ਜਲੰਧਰ ਦੇ ਨੌਜਵਾਨ ਦੀ ਕੈਨੇਡਾ ’ਚ ਮੌਤ, ਪਰਿਵਾਰ ਵਲੋਂ ਮਦਦ ਦੀ ਅਪੀਲ

ss1

ਜਲੰਧਰ ਦੇ ਨੌਜਵਾਨ ਦੀ ਕੈਨੇਡਾ ’ਚ ਮੌਤ, ਪਰਿਵਾਰ ਵਲੋਂ ਮਦਦ ਦੀ ਅਪੀਲ

ਪੰਜਾਬ ਦੇ ਜ਼ਿਆਦਾਤਰ ਨੌਜਵਾਨ ਵਧੀਆ ਪੜਾਈ ਕਰਨ ਅਤੇ ਚੰਗੇ ਭਵਿੱਖ ਲਈ ਵਿਦੇਸ਼ਾਂ ’ਚ ਜਾਂਦੇ ਹਨ। ਪਰ ਵਿਦੇਸ਼ ਜਾ ਕੇ ਵੀ ਕਈਆਂ ਦਾ ਸੁਪਨਾ ਅਧੂਰਾ ਹੀ ਰਹਿ ਜਾਂਦਾ ਹੈ। ਇਸੇ ਤਰ੍ਹਾਂ ਜਲੰਧਰ ਦਾ ਇਕ ਹੋਣਹਾਰ ਨੌਜਵਾਨ ਜੋ ਕਿ ਸਟੱਡੀ ਵੀਜ਼ਾ ’ਤੇ ਵਿਦੇਸ਼ ਪੜਾਈ ਕਰਨ ਗਿਆ ਸੀ, ਜਿਸ ਦੀ ਦੋ ਦਿਨ ਬਾਅਦ ਹੀ ਮੌਤ ਦੀ ਖਬਰ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ। ਪਰਿਵਾਰ ਨੂੰ ਆਸ ਸੀ ਕਿ ਉਨ੍ਹਾਂ ਦਾ ਪੁੱਤਰ ਵਿਦੇਸ਼ ਵਿਚ ਜਾ ਕੇ ਆਪਣਾ ਭਵਿੱਖ ਤਾਂ ਸੰਵਾਰੇਗਾ ਹੀ ਨਾਲ ਦੇ ਨਾਲ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਬਿਹਤਰ ਬਣਾਵੇਗਾ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਜਾਣਕਾਰੀ ਮੁਤਾਬਕ ਜਲੰਧਰ ਦੇ ਪਾਮਰੋਇਲ ਫਲੈਟਸ ਗਰੀਨ ਮਾਡਲ ਟਾਊਨ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਅਨੂੰ ਜੁਨੇਜਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸਹਿਜ ਜੁਨੇਜਾ (19 ਸਾਲ) ਬੀਤੀ 18 ਦਸੰਬਰ ਨੂੰ ਸਟੱਡੀ ਵੀਜ਼ਾ ’ਤੇ ਕੈਨੇਡਾ ਗਿਆ ਸੀ। ਉਥੇ ਉਹ ਸਾਡੀ ਜਾਣ-ਪਛਾਣ ਵਿਚ ਹਰਪ੍ਰੀਤ ਲਾਂਬਾ ਕੋਲ ਠਹਿਰਿਆ ਸੀ, ਜਿਥੋਂ ਉਸ ਨੇ ਸਾਡੇ ਨਾਲ ਗੱਲ ਵੀ ਕੀਤੀ ਅਤੇ ਉਹ ਬਹੁਤ ਖੁਸ਼ ਸੀ ਪਰ ਦੋ ਦਿਨ ਬਾਅਦ 20 ਦਸੰਬਰ ਨੂੰ ਸਹਿਜ ਸਵੇਰੇ ਸੁੱਤਾ ਹੀ ਨਹੀਂ ਉਠਿਆ। ਹਰਪ੍ਰੀਤ ਨੇ ਤੁਰੰਤ ਐਂਬੂਲੈਂਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਇਨਵੈਸਟੀਗੇਟਿਵ ਅਤੇ ਇਨਕੁਵੈਸਟ ਕੋਰੋਨਰ ਵਲੋਂ ਸਹਿਜ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪਿਤਾ ਇੰਦਰਜੀਤ ਨੇ ਦੱਸਿਆ ਕਿ ਸਹਿਜ ਦੀ ਮੌਤ ਦੀ ਖਬਰ ਸੁਣ ਕੇ ਉਨ੍ਹਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਨ੍ਹਾਂ ਦਾ ਪੁੱਤਰ ਹੁਣ ਇਸ ਦੁਨੀਆ ਵਿਚ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਹਿਜ ਦੀ ਅਜੇ ਪੋਸਟ ਮਾਰਟਮ ਰਿਪੋਰਟ ਨਹੀਂ ਆਈ ਹੈ। ਸਹਿਜ ਦੇ ਮਾਤਾ-ਪਿਤਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਵਾਪਸ ਭਾਰਤ ਲਿਆਂਦਾ ਜਾਵੇ। ਪਰਿਵਾਰਕ ਮੈਂਬਰਾਂ ਵਲੋਂ ਇਸ ਸਬੰਧੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕਰਕੇ ਮਦਦ ਦੀ ਅਪੀਲ ਕੀਤੀ ਗਈ ਹੈ।

print
Share Button
Print Friendly, PDF & Email