ਬਠਿੰਡਾ ਨਗਰ ਨਿਗਮ ਵਲੋਂ ਪੰਜਾਬ ’ਚ ਪਹਿਲਾ ਪ੍ਰੋਜੈਕਟ ਸਿਟੀ ਸਮਾਰਟ ਦੀ ਸ਼ੁਰੂਆਤ

ss1

ਬਠਿੰਡਾ ਨਗਰ ਨਿਗਮ ਵਲੋਂ ਪੰਜਾਬ ’ਚ ਪਹਿਲਾ ਪ੍ਰੋਜੈਕਟ ਸਿਟੀ ਸਮਾਰਟ ਦੀ ਸ਼ੁਰੂਆਤ
ਸਥਾਨਿਕ ਸਰਕਾਰਾਂ ਵਿਭਾਗ ਨਾਲ ਸਬੰਧਿਤ ਹਰ ਜਾਣਕਾਰੀ ਅਤੇ ਸੇਵਾ ਹੋਵੇਗੀ ਉਪਲੱਬਧ

 

ਬਠਿੰਡਾ, 27 ਮਈ (ਪਰਵਿੰਦਰਜੀਤ ਸਿੰਘ) : ਪੰਜਾਬ ’ਚ ਸਥਾਨਿਕ ਸਰਕਾਰਾਂ ਨਾਲ ਸਬੰਧਿਤ ਹਰ ਕਿਸਮ ਦੀ ਜਾਣਕਾਰੀ ਅਤੇ ਸੇਵਾ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਥਾਨਿਕ ਨਗਰ ਨਿਗਮ ਕੰਪਲੈਕਸ ’ਚ ਅੱਜ ਪੰਜਾਬ ’ਚ ਆਪਣੀ ਕਿਸਮ ਦੇ ਪਹਿਲੇ ਪ੍ਰੋਜੈਕਟ ਸਿਟੀ ਸਮਾਰਟ ਦੀ ਸ਼ੁਰੂਆਤ ਕਰਦਿਆਂ ਮੁੱਖ ਪਾਰਲੀਮਾਨੀ ਸਕੱਤਰ ਸ਼੍ਰੀ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀਆਂ ਵੱਖ-ਵੱਖ ਲੋੜਾਂ ਦੀ ਪੂਰਤੀ ਕਰਦਾ ਇਹ ਪ੍ਰੋਜੈਕਟ ਇਕ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਦਸੰਬਰ ਤੱਕ ਪੂਰੀ ਤਰ੍ਹਾਂ ਮੁਕੰਮਲ ਕਰ ਲਿਆ ਜਾਵੇਗਾ।
ਮੇਅਰ ਸ੍ਰੀ ਬਲਵੰਤ ਰਾਏ ਨਾਥ ਅਤੇ ਸੀਨੀਅਰ ਡਿਪਟੀ ਮੇਅਰ ਸ਼੍ਰੀ ਤਰਸਮੇ ਗੋਇਲ ਸਮੇਤ ਪ੍ਰੋਜੈਕਟ ਸਿਟੀ ਸਮਾਰਟ ਲਾਂਚ ਕਰਦਿਆਂ ਸ੍ਰੀ ਸਿੰਗਲਾ ਨੇ ਦੱਸਿਆ ਕਿ ਇਸ ਤਹਿਤ ਹਰ ਘਰ ਨੂੰ ਇਕ ਸਮਾਰਟ ਕਾਰਡ ਮੁਹੱਈਆ ਕਰਵਾਇਆ ਜਾਵੇਗਾ ਜਿਸ ਵਿਚ ਉਸ ਘਰ ਦੀ ਪ੍ਰਾਪਰਟੀ, ਪ੍ਰਾਪਰਟੀ ਟੈਕਸ, ਪਾਣੀ ਅਤੇ ਸੀਵਰੇਜ ਦੇ ਬਿੱਲ ਤੋਂ ਇਲਾਵਾ ਸਥਾਨਕ ਸਰਕਾਰਾਂ ਵਿਭਾਗ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਸਮੇਂ-ਸਮੇਂ ਸਿਰ ਅਪਡੇਟ ਹੁੰਦੀਆਂ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਸਮਾਰਟ ਕਾਰਡ ਮੁਹੱਈਆ ਕਰਵਾਉਣ ਦਾ ਉਦੇਸ਼ ਨਗਰ ਨਿਗਮ ਦੀਆ ਵੱਖ-ਵੱਖ ਬਰਾਂਚਾਂ ਨਾਲ ਲੋਕਾਂ ਦੇ ਸਬੰਧਤ ਕੰਮਾਂ ਨੂੰ ਪਾਰਦਰਸ਼ੀ, ਬਿਨ੍ਹਾਂ ਖੱਜਲ-ਖੁਆਰੀ, ਵੱਟੋ ਘੱਟ ਸਮੇਂ ’ਚ ਅਤੇ ਬੇਹਤਰ ਨਾਗਰਿਕ ਸੇਵਾਵਾਂ ਪ੍ਰਦਾਨ ਕਰਵਾਉਣ ਨੂੰ ਯਕੀਨੀ ਬਨਾਉਣਾ ਹੈ। ਉਨ੍ਹਾਂ ਕਿਹਾ ਕਿ ਹਰ ਕਾਰਡ ਧਾਰਕ ਦੇ ਮੋਬਾਇਲ ਨੰਬਰ ਰਾਹੀਂ ਉਸ ਵਲੋਂ ਚਾਹੀ ਗਈ ਸੇਵਾ ਅਤੇ ਹੋਰ ਜਾਣਕਾਰੀ ਦੀ ਸਥਿਤੀ ਤੋਂ ਉਸ ਨੂੰ ਨਾਲ ਦੀ ਨਾਲ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਕਾਰਡ ਧਾਰਕ ਤੋਂ ਉਸ ਵਲੋਂ ਚਾਹੀ ਸੇਵਾ ਸਬੰਧੀ ਸੰਤੁਸ਼ਟੀ ਦਾ ਪੱਧਰ ਵੀ ਜਾਣਿਆ ਜਾਵੇਗਾ।
ਸ੍ਰੀ ਸਿੰਗਲਾ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਸ਼ਹਿਰ ਦੀਆਂ ਪ੍ਰ੍ਰਮੁੱਖ ਥਾਵਾਂ ’ਤੇ ਟਚ ਸਕਰੀਨ ਮਸ਼ੀਨਾਂ ਲਗਾਈਆਂ ਜਾਣਗੀਆ ਜਿਨ੍ਹਾਂ ਰਾਹੀਂ ਕਾਰਡ ਧਾਰਕ ਆਪਣਾ ਵਿਸ਼ੇਸ਼ ਕੋਡ ਨੰਬਰ ਪਾ ਕੇ ਪ੍ਰਾਪਰਟੀ, ਬਿੱਲਾਂ ਅਤੇ ਟੈਕਸਾਂ ਬਾਰੇ ਜਾਣਕਾਰੀ ਹਾਸ਼ਲ ਕਰ ਸਕੇਗਾ। ਉਨ੍ਹਾਂ ਕਿਹਾ ਕਿ ਨਿਗਮ ਵਲੋਂ ਪ੍ਰਾਜੈਕਟ ਤਹਿਤ ਲਾਂਚ ਕੀਤੀ ਜਾਣ ਵਾਲੀ ਮੋਬਇਲ ਐਪ ਰਾਹੀਂ ਕਾਰਡ ਧਾਰਕ ਸਿਰਫ਼ ਆਪਣੀ ਪ੍ਰਾਪਰਟੀ ਅਤੇ ਉਸ ਨਾਲ ਸਬੰਧਤ ਜਾਣਕਾਰੀ ਮੋਬਾਇਲ ’ਤੇ ਹੀ ਹਾਸਲ ਕਰ ਸਕੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਕਾਰਡ ਧਾਰਕ ਕਿਸੇ ਹੋਰ ਨਾਲ ਸਬੰਧ ਕੋਈ ਜਾਣਕਾਰੀ ਹਾਸਲ ਨਹੀਂ ਕਰ ਸਕੇਗਾ। ਸ਼੍ਰੀ ਸਿੰਗਲਾ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਬੈਕਐਂਡ ਕਾਲ ਸੈਂਟਰ ਦੀ ਸਥਾਪਤੀ ਦੇ ਨਾਲ-ਨਾਲ ਟੋਲ ਫਰੀ ਨੰਬਰ ਵੀ ਲੋਕਾਂ ਦੀ ਸਹੂਲਤ ਲਈ ਜਾਰੀ ਕੀਤਾ ਜਾਵੇਗਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਸਿੰਗਲਾ ਨੇ ਇਕ ਸਵਾਲ ਦੇ ਜਵਾਬ ’ਚ ਦੱਸਿਆ ਕਿ ਪੰਜਾਬ ਵਿਚ ਇਹ ਆਪਣੀ ਕਿਸਮ ਦਾ ਪਹਿਲਾ ਅਤੇ ਨਿਵੇਕਲਾ ਪ੍ਰਾਜੈਕਟ ਹੈ। ਇਕ ਹੋਰ ਸਵਾਲ ਦੇ ਜਵਾਬ ’ਚ ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਤਹਿਤ ਖੇਤਰ ਵਾਰ ਕੈਂਪ ਆਫ਼ਿਸ ਵੀ ਸਥਾਪਤ ਕੀਤੇ ਜਾ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਿਸ਼ਨਰ ਨਗਰ ਨਿਗਮ ਅਨਿਲ ਕੁਮਾਰ ਗਰਗ, ਸੰਯੁਕਤ ਕਮਿਸ਼ਨਰ ਕਮਲ ਕਾਂਤ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।

print
Share Button
Print Friendly, PDF & Email