲਿਆ। ਜਿਸ ਕਲਾਕਾਰ ਦੀ ਜਿਹੜੀ ਕਲਾਕ੍ਰਿਤ ਲੋਕਾਂ ਦੇ ਮਨਾਂ ਤੇ ਰਾਜ ਕਰਨ ਲਗ ਪਈ, ਉਹੀ ਕਲਾਕ੍ਰਿਤੀ ਸਮੁੱਚੇ ਸਮਾਜ ਵਿਚ ਹਰਮਨ ਪਿਆਰੀ ਹੋ ਗਈ। ਜਿਵੇਂ ਸ਼ੋਭਾ ਸਿੰਘ ਦੀਆਂ ਗੁਰੂ ਸਾਹਿਬਾਨ ਦੀਆਂ ਦੋ ਪੇਂਟਿੰਗਜ਼ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਲੋਕਾਂ ਨੇ ਸਭ ਤੋਂ ਵੱਧ ਪਸੰਦ ਕੀਤਾ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦਰਵੇਸ਼ ਅਤੇ ਭਗਤੀ ਵਿਚ ਲੀਨ ਵਿਖਾਇਆ ਗਿਆ ਹੈ ਜਿਸਤੋਂ ਅਧਿਆਤਮਕ ਰੌਸ਼ਨੀ ਆਉਂਦੀ ਵਿਖਾਈ ਦਿੰਦੀ ਹੈ ਜੋ ਉਨਾਂ ਦੀ ਮਹਾਨਤਾ ਦਾ ਪ੍ਰਗਟਾਵਾ ਕਰਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਦੀ ਪੇਂਟਿੰਗ ਇੱਕ ਯੋਧੇ, ਬਹਾਦਰ, ਸ਼ਹਿਨਸ਼ਾਹ ਅਤੇ ਲੜਾਈ ਦੇ ਮੈਦਾਨ ਵਿਚ ਤੀਰ ਕਮਾਨ ਸਮੇਤ ਵਿਖਾਈ ਦਿੰਦੀ ਹੈ। ਇਸੇ ਤਰਾਂ ਗੋਬਿੰਦਰ ਸੋਹਲ ਦੀ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨਾਲ ਬਣਾਈ ਤਸਵੀਰ ਲੋਕਾਂ ਦੇ ਮਨਾ ਉੁਪਰ ਰਾਜ ਕਰਨ ਲੱਗ ਗਈ ਕਿਉਂਕਿ ਤਸਵੀਰ ਵਿਚ ਦੋਵੇਂ ਸਾਹਿਬਜ਼ਾਦੇ ਅਣਭੋਲ, ਸ਼ਹਿਨਸ਼ਾਹ ਪ੍ਰੰਤੂ ਹੌਸਲੇ ਵਿਚ ਆਪਣੀ ਦਾਦੀ ਦੀ ਬੁਕਲ ਵਿਚ ਸ਼ਾਂਤਚਿਤ ਸਬਰ ਸੰਤੋਖ ਨਾਲ ਖਲੋਤੇ ਵਿਖਾਏ ਗਏ ਹਨ। ਇਹ ਇੱਕ ਸਿੰਬਾਲਿਕ ਚਿਤਰ ਹੈ, ਜਿਹੜਾ ਬਿਨ ਬੋਲਿਆਂ ਹੀ ਬਹੁਤ ਕੁਝ ਕਹਿ ਦਿੰਦਾ ਹੈ। ਇਹੋ ਗੋਬਿੰਦਰ ਸੋਹਲ ਦੀ ਕਮਾਲ ਹੈ। ਭਾਵੇਂ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਨੇ ਸ੍ਰੀ ਗੁਰੂ ਨਾਨਕ ਦੇਵ, ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਚਿਤਰ ਬਣਾਏ ਹਨ ਪ੍ਰੰਤੂ ਗੋਬਿੰਦਰ ਸੋਹਲ ਅਤੇ ਸ਼ੋਭਾ ਸਿੰਘ ਵੱਲੋਂ ਬਣਾਏ ਗਏ ਚਿਤਰ ਸਰਬ ਪ੍ਰਵਾਨ ਹੋਏ ਹਨ, ਜਿਹੜੇ ਆਮ ਲੋਕਾਂ ਦੇ ਦਿਲਾਂ ਨੂੰ ਟੁੰਬਦੇ ਹਨ। ਪੰਜਾਬੀ ਵਿਰਾਸਤ ਅਤੇ ਇਸਦੇ ਇਤਿਹਾਸ ਨੂੰ ਚਿਤਰਣ ਵਾਲਾ ਸ਼ੋਖ਼ ਰੰਗਾਂ ਦਾ ਚਿਤੇਰਾ ਗੋਬਿੰਦਰ ਸੋਹਲ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਕੰਮ ਕਰ ਰਿਹਾ ਹੈ।
ਧਾਰਮਿਕ, ਇਤਿਹਾਸਕ, ਦੇਸ਼ ਭਗਤਾਂ, ਸੰਸਾਰ ਦੀਆਂ ਮਹੱਤਵਪੂਰਨ ਸ਼ਖ਼ਸ਼ੀਅਤਾਂ, ਧਾਰਮਿਕ ਅਤੇ ਇਤਿਹਾਸਕ ਘਟਨਾਵਾਂ ਅਤੇ ਖ਼ਾਸ ਤੌਰ ਤੇ ਸਿੱਖ ਸਭਿਆਚਾਰ ਨੂੰ ਆਪਣੇ ਬੁਰਛ ਦੀ ਛੁਹ ਨਾਲ ਜੀਵਤ ਰੂਪ ਵਿਚ ਪੇਂਟ ਕਰਕੇ ਪ੍ਰਸਿਧੀ ਪ੍ਰਾਪਤ ਕਰਨ ਵਾਲੇ ਗੋਬਿੰਦਰ ਸੋਹਲ ਕੋਮਲ ਕਲਾ ਦੇ ਖ਼ੇਤਰ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਿਚ ਸਫਲ ਹੋਏ ਹਨ। ਉਨਾਂ ਵੱਲੋਂ ਬਣਾਇਆ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਚਿਤਰ ਉਸਦੀ ਕਲਾ ਦੀ ਪਛਾਣ ਬਣ ਚੁਕਿਆ ਹੈ, ਹਰ ਅਖ਼ਬਾਰ ਅਤੇ ਰਸਾਲਾ ਉਹੀ ਤਸਵੀਰ ਲਗਾਉਂਦਾ ਹੈ। ਗੋਬਿੰਦਰ ਸੋਹਲ ਦੀ ਕਲਾਤਮਿਕ ਪ੍ਰਬੀਨਤਾ ਇਸ ਵਿਚ ਹੈ ਕਿ ਉਹ ਪੋਰਟਰੇਟ ਵਿਚ ਜਾਨ ਪਾ ਦਿੰਦਾ ਹੈ ਕਿਉਂਕਿ ਉਹ ਹਮੇਸ਼ਾ ਉਚ ਕੁਆਲਿਟੀ ਦੇ ਅੰਗਰੇਜ਼ੀ ਕਲਰ ਹੀ ਵਰਤਦਾ ਹੈ। ਉਸਦੇ ਬਣਾਏ ਕੁਝ ਚਿਤਰ ਸੰਸਾਰ ਵਿਚ ਪ੍ਰਸਿਧ ਹੋਏ ਜਿਨਾਂ ਵਿਚ ਮਾਤਾ ਗੁਜਰੀ ਛੋਟੇ ਸਾਹਿਬਜ਼ਾਦਿਆਂ ਨਾਲ, ਭਗਤ ਸਿੰਘ, ਊਧਮ ਸਿੰਘ, ਭਾਈ ਕਨਈਆ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਊਧਮ ਸਿੰਘ ਦੀ ਪਗੜੀ ਵਾਲੀ ਫੋਟੋ ਜਿਹੜੀ ਕੈਕਸਟਨ ਹਾਲ ਵਿਚ ਲੱਗੀ ਹੋਈ ਹੈ, ਉਸ ਤੇ ਅਧਾਰਤ ਉਸ ਦੁਆਰਾ ਬਣਾਇਆ ਗਿਆ ਚਿਤਰ ਕਾਬਲੇ ਤਾਰੀਫ਼ ਹੈ। ਸ਼ੁਰੂ ਵਿਚ ਉਹ ਗੁਰੂਆਂ ਦੀਆਂ ਤਸਵੀਰਾਂ ਦੀ ਨਕਲ ਕਰਕੇ ਪੇਂਟ ਕਰਦਾ ਰਿਹਾ। ਫਿਰ ਉਸਨੂੰ 1976 ਵਿਚ ਸz.ਸੋਭਾ ਸਿੰਘ ਨੂੰ ਮਿਲਣ ਦਾ ਮੌਕਾ ਮਿਲਿਆ, ਜਿਨਾਂ ਨੇ ਉਸਨੂੰ ਆਪਣੀਆਂ ਉਰਿਜਨਲ ਪੇਂਟਿੰਗ ਕਰਨ ਲਈ ਪ੍ਰੇਰਿਆ। ਫਿਰ ਉਸਨੇ ਸੋਭਾ ਸਿੰਘ ਨੂੰ ਆਪਣਾ ਰੋਲ ਮਾਡਲ ਬਣਾ ਲਿਆ। ਸਭ ਤੋਂ ਪਹਿਲਾ ਚਿਤਰ ਸੋਹਲ ਨੇ ਸz.ਸੋਭਾ ਸਿੰਘ ਦਾ ਹੀ ਬਣਾਇਆ। ਉਨਾਂ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੋਹਲ ਨੇ ਮਹੱਤਵਪੂਰਨ ਅਤੇ ਮਹਾਨ ਵਿਅਕਤੀਆਂ ਦੇ ਚਿਤਰ ਬਣਾਉਣੇ ਸ਼ੁਰੂ ਕਰ ਦਿੱਤੇ।
ਉਸਨੂੰ ਇਸ ਗੱਲ ਦਾ ਮਾਣ ਜਾਂਦਾ ਹੈ ਕਿ ਉਸਨੇ ਨਾਰਵੇ ਦੇ ਗੁਰੂ ਨਾਨਕ ਦਰਬਾਰ, ਕੈਨੇਡਾ ਓਨਟਾਰੀਓ ਦੇ ਖਾਲਸਾ ਦਰਬਾਰ ਅਤੇ ਭਾਰਤ ਵਿਚ ਖਡੂਰ ਸਾਹਿਬ, ਸਭਰਾਵਾਂ ਅਤੇ ਗਵਾਲੀਅਰ ਵਿਖੇ ਕਈ ਗੁਰੂ ਘਰਾਂ ਵਿਚ ਉਥੇ ਜਾ ਕੇ ਚਿਤਰ ਪੇਂਟ ਕਰਕੇ ਆਜਾਇਬ ਘਰ ਬਣਾਏ ਹਨ। ਉਸਦਾ ਚਿਤਰ ਬਣਾਉਣ ਦਾ ਖੇਤਰ ਵੱਖਰਾ ਹੀ ਹੈ,। ਉਸ ਦੇ ਬਣਾਏ ਚਿਤਰ ਜਿਨਾਂ ਨੇ ਸੋਹਲ ਦੀ ਪ੍ਰਸਿੱੱਧੀ ਨੂੰ ਚਾਰ ਚੰਨ ਲਾਏ। ਉਸਨੇ ਦੇਸ਼ ਦੇ ਸ਼ਹੀਦਾਂ, ਉਲੰਪੀਅਨ ਖਿਡਾਰੀਆਂ, ਲਿਖਾਰੀਆਂ, ਕਵੀਆਂ, ਗਾਇਕਾਂ ਅਤੇ ਸਿੱਖ ਇਤਿਹਾਸ ਵਿਚੋਂ ਬਹੁਤ ਸਾਰੇ ਚਿਤਰ ਬਣਾਏ। ਵਿਦਿਆਰਥੀਆਂ ਵਿਚ ਆਪਣੇ ਵਿਰਸੇ ਬਾਰੇ ਜਾਣਕਾਰੀ ਦੇਣ ਲਈ ਉਸ ਵੱਲੋਂ ਬਣਾਏ ਗਏ ਚਿਤਰ ਵੱਖ-ਵੱਖ ਵਿਦਿਅਕ ਅਦਾਰਿਆਂ ਵਿਚ ਲਗਾਏ ਗਏ ਹਨ ਤਾਂ ਜੋ ਬੱਚੇ ਉਨਾਂ ਤੋਂ ਪ੍ਰੇਰਨਾ ਲੈ ਸਕਣ। ਉਸਦਾ ਬਣਾਇਆ ਪੋਰਟਰੇਟ ਜਿਉਂਦਾ ਜਾਗਦਾ ਲੱਗਦਾ ਹੈ। ਉਸਨੂੰ ਸਕੂਲ ਸਮੇਂ ਵਿਚ ਹੀ ਪੇਂਟਿੰਗ ਕਰਨ ਦੀ ਰੁਚੀ ਪੈਦਾ ਹੋ ਗਈ ਸੀ। ਪੜਾਈ ਦੇ ਬਾਕੀ ਵਿਸ਼ਿਆਂ ਵਿਚ ਉਸਨੂੰ ਬਿਲਕੁਲ ਹੀ ਲਗਾਓ ਨਹੀਂ ਸੀ। ਉਸਦੀ ਜ਼ਿੰਦਗੀ ਵਿਚ ਇੱਕ ਘਟਨਾ ਨੇ ਅਜ਼ੀਬ ਮੋੜ ਲੈ ਆਂਦਾ, ਜਦੋਂ ਉਹ ਚੌਥੀ ਜਮਾਤ ਵਿਚ ਪੜ ਰਿਹਾ ਸੀ ਤਾਂ ਹਿਸਾਬ ਦੇ ਪੀਰੀਅਡ ਵਿਚ ਉਹ ਬੈਠਾ ਚਿਤਰ ਬਣਾ ਰਿਹਾ ਸੀ। ਅਧਿਆਪਕ ਨੇ ਉਸਨੂੰ ਮੁੱਖ ਅਧਿਆਪਕ ਕੋਲ ਲਿਜਾਕੇ ਸ਼ਿਕਾਇਤ ਲਗਾਈ ਕਿ ਉਹ ਪੜਨ ਵਿਚ ਦਿਲਚਸਪੀ ਨਹੀਂ ਲੈਂਦਾ ਸਗੋਂ ਤਸਵੀਰਾਂ ਬਣਾਉਂਦਾ ਰਹਿੰਦਾ ਹੈ। ਪ੍ਰੰਤੂ ਜਦੋਂ ਮੁੱਖ ਅਧਿਆਪਕ ਨੇ ਉਸਦਾ ਬਣਾਇਆ ਚਿਤਰ ਵੇਖਿਆ ਤਾਂ ਉਸਨੂੰ ਸਜਾ ਦੇਣ ਦੀ ਥਾਂ ਸ਼ਾਬਾਸ਼ ਦਿੰਦਿਆਂ ਉਸਨੂੰ ਇਨਾਮ ਵੀ ਦਿੱਤਾ, ਜਿਸ ਤੋਂ ਬਾਅਦ ਉਸਨੂੰ ਚਿਤਰ ਕਲਾ ਲਈ ਉਤਸ਼ਾਹ ਮਿਲਿਆ। ਛੇਵੀਂ ਕਲਾਸ ਵਿਚ ਡਰਾਇੰਗ ਦਾ ਵਿਸ਼ਾ ਲੈ ਕੇ ਉਸਨੇ ਪੇਂਟਿੰਗ ਨੂੰ ਆਪਣਾ ਚਹੇਤਾ ਵਿਸ਼ਾ ਬਣਾ ਲਿਆ। ਹੁਣ ਉਸਨੂੰ ਆਪਣੀ ਇੱਛਾ ਪੂਰੀ ਕਰਨ ਦਾ ਮੌਕਾ ਮਿਲ ਗਿਆ ਅਤੇ ਉਹ ਰੰਗਾਂ ਨਾਲ ਖੇਡਣ ਲੱਗ ਗਿਆ। ਉਸਦਾ ਜਨਮ ਲੁਧਿਆਣਾ ਜਿਲੇ ਦੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਪਿੰਡ ਘੁਡਾਣੀ ਕਲਾਂ ਵਿਚ ਮਾਤਾ ਦਲੀਪ ਕੌਰ ਅਤੇ ਪਿਤਾ ਬਾਬੂ ਸਿੰਘ ਸੋਹਲ ਦੇ ਘਰ ਹੋਇਆ। ਕੋਮਲ ਕਲਾ ਅਤੇ ਚਿਤਰਕਲਾ ਦਾ ਸ਼ੌਕ ਗੋਬਿੰਦਰ ਸੋਹਲ ਨੂੰ ਆਪਣੇ ਪਰਿਵਾਰ ਦੀ ਵਿਰਾਸਤ ਵਿਚੋਂ ਹੀ ਗੁੜਤੀ ਦੇ ਨਾਲ ਹੀ ਮਿਲ ਗਿਆ ਸੀ ਕਿਉਂਕਿ ਪਰਿਵਾਰ ਦੀਆਂ ਇਸਤਰੀਆਂ ਘਰ ਵਿਚ ਹੀ ਦਰੀਆਂ ਅਤੇ ਖੇਸ ਬੁਣਦੀਆਂ ਅਤੇ ਫੁਲਕਾਰੀਆਂ ਅਤੇ ਬਾਗ ਦੀ ਕਢਾਈ ਕਰਦੀਆਂ, ਮੰਜੇ ਬੁਣਦੀਆਂ ਰਹਿੰਦੀਆਂ ਸਨ, ਜਿਨਾਂ ਵਿਚ ਮੋਰ, ਮੁਰਗੀਆਂ ਅਤੇ ਹਿਰਨ ਬਣਾਉਂਦੀਆਂ ਰਹਿੰਦੀਆਂ ਸਨ। ਉਸਦਾ ਦਾਦਾ ਲੱਕੜ ਦਾ ਕੰਮ ਕਰਦਾ ਸੀ ਅਤੇ ਖ਼ੂਬਸੂਰਤ ਚਰਖੇ ਪਿੱਤਲ ਦੇ ਕੋਕਿਆਂ ਵਾਲੇ ਗੱਡੇ ਵੀ ਬਣਾਉਂਦਾ ਸੀ। ਘਰ ਦਾ ਮਾਹੌਲ ਹੀ ਕਲਾਕਾਰੀ ਦਾ ਸੀ ਜਿਸਨੇ ਗੋਬਿੰਦਰ ਸੋਹਲ ਦੇ ਅੱਲੜ ਮਨ ਤੇ ਚਿਤਰਕਾਰੀ ਕਰਨ ਦਾ ਪ੍ਰਭਾਵ ਪਾਇਆ। ਸਕੂਲ ਵਿਚ ਬੈਠਾ ਵੀ ਉਹ ਚਿੱਤਰ ਬਣਾਉਂਦਾ ਰਹਿੰਦਾ ਸੀ। ਉਸਦੀ ਚਿਤਰਕਲਾ ਵਿਚ ਨਿਖ਼ਾਰ ਦਾ ਕਾਰਨ ਉਸਦਾ ਕਈ ਖੇਤਰਾਂ ਵਿਚ ਪੜਾਈ ਕਰਨਾ ਵੀ ਹੈ। ਗੋਬਿੰਦਰ ਸੋਹਲ ਨੇ ਫਾਈਨ ਆਰਟਸ ਵਿਚ ਡਿਪਲੋਮਾ ਨਾਰਵੇ ਤੋਂ ਕੀਤਾ ਅਤੇ ਪੰਜਾਬੀ ਯੂਨੀਵਰਸਿਟੀ ਤੋਂ ਪਰਸਨਲ ਮੈਨੇਜਮੈਂਟ ਅਤੇ ਇਨਡਸਟੀਅਲ ਟ੍ਰੇਨਿੰਗ ਦਾ ਡਿਪਲੋਮਾ ਪਾਸ ਕੀਤਾ ਹੈ। ਉਹ ਫੁਟਬਾਲ ਅਤੇ ਅਥਲੈਟਿਕਸ ਦਾ ਨੈਸ਼ਨਲ ਪੱਧਰ ਦਾ ਖਿਡਾਰੀ ਰਿਹਾ ਹੈ।
ਹਰ ਕਲਾਕਾਰ ਆਪਣੀ ਮਾਨਸਿਕ ਤ੍ਰਿਪਤੀ ਅਤੇ ਆਪਣੀ ਰੋਜੀ ਰੋਟੀ ਦੇ ਮਕਸਦ ਨਾਲ ਚਿਤਰ ਬਣਾਉਂਦਾ ਹੈ ਪ੍ਰੰਤੂ ਕੁਝ ਕਲਾਕਾਰ ਅਜਿਹੇ ਹੁੰਦੇ ਹਨ ਜਿਹੜੇ ਆਪਣੀ ਵਿਰਾਸਤ ਨੂੰ ਚਿਤਰਕੇ ਸਦਾ ਲਈ ਲੋਕਾਂ ਦੇ ਮਨਾਂ ਤੇ ਰਾਜ ਕਰਨ ਲਗਦੇ ਹਨ। ਗਵਿੰਦਰ ਸੋਹਲ ਵੀ ਉਨਾਂ ਕਲਾਕਾਰਾਂ ਵਿਚੋਂ ਹੈ ਪ੍ਰੰਤੂ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਉਸਦੇ ਸਿੱਖ ਧਰਮ ਬਾਰੇ ਬਣਾਏ ਗਏ ਚਿਤਰਾਂ ਦੀ ਨਾਂ ਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਾ ਹੀ ਪੰਜਾਬ ਸਰਕਾਰ ਨੇ ਕਦਰ ਪਾਂਹ ਹੈ ਪ੍ਰੰਤੂ ਕੁਝ ਹੋਰ ਕਲਾ ਦੇ ਖੇਤਰ ਦੀਆਂ 20 ਸੰਸਥਾਵਾਂ ਨੇ ਮਾਣ ਸਨਮਾਨ ਦੇ ਕੇ ਸਤਿਕਾਰਿਆ ਹੈ।

ਉਜਾਗਰ ਸਿੰਘ
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

print
Share Button
Print Friendly, PDF & Email

Leave a Reply

Your email address will not be published. Required fields are marked *